introduction
 'ਆਸਾ ਕੀ ਵਾਰ' ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ਵਿਚੋਂ ਇਕ ਅਜਿਹੀ ਪ੍ਰਭਾਵਸ਼ਾਲੀ ਅਧਿਆਤਮਕ ਵਾਰ ਹੈ, ਜਿਹੜੀ ਇਕ ਅਕਾਲਪੁਰਖ ਦਾ ਗੁਣਗਾਨ ਕਰਦੀ ਹੋਈ ਸਧਾਰਨ ਮਨੁਖ ਨੂੰ ‘ਦੇਵਤਾ’ (ਦੈਵੀ-ਗੁਣ ਭਰਪੂਰ ਗਿਆਨਵਾਨ ਮਨੁਖ) ਬਨਾਉਣ ਹਿਤ ਜੀਵਨ ਦੇ ਹਰ ਇਕ ਪਖ; ਧਾਰਮਕ, ਸਮਾਜਕ, ਸਭਿਆਚਾਰਕ, ਸਦਾਚਾਰਕ, ਰੂਹਾਨੀ, ਰਾਜਨੀਤਕ ਆਦਿ ਤੋਂ ਉਸ ਦੀ ਅਗਵਾਈ ਕਰਦੀ ਹੈ। ਆਸਾ ਕੀ ਵਾਰ ਦੇ ਸਲੋਕਾਂ ਵਿਚ ਜਿਥੇ ਸੰਸਾਰਕ ਪਹਿਲੂਆਂ ਦਾ ਵਰਣਨ ਹੈ, ਉਥੇ ਪਉੜੀਆਂ ਵਿਚ ਨਿਰੰਕਾਰ ਦੀ ਉਸਤਤਿ ਹੈ। ਆਸਾ ਕੀ ਵਾਰ ਦਾ ਕੇਂਦਰ-ਬਿੰਦੂ ਕਰਤਾਪੁਰਖ ਅਤੇ ਇਸ ਦਾ ਵਿਚਾਰ-ਘੇਰਾ ਕਰਤਾਪੁਰਖ ਦੀ ਵਿਆਪਕ ਸ੍ਰਿਸ਼ਟੀ-ਰਚਨਾ ਹੈ। ਇਸ ਦੀ ਸੁਰ ਰੂਹਾਨੀ ਅਤੇ ਸਮਾਜੀ ਸਰੋਕਾਰਾਂ ਵਾਲੀ ਹੈ। ਇਸ ਵਿਚ ਜਿਥੇ ਗੁਰੂ ਤੋਂ ਸਦਕੇ ਜਾਣ ਦੀ ਤੀਬਰ ਭਾਵਨਾ, ਸੱਚ-ਸਰੂਪ ਪ੍ਰਭੂ ਦੀ ਵਡਿਆਈ ਅਤੇ ਕੁਦਰਤ ਵਿਚ ਉਸ ਦੀ ਵਿਆਪਕਤਾ ਨੂੰ ਵੇਖ ਵਿਸਮਾਦਿਤ ਹੋਣ ਦਾ ਸੁੰਦਰ ਵਰਣਨ ਹੈ, ਉਥੇ ਮਨੁਖੀ ਵਿਕਾਰਾਂ, ਸਮਾਜ-ਸਭਿਆਚਾਰਕ ਬੁਰਾਈਆਂ, ਧਾਰਮਕ ਕਰਮਕਾਂਡਾਂ ਅਤੇ ਪਖੰਡਾਂ ਉਪਰ ਵਿਅੰਗਾਤਮਕ ਟਿਪਣੀਆਂ ਸਮੇਤ ਉਨ੍ਹ  ...