Guru Granth Sahib Logo
  
'ਆਸਾ ਕੀ ਵਾਰ' ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ਵਿਚੋਂ ਇਕ ਅਜਿਹੀ ਪ੍ਰਭਾਵਸ਼ਾਲੀ ਅਧਿਆਤਮਕ ਵਾਰ ਹੈ, ਜਿਹੜੀ ਇਕ ਅਕਾਲਪੁਰਖ ਦਾ ਗੁਣਗਾਨ ਕਰਦੀ ਹੋਈ ਸਧਾਰਨ ਮਨੁਖ ਨੂੰ ‘ਦੇਵਤਾ’ (ਦੈਵੀ-ਗੁਣ ਭਰਪੂਰ ਗਿਆਨਵਾਨ ਮਨੁਖ) ਬਨਾਉਣ ਹਿਤ ਜੀਵਨ ਦੇ ਹਰ ਇਕ ਪਖ; ਧਾਰਮਕ, ਸਮਾਜਕ, ਸਭਿਆਚਾਰਕ, ਸਦਾਚਾਰਕ, ਰੂਹਾਨੀ, ਰਾਜਨੀਤਕ ਆਦਿ ਤੋਂ ਉਸ ਦੀ ਅਗਵਾਈ ਕਰਦੀ ਹੈ। ਆਸਾ ਕੀ ਵਾਰ ਦੇ ਸਲੋਕਾਂ ਵਿਚ ਜਿਥੇ ਸੰਸਾਰਕ ਪਹਿਲੂਆਂ ਦਾ ਵਰਣਨ ਹੈ, ਉਥੇ ਪਉੜੀਆਂ ਵਿਚ ਨਿਰੰਕਾਰ ਦੀ ਉਸਤਤਿ ਹੈ।

ਆਸਾ ਕੀ ਵਾਰ ਦਾ ਕੇਂਦਰ-ਬਿੰਦੂ ਕਰਤਾਪੁਰਖ ਅਤੇ ਇਸ ਦਾ ਵਿਚਾਰ-ਘੇਰਾ ਕਰਤਾਪੁਰਖ ਦੀ ਵਿਆਪਕ ਸ੍ਰਿਸ਼ਟੀ-ਰਚਨਾ ਹੈ। ਇਸ ਦੀ ਸੁਰ ਰੂਹਾਨੀ ਅਤੇ ਸਮਾਜੀ ਸਰੋਕਾਰਾਂ ਵਾਲੀ ਹੈ। ਇਸ ਵਿਚ ਜਿਥੇ ਗੁਰੂ ਤੋਂ ਸਦਕੇ ਜਾਣ ਦੀ ਤੀਬਰ ਭਾਵਨਾ, ਸੱਚ-ਸਰੂਪ ਪ੍ਰਭੂ ਦੀ ਵਡਿਆਈ ਅਤੇ ਕੁਦਰਤ ਵਿਚ ਉਸ ਦੀ ਵਿਆਪਕਤਾ ਨੂੰ ਵੇਖ ਵਿਸਮਾਦਿਤ ਹੋਣ ਦਾ ਸੁੰਦਰ ਵਰਣਨ ਹੈ, ਉਥੇ ਮਨੁਖੀ ਵਿਕਾਰਾਂ, ਸਮਾਜ-ਸਭਿਆਚਾਰਕ ਬੁਰਾਈਆਂ, ਧਾਰਮਕ ਕਰਮਕਾਂਡਾਂ ਅਤੇ ਪਖੰਡਾਂ ਉਪਰ ਵਿਅੰਗਾਤਮਕ ਟਿਪਣੀਆਂ ਸਮੇਤ ਉਨ੍ਹਾਂ ਦੀ ਕਰੜੀ ਆਲੋਚਨਾ ਵੀ ਹੈ।

ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿਚ, ਦੋ ਵਾਰਾਂ
Bani Footnote ‘ਮਾਰੂ ਵਾਰ ਮਹਲਾ ੩’ ਅਤੇ ‘ਮਾਰੂ ਵਾਰ ਮਹਲਾ ੫’।
ਨੂੰ ਛੱਡ ਕੇ ਬਾਕੀ ਸਾਰੀਆਂ ਵਾਰਾਂ ਵਾਂਗ,
Bani Footnote ਸਿਰੀਰਾਗ ਕੀ ਵਾਰ ਮਹਲਾ ੪, ਵਾਰ ਮਾਝ ਕੀ ਮਹਲਾ ੧, ਗਉੜੀ ਕੀ ਵਾਰ ਮਹਲਾ ੪, ਗਉੜੀ ਕੀ ਵਾਰ ਮਹਲਾ ੫, ਆਸਾ ਕੀ ਵਾਰ ਮਹਲਾ ੧, ਗੂਜਰੀ ਕੀ ਵਾਰ ਮਹਲਾ ੩, ਗੂਜਰੀ ਕੀ ਵਾਰ ਮਹਲਾ ੫, ਬਿਹਾਗੜੇ ਕੀ ਵਾਰ ਮਹਲਾ ੪, ਵਡਹੰਸ ਕੀ ਵਾਰ ਮਹਲਾ ੪, ਸੋਰਠਿ ਕੀ ਵਾਰ ਮਹਲਾ ੪, ਵਾਰ ਜੈਤਸਰੀ ਕੀ ਮਹਲਾ ੫, ਵਾਰ ਸੂਹੀ ਕੀ ਮਹਲਾ ੩, ਬਿਲਾਵਲ ਕੀ ਵਾਰ ਮਹਲਾ ੪, ਰਾਮਕਲੀ ਕੀ ਵਾਰ ਮਹਲਾ ੩, ਰਾਮਕਲੀ ਕੀ ਵਾਰ ਮਹਲਾ ੫, ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ, ਮਾਰੂ ਵਾਰ ਮਹਲਾ ੩, ਮਾਰੂ ਵਾਰ ਮਹਲਾ ੫, ਬਸੰਤ ਕੀ ਵਾਰ ਮਹਲੁ ੫, ਸਾਰੰਗ ਕੀ ਵਾਰ ਮਹਲਾ ੪, ਮਲਾਰ ਕੀ ਵਾਰ ਮਹਲਾ ੧, ਕਾਨੜੇ ਕੀ ਵਾਰ ਮਹਲਾ ੪। -ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੨੦੧੭
ਇਸ ਮੰਗਲਾਚਰਣ ਵੀ 'ਆਸਾ ਕੀ ਵਾਰ' ਲਿਖਿਆ ਮਿਲਦਾ ਹੈ, ਭਾਵੇਂ ਕਿ ਆਮ ਤੌਰ 'ਤੇ ਇਸ ਨੂੰ 'ਆਸਾ ਦੀ ਵਾਰ' ਕਿਹਾ ਜਾਣਾ ਪ੍ਰਚਲਤ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੬੨ ਤੋਂ ੪੭੫ ਉਪਰ ਦਰਜ ਇਹ ਵਾਰ,
Bani Footnote ‘ਆਸਾ ਕੀ ਵਾਰ’ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀਆਂ ਦੋ ਹੋਰ ਵਾਰਾਂ ਹਨ: ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਅਤੇ ਵਾਰ ਮਲਾਰ ਕੀ ਮਹਲਾ ੧।
ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀਆਂ ੨੪ ਪਉੜੀਆਂ ਅਤੇ ਕੁਲ ੬੦ (੪੫ ਗੁਰੂ ਨਾਨਕ ਸਾਹਿਬ ਦੇ ਅਤੇ ੧੫ ਗੁਰੂ ਅੰਗਦ ਸਾਹਿਬ ਦੇ) ਸਲੋਕਾਂ
Bani Footnote ਪਉੜੀ ਨੰਬਰ ੧੨ ਨਾਲ ਅੰਕਤ ਪਹਿਲੇ ਸਲੋਕ ਵਿਚ ਰਹਾਉ ਦੀਆਂ ਦੋ ਤੁਕਾਂ ਵੀ ਹਨ।
ਦਾ ਸੰਗ੍ਰਹਿ ਹੈ। ਆਮ ਕਰਕੇ ਹਰੇਕ ਪਉੜੀ ਤੋਂ ਪਹਿਲਾਂ ੨-੩ ਸਲੋਕ ਅੰਕਤ ਹਨ, ਪਰ ਕਿਤੇ ਕਿਤੇ ਇਸ ਤੋਂ ਜਿਆਦਾ (੪-੫) ਵੀ ਹਨ।

ਪ੍ਰਚਲਤ ਰਵਾਇਤ ਅਨੁਸਾਰ, ‘ਆਸਾ ਕੀ ਵਾਰ’ ਗਾਉਣ ਵੇਲੇ, ਹਰੇਕ ਪਉੜੀ ਨਾਲ ਅੰਕਤ ਸਲੋਕਾਂ ਤੋਂ ਪਹਿਲਾਂ, ਚਉਥੇ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰੇ ਛੰਤਾਂ
Bani Footnote ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੪੮-੪੫੧ ਉਪਰ ਦਰਜ ਛੰਤਾਂ ‘ਹਰਿ ਅੰਮ੍ਰਿਤ ਭਿੰਨੇ ਲੋਇਣਾ’ ਤੋਂ ਲੈ ਕੇ ‘ਹਰਿ ਜੁਗੁ ਜੁਗੁ ਭਗਤ ਉਪਾਇਆ’ ਤਕ।
ਵਿਚੋਂ ਇਕ ਇਕ ਛੰਤ ਗਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੭੪, ਪੰਨਾ ੯੧
ਦਾ ਮੰਨਣਾ ਹੈ ਕਿ “ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿਚ ਸ਼ਾਮਿਲ ਕੀਤਾ।”
Bani Footnote ਭਾਈ ਕਾਨ੍ਹ ਸਿੰਘ ਨਾਭਾ ਨੇ ਛੰਤ ਗਾਇਣ ਦੀ ਇਸ ਰਵਾਇਤ ਬਾਰੇ ਕਿਸੇ ਇਤਿਹਾਸਕ ਸ੍ਰੋਤ ਦਾ ਕੋਈ ਹਵਾਲਾ ਨਹੀਂ ਦਿਤਾ। ਵਿਦਵਾਨ ਸੱਜਣਾਂ ਨੂੰ ਇਸ ਬਾਰੇ ਖੋਜ ਕਰਨ ਦੀ ਲੋੜ ਹੈ।
ਪਰ ਇਥੇ ਇਸ ਵਾਰ ਦੀ ਮੂਲ ਤਰਤੀਬ ਅਨੁਸਾਰ ਕੇਵਲ ੨੪ ਪਉੜੀਆਂ ਅਤੇ ਉਨ੍ਹਾਂ ਨਾਲ ਦਰਜ ਹੋਏ ੬੦ ਸਲੋਕਾਂ ਨੂੰ ਹੀ ਲਿਆ ਹੈ। ਛੰਤਾਂ ਦੀ ਵਿਚਾਰ ਅਤੇ ਅਰਥ ਉਨ੍ਹਾਂ ਦੀ ਤਰਤੀਬ ਅਨੁਸਾਰ ਕੀਤੇ ਜਾਣਗੇ।

ਆਸਾ ਕੀ ਵਾਰ ਦੇ ਮਜ਼ਮੂਨ ਬਾਰੇ ਪ੍ਰੋ. ਸਾਹਿਬ ਸਿੰਘ ਜੀ ਦਾ ਵਿਚਾਰ ਹੈ ਕਿ “ਸਾਰੀ ਵਾਰ ਦਾ ਇਕੋ ਹੀ ਮਜ਼ਮੂਨ ਹੈ...ਸਾਰੀ ਇਕੱਠੀ ਹੀ ਉਚਾਰੀ ਹੈ।”
Bani Footnote ਪ੍ਰੋ. ਸਾਹਿਬ ਸਿੰਘ, ਆਸਾ ਦੀ ਵਾਰ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੧੬, ਪੰਨਾ ੯
ਪਰ ਭਾਈ ਵੀਰ ਸਿੰਘ ਜੀ ਆਸਾ ਕੀ ਵਾਰ ਦੇ ਸਲੋਕਾਂ ਅਤੇ ਪਉੜੀਆਂ ਦੇ ਪਰਸਪਰ ਸੰਬੰਧਾਂ ਬਾਰੇ ਜਿਕਰ ਕਰਦੇ ਹੋਏ ਲਿਖਦੇ ਹਨ ਕਿ “ਢਾਢੀ ਲੋਕ ਵਾਰਾਂ ਲਾਉਂਦੇ ਜੁੱਧਾਂ ਜੰਗਾਂ ਦੇ ਹਾਲ ਵਾਰਤਕ ਵਿਚ ਸੁਣਾਉਂਦੇ, ਉਸ ਦਾ ਸੰਖੇਪ ਪਉੜੀ ਵਿਚ ਦੇਂਦੇ ਹੁੰਦੇ ਸਨ। ਵਿਚ-ਵਿਚ ਸ਼ਲੋਕ ਦਿਆ ਕਰਦੇ ਸਨ, ਜਿੰਨ੍ਹਾਂ ਦਾ ਸੰਬੰਧ ਕਦੇ ਚਲ ਰਹੇ ਪ੍ਰਸੰਗ ਨਾਲ, ਕਦੇ ਵ੍ਯੰਗ ਨਾਲ, ਕਦੇ ਧ੍ਵਨੀ ਵਿਚ, ਕਦੇ ਉਪਦੇਸ਼ ਰੂਪ ਵਿਚ ਹੁੰਦਾ ਸੀ। ਇਸੇ ਤਰ੍ਹਾਂ, ਗੁਰਬਾਣੀ ਦੀਆਂ ਵਾਰਾਂ ਵਿਚ ਸ਼ਲੋਕਾਂ ਦਾ ਸੰਬੰਧ ਪਉੜੀਆਂ ਨਾਲ ਕਿਤੇ ਸਿੱਧਾ, ਕਿਤੇ ਵ੍ਯੰਗ, ਧ੍ਵਨੀ ਆਦਿ ਨਾਲ, ਕਦੇ ਕਿਸੇ ਸਿਧਾਂਤ ਦੇ ਇਸ਼ਾਰੇ ਵਤ ਹੁੰਦਾ ਹੈ, ਪਰ ਅਕਸਰ ਵਾਰਾਂ ਤੇ ਪਉੜੀਆਂ ਦੇ ਭਾਵ ਕਿਵੇਂ ਨਾ ਕਿਵੇਂ ਢੁੱਕਦੇ ਹੀ ਹੁੰਦੇ ਹਨ।”
Bani Footnote ਭਾਈ ਵੀਰ ਸਿੰਘ, ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ (ਪੋਥੀ ਛੇਵੀਂ), ਸੰਪਾ., ਡਾ. ਬਲਬੀਰ ਸਿੰਘ, ਭਾਸ਼ਾ ਵਿਭਾਗ ਪੰਜਾਬ, ੧੯੯੭, ਪੰਨਾ ੨੮੩੪