introduction
ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤੀ ਗਈ ‘ਬਸੰਤ ਕੀ ਵਾਰ’ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੯੩ ਉਪਰ ਦਰਜ ਹੈ। ਇਸ ਵਾਰ ਦਾ ਅਕਾਰ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਸਾਰੀਆਂ ਵਾਰਾਂ ਨਾਲੋਂ ਛੋਟਾ ਹੈ। ਇਸ ਵਿਚ ਕੇਵਲ ਤਿੰਨ ਹੀ ਪਉੜੀਆਂ ਹਨ। ਇਨ੍ਹਾਂ ਨਾਲ ਕੋਈ ਸਲੋਕ ਦਰਜ ਨਹੀਂ ਹੈ। ਹਰ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਵਾਰ ਦੇ ਸਿਰਲੇਖ ਵਿਚ ‘ਮਹਲਾ’ ਦੀ ਥਾਂ ‘ਮਹਲੁ’ ਸ਼ਬਦ ਆਇਆ ਹੈ। “ਬਹੁਤ ਸਾਰੀਆਂ ਹਥ-ਲਿਖਤ ਬੀੜਾਂ ਵਿਚ ਇਸ ਵਾਰ ਦੇ ਸਿਰਲੇਖ ਵਿਚ ਮਹਲੁ ਦੀ ਥਾਂ ਮਹਲਾ ਦਰਜ ਹੋਇਆ ਮਿਲਦਾ ਹੈ।” “ਮਾਘੀ ਤੋਂ ਲੈ ਕੇ ਹੋਲੇ-ਮਹੱਲੇ ਤਕ ਕੀਰਤਨ ਸਮਾਗਮਾਂ/ਕੀਰਤਨ ਚੌਂਕੀਆਂ ਵਿਚ ਜਿਥੇ ਬਸੰਤ ਰਾਗ ਗਾਏ ਜਾਣ ਦੀ ਪ੍ਰਥਾ ਹੈ, ਉਥੇ ਨਾਲ ਹੀ ‘ਬਸੰਤ ਕੀ ਵਾਰ’ ਨੂੰ ਵਿਸ਼ੇਸ਼ ਤੌਰ ’ਤੇ ਗਾਇਨ ਕੀਤੇ ਜਾਣ ਦਾ ਵਿਧਾਨ ਹੈ।”