Guru Granth Sahib Logo
  
ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤੀ ਗਈ ‘ਬਸੰਤ ਕੀ ਵਾਰ’ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੯੩ ਉਪਰ ਦਰਜ ਹੈ। ਇਸ ਵਾਰ ਦਾ ਅਕਾਰ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਸਾਰੀਆਂ ਵਾਰਾਂ ਨਾਲੋਂ ਛੋਟਾ ਹੈ। ਇਸ ਵਿਚ ਕੇਵਲ ਤਿੰਨ ਹੀ ਪਉੜੀਆਂ ਹਨ। ਇਨ੍ਹਾਂ ਨਾਲ ਕੋਈ ਸਲੋਕ ਦਰਜ ਨਹੀਂ ਹੈ। ਹਰ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਵਾਰ ਦੇ ਸਿਰਲੇਖ ਵਿਚ ‘ਮਹਲਾ’ ਦੀ ਥਾਂ ‘ਮਹਲੁ’ ਸ਼ਬਦ ਆਇਆ ਹੈ। “ਬਹੁਤ ਸਾਰੀਆਂ ਹਥ-ਲਿਖਤ ਬੀੜਾਂ ਵਿਚ ਇਸ ਵਾਰ ਦੇ ਸਿਰਲੇਖ ਵਿਚ ਮਹਲੁ ਦੀ ਥਾਂ ਮਹਲਾ ਦਰਜ ਹੋਇਆ ਮਿਲਦਾ ਹੈ।”
Bani Footnote ਡਾ. ਅਮਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹਥ ਲਿਖਤ ਬੀੜਾਂ ਦੇ ਦਰਸ਼ਨ, ਪੰਨਾ ੫੩
“ਮਾਘੀ
Bani Footnote ਮਾਘ ਮਹੀਨੇ ਦੀ ਸੰਗਰਾਂਦ ਨੂੰ, ਜੋ ਲੋਹੜੀ ਤੋਂ ਅਗਲੇ ਦਿਨ ਆਉਂਦੀ ਹੈ, ਮਾਘੀ ਕਿਹਾ ਜਾਂਦਾ ਹੈ।
ਤੋਂ ਲੈ ਕੇ ਹੋਲੇ-ਮਹੱਲੇ
Bani Footnote ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨੰਤਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ‘ਹੋਲਾ-ਮਹੱਲਾ’ ਖੇਡਣ ਦੀ ਰੀਤ ਚਲਾਈ, ਕਿਉਂਕਿ ਉਹ ਖਾਲਸੇ ਨੂੰ ਜੁਧ-ਵਿਦਿਆ ਵਿਚ ਪ੍ਰਬੀਨ ਕਰਨਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਕਿਲ੍ਹਾ ਹੋਲਗੜ੍ਹ (ਅਨੰਦਪੁਰ ਸਾਹਿਬ) ਵਿਖੇ ੧੭੦੦ ਈ. (੧੭੫੭ ਬਿ. ਚੇਤ ਵਦੀ ੧) ਵਿਚ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ। ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ ਆਦਿ ਨੇ ‘ਹੋਲਾ-ਮਹੱਲਾ’ ਦੇ ਅਰਥ ‘ਹੱਲਾ’ ਅਤੇ ‘ਹੱਲੇ ਵਾਲੀ ਥਾਂ’ ਜਾਂ ‘ਬਣਾਉਟੀ ਹਮਲਾ’ ਕੀਤੇ ਹਨ। ਇਸ ਪ੍ਰਕਾਰ ਹੋਲੀ (ਇਸਤਰੀ ਲਿੰਗ) ਤੋਂ ਹੋਲਾ (ਪੁਲਿੰਗ) ਸ਼ਬਦ ਬਣਾ ਕੇ ਹੋਲੀ ਵਾਲੇ ਦਿਨ ਮਹਾਂ-ਹੱਲਾ ਕਰਨ ਦੀ ਗੱਲ ਨੂੰ ਇਸ ਸ਼ਬਦ ਰਾਹੀਂ ਵਿਅਕਤ ਕੀਤਾ ਗਿਆ ਹੈ। ਕਵੀ ਸੁਮੇਰ ਸਿੰਘ ਨੇ ਗੁਰੂ ਸਾਹਿਬ ਵਲੋਂ ਚਲਾਈ ਇਸ ਪਰੰਪਰਾ ਬਾਰੇ ਲਿਖਿਆ ਹੈ: ‘ਔਰਨ ਕੀ ਹੋਲੀ ਮਮ ਹੋਲਾ। ਕਹ੍ਯੋ ਕ੍ਰਿਪਾਨਿਧ ਬਚਨ ਅਮੋਲਾ।’ ਹੁਣ ਇਹ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ, ਜਿਹੜਾ ਹੋਲੀ ਦੇ ਇਕ ਦਿਨ ਪਹਿਲਾਂ ਤੋਂ ਲੈ ਕੇ ਇਕ ਦਿਨ ਬਾਅਦ ਤਕ ਮਨਾਇਆ ਜਾਂਦਾ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ-ਦੂਜਾ, ਪੰਨਾ ੫੦੮-੫੦੯
ਤਕ ਕੀਰਤਨ ਸਮਾਗਮਾਂ/ਕੀਰਤਨ ਚੌਂਕੀਆਂ ਵਿਚ ਜਿਥੇ ਬਸੰਤ ਰਾਗ ਗਾਏ ਜਾਣ ਦੀ ਪ੍ਰਥਾ ਹੈ, ਉਥੇ ਨਾਲ ਹੀ ‘ਬਸੰਤ ਕੀ ਵਾਰ’ ਨੂੰ ਵਿਸ਼ੇਸ਼ ਤੌਰ ’ਤੇ ਗਾਇਨ ਕੀਤੇ ਜਾਣ ਦਾ ਵਿਧਾਨ ਹੈ।”
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਸਟੀਕ ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ) ਅਤੇ ਬਸੰਤ ਕੀ ਵਾਰ ਮਹਲੁ ੫, ਪੰਨਾ ੯੨