Logo
ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ
ਵਰਤਮਾਨ ਤੇ ਭਵਿਖ ਵਿਚ ਸ਼ਬਦ ਨਾਲ ਰਾਬਤਾ

ਪ੍ਰੌਜੈਕਟ ਦਾ ਉਦੇਸ਼

ਅਨੇਕ ਪਧਰਾਂ ’ਤੇ ਇਕ ਦੂਜੇ ਨਾਲ ਜੁੜੇ ਹੋਏ ਅਜੋਕੇ ਵਿਸ਼ਵ ਦੇ ਲੋਕਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਹੁ-ਪਰਤੀ ਸੰਦੇਸ਼ ਦੀ ਮਹੱਤਤਾ ਪਹਿਲਾਂ ਨਾਲੋਂ ਵੀ ਕਿਤੇ ਵਧ ਹੈ। ਸਿਖ ਰਿਸਰਚ ਇੰਸਟੀਟਿਊਟ (ਸਿਖ-ਰੀ) ਦੇ ਇਸ ਪ੍ਰੌਜੈਕਟ ਦਾ ਮਨੋਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਉਸ ਦੀ ਸਿਖਿਆ ਨੂੰ ਪੰਜਾਬੀ ਅਤੇ ਅੰਗਰੇਜ਼ੀ ਬੋਲਦੇ ਪਾਠਕਾਂ ਰਾਹੀਂ ਸਮੁੱਚੇ ਵਿਸ਼ਵ ਤਕ ਪਹੁੰਚਾਉਣਾ ਅਤੇ ਫੈਲਾਉਣਾ ਹੈ।
ਗੁਰੂ ਸਾਹਿਬਾਨ ਨੇ ਗ੍ਰੰਥ ਤੇ ਪੰਥ ਦੇ ਸੰਕਲਪ ਅਤੇ ਇਤਿਹਾਸ ਸਿਰਜਣਾ ਰਾਹੀਂ ਸਿਖ ਸਮਾਜ ਦੇ ਜਿੰਮੇ ਇਹ ਫਰਜ਼ ਆਇਦ ਕੀਤਾ ਹੈ ਕਿ ਸਮੁੱਚੇ ਵਿਸ਼ਵ ਦੇ ਤਮਾਮ ਸਮਾਜਕ ਸਮੂਹਾਂ ਅਤੇ ਭਾਈਚਾਰਿਆਂ ਦਰਮਿਆਨ ਅਨੇਕਤਾ ਵਿਚ ਏਕਤਾ ਦਾ ਅਹਿਸਾਸ ਜਗਾ ਕੇ ਸਭ ਨੂੰ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਲਈ ਪ੍ਰਪੱਕ ਕੀਤਾ ਜਾਵੇ।
ਗੁਰੂ ਨਾਨਕ ਸਾਹਿਬ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ‘ਸਿਖ-ਰੀ’ ਨੇ ਗੁਰੂ ਸਾਹਿਬਾਨ ਦੇ ਉਕਤ ਆਸ਼ੇ ਨੂੰ ਸਨਮੁਖ ਰਖਦਿਆਂ, ਸ਼ਬਦ ਅਥਵਾ ਨਾਮ-ਮਾਰਗ ਦੇ ਉਸਾਰ ਅਤੇ ਪ੍ਰਸਾਰ ਦਾ ਦ੍ਰਿੜ ਫੈਸਲਾ ਕੀਤਾ ਹੈ, ਜਿਸ ਨਾਲ ਸਮੁੱਚੀ ਮਨੁਖਤਾ ਨੂੰ ਇਕ ਸਾਂਝੇ ਸੂਤਰ ਵਿਚ ਪਰੋਇਆ ਜਾ ਸਕੇ।
ਸਿਖ ਪਛਾਣ ਅਤੇ ਸਭਿਆਚਾਰ ਹੁਣ ਪੰਜਾਬ ਤਕ ਸੀਮਤ ਨਹੀਂ ਰਿਹਾ, ਬਲਕਿ ਦੇਸ਼ਾਂ-ਵਿਦੇਸ਼ਾਂ ਤਕ ਫੈਲ ਚੁੱਕਾ ਹੈ। ਹੁਣ ਇਹ ਦੂਸਰੇ ਸਭਿਆਚਾਰਾਂ, ਮਤਾਂ ਅਤੇ ਵਿਚਾਰਧਾਰਾਵਾਂ ਨਾਲ ਹਮਰਕਾਬ ਹੋ ਕੇ ਅੱਗੇ ਵਧਣ ਲਈ ਉਤਾਵਲਾ ਹੈ। ਸੰਸਾਰ ਭਰ ਵਿਚ ਵਸਦੇ ਤਿੰਨ ਕਰੋੜ ਸਿਖ ਪੈਰੋਕਾਰਾਂ ਸਮੇਤ ਇਹ ਪਛਾਣ ਗੁਰੂ ਦੁਆਰਾ ਦਰਸਾਏ ਸਿਧਾਂਤਾਂ ਨੂੰ ਜੀਊਣ ਅਤੇ ਉਨ੍ਹਾਂ ਦਾ ਪ੍ਰਸਾਰ ਕਰਨ ਨਾਲ ਹੀ ਪਰਿਭਾਸ਼ਤ ਹੋ ਸਕਦੀ ਹੈ।
ਸਿਖ ਸਮਾਜ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੁਰਮਤਿ ਆਸ਼ੇ ਨੂੰ ਆਪਣੇ ਨਿਰਮਲ ਕਰਮ ਅਤੇ ਕਿਰਦਾਰ ਰਾਹੀਂ ਸਮੁੱਚੇ ਵਿਸ਼ਵ ਦੇ ਸਨਮੁਖ ਪੇਸ਼ ਕਰੇ। ਇਸ ਉਦੇਸ਼ ਨੂੰ ਹਾਸਲ ਕਰਨ ਜਾਂ ਅਮਲੀ ਜਾਮਾ ਪਹਿਨਾਉਣ ਲਈ ਸਿਖ ਸਮਾਜ ਲਈ ਬੇਹੱਦ ਜ਼ਰੂਰੀ ਹੈ ਕਿ ਉਹ ਗੁਰਮਤਿ ਵਿਚਾਰ ਅਤੇ ਅਭਿਆਸ ਦੇ ਸਹਿਚਾਰ ਤੇ ਸੰਗਮ ਦੀ ਖੁਦ ਇਕ ਜੀਵੰਤ ਮਿਸਾਲ ਬਣੇ।
‘ਸਿਖ-ਰੀ’ ਮਹਿਸੂਸ ਕਰਦੀ ਹੈ ਕਿ ਗੁਰਮਤਿ ਦਰਸ਼ਨ ਦੇ ਅਮਲੀ ਅਭਿਆਸ ਨਾਲ ਅਸੀਂ ਉਨ੍ਹਾਂ ਤਮਾਮ ਚੁਣੌਤੀਆਂ ਦਾ ਵੀ ਡਟ ਕੇ ਸਾਹਮਣਾ ਕਰ ਸਕਦੇ ਹਾਂ, ਜਿਹੜੀਆਂ ਅੱਜ ਸਮੁੱਚੇ ਜਗਤ ਦੇ ਸਾਹਮਣੇ ਦਰਪੇਸ਼ ਹਨ ਅਤੇ ਸਮੇਂ ਨਾਲ ਹੋਰ ਪ੍ਰਚੰਡ ਰੂਪ ਅਖਤਿਆਰ ਕਰ ਰਹੀਆਂ ਹਨ।
ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਮਨੁਖਤਾ ਨੂੰ ਸ਼ਬਦ/ਬਾਣੀ ਦੀ ਅਜਿਹੀ ਅਲੌਕਿਕ ਬਖਸ਼ਿਸ਼ ਕੀਤੀ ਹੈ, ਜਿਸ ਦੀ ਬਰਕਤ ਨਾਲ ਅਸੀਂ ਅਜੋਕੇ ਯੁੱਗ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ ਤੇ ਉਨ੍ਹਾਂ ਦਾ ਕਾਰਗਰ ਹੱਲ ਵੀ ਲੱਭ ਸਕਦੇ ਹਾਂ। ਇਸ ਤਰ੍ਹਾਂ ਅਸੀਂ ਸੰਸਾਰ ਦੇ ਖੂਬਸੂਰਤ ਅਤੇ ਖੁਸ਼ਗਵਾਰ ਭਵਿਖ ਦੀ ਸਿਰਜਣਾ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਾਂ।
ਇਸ ਦਿਸ਼ਾ ਵਿਚ ਕੀਤੀ ਜਾ ਰਹੀ ਖੋਜ ਅਤੇ ਵਿਚਾਰ-ਵਟਾਂਦਰੇ ਲਈ ‘ਸਿਖ-ਰੀ’ ਦੀ ਟੀਮ ਬਹੁਪਖੀ ਤੇ ਬਹੁਪਰਤੀ ਗੁਰਮਤਿ ਦਰਸ਼ਨ ਤੋਂ ਹੀ ਸੇਧ ਲੈਂਦੀ ਹੋਈ ਗੁਰ-ਸ਼ਬਦ ਦੇ ਸੁਨਹਿਰੇ ਸੰਦੇਸ਼ ਨੂੰ ਉਜਾਗਰ ਅਤੇ ਦ੍ਰਿੜ ਕਰਨ ਦਾ ਜਤਨ ਕਰਦੀ ਹੈ। ਇਸ ਜਤਨ ਨੂੰ ਕਾਰਗਰ ਤਰੀਕੇ ਨਾਲ ਸਾਜ਼ਗਾਰ ਬਣਾਉਣ ਲਈ ‘ਸਿਖ-ਰੀ’ ਦੇ ਖੋਜਕਾਰਾਂ, ਵਿਦਵਾਨਾਂ, ਵਿਸ਼ਾ-ਮਾਹਰਾਂ, ਸੰਪਾਦਕਾਂ, ਡਿਜ਼ਾਈਨਰਾਂ, ਅਨੁਵਾਦਕਾਂ ਤੇ ਕੈਲੀਗ੍ਰਾਫਰਾਂ ਦੀ ਵਚਨਬਧ ਟੀਮ, ਬਹੁਤ ਸਾਰੇ ਸਰੋਤਾਂ ਦੀ ਸਹਾਇਤਾ ਲੈਂਦੀ ਹੈ ਅਤੇ ਉਸ ਦਾ ਬਾਰੀਕਬੀਨੀ ਨਾਲ ਅਧਿਐਨ ਕਰਦੀ ਹੈ। ਇਸ ਦੌਰਾਨ ਹਰ ਵਿਸ਼ੇ ਦੀ ਖੋਜ ਅਤੇ ਵਿਚਾਰ-ਵਟਾਂਦਰੇ ਵਿਚ ਇਸ ਟੀਮ ਦੀ ਟੇਕ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਕਾਸ਼ਤ ਗੁਰਮਤਿ ਪ੍ਰਮਾਣ ਉਪਰ ਹੀ ਨਿਰਭਰ ਰਹਿੰਦੀ ਹੈ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੇ ਆਦੇਸ਼ ਅਤੇ ਉਪਦੇਸ਼ ਪ੍ਰਤੀ ਗਿਆਨਵਾਨ ਸ਼ਰਧਾ ਹੀ ਇਸ ਸੰਸਥਾ ਦੀ ਸਮੁੱਚੀ ਪ੍ਰਕਿਰਿਆ ਦੀ ਬੁਨਿਆਦ ਹੈ।
ਗੁਰ-ਸ਼ਬਦ ਦੀ ਖੋਜ ਵਿਚ

‘ਸਿਖ-ਰੀ’ ਮਹਿਸੂਸ ਕਰਦੀ ਹੈ ਕਿ ਗੁਰ-ਸ਼ਬਦ ਦੇ ਅਸੀਮ ਅਤੇ ਵਿਸ਼ਾਲ ਮੰਡਲ ਦੇ ਮੁਕਾਬਲੇ ਇਨਸਾਨੀ ਸਮਝ ਮੂਲੋਂ ਹੀ ਸੀਮਿਤ ਰਹਿ ਜਾਂਦੀ ਹੈ। ਇਸ ਲਈ ਇਸ ਪ੍ਰੌਜੈਕਟ ਵਿਚ ਭਾਵਾਰਥਕ-ਸਿਰਜਣਾਤਮਕ ਅਨੁਵਾਦ (transcreation) ਦੀ ਪ੍ਰਕਿਰਿਆ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਹ ਸੰਸਥਾ ਸਮਝਦੀ ਹੈ ਕਿ ਭਾਵਾਰਥਕ-ਸਿਰਜਣਾਤਮਕ ਅਨੁਵਾਦ ਸਧਾਰਨ ਅਨੁਵਾਦ (translation) ਨਾਲੋਂ ਵਖਰਾ ਹੁੰਦਾ ਹੈ। ਇਸ ਵਿਚ ਸਾਡੀ ਆਪਣੀ ਸਮਝ ਨੂੰ ਇਕ ਜਗਿਆਸੂ ਦੇ ਰੂਪ ਵਿਚ ਲਿਆ ਜਾਂਦਾ ਹੈ, ਜਿਸ ਦੀ ਘਾੜਤ ਕਿਸੇ ਵਿਸ਼ੇਸ਼ ਮਾਹੌਲ, ਚੌਗਿਰਦੇ, ਵਾਤਾਵਰਣ ਅਤੇ ਸੰਦਰਭ ਵਿਚ ਹੋਈ ਹੁੰਦੀ ਹੈ। ਇਸ ਵਿਚ ਮੰਨਿਆ ਜਾਂਦਾ ਹੈ ਕਿ ਸਾਡੀ ਅੱਜ ਦੀ ਸਮਝ ਦਾ ਬੀਤੇ ਹੋਏ ਕੱਲ੍ਹ ਦੀ ਸਮਝ ਨਾਲੋਂ ਕੁਝ ਫਰਕ ਹੋ ਸਕਦਾ ਹੈ ਅਤੇ ਸ਼ਬਦ ਦੇ ਸਦੀਵੀ ਪ੍ਰੇਮ ਵਿਚ ਲੀਨ ਹੋਣ ਨਾਲ ਇਸ ਸਮਝ ਦਾ ਹੋਰ ਵਿਕਾਸ ਹੋ ਸਕਦਾ ਹੈ।

ਗੁਰਮਤਿ ਅਨੁਸਾਰ ਇਕ ਓਅੰਕਾਰ ਦੇ ਮੂਲ ਤੱਤ ਨੂੰ ਸਮਝਣਾ ਅਤੇ ਉਸ ਨੂੰ ਅੱਗੇ ਤੋਰਨਾ ਭਾਵਾਰਥਕ-ਸਿਰਜਣਾਤਮਕ ਅਨੁਵਾਦ ਦੀ ਹੀ ਇਕ ਉਦਾਹਰਣ ਹੈ। ‘ਸਿਖ-ਰੀ’ ਗੁਰਬਾਣੀ ਦੇ ਮੌਲਿਕ ਅਰਥਾਂ ਪ੍ਰਤੀ ਨੇੜਤਾ ਬਣਾਏ ਰਖਣ ਦੀ ਕੋਸ਼ਿਸ਼ ਕਰਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਗੁਮਰਾਹਕੁਨ ਵਿਆਖਿਆ ਤੋਂ ਬਚਣ ਲਈ ਹਰ ਸੰਭਵ ਜਤਨ ਕਰਦੀ ਹੈ। ਇਸ ਨਾਲ ਪਾਠਕ ਗੁਰੂ ਗ੍ਰੰਥ ਸਾਹਿਬ ਦੇ ਸਰਬਹਿਤਕਾਰੀ ਤੇ ਕਲਿਆਣਕਾਰੀ ਉਪਦੇਸ਼ ਨਾਲ ਬੜੀ ਸਰਲਤਾ ਤੇ ਸਹਿਜਤਾ ਨਾਲ ਜੁੜ ਸਕਦੇ ਹਨ। ਗੁਰਬਾਣੀ ਦੇ ਭਾਸ਼ਾਈ ਸੁਹਜ, ਸਹਿਜ ਅਤੇ ਕੀਰਤਨ ਰੂਪ ਸੰਗੀਤ ਦੀ ਸਹਾਇਤਾ ਨਾਲ ਗੁਰਮਤਿ ਸਿਧਾਂਤ, ਅਰਥਾਤ ਨਾਮ-ਮਾਰਗ ਦੀ ਸੂਝ ਹਾਸਲ ਕਰ ਸਕਦੇ ਹਨ।
ਖਾਕਾ (Roadmap): ਦੋ ਦਹਾਕਿਆਂ ਦੀ ਕਾਰਜ ਯੋਜਨਾ
‘ਸਿਖ-ਰੀ’ ਦੀ ਟੀਮ ਨੇ ਸੰਨ ੨੦੨੦ ਵਿਚ, ਦੋ ਦਹਾਕਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਸ਼ਾਬਦਕ, ਭਾਵਾਰਥਕ-ਸਿਰਜਣਾਤਮਕ ਅਨੁਵਾਦ ਤਿਆਰ ਕਰਨ ਦਾ ਟੀਚਾ ਅਤੇ ਉਦੇਸ਼ ਮਿਥਿਆ ਸੀ। ਇਸ ਸਾਂਝੇ ਜਤਨ ਰਾਹੀਂ ਇਹ ਸੰਸਥਾ ਇਕ ਉਦਾਰ, ਵਿਸ਼ਾਲ ਅਤੇ ਸਮਰੱਥ ਮੰਚ ਸਥਾਪਤ ਕਰਨ ਦੀ ਇਛਾ ਰਖਦੀ ਹੈ, ਜਿਹੜਾ ਹਰ ਸਮਾਜਕ ਸਮੂਹ ਵਿਚ ਆਪਸੀ ਸਹਿਯੋਗ ਨੂੰ ਉਤਸ਼ਾਹਤ ਕਰੇ ਅਤੇ ਵਿਸ਼ਵ ਵਿਚ ਪ੍ਰੇਮ-ਭਾਵ ਤੇ ਨਿਆਂ ਲਈ ਪ੍ਰੇਰਣਾ ਬਣੇ।
ਗੁਰਮਤਿ ਵਿਚਾਰ-ਚਰਚਾ ਅਤੇ ਵਿਆਖਿਆ ਦੇ ਇਸ ਕਰਤਾਰੀ ਅਨੁਭਵ ਸਦਕਾ ਵਿਸ਼ਵ ਦੇ ਵਖ-ਵਖ ਸਭਿਆਚਾਰਕ ਪਿਛੋਕੜਾਂ ਵਾਲੇ ਲੋਕ ਗੁਰਮਤਿ ਦੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਰਗੇ ਆਦਰਸ਼ ਨੂੰ ਪ੍ਰਾਪਤ ਕਰ ਸਕਦੇ ਹਨ। ਗੁਰਮਤਿ ਦਾ ਇਹ ਆਦਰਸ਼ ਸਾਰੇ ਵਿਸ਼ਵ ਨੂੰ ਅਨੇਕਤਾ ਵਿਚ ਏਕਤਾ ਵਾਲਾ ਸਾਂਝਾ ਪਰਵਾਰ ਮੰਨਦਾ ਹੈ।
ਸੀਮਾਵਾਂ
ਗੁਰਬਾਣੀ ਦੀ ਟੀਕਾਕਾਰੀ ਆਪਣੇ ਆਪ ਵਿਚ ਹੀ ਇਕ ਵੱਡਾ ਕਾਰਜ ਹੈ, ਜਿਸ ਲਈ ਨਿਜੀ, ਸਾਂਝੇ ਅਤੇ ਸਹਿਯੋਗੀ ਜਤਨ ਹੋਣੇ ਬੇਹੱਦ ਜ਼ਰੂਰੀ ਹੁੰਦੇ ਹਨ। ਬੇਸ਼ੱਕ ਹਰ ਕੋਈ ਆਪੋ-ਆਪਣੀ ਸਮਝ, ਸਮਰੱਥਾ, ਆਸਥਾ ਅਤੇ ਗਿਆਨ ਅਨੁਸਾਰ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦਾ ਜਤਨ ਕਰਦਾ ਹੈ, ਪਰ ਸਾਨੂੰ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਬਾਣੀ ਦੀ ਕੋਈ ਵੀ ਵਿਆਖਿਆ, ਟੀਕਾ ਤੇ ਸਟੀਕ ਅੰਤਮ ਨਹੀਂ ਕਿਹਾ ਜਾ ਸਕਦਾ।
ਬਾਣੀ ਦੇ ਸਰੋਕਾਰਾਂ ਦੀ ਉਚਾਈ ਅਤੇ ਗਹਿਰਾਈ ਹਰ ਪਰਿਪੇਖ ਦੀ ਪਕੜ ਤੋਂ ਪਰੇ ਹੈ। ਇਸ ਲਈ ਬਾਣੀ ਦੇ ਅਰਥ ਅਤੇ ਵਿਆਖਿਆ ਕਰਦਿਆਂ, ਚੱਲ ਰਹੇ ਸੰਦਰਭ ਵਿਚ, ਇਸ ਦੀ ਅਪਾਰ ਮਹਿਮਾ ਅਤੇ ਮਹਾਨਤਾ ਦੇ ਸਨਮੁਖ ਰਹਿੰਦਿਆਂ, ਸਹਿਜਤਾ ਅਤੇ ਸੁਹਿਰਦਤਾ ਦਾ ਪੱਲਾ ਫੜੀ ਰਖਣਾ ਬੇਹੱਦ ਜ਼ਰੂਰੀ ਹੈ।
ਬਾਣੀ ਦਾ ਸਦੀਵੀ ਅਤੇ ਇਕੋ-ਇਕ ਪ੍ਰਮਾਣਕ ਜਾਂ ਸਟੀਕ ਅਨੁਵਾਦ ਤਿਆਰ ਕਰਨਾ ਸੰਭਵ ਨਹੀਂ। ਕੋਈ ਵੀ ਅਨੁਵਾਦ ਕਰਦਿਆਂ ਸਹੀ ਜਾਂ ਗਲਤ ਦੇ ਦਿਸਹੱਦਿਆਂ ਤੋਂ ਪਰੇ ਸੰਭਾਵਨਾਵਾਂ ਦੀ ਅਨੰਤ ਲੜੀ ਨਜ਼ਰ ਆਉਂਦੀ ਹੈ, ਜਿਨ੍ਹਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਮੁਸ਼ਕਲ ਹੁੰਦਾ ਹੈ। ਇਸ ਲਈ ਕਿਸੇ ਇਕ ਅਨੁਵਾਦ ਨੂੰ ਸਹੀ ਜਾਂ ਗਲਤ ਕਹੇ ਜਾਣ ਤੋਂ ਬਿਨਾਂ ਹੋਰ ਅਨੁਵਾਦ ਵੀ ਹੋ ਸਕਦੇ ਹਨ ਅਤੇ ਇਸ ਹੋਰ ਦੀ ਕੋਈ ਵੀ ਸੀਮਾ ਨਹੀਂ ਹੁੰਦੀ। ਕਿਸੇ ਵੀ ਪਾਠ ਦਾ ਪੁਖਤਾ ਅਨੁਵਾਦ ਕਰਦਿਆਂ ਭਾਸ਼ਾ ਦੀ ਆਪਣੀ ਅਸਪਸ਼ਟਤਾ, ਅਨਿਸ਼ਚਤਾ ਅਤੇ ਬਹੁ-ਅਰਥਕਤਾ ਵੱਡੀ ਸਮੱਸਿਆ ਅਤੇ ਚੁਣੌਤੀ ਦੇ ਰੂਪ ਵਿਚ ਸਾਹਮਣੇ ਆ ਖੜ੍ਹਦੀ ਹੈ।
ਸਿਖ ਰਿਸਰਚ ਇੰਸਟੀਟਿਊਟ ਬਾਰੇ
ਸਿਖ ਰਿਸਰਚ ਇੰਸਟੀਟਿਊਟ (ਸਿਖ-ਰੀ) ਉੱਤਰੀ ਅਮਰੀਕਾ ਵਿਖੇ ਸਥਾਪਤ ਵਿਸ਼ਵ ਪਧਰੀ ਪਰਉਪਕਾਰੀ ਸੰਸਥਾ ਹੈ, ਜਿਸ ਦਾ ਉਦੇਸ਼ ਸਿਖ ਸਮਾਜ ਨੂੰ ਬਾਣੀ ਦੀ ਸੰਗਤ ਲਈ ਪ੍ਰੇਰਤ ਕਰਨਾ ਹੈ ਤਾਂ ਕਿ ਉਹ ਗੁਰਮਤਿ ਦੇ ਚਾਨਣ ਮੁਨਾਰੇ ਵਜੋਂ ਮਾਨਵਤਾ ਦਾ ਰਾਹ ਰੌਸ਼ਨ ਕਰੇ।
‘ਸਿਖ-ਰੀ’ ਦਾ ਉਦੇਸ਼ ਇਸ ਉੱਤਮ ਕਾਰਜ ਲਈ ਹਰ ਤਰ੍ਹਾਂ ਦੇ ਵਿਦਿਅਕ ਅਤੇ ਬੌਧਿਕ ਸਰੋਤ ਮੁਹੱਈਆ ਕਰਵਾਉਣਾ ਹੈ। ਇਹ ਸੰਸਥਾ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰਬਹਿਤਕਾਰੀ ਤੇ ਕਲਿਆਣਕਾਰੀ ਉਦੇਸ਼ ਅਤੇ ਇਕ ਓਅੰਕਾਰ ਦੇ ਕਰਤਾਰੀ ਪ੍ਰਭਾ-ਮੰਡਲ ਦੀ ਪ੍ਰੇਰਨਾ ਵਾਲੇ ਜੀਵਨ ਲਈ ਉਤਸ਼ਾਹਤ ਕਰਦੀ ਹੈ। ਇਹ ਸੰਸਥਾ ਸਾਹਿਰਦ ਅਤੇ ਸੁਹਿਰਦ ਸੇਵਾ-ਭਾਵ ਨਾਲ ਓਤਪੋਤ ਕਦਰਾਂ ਕੀਮਤਾਂ ਉੱਤੇ ਅਧਾਰਤ ਜੀਵਨ-ਜਾਚ ਦਾ ਇਕ ਅਕਾਦਮਕ ਅਤੇ ਬੌਧਿਕ ਸਰੋਤ ਕੇਂਦਰ ਹੈ, ਜਿਸ ਦਾ ਮਨੋਰਥ ਮਨੁਖਤਾ ਦੀ ਸ੍ਵੈ-ਪਰਿਪੂਰਨਤਾ ਨੂੰ ਉਜਾਗਰ ਕਰਨਾ ਹੈ।
‘ਸਿਖ-ਰੀ’ ਸਿਖ ਸਮਾਜ ਦੇ ਜ਼ਰੀਏ ਵਿਸ਼ਵ ਦੇ ਸਮੂਹ ਭਾਈਚਾਰਿਆਂ ਵਿਚਕਾਰ ਨਿੱਘੇ ਅਤੇ ਪਿਆਰ ਵਾਲੇ ਸੰਬੰਧ ਸਥਾਪਤ ਕਰ ਕੇ ਵਿਸ਼ਵਵਿਆਪੀ ਸਦਭਾਵਨਾ ਨੂੰ ਪ੍ਰੱਫੁਲਤ ਕਰਨ ਲਈ ਅਨੇਕ ਉਪਰਾਲੇ ਕਰਦੀ ਹੈ। ਸੰਸਥਾ ਦੀਆਂ ਗਤੀਵਿਧੀਆਂ ਵਿਚ ਲੋਕਾਈ ਨੂੰ ਸਮੂਹਕ ਰੂਪ ਵਿਚ ਗੁਰਮਤਿ ਅਭਿਆਸ ਲਈ ਪ੍ਰੇਰਤ ਕਰਨ ਹਿਤ ਵਖ-ਵਖ ਪਾਠਕ੍ਰਮ ਤਿਆਰ ਕਰਨਾ, ਵਿਸ਼ਵ ਪਧਰ ’ਤੇ ਗੁਰਮਤਿ ਪ੍ਰਤੀ ਜਾਗਰੂਕਤਾ ਲਿਆਉਣੀ ਅਤੇ ਇਸ ਸੰਬੰਧੀ ਵਿਸ਼ਵਵਿਆਪੀ ਸਿਖ ਭਾਈਚਾਰੇ ਦੇ ਸਨਮੁਖ ਚੁਣੌਤੀਆਂ ਦੇ ਸਰਲ ਅਤੇ ਸਹਿਜ ਹੱਲ ਪੇਸ਼ ਕਰਨਾ ਸ਼ਾਮਲ ਹੈ। ‘ਪੰਥਕ ਹਾਲਾਤ’ ਰਿਪੋਰਟ ਲੜੀ ਦੁਆਰਾ ਸਿਖਾਂ ਦੀਆਂ ਸੰਸਥਾਵਾਂ ਦਰਮਿਆਨ ਗੰਭੀਰ ਵਿਚਾਰ-ਚਰਚਾ ਉਤਸ਼ਾਹਿਤ ਕਰਨ ਲਈ ਵੀ ਇਹ ਸੰਸਥਾ ਵਚਨਬਧ ਹੈ। ਇਸ ਦੇ ਇਲਾਵਾ ਇਸ ਸੰਸਥਾ ਵੱਲੋਂ ਵਿਸ਼ਵਵਿਆਪੀ ਪਾਠਕਾਂ ਲਈ ਅਜੋਕੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਉਪਲਬਧ ਕਰਵਾਈ ਜਾ ਰਹੀ ਹੈ।
‘ਸਿਖੀ-ਰੀ’ ਵਖ-ਵਖ ਖੋਜ ਭਰਪੂਰ ਪ੍ਰੋਗਰਾਮ, ਵੈਬੀਨਾਰ (webinars), ਪੋਡਕਾਸਟ (podcasts), ਵਰਕਸ਼ਾਪ, ਆਨਲਾਈਨ ਕੋਰਸ ਅਤੇ ਲੈਕਚਰ ਵੀ ਤਿਆਰ ਕਰਦੀ ਹੈ, ਜਿਨ੍ਹਾਂ ਵਿਚ ਧਰਮ, ਇਤਿਹਾਸ, ਸਭਿਆਚਾਰ, ਰਾਜਨੀਤੀ, ਭਾਸ਼ਾ, ਭਾਈਚਾਰਾ, ਪਰਵਾਰ ਅਤੇ ਸ੍ਵੈ-ਵਿਕਾਸ ਜਿਹੇ ਵਿਸ਼ੇ ਸ਼ਾਮਲ ਹਨ। ‘ਸਿਦਕ’ ਇਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦੇ ਤਹਿਤ ਦੋ ਹਫਤਿਆਂ ਦੌਰਾਨ, ਕਾਲਜ ਵਿਦਿਆਰਥੀਆਂ ਅਤੇ ਕੰਮਕਾਜੀ ਨੌਜਵਾਨਾਂ ਅੰਦਰ ਯੋਗ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਦਾ ਜਤਨ ਕੀਤਾ ਜਾਂਦਾ ਹੈ।
ਇਨ੍ਹਾਂ ਬਹੁਪਖੀ ਜਤਨਾਂ ਰਾਹੀਂ, ਇਹ ਸੰਸਥਾ ਇਕ ਅਜਿਹੇ ਮੰਚ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੀ ਹੈ, ਜੋ ਵਖ-ਵਖ ਭਾਈਚਾਰਿਆਂ ਦਰਮਿਆਨ ਸੰਵਾਦ, ਆਪਸੀ ਸਮਝ ਅਤੇ ਸਹਿਯੋਗ ਦੀ ਭਾਵਨਾ ਨੂੰ ਪ੍ਰਫੁਲਤ ਕਰੇ। ਆਪਣੀਆਂ ਵਿਦਿਅਕ ਸਰਗਰਮੀਆਂ ਦੁਆਰਾ ਅਤੇ ਹੋਰ ਢੁਕਵੇਂ ਸਾਧਨ ਮੁਹੱਈਆ ਕਰਵਾਉਣ ਨਾਲ ਅਸੀਂ ਇਕ ਬਿਹਤਰ, ਸਦਭਾਵਨਾ ਭਰਪੂਰ, ਸਾਂਝੇ ਅਤੇ ਵਿਸ਼ਵਵਿਆਪੀ ਸਮਾਜ ਦਾ ਨਿਰਮਾਣ ਕਰਨ ਵਿਚ ਹਿੱਸਾ ਪਾ ਰਹੇ ਹਾਂ।
ਬੱਚਿਆਂ ਲਈ ਦੁ-ਭਾਸ਼ੀ ਪੁਸਤਕਾਂ:   ਮੇਰਾ ਗੁਰਮੁਖੀ ਖਜ਼ਾਨਾ;  ਸ਼ੁਕਰ, ਵਾਹਿਗੁਰੂ। 
‘ਸਿਖ-ਰੀ’ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਵੀ ਯੋਗਦਾਨ ਪਾਉਂਦੀ ਹੈ। ਸੰਨ ੨੦੧੬ ਵਿਚ ਇਸ ਸੰਸਥਾ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਭਾਈਵਾਲੀ ਨਾਲ ਬਿਹਾਰ ਸਰਕਾਰ ਲਈ ‘ਬਾਦਸ਼ਾਹ-ਦਰਵੇਸ਼: ਗੁਰੂ ਗੋਬਿੰਦ ਸਿੰਘ ਸਾਹਿਬ’ ਪ੍ਰਦਰਸ਼ਨੀ ਆਯੋਜਿਤ ਕੀਤੀ ਸੀ। ਸੰਨ ੨੦੧੯ ਵਿਚ ਟੋਰਾਂਟੋ, ਕਨੇਡਾ ਵਿਖੇ ਪੀਡੀਏ ਟਰੇਡ ਫੇਅਰਜ਼ ਪ੍ਰਾਈਵੇਟ ਲਿਮਟਿਡ ਦੀ ਭਾਈਵਾਲੀ ਨਾਲ ਹੋਈ ‘ਆਈ ਐਨ ੫ ਐਕਸਪੀਰੀਅਮ – ਦਾ ਗੋਲਡਨ ਟੈਂਪਲ’ ਨਾਮੀ ਇਕ ਆਡੀਓ-ਵਿਜ਼ੂਅਲ ਪ੍ਰਦਰਸ਼ਨੀ ਲਈ ਇਕੱਲਿਆਂ ‘ਸਿਖ-ਰੀ’ ਨੇ ਹੀ ਸਾਰੀ ਸਮੱਗਰੀ ਮੁਹੱਈਆ ਕਰਵਾਈ ਸੀ। ਸੰਨ ੨੦੨੦ ਵਿਚ, ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ ਵਿਖੇ ਵੀ ਓ ਵਾਈ ਸੀ ਈ (ਵਿਯਨ ਐਂਡ ਅਪਰਚੁਨਿਟੀ ਫਾਰ ਯੂਥ ਐਂਡ ਕਮਿਊਨਿਟੀ ਇੰਪਾਵਰਮੈਂਟ) ਦੀ ਭਾਈਵਾਲੀ ਨਾਲ ‘ਸਿਖ-ਰੀ’ ਨੇ ‘ਗੁਰੂ ਨਾਨਕ ਸਾਹਿਬ: 1-ਨੈਸ ਟੂ 1-ਆਇਡੈਂਟਿਟੀ’ ਨਾਮਕ ਪ੍ਰਦਰਸ਼ਨੀ ਆਯੋਜਿਤ ਕੀਤੀ।
ਸਾਡੇ ਵਲੰਟੀਅਰਾਂ ਅਤੇ ਦਾਨੀ ਸਹਿਯੋਗੀਆਂ ਦਾ ਤਕੜਾ ਸਮਰਥਨ ਅਤੇ ਉਦਾਰਤਾ, ਵਿਸ਼ਵਵਿਆਪੀ ਭਾਈਚਾਰੇ ਵਿਚ ਸਿਖਣ ਤੇ ਵਿਗਸਣ ਦੀ ਭਾਵਨਾ ਪ੍ਰਫੁੱਲਤ ਕਰਨ ਦੇ ਆਸ਼ੇ ਨੂੰ ਪੂਰਾ ਕਰਨ ਵਿਚ ਸਾਡੀ ਬੇਹੱਦ ਮਦਦ ਕਰਦੇ ਹਨ। ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਤੇ ਯੋਗਦਾਨ ਦੀ ਭਰਪੂਰ ਕਦਰ ਕੀਤੀ ਜਾਂਦੀ ਹੈ ਕਿਉਂਜੁ ਉਹ ਸਾਨੂੰ ਇਹ ਮਹੱਤਵਪੂਰਨ ਸੁਵਿਧਾਵਾਂ ਮੁਫਤ ਵਿਚ ਮਹੱਈਆ ਕਰਾਉਣ ਅਤੇ ਇਨ੍ਹਾਂ ਦੀ ਪਹੁੰਚ ਹਰ ਪ੍ਰਾਣੀ ਮਾਤਰ, ਚਾਹੇ ਉਹ ਸਿਖੀ ਬਾਰੇ ਜਾਣਨ ਦੀ ਇਛਾ ਰਖਦਾ ਹੋਵੇ, ਆਪਣੀ ਜਗਿਆਸਾ ਤ੍ਰਿਪਤ ਕਰਨੀ ਚਾਹੁੰਦਾ ਹੋਵੇ ਜਾਂ ਪ੍ਰਭੂ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰਨਾ ਚਾਹੁੰਦਾ ਹੋਵੇ, ਤਕ ਯਕੀਨੀ ਬਣਾਉਣ ਦੇ ਸਮਰੱਥ ਬਣਾਉਂਦੇ ਹਨ। ਇਸ ਸਫਰ ਦੌਰਾਨ ਉਨ੍ਹਾਂ ਵੱਲੋਂ ਮਨਾਂ ਨੂੰ ਰੁਸ਼ਨਾਉਣ ਅਤੇ ਰੂਹਾਂ ਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਣ ਲਈ ਦਿੱਤੇ ਗਏ ਸਹਿਯੋਗ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ।