Guru Granth Sahib Logo
  
ਜਨਮ ਮਨੁਖ ਦਾ ਧਰਤੀ ਉੱਤੇ ਆਗਮਨ ਹੈ। ਵਿਆਹ ਇਕ ਤੋਂ ਦੋ ਅਤੇ ਦੋ ਤੋਂ ਵਧੀਕ ਹੋ ਕੇ ਵੰਸ਼ ਨੂੰ ਅੱਗੇ ਤੋਰਨ ਦੀ ਪ੍ਰਕਿਰਿਆ ਵਿਚ ਪੈਣਾ ਹੈ। ਮੌਤ ਇਸ ਸੰਸਾਰ ਤੋਂ ਹਮੇਸ਼ਾ ਲਈ ਚਲੇ ਜਾਣਾ ਹੈ। ਹਰ ਸਭਿਆਚਾਰ ਦੇ ਲੋਕਾਂ ਨੇ ਅਜਿਹੇ ਮੌਕਿਆਂ ਨੂੰ ਸਮਾਜਕ ਤੇ ਧਾਰਮਕ ਰਸਮਾਂ-ਰੀਤਾਂ ਨਾਲ ਜੋੜ ਕੇ ਪਰੰਪਰਾ ਦਾ ਰੂਪ ਦਿੱਤਾ ਹੁੰਦਾ ਹੈ। ਜਨਮ ਲੈਣ ਵਾਲੇ ਨਵੇਂ ਜੀਅ ਨੂੰ ਜੀ ਆਇਆਂ ਕਹਿਣ, ਵਿਆਹ ਆਦਿ ਮੌਕਿਆਂ ’ਤੇ ਖੁਸ਼ੀ ਮਨਾਉਣ ਅਤੇ ਮੌਤ ਸਮੇਂ ਸੋਗ ਮਨਾਉਣ ਦੇ ਹਰ ਲੋਕ-ਸਮੂਹ ਵਿਚ ਆਪੋ-ਆਪਣੇ ਢੰਗ-ਤਰੀਕੇ ਹਨ।

ਸਿਖ ਮਤ ਅਨੁਸਾਰੀ ਜੀਵਨ-ਜਾਚ ਵਿਚ ਮਨੁਖੀ ਜੀਵਨ ਦੇ ਚਾਰ ਵਿਸ਼ੇਸ਼ ਮੌਕੇ, ਜਨਮ ਲੈਣਾ, ਅੰਮ੍ਰਿਤ ਛਕਣਾ, ਵਿਆਹ ਕਰਵਾਉਣਾ ਅਤੇ ਸਰੀਰ ਛੱਡ ਜਾਣਾ ਮੰਨੇ ਗਏ ਹਨ। ਪੰਥ ਪ੍ਰਵਾਨਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਤ ‘ਸਿੱਖ ਰਹਿਤ ਮਰਯਾਦਾ’ ਵਿਚ ਇਨ੍ਹਾਂ ਮੌਕਿਆਂ ਨੂੰ ਕ੍ਰਮਵਾਰ ਜਨਮ ਤੇ ਨਾਮ, ਅੰਮ੍ਰਿਤ, ਅਨੰਦ ਅਤੇ ਮਿਰਤਕ ਸੰਸਕਾਰਾਂ ਵਜੋਂ ਦਰਸਾਇਆ ਗਿਆ ਹੈ। ਪਹਿਲੇ ਤਿੰਨ ਸੰਸਕਾਰਾਂ ਬਾਰੇ ਵਿਚਾਰ ਪਹਿਲੋਂ ਕੀਤੀ ਜਾ ਚੁੱਕੀ ਹੈ। ਇਥੇ ਚੌਥੇ ਅਤੇ ਅੰਤਮ ਸੰਸਕਾਰ ਨਾਲ ਜੁੜੀਆਂ ਰਸਮਾਂ-ਰੀਤਾਂ ਅਤੇ ਇਨ੍ਹਾਂ ਰਸਮਾਂ-ਰੀਤਾਂ ਦੌਰਾਨ ਪੜ੍ਹੇ ਜਾਂ ਗਾਏ ਜਾਂਦੇ ਸ਼ਬਦਾਂ ਸੰਬੰਧੀ ਵਿਚਾਰ ਕੀਤੀ ਜਾ ਰਹੀ ਹੈ।

ਅੰਤਮ ਸੰਸਕਾਰ
ਮੌਤ ਮਨੁਖੀ ਸਰੀਰ ਦਾ ਅੰਤ ਹੈ। ਇਸ ਲਈ ਮੌਤ ਨਾਲ ਸੰਬੰਧਤ ਰਸਮਾਂ-ਰੀਤਾਂ ਨੂੰ ‘ਅੰਤਮ ਸੰਸਕਾਰ’ ਜਾਂ ‘ਮਿਰਤਕ ਸੰਸਕਾਰ’ ਕਿਹਾ ਜਾਂਦਾ ਹੈ। ਇਸ ਸੰਸਕਾਰ ਦਾ ਮੁੱਖ ਕਾਰਜ ਮਿਰਤਕ ਦੇਹ ਨੂੰ ਅੱਗ, ਪਾਣੀ, ਮਿੱਟੀ ਆਦਿ ਰਾਹੀਂ ਕੁਦਰਤੀ ਤੱਤਾਂ ਵਿਚ ਅਭੇਦ ਕਰਨਾ ਹੁੰਦਾ ਹੈ।

ਪੰਜਾਬੀ ਲੋਕਧਾਰਾ ਅਨੁਸਾਰ ਅੰਤਮ ਸੰਸਕਾਰ
Bani Footnote ਡਾ. ਨਾਹਰ ਸਿੰਘ, ਪੰਜਾਬੀਆਂ ਦਾ ਮੌਤ ਦਰਸ਼ਨ, ਪੰਨਾ ੨੬-੩੩ ਤੋਂ ਅਨੁਕੂਲਿਆ।

ਲੋਕਧਾਰਾ (folk lore) ਦਾ ਮੁੱਖ ਅਧਾਰ ਲੋਕ-ਧਰਮ (folk religion) ਹੁੰਦਾ ਹੈ। ਲੋਕ-ਧਰਮ ਵਿਚ ਵਖ-ਵਖ ਧਰਮਾਂ ਦੀਆਂ ਮਾਨਤਾਵਾਂ ਆਪਸ ਵਿਚ ਰਲਗਡ ਹੁੰਦੀਆਂ ਹਨ। ਇਨ੍ਹਾਂ ਮਾਨਤਾਵਾਂ ਦਾ ਵਿਕਾਸ ਜਿਆਦਾਤਰ ਮਨੁਖੀ ਮਾਨਸਿਕਤਾ ਵਿਚ ਵਸੇ ਵਹਿਮਾਂ-ਭਰਮਾਂ ਕਰਕੇ ਵੀ ਹੁੰਦਾ ਹੈ। ਗੁਰੂ ਸਾਹਿਬਾਨ ਦੀ ਕਿਰਪਾ ਅਤੇ ਗੁਰਬਾਣੀ ਦੇ ਪ੍ਰਕਾਸ਼ ਸਦਕਾ ਸਿਖਾਂ ਨੇ ਬਹੁਤ ਸਾਰੀਆਂ ਅਜਿਹੀਆਂ ਮਾਨਤਾਵਾਂ ਨੂੰ ਛੱਡ ਦਿੱਤਾ। ਪ੍ਰੰਤੂ ਸਮੇਂ ਦੇ ਨਾਲ ਵਖ-ਵਖ ਖਿੱਤਿਆਂ ਵਿਚ ਵਸਦੇ ਸਿਖਾਂ ਵਿਚ ਸਥਾਨਕ ਪ੍ਰਭਾਵ ਕਰਕੇ ਕੁਝ ਮਾਨਤਾਵਾਂ ਦੁਬਾਰਾ ਪ੍ਰਚਲਤ ਹੋ ਗਈਆਂ।

ਪੰਜਾਬੀ ਲੋਕਧਾਰਾ ਅਨੁਸਾਰ ਜਿਸ ਵੇਲੇ ਪਰਮਾਤਮਾ ਵੱਲੋਂ ਮਨੁਖ ਨੂੰ ਮੌਤ ਦਾ ਸੱਦਾ ਆਉਂਦਾ ਹੈ, ਉਸ ਵੇਲੇ ਜੰਗਲਾਂ ਵਿਚ ਗਿੱਦੜ ਹਵਾਂਕਦੇ, ਰਾਤ ਨੂੰ ਉੱਲੂ ਬੋਲਦੇ, ਢੱਠੇ ਬੜ੍ਹਕਾਂ ਮਾਰਦੇ ਅਤੇ ਕੁੱਤੇ ਭੌਕਦੇ ਹਨ। ਘਰ ਵਿਚ ਬੱਝੇ ਪਸ਼ੂ ਰੱਸੇ ਤੜਾਉਂਦੇ ਅਤੇ ਜਗ ਰਿਹਾ ਦੀਵਾ ਬੁਝ ਜਾਂਦਾ ਹੈ। ਜਦੋਂ ਜਮਦੂਤ ਮਰਨ ਵਾਲੇ ਦੇ ਹੱਡਾਂ ਨੂੰ ਕੜਕਾ ਕੇ ਜਾਨ ਕਢਦੇ ਹਨ ਤਾਂ ਉਸ ਦਾ ਘੋਰੜੂ (ਗਲ ਦੀ ਘੰਡੀ ਦੇ ਨਾਲ ਸਾਹ ਦੀ ਰਗੜ ਤੋਂ ਪੈਦਾ ਹੋਈ ਅਵਾਜ) ਬੋਲਣ ਲੱਗ ਜਾਂਦਾ ਹੈ। ਉਸ ਨੂੰ ਮੰਜੇ ਤੋਂ ਲਾਹ ਕੇ ਧਰਤੀ ਉੱਤੇ ਘਾਹ ਜਾਂ ਪਰਾਲੀ ਵਿਛਾ ਕੇ ਉਸ ਉਪਰ ਲਿਟਾ ਦਿੱਤਾ ਜਾਂਦਾ ਹੈ। ਇਸ ਪਿਛੇ ਲੋਕ-ਵਿਸ਼ਵਾਸ ਹੈ ਕਿ ਮੰਜੇ ਉੱਤੇ ਮਰਨ ਵਾਲੇ ਦੀ ਗਤੀ ਨਹੀਂ ਹੁੰਦੀ, ਜਦਕਿ ਧਰਤੀ ਮਾਂ ਦੀ ਗੋਦ ਵਿਚ ਮਰਨ ਵਾਲਾ ਸ਼ਾਂਤੀ ਨਾਲ ਇਸ ਸੰਸਾਰ ਤੋਂ ਵਿਦਾ ਹੁੰਦਾ ਹੈ। ਇਸ ਸਮੇਂ ਆਮ ਤੌਰ ’ਤੇ ਜੇਕਰ ਮਰਨ ਵਾਲਾ ਵਿਅਕਤੀ ਹਿੰਦੂ ਹੋਵੇ ਤਾਂ ਉਸ ਦੇ ਕੋਲ ਬੈਠ ਕੇ ਵੈਦਿਕ ਆਦਿ ਧਾਰਮਕ ਮੰਤਰਾਂ ਦਾ ਪਾਠ ਅਤੇ ਜੇਕਰ ਉਹ ਸਿਖ ਹੋਵੇ ਤਾਂ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਿੰਦੂ ਪਰਵਾਰਾਂ ਵਿਚ ਮਰਨ ਵਾਲੇ ਦੇ ਮੂੰਹ ਵਿਚ ਗੰਗਾ ਜਲ ਜਾਂ ਕਿਸੇ ਸਰੋਵਰ ਆਦਿ ਦਾ ਪਾਣੀ ਪਾਇਆ ਜਾਂਦਾ ਹੈ। ਮੁਸਲਮਾਨਾਂ ਵਿਚ ਆਬੇ ਜ਼ਮਜ਼ਮ (ਜ਼ਮਜ਼ਮ ਦਾ ਪਾਣੀ)
Bani Footnote ਮੱਕੇ ਵਿਚ ਕਾਅਬੇ ਕੋਲ ਇਕ ਪਵਿੱਤਰ ਚਸ਼ਮਾ ਹੈ, ਜਿਸ ਦਾ ਪਾਣੀ ਪੀਣਾ ਮੁਸਲਮਾਨਾਂ ਵਿਚ ਪਵਿੱਤਰ ਕਰਮ ਮੰਨਿਆ ਜਾਂਦਾ ਹੈ।
ਮਰਨ ਵਾਲੇ ਦੇ ਮੂੰਹ ਵਿਚ ਪਾਇਆ ਜਾਂਦਾ ਹੈ। ਉਸ ਨੂੰ ਵਾਰ ਵਾਰ ਕਲਮਾ
Bani Footnote ਇਹ ਇਸਲਾਮ ਦਾ ਮੂਲ ਅਧਾਰ ਹੈ। ਇਸ ਅਨੁਸਾਰ ਅਲਾਹ ਤੋਂ ਬਿਨਾਂ ਹੋਰ ਕੋਈ ਇਬਾਦਤ ਦੇ ਯੋਗ ਨਹੀ ਅਤੇ ਮੁਹੰਮਦ ਸਾਹਿਬ ਅਲਾਹ ਦੇ ਪੈਗੰਬਰ ਹਨ।
ਸੁਣਾਇਆ ਜਾਂਦਾ ਹੈ ਅਤੇ ਉਸ ਨੂੰ ਵੀ ਕਲਮਾ ਪੜ੍ਹਨ ਲਈ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਸ ਕੋਲ ਕੁਰਾਨ ਦੀ ੩੬ਵੀਂ ਸੂਰਤ (ਸੂਰਾ ਯਾਸੀਨ) ਪੜ੍ਹੀ ਜਾਂਦੀ ਹੈ। ਇਸਲਾਮ ਵਿਚ ਮੁਰਦੇ ਨੂੰ ਮੰਜੇ ਤੋਂ ਉਤਾਰਨ ਦਾ ਰਿਵਾਜ ਨਹੀਂ ਹੈ।

ਜਿਵੇਂ ਹੀ ਕੋਈ ਵਿਅਕਤੀ ਸਵਾਸ ਤਿਆਗਦਾ ਹੈ, ਘਰ ਵਿਚ ਰੋਣ-ਪਿੱਟਣ ਸ਼ੁਰੂ ਹੋ ਜਾਂਦਾ ਹੈ। ਸਸਕਾਰ ਦਾ ਸਮਾਂ ਨਿਰਧਾਰਤ ਕਰ ਕੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਆਦਿ ਨੂੰ ਸੁਨੇਹੇ ਭੇਜ ਦਿੱਤੇ ਜਾਂਦੇ ਹਨ। ਆਮ ਕਰਕੇ ਸਸਕਾਰ ਦਿਨ ਛਿਪਣ ਤੋਂ ਪਹਿਲਾਂ ਕੀਤਾ ਜਾਂਦਾ ਹੈ। ਮਿਰਤਕ ਸਰੀਰ ਨੂੰ ਚਿਖਾ ਤਕ ਲਿਜਾਣ ਲਈ ਬੇਰੀ ਦੀਆਂ ਹਰੀਆਂ ਕੈਲਾਂ (ਲੱਕੜਾਂ) ਦੀ ਜਾਂ ਬਾਂਸ ਦੇ ਡੰਡਿਆਂ ਦੀ ਪੌੜੀ-ਨੁਮਾ ਅਰਥੀ/ਸੀੜ੍ਹੀ ਤਿਆਰ ਕੀਤੀ ਜਾਂਦੀ ਹੈ। ਅਰਥੀ ਦੇ ਡੰਡੇ ਰੱਸੀਆਂ ਨਾਲ ਬੰਨ੍ਹੇ ਜਾਂਦੇ ਹਨ। ਜਿਕਰਜੋਗ ਹੈ ਕਿ ਅੱਜ-ਕੱਲ੍ਹ ਲੋਹੇ, ਐਲੁਮੀਨੀਅਮ, ਸਟੀਲ ਆਦਿ ਦੀ ਬਣੀ ਪੱਕੀ ਅਰਥੀ ਲਗਭਗ ਹਰ ਪਿੰਡ ਤੇ ਸ਼ਹਿਰ ਵਿਚ ਮੌਜੂਦ ਹੁੰਦੀ ਹੈ।

ਮਿਰਤਕ ਸਰੀਰ ਨੂੰ ਅਰਥੀ ਉੱਤੇ ਪਾਉਣ ਤੋਂ ਪਹਿਲਾਂ ਅੰਤਮ ਇਸ਼ਨਾਨ ਕਰਵਾਇਆ ਜਾਂਦਾ ਹੈ। ਇਸ਼ਨਾਨ ਕਰਵਾਉਣ ਲਈ ਕੋਰਾ (ਨਵਾਂ) ਘੜਾ ਵਰਤਿਆ ਜਾਂਦਾ ਹੈ। ਪਰ ਜੇ ਮਰਨ ਵਾਲਾ ਬਜੁਰਗ ਹੋਵੇ ਤਾਂ ਪਿੱਤਲ ਦੀ ਬਾਲਟੀ ਵਰਤੀ ਜਾਂਦੀ ਹੈ। ਇਸ਼ਨਾਨ ਦੌਰਾਨ ਡੁੱਲ੍ਹੇ ਪਾਣੀ ਲਈ ਧਰਤੀ ਵਿਚ ਇਕ ਟੋਆ ਪੁੱਟਿਆ ਜਾਂਦਾ ਹੈ, ਜਿਸ ਨੂੰ ‘ਲਾਦ’ ਕਿਹਾ ਜਾਂਦਾ ਹੈ। ਅਸਥੀਆਂ/ਫੁੱਲ (ਮਿਰਤਕ ਦੀਆਂ ਹੱਡੀਆਂ) ਚੁਗਣ ਵਾਲੇ ਦਿਨ ਤਕ ਇਸ ਥਾਂ ’ਤੇ ਦੀਵਾ ਜਗਾਇਆ ਜਾਂਦਾ ਹੈ। ਮਿਰਤਕ ਦੇ ਇਸ਼ਨਾਨ ਲਈ ਸਾਬਣ, ਦਹੀਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

ਅੰਤਮ ਇਸ਼ਨਾਨ ਤੋਂ ਬਾਅਦ ਮਿਰਤਕ ਨੂੰ ਕੱਫਣ
Bani Footnote ਉਹ ਪਹਿਰਾਵਾ, ਜਿਸ ਵਿਚ ਮਿਰਤਕ ਨੂੰ ਲਪੇਟ ਕੇ ਮੁਸਲਮਾਨ ਦਫਨਾਉਂਦੇ ਅਤੇ ਹਿੰਦੂ ਤੇ ਸਿਖ ਸਸਕਾਰ ਕਰਦੇ ਹਨ।
ਪਹਿਨਾਇਆ ਜਾਂਦਾ ਹੈ। ਜੇ ਮਿਰਤਕ ਵਿਆਹਿਆ ਨਾ ਹੋਵੇ ਤਾਂ ਕੱਫਣ ਨਾਨਕੇ ਲਿਆਉਂਦੇ ਹਨ। ਵਿਆਹੇ ਹੋਣ ਦੀ ਸੂਰਤ ਵਿਚ ਮਰਦ ਦਾ ਕੱਫਣ ਉਸ ਦੇ ਸਹੁਰੇ ਅਤੇ ਔਰਤ ਦਾ ਕੱਫਣ ਉਸ ਦੇ ਪੇਕੇ ਲਿਆਉਂਦੇ ਹਨ। ਮਿਰਤਕ ਔਰਤ ਦਾ ਪਤੀ ਜੇਕਰ ਜਿਉਂਦਾ ਹੋਵੇ ਤਾਂ ਕੱਫਣ ਦੇ ਨਾਲ-ਨਾਲ ਹਾਰ-ਸ਼ਿੰਗਾਰ ਦਾ ਸਮਾਨ ਵੀ ਉਸ ਦੇ ਪੇਕਿਆਂ ਵੱਲੋਂ ਲਿਆਇਆ ਜਾਂਦਾ ਹੈ। ਅੰਤਮ ਇਸ਼ਨਾਨ ਤੋਂ ਬਾਅਦ ਉਸ ਨੂੰ ਚੂੜੀਆਂ ਪਾ ਕੇ, ਹਾਰ-ਸ਼ਿੰਗਾਰ ਆਦਿ ਕਰ ਕੇ ਕੱਫਣ ਪਹਿਨਾਇਆ ਜਾਂਦਾ ਹੈ।

ਕੱਫਣ ਦੀ ਸਿਲਾਈ ਕੱਫਣ ਵਿਚੋਂ ਹੀ ਧਾਗਾ ਲੈ ਕੇ ਕੀਤੀ ਜਾਂਦੀ ਹੈ। ਪਰ ਜੇ ਰੀਲ੍ਹ ਦਾ ਧਾਗਾ ਲਾਇਆ ਹੋਵੇ ਤਾਂ ਪੂਰੀ ਰੀਲ੍ਹ ਤੇ ਸੂਈ ਨੂੰ ਕੱਫਣ ਦੇ ਨਾਲ ਹੀ ਰਖ ਦਿੱਤਾ ਜਾਂਦਾ ਹੈ। ਕੱਫਣ ਦਾ ਕੱਪੜਾ ਪੌਣੇ ਪੰਜ ਗਜ ਰਖਿਆ ਜਾਂਦਾ ਹੈ। ਇਸੇ ਤਰ੍ਹਾਂ ਮੁਰਦੇ ਉੱਤੇ ਪਾਈ ਜਾਣ ਵਾਲੀ ਚਿੱਟੀ ਚਾਦਰ ਵੀ ‘ਪੌਣੇ’ (ਇਕਾਈ ਨਾਲੋਂ ਚੌਥਾ ਹਿੱਸਾ ਘੱਟ) ਵਿਚ ਹੁੰਦੀ ਹੈ। ਅਸਲ ਵਿਚ ਸਵਾਏ (ਇਕਾਈ ਨਾਲੋਂ ਚੌਥਾ ਹਿੱਸਾ ਵੱਧ) ਅਤੇ ਪੌਣੇ ਬਾਰੇ ਪੰਜਾਬੀ ਸਮਾਜ-ਸਭਿਆਚਾਰ ਵਿਚ ਕੁਝ ਵਿਸ਼ਵਾਸ ਹਨ। ਸਵਾਇਆ ਮਿਣਤੀ ਦੀ ਇਕਾਈ ਨਾਲੋਂ ਵੱਧ ਹੁੰਦਾ ਹੈ, ਜਦਕਿ ਪੌਣਾ ਇਸ ਇਕਾਈ ਤੋਂ ਘੱਟ ਹੁੰਦਾ ਹੈ। ਇਸੇ ਲਈ ਖੁਸ਼ੀ ਆਦਿ ਦੇ ਸਮੇਂ ਦਿੱਤੇ ਜਾਣ ਵਾਲੇ ਕੱਪੜੇ/ਪੈਸੇ ਆਦਿ ਸਵਾਏ, ਭਾਵ ਵਧਾ ਕੇ ਦਿੱਤੇ ਜਾਂਦੇ ਹਨ ਅਤੇ ਮੌਤ ਆਦਿ ਦੇ ਸਮੇਂ ਦਿੱਤੇ ਜਾਣ ਵਾਲੇ ਕੱਪੜੇ/ਪੈਸੇ ਆਦਿ ਘਟਾ ਕੇ ਜਾਂ ਪੂਰੇ-ਪੂਰੇ ਦਿੱਤੇ ਜਾਂਦੇ ਹਨ। ਕੱਫਣ ਨੂੰ ਹਰ ਹਾਲ ਵਿਚ ਘਟਾ ਕੇ, ਭਾਵ ਮਿਣਤੀ ਵਿਚ ਪੌਣ ਪਾ ਕੇ ਹੀ ਰਖਿਆ ਜਾਂਦਾ ਹੈ।

ਸ਼ਮਸ਼ਾਨ ਘਾਟ ਲੈ ਕੇ ਜਾਣ ਤੋਂ ਪਹਿਲਾਂ ਮਿਰਤਕ ਸਰੀਰ ਨੂੰ ਅਰਥੀ/ਸੀੜ੍ਹੀ ਉੱਤੇ ਪਾ ਕੇ ਕੁਝ ਸਮੇਂ ਲਈ ਅੰਤਮ ਦਰਸ਼ਨਾਂ ਲਈ ਰਖਿਆ ਜਾਂਦਾ ਹੈ। ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਆਦਿ ਵੱਲੋਂ ਮਿਰਤਕ ਦੇ ਸਤਿਕਾਰ ਵਜੋਂ ਉਸ ਉੱਤੇ ਦੁਸ਼ਾਲੇ, ਕੰਬਲ, ਲੋਈਆਂ ਆਦਿ ਪਾਈਆਂ ਜਾਂਦੀਆਂ ਹਨ। ਪਹਿਲਾਂ ਇਹ ਰਸਮ ਕੇਵਲ ਕੁੜਮਾਚਾਰੀ ਦੇ ਰਿਸ਼ਤਿਆਂ ਵੱਲੋਂ ਹੀ ਕੀਤੀ ਜਾਂਦੀ ਸੀ। ਪਰ ਅੱਜ-ਕੱਲ੍ਹ ਨੇੜਲੇ ਦੋਸਤ-ਮਿੱਤਰ, ਰਿਸ਼ਤੇਦਾਰ ਆਦਿ ਸਾਰੇ ਇਹ ਰਸਮ ਨਿਭਾਅ ਲੈਂਦੇ ਹਨ। ਇਸ ਤੋਂ ਬਾਅਦ ਮਿਰਤਕ ਦੇ ਪੈਰਾਂ ਵਾਲੇ ਪਾਸੇ ਥਾਲੀ, ਪਰਾਤ, ਤਸਲੇ ਆਦਿ ਵਿਚ ਕਣਕ ਦੇ ਦਾਣੇ ਪਾ ਕੇ ਰਖ ਦਿੱਤੇ ਜਾਂਦੇ ਹਨ। ਪਰਵਾਰਕ ਮੈਂਬਰ, ਦੋਸਤ-ਮਿੱਤਰ, ਰਿਸ਼ਤੇਦਾਰ ਆਦਿ ਇਸ ਦਾਣਿਆਂ ਵਾਲੇ ਬਰਤਨ ਵਿਚ ਪੈਸੇ ਰਖ ਕੇ ਮੱਥਾ ਟੇਕਦੇ ਅਤੇ ਅੰਤਮ ਦਰਸ਼ਨ ਕਰਦੇ ਹਨ। ਬਾਅਦ ਵਿਚ ਇਹ ਦਾਣੇ, ਪੈਸੇ ਅਤੇ ਅੰਤਮ ਇਸ਼ਨਾਨ ਕਰਵਾਉਣ ਲਈ ਵਰਤੀ ਗਈ ਬਾਲਟੀ/ਘੜਾ ਆਦਿ ਲਾਗੀ
Bani Footnote ਵਿਆਹ-ਸ਼ਾਦੀ ਅਤੇ ਗਮੀਂ ਦੇ ਮੌਕੇ ਉੱਤੇ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਵਾਲੇ ਕੰਮੀਂ ਨਾਈ, ਝੀਵਰ, ਮਿਰਾਸੀ, ਭੰਡ ਆਦਿ ਲਾਗੀ ਅਖਵਾਉਂਦੇ ਹਨ।
ਨੂੰ ਦੇ ਦਿੱਤੇ ਜਾਂਦੇ ਹਨ।

ਮਿਰਤਕ ਵਿਅਕਤੀ ਜੇਕਰ ਵਡੀ ਉਮਰ ਅਤੇ ਵਡੇ ਪਰਵਾਰ ਵਾਲਾ, ਭਾਵ ਪੋਤਿਆਂ, ਪੜਪੋਤਿਆਂ, ਦੋਹਤਿਆਂ ਆਦਿ ਵਾਲਾ ਹੋਵੇ ਤਾਂ ਉਸ ਦੀ ਅਰਥੀ ਨੂੰ ਗੁਬਾਰੇ, ਪਤੰਗੀਆਂ ਆਦਿ ਲਾ ਕੇ ਸਜਾਇਆ ਜਾਂਦਾ ਹੈ। ਅਜਿਹੀ ਅਰਥੀ ਨੂੰ ‘ਪਾਲਕੀ’ ਕਿਹਾ ਜਾਂਦਾ ਹੈ। ਪਾਲਕੀ ਜਦੋਂ ਸਮਸ਼ਾਨ ਘਾਟ ਵੱਲ ਤੁਰਦੀ ਹੈ ਤਾਂ ਅੱਗੇ-ਅੱਗੇ ਵਾਜੇ ਵਾਲੇ ਵਾਜਾ ਵਜਾਉਂਦੇ ਜਾਂਦੇ ਹਨ। ਕਈ ਵਾਰ ਢੋਲਕੀ-ਛੈਣਿਆਂ ਨਾਲ ਗੁਰਬਾਣੀ ਦੇ ਸ਼ਬਦ ਵੀ ਪੜ੍ਹੇ ਜਾਂਦੇ ਹਨ। ਪਾਲਕੀ ਦੇ ਉੱਤੋਂ ਦੀ ਪਤਾਸੇ, ਸੌਗੀ, ਬਦਾਮ, ਕੌਲ-ਡੋਡੇ, ਖਿੱਲਾਂ, ਪੈਸੇ ਆਦਿ ਸੁੱਟੇ ਜਾਂਦੇ ਹਨ। ਇਸ ਸਾਰੀ ਕਿਰਿਆ ਨੂੰ ‘ਬਬਾਨ/ਬਿਬਾਨ ਕੱਢਣਾ’ ਕਿਹਾ ਜਾਂਦਾ ਹੈ।

ਮਿਰਤਕ ਦੀ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਜਾਣ ਵਾਲਿਆਂ ਨੂੰ ‘ਕਾਨ੍ਹੀ’ ਕਿਹਾ ਜਾਂਦਾ ਹੈ। ਘਰ ਵਿਚੋਂ ਅਰਥੀ ਨੂੰ ਪੁੱਤਰ ਅਤੇ ਪੋਤਰੇ ਚੁੱਕਦੇ ਹਨ। ਪਰ ਰਾਹ ਵਿਚ ਹੋਰ ਬੰਦੇ ਵੀ ਬਦਲ-ਬਦਲ ਕੇ ਸਹਾਇਤਾ ਕਰਦੇ ਜਾਂਦੇ ਹਨ। ਜੇ ਮਰਨ ਵਾਲਾ ਅਣਵਿਆਹਿਆ ਹੋਵੇ ਤਾਂ ਅਰਥੀ ਨੂੰ ਪਿਉ, ਮਾਮਾ, ਭਰਾ ਆਦਿ ਕੋਈ ਵੀ ਚੁੱਕ ਸਕਦਾ ਹੈ। ਆਮ ਤੌਰ ਤੇ ਘਰ ਦੇ ਜੁਆਈ ਜਾਂ ਫੁੱਫੜ ਵੱਲੋਂ ਅਰਥੀ ਨੂੰ ਚੁੱਕਣਾ ਮਨ੍ਹਾ ਹੁੰਦਾ ਹੈ। ਪਰ ਅੱਜ-ਕੱਲ੍ਹ ਜਿਸ ਘਰ ਵਿਚ ਪੁੱਤਰ ਨਹੀਂ ਹੁੰਦਾ, ਉਥੇ ਜਵਾਈ ਕਾਨ੍ਹੀ ਲੱਗ ਜਾਂਦਾ ਹੈ। ਮੁਰਦੇ ਦੀਆਂ ਅੰਤਮ ਰਸਮਾਂ ਸਮੇਂ ਅਰਥੀ ਨੂੰ ਮੋਢਾ ਲਾਉਣਾ, ਚਿਖਾ ਲਈ ਲੱਕੜਾਂ ਢੋਣਾ, ਚਿਖਾ ਚਿਣਨਾ ਆਦਿ ਕੰਮਾਂ ਵਿਚ ਹੱਥ ਵਟਾਉਣਾ ਪੁੰਨ ਦਾ ਕਾਰਜ ਸਮਝਿਆ ਜਾਂਦਾ ਹੈ।

ਸ਼ਮਸ਼ਾਨ ਘਾਟ ਦੇ ਨਜਦੀਕ ਪੈਂਦੇ ਚੁਰਸਤੇ ਵਿਚ ‘ਅਧਵਾਸਾ’ ਜਾਂ ‘ਚੋਰ ਭੁਲਾਈ’ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਦੇ ਅੰਤਰਗਤ ਅਰਥੀ ਨੂੰ ਚੁਰਸਤੇ ਵਿਚ ਪੁੱਠੇ ਗੇੜੇ (ਖੱਬੇ ਹੱਥ) ਘੁਮਾ ਕੇ ਧਰਤੀ ’ਤੇ ਰਖਿਆ ਜਾਂਦਾ ਹੈ। ਦੋ ਪਿੰਨ/ਪਿੰਡ ਮੁਰਦੇ ਦੇ ਭੋਜਨ ਨਮਿਤ ਅਰਥੀ ਦੇ ਪੈਰਾਂ ਵੱਲ ਰਖ ਦਿੱਤੇ ਜਾਂਦੇ ਹਨ। ਇਕ ਕੋਰੇ ਠੀਕਰੇ/ਘੜੇ ਵਿਚ ਪਾਣੀ ਪਾ ਕੇ ਨੇੜਲਾ ਸੰਬੰਧੀ ਪੁੱਠੇ ਗੇੜੇ ਚੱਲ ਕੇ ਪਾਣੀ ਡੋਲ੍ਹਦਾ ਹੋਇਆ ਇਕ ਜਾਂ ਤਿੰਨ ਗੇੜੇ ਕੱਢਦਾ ਹੈ ਅਤੇ ਪੈਰਾਂ ਵੱਲ ਲਿਆ ਕੇ ਉਸ ਘੜੇ ਨੂੰ ਜੋਰ ਨਾਲ ਭੰਨਦਾ ਹੈ। ਇਸ ਰਸਮ ਨੂੰ ਕਰਨ ਲਈ ਕੁਝ ਸ਼ਮਸ਼ਾਨ ਘਾਟਾਂ ਵਿਚ ਪੱਕੇ ਥੜ੍ਹੇ ਵੀ ਬਣੇ ਹੁੰਦੇ ਹਨ। ਇਸ ਤੋਂ ਮਗਰੋਂ ਅਰਥੀ ਨੂੰ ਚੁੱਕਣ ਲਈ ਮਿਰਤਕ ਦੇ ਸਿਰ ਵਾਲੇ ਪਾਸੇ ਲੱਗੇ ਬੰਦੇ ਪੈਰਾਂ ਵਾਲੇ ਪਾਸੇ ਤੋਂ ਅਤੇ ਪੈਰਾਂ ਵਾਲੇ ਪਾਸੇ ਲੱਗੇ ਬੰਦੇ ਸਿਰ ਵਾਲੇ ਪਾਸੇ ਤੋਂ ਚੁੱਕ ਕੇ ਅੱਗੇ ਚਲਦੇ ਹਨ।

ਮਿਰਤਕ ਨੂੰ ਚਿਖਾ ਉੱਤੇ ਲਿਟਾ ਕੇ ਅਰਥੀ ਦੇ ਡੰਡਿਆਂ ਦੀਆਂ ਰੱਸੀਆਂ ਅਤੇ ਮੁਰਦੇ ਦੇ ਹੱਥ, ਪੈਰ ਤੇ ਸਿਰ ਨੂੰ ਬੰਨ੍ਹਣ ਵਾਲੀਆਂ ਸਾਰੀਆਂ ਗੰਢਾਂ ਖੋਲ੍ਹ ਕੇ ਉਸ ਨੂੰ ਸੰਕੇਤਕ ਰੂਪ ਵਿਚ ਅਜ਼ਾਦ ਕਰ ਦਿੱਤਾ ਜਾਂਦਾ ਹੈ। ਉਸ ਦੇ ਦੋਵੇਂ ਹੱਥ ਸਿੱਧੇ ਕਰ ਦਿੱਤੇ ਜਾਂਦੇ ਹਨ ਜਾਂ ਛਾਤੀ ਵੱਲ ਝੁਕਾ ਦਿੱਤੇ ਜਾਂਦੇ ਹਨ। ਉਸ ਦੇ ਮੂੰਹ ਵਿਚ ਗੰਗਾ ਜਲ, ਸ਼ਹਿਦ ਜਾਂ ਘਿਉ ਪਾਇਆ ਜਾਂਦਾ ਹੈ। ਬਾਕੀ ਦਾ ਘਿਉ ਅਤੇ ਸਮੱਗਰੀ ਚਿਖਾ ਉੱਤੇ ਖਿਲਾਰ ਦਿੱਤੀ ਜਾਂਦੀ ਹੈ। ਉਸ ਦੇ ਸਰੀਰ ਨੂੰ ਲੱਕੜਾਂ ਆਦਿ ਨਾਲ ਢਕਣ ਉਪਰੰਤ ਉਸ ਦੇ ਧਰਮ ਅਨੁਸਾਰ ਗਰੁੜ ਪੁਰਾਣ ਦਾ ਪਾਠ ਜਾਂ ਅੰਤਮ ਅਰਦਾਸ ਕੀਤੀ ਜਾਂਦੀ ਹੈ। ਸਰਕੜੇ ਦੇ ਕੂਚੇ ਨਾਲ ਚਿਖਾ ਨੂੰ ਅੱਗ ਲਗਾਉਣ ਲਈ ਚਿਖਾ ਦਾ ਪੁੱਠੇ ਰੁਖ ਪੂਰਾ ਗੇੜਾ ਦੇ ਕੇ ਚਾਰੇ ਪਾਸੇ ਘੁੰਮਿਆ ਜਾਂਦਾ ਹੈ। ਇਹ ਰਸਮ ਪੁੱਤਰ ਜਾਂ ਸਭ ਤੋਂ ਨੇੜਲਾ ਸੰਬੰਧੀ ਹੀ ਅਦਾ ਕਰਦਾ ਹੈ। ਜੇ ਮਿਰਤਕ ਦੇ ਇਕ ਤੋਂ ਵੱਧ ਪੁੱਤਰ ਹੋਣ ਤਾਂ ਵਡਾ ਪੁੱਤਰ ਸਰਕੜੇ ਦੇ ਕੂਚੇ ਨੂੰ ਅੱਗ ਲਾ ਕੇ ਦੂਜੇ ਪੁੱਤਰ ਨੂੰ ਫੜਾਉਂਦਾ ਹੈ ਅਤੇ ਅੱਗੇ ਤੋਂ ਅੱਗੇ ਇਹ ਕੂਚਾ ਘੁੰਮਾ ਲਿਆ ਜਾਂਦਾ ਹੈ। ਇਸ ਤਰ੍ਹਾਂ ਵਡੇ ਤੋਂ ਛੋਟੇ ਤਕ ਸਾਰੇ ਪੁੱਤਰ ਵਾਰੀ ਸਿਰ ਇਸ ਰਸਮ ਵਿਚ ਸ਼ਾਮਲ ਹੋ ਜਾਂਦੇ ਹਨ। ਸਿਖ ਪਰੰਪਰਾ ਅਨੁਸਾਰ ਇਸ ਸਮੇਂ ‘ਸੋਹਿਲਾ’
Bani Footnote ਸੋਹਿਲਾ ਬਾਣੀ ਲਈ ਲਿੰਕ: ਸੋਹਿਲਾ
ਬਾਣੀ ਦਾ ਪਾਠ ਕੀਤਾ ਜਾਂਦਾ ਹੈ।

ਚਿਖਾ ਨੂੰ ਪੂਰੀ ਤਰ੍ਹਾਂ ਅੱਗ ਲੱਗ ਜਾਣ ਤੋਂ ਬਾਅਦ ਅੱਗ ਲਗਾਉਣ ਵਾਲੇ ਵਿਅਕਤੀ ਵੱਲੋਂ ‘ਕਪਾਲ ਕਿਰਿਆ’ ਕੀਤੀ ਜਾਂਦੀ ਹੈ। ਇਸ ਕਿਰਿਆ ਵਿਚ ਬਾਂਸ ਦੇ ਡੰਡੇ ਨਾਲ ਮਿਰਤਕ ਦੀ ਖੋਪੜੀ ਨੂੰ ਤਿੰਨ ਵਾਰ ਠਕੋਰਿਆ ਜਾਂਦਾ ਹੈ। ਫਿਰ ਉਹ ਡੰਡਾ ਬਲਦੀ ਚਿਖਾ ਦੇ ਉਪਰੋਂ ਪੈਰਾਂ ਵੱਲ ਸੁੱਟ ਦਿੱਤਾ ਜਾਂਦਾ ਹੈ। ਸਸਕਾਰ ਕਰਨ ਆਏ ਮਿੱਤਰ-ਦੋਸਤ ਤੇ ਰਿਸ਼ਤੇਦਾਰ ਸੁੱਕਾ ਤੀਲਾ ਤੋੜ ਕੇ ਚਿਖਾ ਉੱਪਰ ਪਾਉਂਦੇ ਹਨ। ਇਹ ਮਰ ਚੁੱਕੇ ਪ੍ਰਾਣੀ ਨਾਲੋਂ ਆਪਣੇ ਸੰਬੰਧ ਤੋੜਨ ਦਾ ਸੰਕੇਤਕ ਹੁੰਦਾ ਹੈ। ਲੋਕ-ਵਿਸ਼ਵਾਸ ਅਨੁਸਾਰ ਸਮਸ਼ਾਨ ਘਾਟ ਵਿਖੇ ਇੱਲ-ਬਲਾਵਾਂ ਭਾਵ, ਭੈੜੀਆਂ ਰੂਹਾਂ ਦਾ ਵਾਸਾ ਮੰਨਿਆਂ ਜਾਂਦਾ ਹੈ। ਇਨ੍ਹਾਂ ਤੋਂ ਬਚਾਅ ਲਈ ਸਸਕਾਰ ਕਰਨ ਆਏ ਲੋਕ ਘਰ ਵਾਪਸੀ ਸਮੇਂ ਆਪਣਾ ਮੂੰਹ-ਹੱਥ ਧੋਂਦੇ ਅਤੇ ਸਿਰ ਉੱਤੇ ਪਾਣੀ ਦੇ ਛਿੱਟੇ ਮਾਰਦੇ ਹਨ। ਸਸਕਾਰ ਤੋਂ ਬਾਅਦ ਔਰਤਾਂ ਆਪੋ-ਆਪਣੀਆਂ ਚੁੰਨੀਆਂ ਦੇ ਚਾਰੇ ਲੜ ਜੋੜ ਕੇ ਧੋਂਦੀਆਂ ਹਨ। ਇਸ ਉਪਰੰਤ ਨੈਣ ਸਾਰਿਆਂ ਉੱਤੇ ਪਾਣੀ ਦੇ ਛਿੱਟੇ ਮਾਰਦੀ ਹੈ। ਸਾਰੀਆਂ ਔਰਤਾਂ ਮਿਰਤਕ ਦੇ ਘਰ ਵੱਲ ਪਿੱਠ ਕਰ ਕੇ ਖਲੋ ਜਾਂਦੀਆਂ ਹਨ। ਇਹ ਵੀ ਬਦਰੂਹਾਂ ਤੋਂ ਬਚਾਅ ਅਤੇ ਮਿਰਤਕ ਨਾਲੋਂ ਸੰਬੰਧ ਤੋੜਨ ਦਾ ਹੀ ਸੰਕੇਤ ਮੰਨਿਆ ਜਾਂਦਾ ਹੈ।

ਸਸਕਾਰ ਤੋਂ ਦੂਜੇ ਜਾਂ ਤੀਜੇ ਦਿਨ ਮਿਰਤਕ ਦੀਆਂ ਅਸਥੀਆਂ/ਫੁੱਲ (ਹੱਡੀਆਂ ਆਦਿ) ਚੁਗਣ ਲਈ ਨੇੜਲੇ ਸੰਬੰਧੀ ਸ਼ਮਸ਼ਾਨ ਘਾਟ ਜਾਂਦੇ ਹਨ। ਉਹ ਆਪਣੇ ਨਾਲ ਇਕ ਪਾਸਿਉਂ ਪੱਕੀਆਂ ਤੇ ਇਕ ਪਾਸਿਉਂ ਕੱਚੀਆਂ ਚਾਰ ਰੋਟੀਆਂ, ਪਾਣੀ ਦਾ ਕੁੱਜਾ, ਆਟੇ ਦਾ ਦੀਵਾ, ਸੂਤ ਦਾ ਗਲੋਟਾ, ਲੱਕੜ ਦੀਆਂ ਕਿੱਲੀਆਂ, ਸਵਾਹ ਫਰੋਲਣ ਲਈ ਲੱਕੜ ਦੀ ਛੋਟੀ ਫੌਹੜੀ, ਚਿੱਟਾ ਕੋਰਾ ਕੱਪੜਾ, ਕੱਚੀ ਲੱਸੀ ਆਦਿ ਲੈ ਕੇ ਜਾਂਦੇ ਹਨ। ਸਸਕਾਰ ਸਮੇਂ ਜਿਸ ਪਾਸੇ ਮਿਰਤਕ ਦਾ ਸਿਰ ਰਖਿਆ ਗਿਆ ਸੀ, ਉਸ ਪਾਸੇ ਸਭ ਤੋਂ ਪਹਿਲਾਂ ਦੀਵਾ ਬਾਲ ਕੇ ਰੋਟੀਆਂ ਰਖ ਦਿੱਤੀਆਂ ਜਾਂਦੀਆਂ ਹਨ। ਸਵਾਹ ਨੂੰ ਫੌਹੜੀ ਨਾਲ ਫਰੋਲ ਕੇ ਸਾਰੀਆਂ ਅਸਥੀਆਂ ਚੁਗ ਲਈਆਂ ਜਾਂਦੀਆਂ ਹਨ। ਇਨ੍ਹਾਂ ਅਸਥੀਆਂ ਨੂੰ ਕੱਚੀ ਲੱਸੀ ਨਾਲ ਧੋ ਕੇ ਕੱਪੜੇ ਵਿਚ ਬੰਨ੍ਹਿਆ ਜਾਂਦਾ ਹੈ ਜਾਂ ਕੁੱਜੇ ਵਿਚ ਪਾ ਕੇ ਲਾਲ ਕੱਪੜੇ ਨਾਲ ਢਕ ਲਿਆ ਜਾਂਦਾ ਹੈ। ਸਵਾਹ ਨੂੰ ਮੜ੍ਹੀ ਦੇ ਰੂਪ ਵਿਚ ਇਕੱਠੀ ਕਰ ਕੇ, ਚਾਰੇ ਕੋਨਿਆਂ ਉੱਤੇ ਕਿੱਲੀਆਂ ਗੱਡ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕਿੱਲੀਆਂ ਨਾਲ ਸੂਤ ਦੇ ਧਾਗੇ ਦੇ ਸੱਤ ਪੁੱਠੇ ਗੇੜੇ ਦੇ ਕੇ ਸਵਾਹ ਨੂੰ ਕੀਲ ਦਿੱਤਾ ਜਾਂਦਾ ਹੈ। ਜੇ ਮਰਨ ਵਾਲੀ ਔਰਤ ਹੋਵੇ ਤਾਂ ਪੇਕਿਆਂ ਵਲੋਂ ਲਿਆਂਦੇ ਕੱਪੜੇ ਨਾਲ ਇਸ ਨੂੰ ਢਕ ਦਿੱਤਾ ਜਾਂਦਾ ਹੈ।

ਪਹਿਲੇ ਸਮਿਆਂ ਵਿਚ ਅਸਥੀਆਂ/ਫੁੱਲ (ਹੱਡੀਆਂ ਆਦਿ) ਨੂੰ ਸ਼ਮਸ਼ਾਨ ਘਾਟ ਵਿਖੇ ਹੀ ਪਿੱਪਲ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਨਿਸ਼ਚਤ ਦਿਨ ’ਤੇ ਇਨ੍ਹਾਂ ਨੂੰ ਗੰਗਾ ਨਦੀ ਵਿਚ ਪ੍ਰਵਾਹ ਕਰਨ ਲਈ ਲਿਜਾਇਆ ਜਾਂਦਾ ਸੀ। ਤੁਰਨ ਸਮੇਂ ਬਾਕਾਇਦਾ ਮਿਰਤਕ ਵਿਅਕਤੀ ਦਾ ਨਾਂ ਲੈ ਕੇ ਨਾਲ ਚੱਲਣ ਲਈ ਅਵਾਜ ਮਾਰੀ ਜਾਂਦੀ ਸੀ। ਬੱਸ, ਗੱਡੀ ਆਦਿ ਚੜ੍ਹਨ ਸਮੇਂ ਮਿਰਤਕ ਦੇ ਨਾਂ ’ਤੇ ਇਕ ਪੈਸਾ ਧਰਤੀ ਉੱਤੇ ਸੁੱਟਿਆ ਜਾਂਦਾ ਸੀ। ਕਈ ਤਾਂ ਬੱਸ, ਗੱਡੀ ਆਦਿ ਵਿਚ ਮਿਰਤਕ ਦੀ ਟਿਕਟ ਵੀ ਲੈਂਦੇ ਸਨ ਅਤੇ ਸੀਟ ਵੀ ਖਾਲੀ ਰੱਖਦੇ ਸਨ। ਜੇ ਮਰਨ ਵਾਲੀ ਬਜ਼ੁਰਗ ਔਰਤ ਹੋਵੇ ਤਾਂ ਅਸਥੀਆਂ ਪਾਉਣ ਲਈ ਉਸ ਦਾ ਭਰਾ ਜਾਂ ਭਤੀਜਾ ਜ਼ਰੂਰ ਨਾਲ ਜਾਂਦੇ ਸਨ। ਪਹੋਏ ਦੇ ਸਥਾਨ ’ਤੇ ਗੰਗਾ ਨਦੀ ਵਿਚ ਅਸਥੀਆਂ ਪਾ ਕੇ ਮਿਰਤਕ ਵਿਅਕਤੀ ਨਮਿਤ ਪੂਜਾ ਕਰਵਾਈ ਜਾਂਦੀ ਸੀ ਅਤੇ ਦਾਨ-ਪੁੰਨ ਕਰ ਕੇ ‘ਪਿੰਡ’ ਭਰਾਏ ਜਾਂਦੇ ਸਨ। ਮਿਰਤਕ ਦਾ ਨਾਂ, ਪਤਾ ਆਦਿ ਪੰਡਿਤਾਂ ਦੀਆਂ ਸਥਾਈ ਪੱਤਰੀਆਂ/ਵਹੀਆਂ ਵਿਚ ਦਰਜ ਕਰਵਾਇਆ ਜਾਂਦਾ ਸੀ।

ਜਿਕਰਜੋਗ ਹੈ ਸਿਖ ਪੰਥ ਵਿਚ ਹਰ ਘੜੀ ਭਾਵੇਂ ਉਹ ਦੁਖ ਦੀ ਹੋਵੇ ਜਾਂ ਸੁਖ ਦੀ ਬਾਣੀ ਦਾ ਓਟ-ਆਸਰਾ ਲੈਣ ਨੂੰ ਹੀ ਪਹਿਲ ਦਿੱਤੀ ਗਈ ਹੈ। ਇਸ ਲਈ ਲੋਕਧਾਰਾ ਦੀਆਂ ਉਪਰੋਕਤ ਮਾਨਤਾਵਾਂ ਸਿਖਾਂ ਵਿਚੋਂ ਸਹਿਜੇ ਹੀ ਘੱਟਦੀਆਂ ਗਈਆਂ ਅਤੇ ਸਮੇਂ ਦੇ ਨਾਲ ‘ਸਿੱਖ ਰਹਿਤ ਮਰਯਾਦਾ’ ਨੇ ਸਪਸ਼ਟ ਰੂਪ ਵਿਚ ਸਿਖਾਂ ਨੂੰ ਕੁਝ ਵਿਸ਼ੇਸ਼ ਹਦਾਇਤਾਂ ਦੇ ਕੇ ਸਿਖ ਅੰਤਮ ਸੰਸਕਾਰ ਨੂੰ ਵਿਲਖਣ ਰੂਪ ਵਿਚ ਸਥਾਪਤ ਕਰ ਦਿੱਤਾ। ਇਸ ਲਈ ਸਿਖ ਸਿਧਾਂਤਾਂ ਦੀ ਰੌਸ਼ਨੀ ਵਿਚ ਬਹੁਤ ਸਾਰੀਆਂ ਰੀਤਾਂ ਦੇ ਨਿਭਾਉਣ ਦੀ ਮਨਾਹੀ ਕਰਕੇ ਵੈਰਾਗਮਈ ਸ਼ਬਦਾਂ ਨੂੰ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ।

ਸਿੱਖ ਰਹਿਤ ਮਰਯਾਦਾ ਅਨੁਸਾਰ ਅੰਤਮ ਸੰਸਕਾਰ
Bani Footnote ਸਿੱਖ ਰਹਿਤ ਮਰਯਾਦਾ, ਪੰਨਾ ੨੫-੨੬

‘ਸਿੱਖ ਰਹਿਤ ਮਰਯਾਦਾ’ ਅਨੁਸਾਰ ਸਿਖ ਧਰਮ ਨਾਲ ਸੰਬੰਧਤ ਵਿਅਕਤੀ ਦੇ ਅੰਤਮ ਸੰਸਕਾਰ ਦੀ ਮਰਿਆਦਾ ਇਸ ਪ੍ਰਕਾਰ ਹੈ:

(ੳ) ਅੰਤਮ ਸਮੇਂ, ਜੇਕਰ ਪ੍ਰਾਣੀ ਮੰਜੇ ’ਤੇ ਹੋਵੇ ਤਾਂ ਹੇਠਾਂ ਨਹੀਂ ਉਤਾਰਨਾ। ਦੀਵਾ-ਵੱਟੀ, ਗਊ ਮਣਸਾਉਣਾ (ਮਰ ਰਹੇ ਪ੍ਰਾਣੀ ਦਾ ਹੱਥ ਛੁਹਾ ਕੇ ਬ੍ਰਾਹਮਣ ਨੂੰ ਗਊ ਦਾਨ ਕਰਨੀ) ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਜਾਂ ‘ਵਾਹਿਗੁਰੂ ਵਾਹਿਗੁਰੂ’ ਕਰਨਾ ਹੈ।
(ਅ) ਪ੍ਰਾਣੀ ਦੇ ਦੇਹ ਤਿਆਗਣ ’ਤੇ ਧਾਹ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ। ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰਨਾ ਹੀ ਚੰਗਾ ਹੈ।
(ੲ) ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਉਸ ਦਾ ਵੀ ਸਸਕਾਰ ਹੀ ਕਰਨਾ ਚਾਹੀਦਾ ਹੈ। ਪਰ ਜਿਥੇ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ, ਉਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ।
(ਸ) ਸਸਕਾਰ ਕਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ।
(ਹ) ਮਿਰਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਾਫ-ਸੁਥਰੇ ਬਸਤਰ ਪਾਏ ਜਾਣ। ਉਸ ਨਾਲੋਂ ਕਕਾਰ (ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ) ਵਖ ਨਾ ਕੀਤੇ ਜਾਣ। ਉਸ ਨੂੰ ਅਰਥੀ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ ਅਤੇ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਵੈਰਾਗਮਈ ਸ਼ਬਦਾਂ ਦਾ ਉਚਾਰਣ ਕੀਤਾ ਜਾਵੇ। ਸਸਕਾਰ ਕਰਨ ਵਾਲੀ ਥਾਂ ’ਤੇ ਪਹੁੰਚ ਕੇ ਚਿਖਾ ਚਿਣੀ ਜਾਵੇ। ਮਿਰਤਕ ਪ੍ਰਾਣੀ ਨੂੰ ਚਿਖਾ ਉੱਤੇ ਰਖਿਆ ਜਾਵੇ ਅਤੇ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਮਿਰਤਕ ਪ੍ਰਾਣੀ ਦਾ ਪੁੱਤਰ, ਕੋਈ ਹੋਰ ਸਾਕ-ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿਥ ’ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉਠੇ ਤਾਂ (ਕਪਾਲ ਕਿਰਿਆ
Bani Footnote ਮਿਰਤਕ ਦੇਹ ਦੇ ਸਸਕਾਰ ਦੌਰਾਨ ਮਿਰਤਕ ਦੀ ਡੰਡੇ ਆਦਿ ਨਾਲ ਖੋਪੜੀ ਤੋੜਨ ਦੀ ਕਿਰਿਆ ਨੂੰ ਕਪਾਲ ਕਿਰਿਆ ਕਿਹਾ ਜਾਂਦਾ ਹੈ। ਹਿੰਦੂ ਧਰਮ ਦੇ ਗ੍ਰੰਥ ਗਰੁੜ ਪੁਰਾਣ ਅਨੁਸਾਰ ਗ੍ਰਿਹਸਤੀ ਦੇ ਕਪਾਲ ਜਾਂ ਖੋਪੜੀ ਨੂੰ ਸੋਟੇ ਨਾਲ ਅਤੇ ਤਿਆਗੀ ਦੇ ਕਪਾਲ ਨੂੰ ਨਾਰੀਅਲ ਨਾਲ ਤੋੜਨ ਦਾ ਵਿਧਾਨ ਹੈ। ਇਸ ਨਾਲ ਮਿਰਤਕ ਨੂੰ ਪਿਤਰ ਲੋਕ (ਜਿਥੇ ਉਸ ਦੇ ਵਡੇਰਿਆਂ ਦਾ ਨਿਵਾਸ ਹੈ) ਦੀ ਪ੍ਰਾਪਤੀ ਹੁੰਦੀ ਹੈ। -ਗੁਰਚਰਨਜੀਤ ਸਿੰਘ ਲਾਂਬਾ, ਸਾਖੀ ਸਿੱਖ ਰਹਿਤ ਜੀ ਕੀ, ਪੰਨਾ ੨੮੧
ਆਦਿ ਕਰਨਾ ਮਨਮਤ ਹੈ) ਸੰਗਤ ਸੋਹਿਲਾ ਬਾਣੀ ਦਾ ਪਾਠ ਕਰ ਕੇ ਅਤੇ ਅਰਦਾਸਾ ਸੋਧ ਕੇ ਵਾਪਸ ਮੁੜ ਆਵੇ। ਘਰ ਆ ਕੇ ਜਾਂ ਨੇੜੇ ਦੇ ਗੁਰਦੁਆਰੇ ਵਿਚ ਮਿਰਤਕ ਪ੍ਰਾਣੀ ਦੇ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਰੰਭ ਕੀਤਾ ਜਾਵੇ ਤੇ ਦਸਵੇਂ ਦਿਨ ਪਾਠ ਦੀ ਸੰਪੂਰਨਤਾ ਉਪਰੰਤ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸ ਹੋਵੇ। ਜੇ ਕਿਸੇ ਕਾਰਣ ਇਹ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸਾਕ-ਸੰਬੰਧੀਆਂ ਦੀ ਸੌਖ ਨੂੰ ਮੁੱਖ ਰਖ ਕੇ ਨੀਯਤ ਕੀਤਾ ਜਾਵੇ। ਪਾਠ ਕਰਨ ਵਿਚ ਘਰ ਵਾਲੇ ਤੇ ਸਾਕ-ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ ਰਾਤ ਨੂੰ ਕੀਰਤਨ ਹੋਵੇ। ਦੁਸਹਿਰੇ, ਭਾਵ ਦਸਵੇਂ ਦਿਨ ਤੋਂ ਬਾਅਦ ਅੰਤਮ ਸੰਸਕਾਰ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।
(ਕ) ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ਉਪਰੰਤ ਸਾਰੀ ਦੇਹ ਦੀ ਭਸਮ/ਰਾਖ ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਮੀਨ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਵਾਲੇ ਸਥਾਨ ’ਤੇ ਮਿਰਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ।
(ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਰੀਤਾਂ ਕਰਨੀਆਂ ਮਨਮਤ ਹੈ। ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ’ਤੇ ਜਾ ਕੇ ਪਾਉਣੇ ਮਨਮਤ ਹੈ।

ਅੰਤਮ ਸੰਸਕਾਰ ਸਮੇਂ ਪੜ੍ਹੇ ਜਾਣ ਵਾਲੇ ਸ਼ਬਦ/ਸਲੋਕ
ਅੰਤਮ ਸੰਸਕਾਰ ਸਮੇਂ ਆਮ ਤੌਰ ’ਤੇ ਇਹ ਸ਼ਬਦ/ਸਲੋਕ ਪੜ੍ਹੇ ਜਾਂ ਗਾਏ ਜਾਂਦੇ ਹਨ:

੧. ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥ -ਗੁਰੂ ਗ੍ਰੰਥ ਸਾਹਿਬ ੪੮੦
੨. ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥ -ਗੁਰੂ ਗ੍ਰੰਥ ਸਾਹਿਬ ੧੩੮੩
੩. ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨੑਿ ॥ -ਗੁਰੂ ਗ੍ਰੰਥ ਸਾਹਿਬ ੧੩੮੩
੪. ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥ -ਗੁਰੂ ਗ੍ਰੰਥ ਸਾਹਿਬ ੩੩੭
੫. ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ -ਗੁਰੂ ਗ੍ਰੰਥ ਸਾਹਿਬ ੧੨੩੯
੬. ਪਵਨੈ ਮਹਿ ਪਵਨੁ ਸਮਾਇਆ॥ -ਗੁਰੂ ਗ੍ਰੰਥ ਸਾਹਿਬ ੮੮੫
੭. ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ॥ -ਗੁਰੂ ਗ੍ਰੰਥ ਸਾਹਿਬ ੫੨੩

ਬਦ ੧
ਭਗਤ ਕਬੀਰ ਜੀ (ਜਨਮ ੧੩੯੮ ਈ.) ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੦ ਉਪਰ ਦਰਜ ਹੈ। ਇਸ ਸ਼ਬਦ ਦੇ ਪੰਜ ਬੰਦ ਹਨ। ਰਹਾਉ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।

ਸ਼ਬਦ ੨
ਭਗਤ ਫਰੀਦ ਜੀ (੧੧੭੩-੧੨੬੫ ਈ.) ਦੁਆਰਾ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੮੩ ਉਪਰ ਦਰਜ ਹੈ। ਇਹ ਇਕ ਸਲੋਕ ਹੈ। ਇਸ ਦੀਆਂ ਚਾਰ ਤੁਕਾਂ ਹਨ।

ਸ਼ਬਦ
ਭਗਤ ਫਰੀਦ ਜੀ ਦੁਆਰਾ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੮੩ ਉਪਰ ਦਰਜ ਹੈ। ਇਹ ਇਕ ਸਲੋਕ ਹੈ। ਇਸ ਦੀਆਂ ਛੇ ਤੁਕਾਂ ਹਨ।

ਸ਼ਬਦ
ਭਗਤ ਕਬੀਰ ਜੀ ਦੁਆਰਾ ਰਾਗ ਗਉੜੀ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੩੭ ਉਪਰ ਦਰਜ ਹੈ। ਇਸ ਸ਼ਬਦ ਦੇ ਤਿੰਨ ਬੰਦ ਹਨ। ਰਹਾਉ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।

ਸ਼ਬਦ
ਗੁਰੂ ਅੰਗਦ ਸਾਹਿਬ (੧੫੦੪-੧੫੫੨ ਈ.) ਦੁਆਰਾ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੨੩੯ ਉਪਰ ਦਰਜ ਹੈ। ਇਹ ਇਕ ਸਲੋਕ ਹੈ। ਇਸ ਦੀਆਂ ਅਠ ਤੁਕਾਂ ਹਨ।

ਸ਼ਬਦ
ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਰਾਗ ਰਾਮਕਲੀ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੮੫ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ। ਰਹਾਉ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।

ਸ਼ਬਦ
ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੨੩ ਉਪਰ ਦਰਜ ਹੈ। ਇਹ ਸ਼ਬਦ ‘ਗੂਜਰੀ ਕੀ ਵਾਰ’ ਦੀ ਅਠਾਰ੍ਹਵੀਂ ਪਉੜੀ ਹੈ। ਇਸ ਦੀਆਂ ਅਠ ਤੁਕਾਂ ਹਨ।