ਭਗਤ ਬੇਣੀ ਜੀ ਦੇ ਪਹਿਲੇ ਸ਼ਬਦ ਦੇ ਸਿਰਲੇਖ ਵਿਚ ‘ਪਹਰਿਆ ਕੈ ਘਰਿ ਗਾਵਣਾ’ ਦਾ ਆਦੇਸ਼ ਹੈ। ‘ਪਹਰੇ’ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.), ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਅਤੇ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤੀਆਂ ਬਾਣੀਆਂ ਦਰਜ ਹਨ। ਇਨ੍ਹਾਂ ਬਾਣੀਆਂ ਦੇ ਸਿਰਲੇਖ ਵਿਚ ‘ਘਰੁ ੧’ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ‘ਪਹਰੇ’ ਸਿਰਲੇਖ ਹੇਠ ਦਰਜ ਬਾਣੀਆਂ ਦਾ ਵਿਸ਼ਾ ਮਨੁਖੀ ਜਿੰਦਗੀ ਨੂੰ ਦਿਨ ਜਾਂ ਰਾਤ ਦੇ ਚਾਰ ਪਹਿਰਾਂ ਅਨੁਸਾਰ ਵੰਡ ਕੇ ਚੰਗੇ ਕਾਰਜਾਂ ਵੱਲ ਪ੍ਰੇਰਤ ਕਰਨਾ ਹੈ। ਭਗਤ ਬੇਣੀ ਜੀ ਦੇ ਇਸ ਸ਼ਬਦ ਦਾ ਵਿਸ਼ਾ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਰਿਆਂ, ਖਾਸਕਰ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੇ ਪਹਰਿਆਂ ਨਾਲ ਮਿਲਦਾ ਹੈ। ਇਸੇ ਲਈ ਇਸ ਸ਼ਬਦ ਨੂੰ ਵੀ ਪਹਰਿਆਂ ਦੀ ਧਾਰਨਾ ਵਿਚ ਗਾਉਣ ਦਾ ਆਦੇਸ਼ ਹੈ।
ਪਰ ਇਸ ਸ਼ਬਦ ਵਿਚ ਦਿਨ ਜਾਂ ਰਾਤ ਦੇ ਚਾਰ ਪਹਿਰਾਂ ਦਾ ਜਿਕਰ ਕੀਤੇ ਬਿਨਾਂ, ਮਨੁਖਾ ਜੀਵਨ ਦੇ ਚਾਰ ਵਖ-ਵਖ ਪੜਾਵਾਂ, ਮਾਂ ਦੇ ਗਰਭ, ਬਚਪਨ, ਜਵਾਨੀ ਅਤੇ ਬੁਢਾਪੇ ਦੀ ਅਵਸਥਾ ਦਾ ਵਰਣਨ ਹੈ। ਮਾਂ ਦੇ ਗਰਭ ਵਿਚ ਬੱਚੇ ਦੀ ਲਿਵ ਪਰਮਾਤਮਾ ਨਾਲ ਜੁੜੀ ਹੁੰਦੀ ਹੈ। ਪਰ ਬਚਪਨ ਨੂੰ ਉਹ ਖੇਲ-ਤਮਾਸ਼ੇ ਵਿਚ ਗੁਜ਼ਾਰਦਾ ਹੈ। ਜਵਾਨੀ ਵਿਚ ਖਾਣ-ਪੀਣ ਦੇ ਚਸਕੇ ਅਤੇ ਵਿਕਾਰ ਉਸ ਉਪਰ ਹਾਵੀ ਹੋ ਜਾਂਦੇ ਹਨ। ਬੁਢਾਪੇ ਵਿਚ ਕਮਜੋਰ ਸਰੀਰ ਦੇ ਨਾਲ-ਨਾਲ ਉਸ ਦੀ ਮੱਤ ਵੀ ਵਿਸ਼ੇ-ਵਿਕਾਰਾਂ ਵਿਚ ਹੀ ਲੱਗੀ ਰਹਿੰਦੀ ਹੈ। ਇਸ ਪ੍ਰਕਾਰ ਸਾਰਾ ਜੀਵਨ ਵਿਅਰਥ ਹੀ ਬੀਤ ਜਾਂਦਾ ਹੈ। ਭਗਤ ਬੇਣੀ ਜੀ ਮਨੁਖ ਨੂੰ ਆਖਦੇ ਹਨ ਕਿ ਤੂੰ ਕਿਹੜੀ ਭੈੜੀ ਮੱਤ ਕਾਰਣ ਭਰਮਗ੍ਰਸਤ ਹੋਇਆ ਹੈਂ। ਮਨੁਖਾ ਜਨਮ ਦਾ ਇਹ ਅਵਸਰ ਗਵਾਉਣ ਤੋਂ ਬਾਅਦ ਪੱਲੇ ਪਛਤਾਵਾ ਹੀ ਬਚੇਗਾ। ਇਸ ਲਈ ਸਮੇਂ ਸਿਰ ਹੀ ਆਪਣੀ ਮੁਕਤੀ ਦਾ ਉਪਾਅ ਕਰ, ਕਿਉਂਕਿ ਸਾਰੀ ਉਮਰ ਵਿਸ਼ੇ-ਵਿਕਾਰਾਂ ਵਿਚ ਗਵਾ ਕੇ ਮਰਨ ਤੋਂ ਬਾਅਦ ਕਿਸੇ ਵੀ ਜਤਨ ਨਾਲ ਮੁਕਤੀ ਨਹੀਂ ਪਾਈ ਜਾ ਸਕਦੀ:
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥
ਭਗਤ ਬੇਣੀ ਜੀ ਦੇ ਦੂਜੇ ਸ਼ਬਦ ਵਿਚ ਹਠ ਯੋਗ ਦੇ ਮਾਰਗਾਂ ਅਤੇ ਤੀਰਥਾਂ ਦੇ ਇਸ਼ਨਾਨ ਦਾ ਉਲੇਖ ਕਰਦਿਆਂ ਦਰਸਾਇਆ ਹੈ ਕਿ ਇਹ ਸਾਰੇ ਢੰਗ-ਤਰੀਕੇ ਪਰਮਾਤਮਾ ਦੇ ਨਾਮ ਵਿਚ ਹੀ ਸ਼ਾਮਲ ਹਨ। ਜਗਿਆਸੂ ਨੂੰ ਕਿਸੇ ਤਰ੍ਹਾਂ ਵੀ ਇਨ੍ਹਾਂ ਦੀ ਮੁਥਾਜੀ ਨਹੀਂ। ਪ੍ਰਭੂ ਨਾਮ ਵਿਚ ਲੀਨ ਮਨੁਖ ਦੇ ਅੰਦਰ ਪੂਰਨ ਖੇੜਾ ਹੁੰਦਾ ਹੈ। ਉਹ ਕੁਦਰਤੀ ਤੱਤਾਂ ਦੇ ਪ੍ਰਭਾਵ ਤੋਂ ਉਪਰ ਹੁੰਦਾ ਹੈ। ਨਾਮ ਦੇ ਚਾਨਣ ਨਾਲ ਉਸ ਦੇ ਸਾਰੇ ਫੁਰਨੇ ਮਿਟ ਜਾਂਦੇ ਹਨ।
ਤੀਜੇ ਸ਼ਬਦ ਵਿਚ ਵੈਸ਼ਨਵ, ਸ਼ੈਵ ਅਤੇ ਹੋਰ ਮਤਾਂ ਦੇ ਲੋਕਾਂ ਦੁਆਰਾ ਕੀਤੇ ਜਾਂਦੇ ਬਾਹਰੀ ਕਰਮ-ਕਾਂਡਾਂ ਦੀ ਆਲੋਚਨਾ ਕੀਤੀ ਗਈ ਹੈ। ਭਗਤ ਜੀ ਅਨੁਸਾਰ ਜਦੋਂ ਤਕ ਹਿਰਦੇ ਵਿਚ ਸ਼ੁਧਤਾ ਨਹੀਂ, ਉਦੋਂ ਤਕ ਸਾਰੇ ਕਰਮ-ਕਾਂਡ ਦਿਖਾਵਾ ਮਾਤਰ ਹਨ। ਪਰਮਾਤਮਾ ਦੀ ਅਸਲੀਅਤ ਨੂੰ ਸਮਝੇ ਬਿਨਾਂ ਜੀਵਨ ਵਿਅਰਥ ਹੈ। ਪਰਮਾਤਮਾ ਨੂੰ ਜਾਨਣ ਲਈ ਗੁਰੂ ਦੀ ਸਿਖਿਆ ਅਤੇ ਅਗਵਾਈ ਬਹੁਤ ਹੀ ਮਹੱਤਵਪੂਰਣ ਹੈ।



