Guru Granth Sahib Logo
  
ਗੁਰੂ ਗ੍ਰੰਥ ਸਾਹਿਬ ਵਿਚ ‘ਮੁਦਾਵਣੀ’ ਸ਼ਬਦ ਦੀ ਵਰਤੋਂ ਦੋ ਵਾਰ ਅਤੇ ‘ਮੁੰਦਾਵਣੀ’ ਦੀ ਇਕ ਵਾਰ ਹੋਈ ਹੈ। ‘ਮੁਦਾਵਣੀ’ ਸ਼ਬਦ ਦੀ ਇਹ ਦੋ ਵਾਰ ਵਰਤੋਂ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੇ ਰਾਗ ਸੋਰਠਿ ਵਿਚ ਉਚਾਰਣ ਕੀਤੇ ਇਕ ਸਲੋਕ ਵਿਚ ਹੋਈ ਮਿਲਦੀ ਹੈ। ਇਹ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੪੫ ਉਪਰ ਦਰਜ ਹੈ। ਇਸ ਦੀਆਂ ਛੇ ਤੁਕਾਂ ਹਨ।

‘ਮੁੰਦਾਵਣੀ’ ਸ਼ਬਦ ਦੀ ਵਰਤੋਂ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰੇ ਗਏ ਦੋ ਸਲੋਕਾਂ ਦੇ ਸਿਰਲੇਖ ਵਿਚ ਹੋਈ ਹੈ। ‘ਮੁੰਦਾਵਣੀ ਮਹਲਾ ੫’ ਸਿਰਲੇਖ ਹੇਠ ਉਚਾਰੇ ਗਏ ਇਹ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੪੨੯ ਉਪਰ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਸਲੋਕ ਦੀਆਂ ਪੰਜ ਅਤੇ ਦੂਜੇ ਸਲੋਕ ਦੀਆਂ ਚਾਰ ਤੁਕਾਂ ਹਨ। ਇਹ ਸਲੋਕ ਸਿਖਾਂ ਦੇ ਨਿੱਤਨੇਮ ਦੀ ਬਾਣੀ ‘ਰਹਿਰਾਸ’ ਦਾ ਇਕ ਭਾਗ ਵੀ ਹਨ। ਗਿ. ਗੁਰਦਿੱਤ ਸਿੰਘ ਅਨੁਸਾਰ ਇਹ ਸਲੋਕ ਅਕਾਰ ਵਿਚ ਭਾਵੇਂ ਸੰਖੇਪ ਹਨ, ਪਰ ਭਾਵ-ਅਰਥ ਪਖੋਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੱਤਸਾਰ ਜਾਣਨ ਲਈ ਵਡਾ ਝਰੋਖਾ ਹਨ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੰਦਾਵਣੀ, ਪੰਨਾ ੮੫


ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਣ ਕੀਤੇ ਉਪਰੋਕਤ ਸਲੋਕ ਅਨੁਸਾਰ ਗੁਰ-ਸ਼ਬਦ ਰੂਪੀ ਥਾਲ ਵਿਚ ਤਿੰਨ ਅਮੋਲਕ ਵਸਤਾਂ ਅਤੇ ਹਰੀ ਦਾ ਅਮਰ ਕਰਨ ਵਾਲਾ ਨਾਮ ਰੂਪੀ ਭੋਜਨ ਹੈ। ਇਸ ਸਲੋਕ ਵਿਚ ਜਿਹੜੀਆਂ ਤਿੰਨ ਵਸਤਾਂ ਵੱਲ ਇਸ਼ਾਰਾ ਕੀਤਾ ਗਿਆ ਹੈ, ਉਹ ਹਨ: ਸਤ, ਸੰਤੋਖ ਅਤੇ ਵੀਚਾਰ। ਇਸ ਦਾ ਭੇਦ ਗੁਰੂ ਅਰਜਨ ਸਾਹਿਬ ਦੁਆਰਾ ‘ਮੁੰਦਾਵਣੀ ਮਹਲਾ ੫’ ਸਿਰਲੇਖ ਅਧੀਨ ਉਚਾਰਣ ਕੀਤੇ ਪਹਿਲੇ ਸਲੋਕ ਤੋਂ ਖੁੱਲ੍ਹਦਾ ਹੈ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ‘ਸਤ’ ਭਗਤੀ ਦੇ ਮਨੋਰਥ ਨੂੰ ਪੂਰਾ ਕਰਦਾ ਹੈ, ‘ਸੰਤੋਖ’ ਕਰਮ-ਮਾਰਗ ਦੀ ਦੌੜ-ਭੱਜ ਨੂੰ ਥਾਂ-ਟਿਕਾਣੇ ’ਤੇ ਰਖਦਾ ਹੈ ਅਤੇ ‘ਵੀਚਾਰ’ ਗਿਆਨ ਮਾਰਗ ਦੀਆਂ ਔਕੜਾਂ ਨੂੰ ਦੂਰ ਕਰ ਕੇ ਠੀਕ-ਠੀਕ ਸੋਚਣ ਵਿਚ ਸਹਾਈ ਹੁੰਦਾ ਹੈ।
Bani Footnote ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਚੌਥੀ, ਪੰਨਾ ੧੪੨੯
ਨਾਮ ਰੂਪੀ ਭੋਜਨ ਨਾਲ ਮਨੁਖੀ ਮਨ ਦੀ ਤ੍ਰਿਪਤੀ ਹੁੰਦੀ ਹੈ ਅਤੇ ਪ੍ਰਭੂ ਦੇ ਦਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਭੋਜਨ ਦੁਰਲਭ ਹੈ ਅਤੇ ਇਸ ਨੂੰ ਬੁਝਾਰਤ ਕਿਹਾ ਗਿਆ ਹੈ। ਜਿਸ ਗੁਰਸਿਖ ਨੂੰ ਗੁਰੂ ਸੋਝੀ ਬਖਸ਼ਦਾ ਹੈ, ਉਹ ਗੁਰ-ਸ਼ਬਦ ਦੀ ਵਿਚਾਰ ਦੁਆਰਾ ਇਸ ਬੁਝਾਰਤ ਨੂੰ ਬੁਝ ਕੇ ਪ੍ਰਭੂ ਦਾ ਅਨੁਭਵ ਕਰ ਲੈਂਦਾ ਹੈ।

ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤੇ ਪਹਿਲੇ ਸਲੋਕ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਥਾਲ ਦੇ ਰੂਪ ਵਿਚ ਚਿਤਰਿਆ ਗਿਆ ਹੈ। ਇਸ ਥਾਲ ਵਿਚ ਤਿੰਨ ਵਸਤਾਂ ਸਤ, ਸੰਤੋਖ ਅਤੇ ਵਿਚਾਰ ਸਜਾਈਆਂ ਗਈਆਂ ਹਨ। ਇਨ੍ਹਾਂ ਤਿੰਨ ਵਸਤਾਂ ਤੋਂ ਨਾਮ-ਰੂਪੀ ਅੰਮ੍ਰਿਤ ਦੇ ਸੰਜੋਗ ਨਾਲ ਅਜਿਹਾ ਭੋਜਨ ਤਿਆਰ ਕੀਤਾ ਗਿਆ ਹੈ, ਜਿਸ ਨਾਲ ਸੰਸਾਰ ਦੀ ਆਤਮਕ ਭੁੱਖ ਸਦਾ ਲਈ ਮਿਟ ਜਾਂਦੀ ਹੈ। ਇਸ ਭੋਜਨ ਨੂੰ ਸੇਵਨ ਤੋਂ ਬਿਨਾਂ ਅੰਧਕਾਰ-ਮਈ ਸੰਸਾਰ ਤੋਂ ਪਾਰ ਹੋ ਸਕਣਾ ਮੁਸ਼ਕਲ ਹੈ। ਦੂਜੇ ਸਲੋਕ ਰਾਹੀਂ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਕਾਰਜ ਦੇ ਸੰਪੂਰਨ ਹੋਣ ’ਤੇ ਪਰਮਾਤਮਾ ਦਾ ਧੰਨਵਾਦ ਕੀਤਾ ਗਿਆ ਹੈ, ਕਿਉਂਕਿ ਉਸੇ ਦੀ ਕਿਰਪਾ ਸਦਕਾ ਇਹ ਕਾਰਜ ਸੰਪੂਰਨ ਹੋਇਆ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੰਦਾਵਣੀ, ਪੰਨਾ ੧੨੩; ਦੀ ਇਨਸਾਈਕਲੋਪੀਡੀਆ ਆਫ ਸਿਖਇਜਮ, ਹਰਬੰਸ ਸਿੰਘ (ਐਡੀਟਰ-ਇਨ-ਚੀਫ), ਭਾਗ ਤੀਜਾ, ਪੰਨਾ ੧੪੭; ਡਾ. ਰਤਨ ਸਿੰਘ ਜੱਗੀ, ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਅੱਠਵੀਂ, ਪੰਨਾ ੪੩੯੬


ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤੇ ਦੋਵਾਂ ਸਲੋਕਾਂ ਦੇ ਪ੍ਰਸੰਗ ਵਿਚ ਇਥੇ ਇਹ ਗੱਲ ਵਰਨਣਜੋਗ ਹੈ ਕਿ ਕੁਝ ਕਰਤਾਰਪੁਰੀ ਅਤੇ ਭਾਈ ਬੰਨੋ ਸ਼ਾਖ ਦੀਆਂ ਹੱਥ-ਲਿਖਤ ਬੀੜਾਂ
Bani Footnote ਹੱਥ-ਲਿਖਤ ੦੨, ਪੰਨਾ ੫੩੧, ਹੱਥ-ਲਿਖਤ ੦੩, ਪੰਨਾ ੫੭੯ ਤੇ ਹੱਥ-ਲਿਖਤ ੦੮, ਪੰਨਾ ੬੦੪ ਆਦਿ।
ਵਿਚ ਦੂਜਾ ਸਲੋਕ (ਸਲੋਕ ਮਹਲਾ ੫ ॥ ਤੇਰਾ ਕੀਤਾ ਜਾਤੋ ਨਾਹੀ) ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਗੁਰੂ ਅਰਜਨ ਸਾਹਿਬ ਦੇ ਸਲੋਕਾਂ ਵਿਚ ੨੩ਵੇਂ ਸਲੋਕ ਵਜੋਂ ‘ਮੁੰਦਾਵਣੀ ਮਹਲਾ ੫’ ਤੋਂ ਪਹਿਲਾਂ ਅੰਕਤ ਮਿਲਦਾ ਹੈ। ਪੁਸਤਕ ‘ਪਾਠ ਭੇਦਾਂ ਦੀ ਸੂਚੀ’ ਵਿਚ ਵੀ ਇਸ ਨੂੰ ਇਸੇ ਤਰ੍ਹਾਂ ਹੀ ਦਰਸਾਇਆ ਗਿਆ ਹੈ।
Bani Footnote ਸ. ਰਣਧੀਰ ਸਿੰਘ, ਪਾਠ ਭੇਦਾਂ ਦੀ ਸੂਚੀ, ਪੰਨਾ ੮੫੭
ਗਿ. ਗੁਰਦਿੱਤ ਸਿੰਘ ਨੇ ਆਪਣੀ ਪੁਸਤਕ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੰਦਾਵਣੀ’ ਵਿਚ ਕੁਝ ਹੱਥ-ਲਿਖਤ ਬੀੜਾਂ ਦੇ ਚਿੱਤਰ ਦਿੱਤੇ ਹਨ। ਇਨ੍ਹਾਂ ਵਿਚੋਂ ਬਹੁਤੀਆਂ ਬੀੜਾਂ ਵਿਚ ਵੀ ਇਵੇਂ ਹੀ ਹੈ।
Bani Footnote ਇਸ ਤਰ੍ਹਾਂ ਦੇ ਚਿੱਤਰਾਂ ਵਿਚ ਸਾਗਰੀ ਪਿੰਡ (ਰਾਵਲਪਿੰਡੀ) ਵਾਲੀ ਬੀੜ, ਪਿੰਡ ਫਫੜੇ ਭਾਈ ਕੇ ਵਾਲੀ ਦੂਜੀ ਬੀੜ, ਅਕਾਲ ਤਖਤ ਸਾਹਿਬ ਦੀ ਉਪਰਲੀ ਮੰਜਲ ਵਿਚ ਸ਼ੁਸ਼ੋਭਤ ਰਹੀ ਬੀੜ, ਹਜ਼ੂਰ ਸਾਹਿਬ ਵਾਲੀ ਬੀੜ, ਪਟਨਾ ਸਾਹਿਬ ਦੇ ਤੋਸ਼ੇਖਾਨੇ ਵਾਲੀ ਬੀੜ ਆਦਿ ਹਨ। -ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੰਦਾਵਣੀ, ਪੰਨਾ ੨੨੯, ੨੩੭, ੨੪੩, ੨੪੫ ਅਤੇ ੨੪੯


ਇਸ ਬਾਰੇ ਡਾ. ਅਮਰ ਸਿੰਘ ਵੀ ਲਿਖਦੇ ਹਨ ਕਿ ਕਈ ਬੀੜਾਂ ਵਿਚ ‘ਤੇਰਾ ਕੀਤਾ ਜਾਤੋ ਨਾਹੀ’ ਸਲੋਕ ਦਾ ਸਥਾਨ ਮੁੰਦਾਵਣੀ ਨਾਲ ਹੈ ਅਤੇ ਕਈਆਂ ਵਿਚ ਇਹ ‘ਸਲੋਕ ਮਹਲਾ ੫’ ਦੇ ਅਖੀਰ ਵਿਚ ੨੩ਵੇਂ ਸਲੋਕ ਵਜੋਂ ਦਰਜ ਹੈ।
Bani Footnote ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ: ਵਿਵਰਨਾਤਮਿਕ ਸੂਚੀ, ਭਾਗ-ਪਹਿਲਾ, ਪੰਨਾ ੫੮


‘ਸਲੋਕ ਮਹਲਾ ੫’ ਸੰਗ੍ਰਹਿ ਵਿਚ ਦਰਜ ਸਲੋਕ ਨੰਬਰ ੨੧, ੨੨ ਅਤੇ ‘ਤੇਰਾ ਕੀਤਾ ਜਾਤੋ ਨਾਹੀ’ ਸਲੋਕ ਦਾ ਵਿਸ਼ਾ ਤੇ ਵਿਚਾਰ-ਪ੍ਰਵਾਹ ਵੀ ਇਸ ਗੱਲ ਦੀ ਹੀ ਗਵਾਹੀ ਭਰਦੇ ਹਨ ਕਿ ਇਹ ਤਿੰਨੇ ਸਲੋਕ ਆਪਸ ਵਿਚ ਜੁੜੇ ਹੋਏ ਹਨ। ਇੱਕੀਵੇਂ ਸਲੋਕ ਵਿਚ ਜਗਿਆਸੂ, ਆਪਣੇ ਸੱਜਣ ਨੂੰ ਮਿਲਣ ਲਈ ਇੰਨਾ ਉਤਾਵਲਾ ਹੈ ਕਿ ਉਹ ਆਪਣਾ-ਆਪ ਦੇ ਕੇ ਉਸ ਬਰਾਬਰ ਖੰਭ ਲੈਣ ਦੀ ਗੱਲ ਕਰਦਾ ਹੈ ਤਾਂ ਕਿ ਉਨ੍ਹਾਂ ਖੰਭਾਂ ਨਾਲ ਉਡਾਰੀ ਲਾ ਕੇ ਆਪਣੇ ਸੱਜਣ ਨਾਲ ਮਿਲਾਪ ਹਾਸਲ ਕਰ ਸਕੇ। ਬਾਈਵੇਂ ਸਲੋਕ ਵਿਚ ਸੱਜਣ ਦੀ ਮਹਿਮਾ ਕਰਦਿਆਂ ਉਸ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਕਿਹਾ ਗਿਆ ਹੈ। ‘ਤੇਰਾ ਕੀਤਾ ਜਾਤੋ ਨਾਹੀ’ ਵਿਚ ਦੱਸਿਆ ਗਿਆ ਕਿ ਪ੍ਰਭੂ ਦੇ ਤਰਸ ਸਦਕਾ ਮਿਹਰ ਦੀ ਆਮਦ ਹੋਈ ਹੈ ਤੇ ਉਸ ਸੱਜਣ ਨਾਲ ਮਿਲਾਪ ਹੋ ਗਿਆ ਹੈ:

ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥ -ਗੁਰੂ ਗ੍ਰੰਥ ਸਾਹਿਬ ੧੪੨੬

ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥ -ਗੁਰੂ ਗ੍ਰੰਥ ਸਾਹਿਬ ੧੪੨੬

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥ -ਗੁਰੂ ਗ੍ਰੰਥ ਸਾਹਿਬ ੧੪੨੯

ਉਪਰੋਕਤ ਤੋਂ ਇਹ ਪਤਾ ਲੱਗਦਾ ਹੈ ਕਿ ਅਰੰਭ ਵਿਚ ਇਹ ਸਲੋਕ (ਤੇਰਾ ਕੀਤਾ ਜਾਤੋ ਨਾਹੀ) ‘ਸਲੋਕ ਮਹਲਾ ੫’ ਦਾ ਹੀ ਤੇਈਵਾਂ ਸਲੋਕ ਸੀ। ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਪਹਿਲਾਂ ਦੀਆਂ ਵਧੇਰੇ ਬੀੜਾਂ ਵਿਚ ਇਹੀ ਸਥਿਤੀ ਹੈ। ਇਸ ਬਾਰੇ ਹੋਰ ਖੋਜ ਦੀ ਲੋੜ ਹੈ ਕਿ ਇਹ ਤੇਈਵਾਂ ਸਲੋਕ ਕਦੋਂ ਅਤੇ ਕਿਵੇਂ ਮੁੰਦਾਵਣੀ ਦੇ ਸਲੋਕ ਤੋਂ ਬਾਅਦ ਦਰਜ ਹੋਣ ਲੱਗ ਪਿਆ।

ਮੁੰਦਾਵਣੀ, ਮੁਦਾਵਣੀ ਅਤੇ ਇਨ੍ਹਾਂ ਦਾ ਅਰਥ
ਸੰਤ ਕਿਰਪਾਲ ਸਿੰਘ ਅਤੇ ਭਾਈ ਰਣਧੀਰ ਸਿੰਘ ਦੋਵਾਂ ਸ਼ਬਦਾਂ (ਮੁੰਦਾਵਣੀ ਅਤੇ ਮੁਦਾਵਣੀ) ਨੂੰ ਵਖ-ਵਖ ਮੰਨ ਕੇ ਇਨ੍ਹਾਂ ਦੇ ਅਰਥ ਵਖ-ਵਖ ਕਰਦੇ ਹਨ। ਦੂਜੇ ਪਾਸੇ ਪੰਡਿਤ ਤਾਰਾ ਸਿੰਘ ਨਰੋਤਮ, ਭਾਈ ਕਾਨ੍ਹ ਸਿੰਘ ਨਾਭਾ, ਗੁਰੂ ਗ੍ਰੰਥ ਸਾਹਿਬ ਦਾ ਫਰੀਦਕੋਟੀ ਟੀਕਾ, ਸ਼ਬਦਾਰਥੀ ਵਿਦਵਾਨ, ਭਾਈ ਵੀਰ ਸਿੰਘ ਅਤੇ ਪ੍ਰੋ. ਸਾਹਿਬ ਸਿੰਘ ਇਨ੍ਹਾਂ ਦੋਵਾਂ ਸ਼ਬਦ-ਰੂਪਾਂ ਨੂੰ ਇਕ ਹੀ ਮੰਨ ਕੇ ਇਨ੍ਹਾਂ ਦੇ ਅਰਥ ਕਰਦੇ ਹਨ। ਪਰ ਇਨ੍ਹਾਂ ਵਿਦਵਾਨਾਂ ਦੇ ਕੀਤੇ ਅਰਥਾਂ ਵਿਚ ਸਮਾਨਤਾ ਨਹੀਂ ਹੈ। ਕੁਝ ਵਿਦਵਾਨਾਂ ਨੇ ਕੇਵਲ ਮੁੰਦਾਵਣੀ ਦੇ ਅਰਥ ਹੀ ਕੀਤੇ ਹਨ। ਇਨ੍ਹਾਂ ਵਿਦਵਾਨਾਂ ਵਿਚ ਪੁਰਾਤਨ ਵਿਦਵਾਨ ਭਾਈ ਸੰਤੋਖ ਸਿੰਘ, ਨਵੀਨ ਵਿਦਵਾਨ ਨਿੱਕੀ ਗੁਨਿੰਦਰ ਕੌਰ ਆਦਿ ਦਾ ਨਾਂ ਉਦਾਹਰਨ ਵਜੋਂ ਲਿਆ ਜਾ ਸਕਦਾ ਹੈ।

ਪੰਡਿਤ ਤਾਰਾ ਸਿੰਘ ਨਰੋਤਮ ਅਨੁਸਾਰ ਮੁੰਦਣ ਤੋਂ ਮੁੰਦਾਵਣੀ ਸ਼ਬਦ ਬਣਿਆ ਹੈ। ਉਨ੍ਹਾਂ ਨੇ ਮੁੰਦਾਵਣੀ ਦੇ ਅਰਥ ‘ਮੁਹਰ ਛਾਪ’ ਅਤੇ ‘ਬੰਨ੍ਹਣਾ’ ਕੀਤੇ ਹਨ। ਆਪ ਜੀ ਨੇ ਲਿਖਿਆ ਹੈ ਕਿ ਮੁੰਦਾਵਣੀ ਨੂੰ ਗੁਰੂ ਅਰਜਨ ਸਾਹਿਬ ਨੇ ਆਪਣੀ ਮੁਹਰ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਰਖਿਆ। ਬੰਨ੍ਹਣ ਦੇ ਅਰਥਾਂ ਨੂੰ ਬਿਆਨ ਕਰਦਿਆਂ ਉਨ੍ਹਾਂ ਨੇ ਪੰਜਾਬੀ ਸਮਾਜ ਵਿਚ ਵਿਆਹ ਸਮੇਂ ਪ੍ਰਚਲਤ ਇਕ ਰਸਮ ਦਾ ਜਿਕਰ ਵੀ ਕੀਤਾ ਹੈ। ਇਸ ਵਿਚ ਲਾੜੀ ਦੇ ਪਖ ਵਾਲੀਆਂ ਔਰਤਾਂ ਵੱਲੋਂ ਸੰਕੇਤਕ ਰੂਪ ਵਿਚ ਜੰਞ ਨੂੰ ਕੁਝ ਸ਼ਬਦਾਂ ਦੁਆਰਾ ਬੰਨ੍ਹ ਲਿਆ ਜਾਂਦਾ ਹੈ। ਇਸੇ ਬੰਨ੍ਹਣ ਨੂੰ ‘ਮੁੰਦਾਵਣੀ’ ਕਿਹਾ ਜਾਂਦਾ ਹੈ।
Bani Footnote ਪੰਡਿਤ ਤਾਰਾ ਸਿੰਘ ਨਰੋਤਮ, ਗ੍ਰੰਥ ਗੁਰੁ ਗਿਰਾਰਥ ਕੋਸ਼, (ਸੰਪਾ.) ਗਿ. ਬਲਵੰਤ ਸਿੰਘ ਕੋਠਾ ਗੁਰੂ ਪੰਨਾ ੫੯੫


ਭਾਈ ਕਾਨ੍ਹ ਸਿੰਘ ਨਾਭਾ ਮੁਦਾਵਣੀ ਤੇ ਮੁੰਦਾਵਣੀ ਦੋਵਾਂ ਸ਼ਬਦਾਂ ਨੂੰ ਇਕ ਹੀ ਮੰਨਦੇ ਹੋਏ ਇਨ੍ਹਾਂ ਦੇ ਅਰਥ ‘ਮੁਦ੍ਰਣ’ (ਮੁਹਰ ਛਾਪ ਲਾਉਣ) ਦੀ ਕਿਰਿਆ ਕਰਦੇ ਹਨ। ਉਨ੍ਹਾਂ ਅਨੁਸਾਰ ਭਾਰਤ ਵਿਚ ਇਹ ਰਿਵਾਇਤ ਸੀ ਕਿ ਰਾਜਿਆਂ ਦੇ ਭੋਜਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ ਆਪਣੇ ਸਾਹਮਣੇ ਭੋਜਨ ਤਿਆਰ ਕਰਵਾ ਕੇ, ਭੋਜਨ ਵਾਲੇ ਬਰਤਨਾਂ ’ਤੇ ਮੁਹਰ ਲਾ ਦਿੰਦਾ ਸੀ ਤਾਂ ਕਿ ਕੋਈ ਦੁਸ਼ਮਣ ਭੋਜਨ ਵਿਚ ਜ਼ਹਿਰ ਆਦਿ ਨਾ ਮਿਲਾ ਸਕੇ। ਜਦੋਂ ਥਾਲ ਪਰੋਸਿਆ ਜਾਂਦਾ ਸੀ, ਤਦ ਵੀ ਥਾਲ ’ਤੇ ਸਰਪੋਸ਼ (ਥਾਲ, ਦੇਗਚੇ ਆਦਿ ਨੂੰ ਢਕਣ ਵਾਲਾ ਕੱਪੜਾ ਜਾਂ ਢੱਕਣ) ਦੇ ਕੇ ਮੁਹਰ ਲਾ ਦਿੱਤੀ ਜਾਂਦੀ ਸੀ। ਇਹ ਮੁਹਰ ਉਸ ਜਿੰਮੇਵਾਰ ਸਰਦਾਰ ਦੀ ਹਾਜ਼ਰੀ ਵਿਚ ਰਾਜੇ ਦੇ ਸਨਮੁਖ ਖੋਲ੍ਹੀ ਜਾਂਦੀ ਸੀ। ਇਸ ਭਾਵ ਤਹਿਤ ਗੁਰਬਾਣੀ ਦਾ ਇਹ ਵਾਕ ਵੀ ਹੈ: ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ (ਗੁਰੂ ਗ੍ਰੰਥ ਸਾਹਿਬ ੬੪੫)। ਗੁਰਬਾਣੀ ਦੇ ਇਸ ਵਾਕ ਦਾ ਅਰਥ ਇਹ ਹੈ ਕਿ ਗੁਰ-ਉਪਦੇਸ਼ ਸਿਖਾਂ ਦੇ ਮਨ ਵਿਚ ਦ੍ਰਿੜ੍ਹ ਕਰਾ ਕੇ, ਗੁਰੂ ਸਾਹਿਬ ਨੇ ਸਿਖ ਮਰਿਆਦਾ ਦੀ ਮੁਹਰ ਛਾਪ ਲਾ ਦਿੱਤੀ ਹੈ ਤਾਂ ਕਿ ਨਿਯਮਾਂ ਵਿਚ ਗੜਬੜ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਅੰਤਮ ਹਿੱਸੇ ਵਿਚ ਆਏ ਮੁੰਦਾਵਣੀ ਦਾ ਭਾਵ ‘ਅੰਤਮ ਮੁਹਰ ਛਾਪ’ ਹੈ। ਸਮਾਪਤੀ ’ਤੇ ਮੁਦ੍ਰਣ ਕਰ ਕੇ ਇਹ ਉਪਦੇਸ਼ ਦਿੱਤਾ ਗਿਆ ਹੈ ਕਿ ਇਥੇ ਧਰਮ-ਗ੍ਰੰਥ ਦੇ ਪਾਠ ਦਾ ਭੋਗ ਹੈ। ਇਸ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਸ਼ਬਦ ਦੇ ਅਰਥ ‘ਬੁਝਾਰਤ’ ਅਤੇ ‘ਅਦ੍ਰਿਸ਼ਟ ਕੂਟ’ ਵੀ ਕੀਤੇ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੭੩੮-੭੩੯


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਰੀਦਕੋਟੀ ਟੀਕੇ ਦੁਆਰਾ ਕੀਤੇ ਅਰਥ ਵੀ ਉਪਰੋਕਤ ਭਾਵ ਪਰਗਟ ਕਰਦੇ ਹਨ। ਇਸ ਅਨੁਸਾਰ ਮੁੰਦਾਵਣੀ ‘ਸਰਪੋਸ਼’ ਨੂੰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਥਾਲ ਵਿਚ ਪ੍ਰਸ਼ਾਦ ਆਦਿ ਰਖ ਕੇ ਉਪਰੋਂ ਸਰਪੋਸ਼ ਨਾਲ ਮੁੰਦ (ਢੱਕ ਕੇ ਮੁਹਰ ਦਾ ਛਾਪਾ ਲਾ) ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਇਸ ਮੁੰਦਾਵਣੀ ਦੁਆਰਾ ਅੱਗੇ ਤੋਂ ਇਸ ਗੱਲ ਦਾ ਨਿਯਮ ਬਣਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਹੋਰ ਬਾਣੀ ਨਾ ਸ਼ਾਮਲ ਨਾ ਕੀਤੀ ਜਾ ਸਕੇ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਲਈ ਸਥਾਨ ਪਹਿਲਾਂ ਤੋਂ ਹੀ ਛੱਡ ਰਖਿਆ ਸੀ।
Bani Footnote ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟੀ ਟੀਕਾ), ਜਿਲਦ ੪, ਫਰੀਦਕੋਟੀ ਟੀਕਾ, ਪੰਨਾ ੨੯੨੧


ਸ਼ਬਦਾਰਥੀ ਵਿਦਵਾਨਾਂ ਨੇ ਮੁਦਾਵਣੀ ਅਤੇ ਮੁੰਦਾਵਣੀ ਦੋਵਾਂ ਸ਼ਬਦਾਂ ਦਾ ਅਰਥ (ਮੁਹਰ ਛਾਪ ਲਾ ਕੇ ਬੰਦ ਕੀਤੀ ਹੋਈ) ਭੇਤ ਵਾਲੀ ਗੱਲ, ਬੁਝਾਰਤ, ਅੜਾਉਣੀ ਕੀਤਾ ਹੈ।
Bani Footnote ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦੂਜੀ, ਪੰਨਾ ੬੪੫ ਅਤੇ ਪੋਥੀ ਚੌਥੀ, ਪੰਨਾ ੧੪੨੯


ਭਾਈ ਵੀਰ ਸਿੰਘ ਨੇ ਵੀ ਮੁਦਾਵਣੀ ਅਤੇ ਮੁੰਦਾਵਣੀ ਦੋਵਾਂ ਸ਼ਬਦਾਂ ਨੂੰ ਸੰਸਕ੍ਰਿਤ ਭਾਸ਼ਾ ਦਾ ਮੰਨਦਿਆਂ ਇਨ੍ਹਾਂ ਦਾ ਅਰਥ ‘ਭੇਦ ਦੀ ਗੱਲ’ ਕੀਤਾ ਹੈ। ਉਨ੍ਹਾਂ ਅਨੁਸਾਰ ਸਾਹਿਤ ਵਿਚ ਅਜਿਹੀ ਰਚਨਾ ਨੂੰ ਮੁੰਦਾਵਣੀ ਕਿਹਾ ਜਾਂਦਾ ਹੈ, ਜਿਸ ਦੇ ਪਰਗਟ ਅਰਥ ਤੋਂ ਇਲਾਵਾ ਕੋਈ ਹੋਰ ਅਰਥ ਜਾਂ ਸਾਰਥਕ ਪਦ ਵੀ ਬਣ ਜਾਵੇ। ਪੰਜਾਬੀ ਵਿਚ ਮੁੰਦਾਵਣੀ ਦਾ ਅਰਥ ਹੈ: ਜਿਸ ਵਿਚ ਭਾਵ ਜਾਂ ਅਰਥ ਮੁੰਦ ਕੇ, ਬੰਦ ਕਰ ਕੇ ਜਾਂ ਲੁਕਾ ਕੇ ਰਖਿਆ ਹੋਵੇ। ਇਸ ਤੋਂ ਇਲਾਵਾ ਬੁਝਾਰਤ, ਅੜਾਉਣੀ ਅਤੇ ਅਜਿਹੀ ਗੱਲ, ਜਿਸ ਨੂੰ ਕੋਈ ਛੇਤੀ ਨਾਲ ਨਾ ਸਮਝ ਸਕੇ ਆਦਿ ਅਰਥ ਵੀ ਕੀਤੇ ਜਾਂਦੇ ਹਨ।
Bani Footnote ਭਾਈ ਵੀਰ ਸਿੰਘ, ਸ੍ਰੀ ਗੁਰੂ ਗ੍ਰੰਥ ਕੋਸ਼, ਪੰਨਾ ੧੦੨੭


ਬੁਝਾਰਤ ਦੇ ਅਰਥਾਂ ਵਿਚ ਮੁੰਦਾਵਣੀ ਸ਼ਬਦ ਦੀ ਵਰਤੋਂ ਪੋਠੋਹਾਰ
Bani Footnote ਪੋਠੋਹਾਰ ਜਾਂ ਪੋਠਵਾਰ ਪੂਰਬ-ਉੱਤਰੀ ਪਾਕਿਸਤਾਨ ਦਾ ਇਕ ਪਠਾਰੀ ਖੇਤਰ ਹੈ। ਇਹ ਪਾਕਿਸਤਾਨੀ ਪੰਜਾਬ ਅਤੇ ਕਸ਼ਮੀਰ ਵਿਚ ਫੈਲਿਆ ਹੈ। ਇਸ ਪਠਾਰ ਵਿਚ ਜਿਹਲਮ, ਚੱਕਵਾਲ, ਰਾਵਲਪਿੰਡੀ ਅਤੇ ਅਟਕ ਚਾਰ ਜਿਲ੍ਹੇ ਸ਼ਾਮਲ ਹਨ। ਇਥੋਂ ਦੇ ਲੋਕ ਪੰਜਾਬੀ ਭਾਸ਼ਾ ਦੀਆਂ ਪੋਠੋਹਾਰੀ ਅਤੇ ਹਿੰਦਕੋ ਉਪਭਾਸ਼ਾਵਾਂ ਬੋਲਦੇ ਹਨ ਅਤੇ ਕੁਝ ਲੋਕ ਪਸ਼ਤੋ ਵੀ ਬੋਲਦੇ ਹਨ। ਪੋਠੋਹਾਰ ਬਹੁਤ ਸਾਰੇ ਪੰਜਾਬੀ ਹਿੰਦੂਆਂ ਅਤੇ ਸਿੱਖਾਂ ਦੇ ਪੂਰਵਜਾਂ ਦੀ ਭੂਮੀ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਤੀਜਾ, ਪੰਨਾ ੧੩੧੪
ਵਿਚ ਹੁਣ ਤਕ ਕੀਤੀ ਜਾਂਦੀ ਹੈ। ਵਿਆਹ ਸਮੇਂ ਜੰਞ ਜਦੋਂ ਰੋਟੀ ਖਾਣ ਬੈਠਦੀ ਸੀ ਤਾਂ ਕੁੜੀਆਂ ਬੁਝਾਰਤ ਪਾ ਕੇ ਥਾਲੀਆਂ ਨੂੰ ਸੰਕੇਤਕ ਰੂਪ ਵਿਚ ਬੰਨ੍ਹ ਦਿੰਦੀਆਂ ਸਨ। ਜਦੋਂ ਤਕ ਉਹ ਬੁਝਾਰਤ ਬੁੱਝੀ ਨਹੀਂ ਜਾਂਦੀ ਸੀ, ਉਦੋਂ ਤਕ ਜੰਞ ਰੋਟੀ ਨਹੀਂ ਖਾ ਸਕਦੀ ਸੀ। ਇਸ ਬੁਝਾਰਤ ਨੂੰ ਵੀ ਮੁੰਦਾਵਣੀ ਕਹਿੰਦੇ ਹਨ। ਆਮ ਬੋਲ-ਚਾਲ ਵਿਚ ਵੀ ਪੋਠੋਹਾਰੀ ਲੋਕ ਹੁਣ ਤਕ ਬੋਲਦੇ ਹਨ ਕਿ ‘ਮੁੰਦਾਵਣੀ ਕਿਉਂ ਪਾਨੇ ਓ? ਸਿੱਧੀ ਗੱਲ ਦੱਸੋ।’
Bani Footnote ਪੰਜਾਬੀ ਲੋਕ-ਸਾਹਿਤ ਵਿਚ ਬੰਨ੍ਹੀ ਹੋਈ ਜੰਞ ਨੂੰ ਛਡਾਉਣ ਲਈ ਜੰਞ ਵਿਚ ਆਏ ਕਿਸੇ ਵਿਅਕਤੀ ਵੱਲੋਂ ਛੰਦਾਬੰਦੀ ਵਿਚ ਬੋਲੀ ਗਈ ਕਾਵਿ-ਰਚਨਾ ਵੀ ਪ੍ਰਾਪਤ ਹੁੰਦੀ ਹੈ। ਇਸ ਕਾਵਿ-ਰਚਨਾ ਨੂੰ ‘ਪੱਤਲ ਕਾਵਿ’ ਕਿਹਾ ਜਾਂਦਾ ਹੈ। -ਗੁਰਦੇਵ ਸਿੰਘ ਸਿੱਧੂ, ਪੱਤਲ ਕਾਵਿ, ਪੰਨਾ ੩-੧੦
ਗੁਰੂ ਗ੍ਰੰਥ ਸਾਹਿਬ ਦੀਆਂ ਦੋਵਾਂ ਮੁੰਦਾਵਣੀਆਂ (ਗੁਰੂ ਅਮਰਦਾਸ ਸਾਹਿਬ ਦੀ ਵਾਰ ਦੇ ਸਲੋਕ ਵਿਚ ‘ਮੁਦਾਵਣੀ’ ਸ਼ਬਦ ਅਤੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤੇ ਸਲੋਕਾਂ ਦੇ ਸਿਰਲੇਖ ‘ਮੁੰਦਾਵਣੀ’) ਵਿਚ ਵੀ ‘ਥਾਲ’ ਦਾ ਜਿਕਰ ਹੈ ਅਤੇ ਨਾਲ ਹੀ ਭੋਜਨ ਦਾ ਵਰਣਨ ਹੈ।
Bani Footnote ਭਾਈ ਵੀਰ ਸਿੰਘ, ਸ੍ਰੀ ਗੁਰੂ ਗ੍ਰੰਥ ਕੋਸ਼, ਪੰਨਾ ੫੪੧


ਦੂਜੇ ਪਾਸੇ ਮੁੰਦਾਵਣੀ ਅਤੇ ਮੁਦਾਵਣੀ ਸ਼ਬਦਾਂ ਦੇ ਵਖ-ਵਖ ਅਰਥ ਕਰਦਿਆਂ ਸੰਤ ਕਿਰਪਾਲ ਸਿੰਘ ਨੇ ਵੀ ਮੁੰਦਾਵਣੀ ਦੇ ਅਰਥ ‘ਮੁਹਰ ਛਾਪ’ ਅਤੇ ‘ਮੁੰਦ੍ਰਣ’ ਕੀਤੇ ਹਨ। ਮੁਹਰ ਛਾਪ ਦੇ ਅਰਥਾਂ ਲਈ ਉਨ੍ਹਾਂ ਨੇ ਇਹ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਬਾਦਸ਼ਾਹ ਆਪਣੇ ਸਾਹਮਣੇ ਥੈਲੇ ਵਿਚ ਹੀਰੇ, ਰਤਨ, ਜਵਾਹਰ ਆਦਿ ਪਾ ਕੇ ਉਪਰੋਂ ਮੁਹਰ ਲਗਵਾ ਦਿੰਦੇ ਹਨ ਤਾਂ ਕਿ ਥੈਲੇ ਨੂੰ ਕੋਈ ਖੋਲ੍ਹ ਨਾ ਸਕੇ ਅਤੇ ਨਾ ਹੀ ਕੋਈ ਅਦਲਾ-ਬਦਲੀ ਕਰ ਸਕੇ। ਗੁਰੂ ਅਰਜਨ ਸਾਹਿਬ ਨੇ ਵੀ ਇਸ ਬਾਣੀ ਰੂਪੀ ਥੈਲੇ ਵਿਚ ਨਾਮ, ਸ਼ੁਧਤਾ, ਪ੍ਰੇਮ, ਭਗਤੀ ਰੂਪੀ ਹੀਰੇ, ਮੋਤੀ ਆਦਿ ਪਾ ਕੇ ਮੁੰਦਾਵਣੀ, ਭਾਵ ਆਪਣੀ ਮੁਹਰ ਛਾਪ ਲਾ ਦਿੱਤੀ। ਮੁੰਦਾਵਣੀ ਦਾ ‘ਮੁੰਦ੍ਰਣ’ ਅਰਥ ਕਰਦਿਆਂ ਉਨ੍ਹਾਂ ਨੇ ਭਾਈ ਕਾਨ੍ਹ ਸਿੰਘ ਨਾਭਾ ਦੀ ਭੋਜਨ ਉਪਰ ਸਰਪੋਸ਼ ਲਾਉਣ ਵਾਲੀ ਉਦਾਹਰਣ ਨੂੰ ਹੀ ਦੁਹਰਾਇਆ ਹੈ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦਸਵੀਂ, ਪੰਨਾ ੮੬੧-੮੬੨
ਇਥੇ ਜਿਕਰਜੋਗ ਹੈ ਕਿ ਮੁਹਰ ਛਾਪ ਅਤੇ ਮੁੰਦ੍ਰਣ ਦੋਹਾਂ ਵਿਚ ਕੋਈ ਬਹੁਤਾ ਅੰਤਰ ਨਹੀਂ ਹੈ। ਵਿਦਵਾਨਾਂ ਦੁਆਰਾ ਇਹ ਦੋਵੇਂ ਸ਼ਬਦ ਇਕੋ ਭਾਵ ਤਹਿਤ ਵਰਤੇ ਗਏ ਹਨ। ਸੰਤ ਕਿਰਪਾਲ ਸਿੰਘ ਨੇ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਣ ਕੀਤੇ ਸਲੋਕਾਂ ਦੇ ਸਿਰਲੇਖ ਵਿਚ ਆਏ ‘ਮੁਦਾਵਣੀ’ ਸ਼ਬਦ ਨੂੰ ਸਿੱਖਿਆ ਜਾਂ ਬੁਝਾਰਤ ਦੇ ਰੂਪ ਵਿਚ ਹੀ ਲਿਆ ਹੈ ਅਤੇ ਪੰਜਾਬ ਦੇ ਵਿਆਹ ਵਿਚ ਪਾਈ ਜਾਣ ਵਾਲੀ ‘ਮੁਦਾਵਣੀ’ (ਬੁਝਾਰਤ) ਦਾ ਉਲੇਖ ਕੀਤਾ ਹੈ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਪੰਜਵੀਂ, ਪੰਨਾ ੬੩੭


ਮਹਾਂਕਵੀ ਭਾਈ ਸੰਤੋਖ ਸਿੰਘ ਨੇ ਮੁੰਦਾਵਣੀ ਨੂੰ ‘ਸਮਾਪਤੀ ਦੀ ਮੁਹਰ’ ਲਿਖਿਆ ਹੈ। ਉਹ ਆਪਣੇ ਗ੍ਰੰਥ ਵਿਚ ਲਿਖਦੇ ਹਨ:
ਲਿਖੇ ਸਮੱਸਤ ਸਵੈਯੇ ਸੋਊ ਸ੍ਰੀ ਗ੍ਰੰਥ ਸਾਹਿਬ ਕੇ ਮਾਂਹਿ।
ਅੰਤ ਸਰਬ ਕੇ ਲਿਖਿ ਮੁੰਦਾਵਣੀ ਮੁੰਦ੍ਰਿਤ ਮੁਹਰ ਲਗੀ ਜਨੁ ਵਾਹਿ।
Bani Footnote ਡਾ. ਕਿਰਪਾਲ ਸਿੰਘ (ਸੰਪਾ.) ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ-ਬਿਰਤਾਂਤ (ਭਾਗ ਦੂਜਾ) ਕ੍ਰਿਤ ਮਹਾਂਕਵੀ ਸੰਤੋਖ ਸਿੰਘ, ਪੰਨਾ ੩੪੪

ਉਪਰੋਕਤ ਤੁਕਾਂ ਦਾ ਅਰਥ ਡਾ. ਕਿਰਪਾਲ ਸਿੰਘ ਇਸ ਪ੍ਰਕਾਰ ਕਰਦੇ ਹਨ:
ਭੱਟਾਂ ਦੇ ਸਾਰੇ ਸਵੱਈਏ ਗੁਰੂ ਗ੍ਰੰਥ ਸਾਹਿਬ ਵਿਚ ਲਿਖ ਦਿੱਤੇ ਗਏ ਤੇ ਅੰਤ ਵਿਚ ਸਭ ਤੋਂ ਬਾਅਦ ਮੁੰਦਾਵਣੀ ਸ਼ਬਦ ਲਿਖ ਕੇ ਜਾਣੋ ਉਸ ਬਾਣੀ ਨੂੰ ਬੰਦ ਕਰਨ ਦੀ ਮੋਹਰ ਲਾ ਦਿੱਤੀ।
Bani Footnote ਡਾ. ਕਿਰਪਾਲ ਸਿੰਘ (ਸੰਪਾ.) ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ-ਬਿਰਤਾਂਤ (ਭਾਗ ਦੂਜਾ) ਕ੍ਰਿਤ ਮਹਾਂਕਵੀ ਸੰਤੋਖ ਸਿੰਘ, ਪੰਨਾ ੩੪੫


ਨਿੱਕੀ ਗੁਨਿੰਦਰ ਕੌਰ ਸਿੰਘ ਨੇ ਮੁੰਦਾਵਣੀ ਦੇ ਅਰਥ ਮੁਹਰ ਕੀਤੇ ਹਨ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੁੰਦੀ ਹੈ।
Bani Footnote ਨਿੱਕੀ ਗੁਨਿੰਦਰ ਕੌਰ ਸਿੰਘ, ਵਰਸਜ ਆਫ਼ ਸਿਖ ਗੁਰੂਜ ਦਾ ਨੇਮ ਆਫ਼ ਮਾਈ ਬਿਲਵਡ, ਪੰਨਾ ੧੧੯


ਪ੍ਰੋ. ਸਾਹਿਬ ਸਿੰਘ ਨੇ ਗੁਰੂ ਅਮਰਦਾਸ ਸਾਹਿਬ ਦੁਆਰਾ ‘ਸੋਰਠਿ ਕੀ ਵਾਰ’ ਦੇ ਸਲੋਕ ਅਤੇ ਗੁਰੂ ਅਰਜਨ ਸਾਹਿਬ ਦੁਆਰਾ ‘ਮੁੰਦਾਵਣੀ’ ਸਿਰਲੇਖ ਹੇਠ ਉਚਾਰਣ ਕੀਤੇ ਸਲੋਕਾਂ ਦਾ ਵਿਸ਼ਾ ਇਕ ਹੀ ਮੰਨਿਆ ਹੈ। ਉਨ੍ਹਾਂ ਨੇ ‘ਮੁਦਾਵਣੀ’ ਅਤੇ ‘ਮੁੰਦਾਵਣੀ’ ਦੋਵਾਂ ਸ਼ਬਦਾਂ ਦਾ ਅਰਥ ‘ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ’ ਕੀਤਾ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਦੋਵਾਂ ਸ਼ਬਦਾਂ ਦੀ ਉਤਪਤੀ ‘ਮੁਦ੍’ (मुद् to please, ਪ੍ਰਸੰਨ ਕਰਨਾ; मोदयति: please) ਧਾਤੂ ਤੋਂ ਹੋਈ ਹੈ। ਇਨ੍ਹਾਂ ਦੋਵਾਂ ਸ਼ਬਦਾਂ (ਮੁਦਾਵਣੀ ਅਤੇ ਮੁੰਦਾਵਣੀ) ਵਿਚਾਲੇ ਟਿੱਪੀ ਦਾ ਮਾਮੂਲੀ ਅੰਤਰ ਹੈ। ਉਂਝ ਇਹ ਦੋਵੇਂ ਸ਼ਬਦ ਇਕ ਹੀ ਹਨ। ਦੋਵਾਂ ਥਾਵਾਂ ’ਤੇ ਇਹ ਲਫਜ ‘ਇਸਤਰੀ ਲਿੰਗ’ ਵਿਚ ਵਰਤੇ ਗਏ ਹਨ। ਗੁਰੂ ਅਰਜਨ ਸਾਹਿਬ ‘ਮੁੰਦਾਵਣੀ’ ਬਾਰੇ ਆਖਦੇ ਹਨ ਕਿ ‘ਏਹ ਵਸਤੁ ਤਜੀ ਨਹ ਜਾਈ’ ਇਸ ਨੂੰ ‘ਨਿਤ ਨਿਤ ਰਖੁ ਉਰਿ ਧਾਰੋ ॥’ ਇਹੀ ਗੱਲ ਗੁਰੂ ਅਮਰਦਾਸ ਸਾਹਿਬ ਨੇ ਇਉਂ ਆਖੀ ਹੈ ਕਿ: ‘ਏਹ ਮੁਦਾਵਣੀ ਕਿਉ ਵਿਚਹੁ ਕਢੀਐ? ਸਦਾ ਰਖੀਐ ਉਰਿ ਧਾਰਿ ॥’
Bani Footnote ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ੧੦, ਪੰਨਾ ੬੯੦-੬੯੧


ਭਾਈ ਰਣਧੀਰ ਸਿੰਘ ਅਨੁਸਾਰ ਵੀ ਮੁਦਾਵਣੀ ਸ਼ਬਦ ‘ਮੁਦ’ ਤੋਂ ਬਣਿਆ ਹੈ, ਜਿਹੜਾ ‘ਮੁਦਤਾ’ ਭਾਵ ‘ਖੁਸ਼ੀ’ ਦਾ ਅਰਥ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ‘ਸੋਰਠਿ ਕੀ ਵਾਰ’ ਵਿਚ ਆਏ ਸਲੋਕ ਵਿਚ ਇਹ ਭਾਵ ਪਰਗਟ ਕੀਤਾ ਗਿਆ ਹੈ। ਇਸ ਸਲੋਕ ਵਿਚ ਆਈਆਂ ਤੁਕਾਂ ‘ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥’ ਦੇ ਅਰਥ ਕਰਦਿਆਂ ਭਾਈ ਸਾਹਿਬ ਨੇ ਲਿਖਿਆ ਹੈ ਕਿ ਇਹ ਅਨੰਦਮਈ ਮੁਦਾਵਣੀ ਰੂਪੀ ਨਾਮ-ਅੰਮ੍ਰਿਤ ਸਦਾ ਹਿਰਦੇ ਵਿਚ ਵਸਾ ਕੇ ਰਖਣਾ ਚਾਹੀਦਾ ਹੈ। ਸਦਾ ਇਸ ਦਾ ਭਜਨ-ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਇਸ ਨੂੰ ਹਿਰਦੇ ਵਿਚੋਂ ਕਿਉਂ ਬਾਹਰ ਕੱਢਿਆ ਜਾਵੇ? ਇਹ ਅਨੰਦ ਅਤੇ ਖੁਸ਼ੀ ਭਰਪੂਰ ਮੁਦਾਵਣੀ ਸੱਚੇ ਸਤਿਗੁਰੂ ਨੇ ਆਪਣੀ ਕਿਰਪਾ ਨਾਲ ਗੁਰਸਿਖਾਂ ਨੂੰ ਪ੍ਰਾਪਤ ਕਰਵਾਈ ਹੈ। ਗੁਰੂ ਦੀ ਕਿਰਪਾ ਨਾਲ ਹੀ ਗੁਰਸਿਖਾਂ ਨੇ ਅਤੁੱਟ ਅਭਿਆਸ ਕਰਕੇ ਹਿਰਦੇ ਵਿਚੋਂ ਹੀ ਲੱਭ ਲਈ ਹੈ। ‘ਮੁੰਦਾਵਣੀ’ ਸ਼ਬਦ ਬਾਰੇ ਭਾਈ ਰਣਧੀਰ ਸਿੰਘ ਦਾ ਕਥਨ ਹੈ ਕਿ ਇਸ ਦਾ ਸਾਫ ਭਾਵ ਹੈ ਕਿ ਇਥੇ ਗੁਰਬਾਣੀ ਮੁੰਦੀ ਗਈ, ਸਮਾਪਤ ਹੋ ਗਈ, ਮੁਹਰ ਛਾਪ ਲੱਗ ਗਈ।
Bani Footnote ਭਾਈ ਰਣਧੀਰ ਸਿੰਘ, ਗੁਰਬਾਣੀ ਦੀਆਂ ਲਗਾਂਮਾਤ੍ਰਾਂ ਦੀ ਵਿਲੱਖਣਤਾ, ਪੰਨਾ ੪੩੬


ਭਾਸ਼ਾਗਤ ਦ੍ਰਿਸ਼ਟੀ ਤੋਂ ‘ਮੁੰਦਾਵਣੀ/ਮੁਦਾਵਣੀ’ ਦਾ ਸੰਬੰਧ ‘ਮੁਦ੍ਰਿ’ (मुदृ) ਧਾਤੂ ਨਾਲ ਹੈ, ਜਿਸ ਦਾ ਅਰਥ ਹੈ: ਬੰਦ ਕਰਨਾ, ਮੁਹਰ ਲਾਉਣਾ ਆਦਿ।
Bani Footnote ਜੀ. ਐਸ. ਰਿਆਲ, ਪੰਜਾਬੀ ਭਾਸ਼ਾ ਦਾ ਨਿਰੁਕਤ ਕੋਸ਼, ਪੰਨਾ ੫੩੬
ਬ੍ਰਜ, ਰਾਜਸਥਾਨੀ, ਮਰਾਠੀ ਆਦਿ ਭਾਸ਼ਾਵਾਂ ਵਿਚ ‘ਮੁੰਦਨ/ਮੂੰਦਨਾ/ਮੂੰਦਨੇ’ ਸ਼ਬਦ ਉਪਰੋਕਤ ਧਾਤੂ ਤੋਂ ਹੀ ਵਿਗਸੇ ਹਨ, ਜਿੰਨ੍ਹਾਂ ਨੂੰ ਬੰਦ ਕਰਨਾ, ਮੀਟਣਾ (ਅੱਖਾਂ, ਕੰਨ ਆਦਿ) ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਗੁਰਬਾਣੀ ਵਿਚ ਉਪਰੋਕਤ ਸ਼ਬਦ ‘ਮੁੰਦਣਿ’ ਦੇ ਰੂਪ ਵਜੋਂ ਵੀ ਵਰਤਿਆ ਮਿਲਦਾ ਹੈ: ਆਢ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ ਗੁਰੂ ਗ੍ਰਥ ਸਾਹਿਬ ਵਿਚ ਜਿਸ ਤਰ੍ਹਾਂ ਕੁਝ ਸ਼ਬਦਾਂ ਜਿਵੇਂ, ‘ਅਨਦ/ਅਨੰਦ’, ਧਨਿ/ਧੰਨਿ ਆਦਿ ਦੀ ਸਥਿਤੀ ਹੈ, ਉਸੇ ਤਰ੍ਹਾਂ ਹੀ ‘ਮੁਦਾਵਣੀ/ਮੁੰਦਾਵਣੀ’ ਨੂੰ ਸਮਝਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਾਵਿਗਤ ਦ੍ਰਿਸ਼ਟੀ ਤੋਂ ਕਿਸੇ ਵਿਸ਼ੇਸ਼ ਪਦੇ ਅਧੀਨ ਉਪਰੋਕਤ ਸ਼ਬਦਾਂ ਨੂੰ ਮਾਤ੍ਰਿਕ ਤੌਰ ’ਤੇ ਵਧਾਇਆ-ਘਟਾਇਆ ਗਿਆ ਹੋਵੇ, ਪਰ ਅਰਥਗਤ ਦ੍ਰਿਸ਼ਟੀ ਤੋਂ ਇਹ ਸ਼ਬਦ ਇਕ ਹੀ ਹਨ। ਇਸ ਕਰਕੇ ਪ੍ਰੋ. ਸਾਹਿਬ ਸਿੰਘ ਅਤੇ ਭਾਈ ਰਣਧੀਰ ਸਿੰਘ ਦੁਆਰਾ ਮੁੰਦਾਵਣੀ ਦੇ ‘ਮੁਦ੍’ ਧਾਤੂ ਤੋ ਲਏ ‘ਖੁਸ਼ੀ’ ਦੇ ਅਰਥ ਪ੍ਰਸੰਗਕ ਨਹੀਂ ਜਾਪਦੇ। ਇਥੇ ਇਹ ਵੀ ਜਿਕਰਜੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਵਿਚ ਦੋਵੇਂ ਥਾਂਵਾਂ ’ਤੇ ‘ਮੁੰਦਾਵਣੀ’ ਰੂਪ ਹੀ ਮਿਲਦਾ ਹੈ। ‘ਪਾਠ ਭੇਦਾਂ ਦੀ ਸੂਚੀ’ ਪੁਸਤਕ ਵਿਚ ਤਕਰੀਬਨ ੧੨ ਹੱਥ-ਲਿਖਤ ਬੀੜਾਂ ਵਿਚ ਪਾਠ ‘ਮੁੰਦਾਵਣੀ’ ਅੰਕਤ ਹੈ। ਇਸੇ ਤਰ੍ਹਾਂ ਅਣਗਿਣਤ ਹੋਰ ਹੱਥ-ਲਿਖਤ ਬੀੜਾਂ ਵਿਚ ਵੀ ਹਰ ਥਾਂ ਪਾਠ ‘ਮੁੰਦਾਵਣੀ’ ਹੀ ਮਿਲਦਾ ਹੈ। ਕੁਝ ਹੱਥ-ਲਿਖਤ ਬੀੜਾਂ ਵਿਚ ‘ਮੁੰਦਾਵਣੀ’ ਵਾਲੇ ਸ਼ਬਦ ਦੀ ਸਮਾਪਤੀ ਉੱਤੇ ‘ਇਹ ਭੋਗੁ ਆਦਿ ਗਿਰੰਥ ਜੀ ਹੈ’ ਸੂਚਨਾ ਵੀ ਅੰਕਤ ਕੀਤੀ ਮਿਲਦੀ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੰਦਾਵਣੀ, ਪੰਨਾ ੨੩੯


ਸਮੁੱਚੇ ਰੂਪ ਵਿਚ ਦੇਖਿਆ ਜਾਵੇ ਤਾਂ ਜਿਆਦਾਤਰ ਵਿਦਵਾਨਾਂ ਨੇ ਮੁੰਦਾਵਣੀ/ਮੁਦਾਵਣੀ ਦਾ ਅਰਥ ‘ਮੁੰਦਣਾ’ ਤੇ ‘ਮੁਹਰ ਛਾਪ’ ਕੀਤੇ ਹਨ। ਇਨ੍ਹਾਂ ਦੋਹਾਂ ਦਾ ਲਗਭਗ ਇਕੋ ਹੀ ਅਰਥ ਹੈ। ਇਨ੍ਹਾਂ ਅਰਥਾਂ ਲਈ ਬਹੁਤੇ ਵਿਦਵਾਨ ‘ਸਿੱਖਾਂ ਦੀ ਭਗਤਮਾਲਾ’
Bani Footnote ‘ਸਿੱਖਾਂ ਦੀ ਭਗਤਮਾਲਾ’ ਸਿੱਖ ਧਰਮ ਦੇ ਇਤਿਹਾਸਕ ਅਤੇ ਧਾਰਮਿਕ ਪੱਖਾਂ ਨੂੰ ਉਜਾਗਰ ਕਰਨ ਵਾਲੀ ਅਠਾਰਵੀਂ ਸਦੀ ਦੀ ਇਕ ਮਹੱਤਵਪੂਰਨ ਰਚਨਾ ਹੈ। ਇਸ ਨੂੰ ਭਾਈ ਮਨੀ ਸਿੰਘ ਜੀ ਨਾਲ ਜੋੜਿਆ ਜਾਂਦਾ ਹੈ। ਪਰ ਆਧੁਨਿਕ ਖੋਜ ਇਸ ਦਾ ਰਚਨਾਕਾਰ ਭਾਈ ਸੂਰਤ ਸਿੰਘ ਨੂੰ ਮੰਨਦੀ ਹੈ। ਇਸ ਦਾ ਰਚਨਾਕਾਲ ੧੭੭੮-੧੭੮੩ ਈ. ਮੰਨਿਆ ਜਾਂਦਾ ਹੈ। ੧੬੦ ਸਾਖੀਆਂ ਵਾਲੀ ਇਹ ਰਚਨਾ ਭਾਈ ਗੁਰਦਾਸ ਜੀ ਦੀ ੧੧ਵੀਂ ਵਾਰ ਦਾ ਟੀਕਾ ਹੈ। -ਸਿਖਾਂ ਦੀ ਭਗਤਮਾਲਾ ਕ੍ਰਿਤ ਭਾਈ ਸੂਰਤ ਸਿੰਘ, ਸ.ਸ. ਪਦਮ (ਸੰਪਾ.), ਪੰਨਾ ੩੩-੬੩
ਪੁਸਤਕ ਨੂੰ ਅਧਾਰ ਬਣਾਉਂਦੇ ਹਨ। ਇਸ ਪੁਸਤਕ ਅਨੁਸਾਰ ਕੁਝ ਸਿਖਾਂ ਨੇ ਭਾਈ ਮਨੀ ਸਿੰਘ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬਾਨ ਬਾਰੇ ਜਿਹੜੀਆਂ ਗੋਸ਼ਟਾਂ
Bani Footnote ਗੋਸ਼ਟ ਜਾਂ ‘ਗੋਸਟਿ’ ਇਕ ਪਰੰਪਰਾਗਤ ਅਤੇ ਸੰਵਾਦਾਤਮਕ ਸਾਹਿਤ ਵਿਧਾ ਹੈ। ਗੋਸਟਿ ਸ਼ਬਦ ਦੀ ਵਰਤੋਂ ਇਕੱਠੇ ਮਿਲ ਕੇ ਬੈਠੇ ਹੋਏ ਲੋਕਾਂ ਵਿਚਲੀ ਗੱਲਬਾਤ, ਵਾਰਤਾਲਾਪ ਜਾਂ ਚਰਚਾ ਲਈ ਕੀਤੀ ਜਾਂਦੀ ਹੈ। ਪੰਜਾਬੀ ਵਿਚ ਗੋਸਟਿ ਲਿਖਣ ਦਾ ਆਰੰਭ ਗੁਰੂ ਨਾਨਕ ਸਾਹਿਬ ਦੀ ਰਚਨਾ ‘ਸਿਧ-ਗੋਸਟਿ’ ਤੋਂ ਮੰਨਿਆ ਜਾਂਦਾ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੮੧੬; ਪਰ ਇਥੇ ਗੋਸ਼ਟ ਜਾਂ ਗੋਸ਼ਟਾਂ ਦਾ ਅਰਥ ਜਨਮਸਾਖੀਆਂ (ਖਾਸ ਕਰ ਭਾਈ ਬਾਲੇ ਵਾਲੀ ਜਨਮਸਾਖੀ) ਆਦਿ ਪੁਸਤਕਾਂ ਤੋਂ ਹੈ। ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ਜੀਵਨ ਬਿਰਤਾਂਤ ਹਨ।
ਹੁਣ ਤਕ ਲਿਖੀਆਂ ਗਈਆਂ ਹਨ, ਉਨ੍ਹ੍ਹਾਂ ਵਿਚ ਛੋਟੇ ਮੇਲ ਵਾਲਿਆਂ (ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪਿਰਥੀ ਚੰਦ ਅਤੇ ਉਸ ਦੇ ਪੁੱਤਰ ਮਿਹਰਬਾਨ ਦੀ ਸੰਪਰਦਾਇ) ਨੇ ਆਪਣੇ ਮਤ ਦੀਆਂ ਗੱਲਾਂ ਲਿਖ ਦਿੱਤੀਆਂ ਹਨ। ਅਜਿਹਾ ਲਿਖ ਕੇ ਗੋਸ਼ਟਾਂ ਨੂੰ ਦੂਸ਼ਿਤ ਕੀਤਾ ਹੈ। ਭਾਈ ਮਨੀ ਸਿੰਘ ਨੇ ਕਿਹਾ ਇਸ ਦੇ ਹੱਲ ਲਈ ਇਸ ਗੋਸ਼ਟ (ਸਿੱਖਾਂ ਦੀ ਭਗਤਮਾਲਾ) ਦੇ ਭੋਗ ਉਪਰ ਮੁੰਦਾਵਣੀ ਲਿਖ ਦਿੰਦੇ ਹਾਂ ਅਤੇ ਸਭ ਸਾਖੀਆਂ/ਗੋਸ਼ਟਾਂ ਗਿਣ ਛੱਡਦੇ ਹਾਂ ਤਾਂ ਕਿ ਇਨ੍ਹਾਂ ਤੋਂ ਬਿਨਾਂ ਹੋਰ ਕੋਈ ਸਾਖੀ/ਗੋਸ਼ਟ ਸ਼ਾਮਲ ਨਾ ਕਰ ਸਕੇ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੰਦਾਵਣੀ, ਪੰਨਾ ੮੭


ਉਪਰੋਕਤ ਵਿਚਾਰ-ਚਰਚਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਲੋਕ ਦੇ ਸਿਰਲੇਖ ਵਿਚ ਆਏ ਸ਼ਬਦ ‘ਮੁੰਦਾਵਣੀ’ ਦਾ ਭਾਵ ਮੁਹਰ ਛਾਪ ਹੈ। ‘ਸਿੱਖਾਂ ਦੀ ਭਗਤਮਾਲਾ’ ਤੋਂ ਵੀ ਇਹੀ ਸਿੱਧ ਹੁੰਦਾ ਹੈ ਕਿ ਮੁੰਦਾਵਣੀ ਅਜਿਹੀ ਮੁਹਰ ਛਾਪ ਹੈ, ਜਿਸ ਤੋਂ ਅੱਗੇ ਕੋਈ ਹੋਰ ਰਚਨਾ ਸ਼ਾਮਲ ਨਾ ਕੀਤੀ ਜਾ ਸਕੇ। ਇਸ ਲਈ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਕੀਤੇ ਅਰਥ ਦਰੁਸਤ ਹਨ। ਇਨ੍ਹਾਂ ਅਰਥਾਂ ਅਨੁਸਾਰ ਮੁਦਾਵਣੀ ਅਤੇ ਮੁੰਦਾਵਣੀ ਦੋਵੇਂ ਸ਼ਬਦ ਅੰਤਰ-ਸੰਬੰਧਤ ਹਨ। ਗੁਰੂ ਅਮਰਦਾਸ ਸਾਹਿਬ ਵਾਲੇ ਸਲੋਕ ਵਿਚ ਮੁਦਾਵਣੀ, ਭਾਵ ਭੇਤ ਵਾਲੀ ਗੱਲ, ਬੁਝਾਰਤ ਜਾਂ ਅੜਾਉਣੀ ਇਹ ਹੈ ਕਿ ਉਥੇ ਥਾਲ ਵਿਚ ਪਰੋਸੇ ਤਿੰਨ ਵਸਤੂਆਂ ਤੋਂ ਬਣੇ ਭੋਜਨ ਦੇ ਗੁਣ ਤਾਂ ਬਿਆਨ ਕੀਤੇ ਗਏ ਹਨ, ਪਰ ਉਨ੍ਹਾਂ ਵਸਤੂਆਂ ਬਾਰੇ ਨਹੀਂ ਦੱਸਿਆ ਗਿਆ। ਕਿਹਾ ਗਿਆ ਹੈ ਕਿ ਇਨ੍ਹਾਂ ਵਸਤੂਆਂ ਦੀ ਖੋਜ ਜਗਿਆਸੂਆਂ ਨੇ ਆਪ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਤੇ ਸੰਪਾਦਨਾ ਵੇਲੇ ਵਿਚ ਗੁਰੂ ਅਰਜਨ ਸਾਹਿਬ ਨੇ ਮੁੰਦਾਵਣੀ ਵਿਚ ਉਨ੍ਹਾਂ ਵਸਤੂਆਂ (ਸਤ, ਸੰਤੋਖ ਅਤੇ ਵਿਚਾਰ) ਬਾਰੇ ਦੱਸ ਕੇ ਗੁਰੂ ਅਮਰਦਾਸ ਸਾਹਿਬ ਦੁਆਰਾ ਪਾਈ ਬੁਝਾਰਤ ਹੱਲ ਕਰ ਦਿੱਤੀ ਹੈ। ਸੋ, ਮੁੰਦਾਵਣੀ ਦਾ ਅਰਥ ਉਹ ਮੁਹਰ ਛਾਪ ਹੀ ਢੁੱਕਵਾਂ ਹੈ, ਜਿਸ ਵਿਚ ਬੁਝਾਰਤ ਨੁਮਾ ਭੇਤ ਵਾਲੀ ਗੱਲ ਬੰਦ ਕੀਤੀ ਹੁੰਦੀ ਹੈ। ਇਹੀ ਮੁਹਰ ਛਾਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪੂਰਨਤਾ ਦੀ ਵੀ ਸੰਕੇਤਕ ਹੈ।
Bani Footnote ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦੂਜੀ, ਪੰਨਾ ੬੪੫ ਅਤੇ ਪੋਥੀ ਚੌਥੀ, ਪੰਨਾ ੧੪੨੯
ਮੁੰਦਾਵਣੀ ਦੇ ‘ਪ੍ਰਸੰਨਤਾ ਦੇਣ ਵਾਲੀ ਵਸਤੂ’ ਦੇ ਅਰਥਾਂ ਨੂੰ ਜਿਵੇਂ ਕਿ ਉਪਰ ਇਸ਼ਾਰਾ ਕੀਤਾ ਗਿਆ ਹੈ, ਭਾਸ਼ਾਗਤ ਦ੍ਰਿਸ਼ਟੀ ਤੋਂ ਸਾਰਥਕ ਨਹੀਂ ਮੰਨਿਆ ਜਾ ਸਕਦਾ।