Guru Granth Sahib Logo
  
ਸਿਰਜਣਹਾਰ ਪ੍ਰਭੂ ਵੱਲੋਂ ਸਾਜੀ ਕੁਦਰਤ ਵਿਚ ਮਨੁਖ ਇਕ ਸੰਵੇਦਨਸ਼ੀਲ ਪ੍ਰਾਣੀ ਹੈ। ਇਕ ਪਾਸੇ ਕੁਦਰਤੀ ਵਰਤਾਰੇ ਮਨੁਖ ਦੀ ਇਸ ਸੰਵੇਦਨਸ਼ੀਲਤਾ ਨੂੰ ਪ੍ਰਭਾਵਤ ਕਰਦੇ ਹਨ। ਦੂਜੇ ਪਾਸੇ ਮਨੁਖ ਦਾ ਇਨ੍ਹਾਂ ਵਰਤਾਰਿਆਂ ਪ੍ਰਤੀ ਨਜਰੀਆ ਵੀ ਉਸ ਦੀ ਆਪਣੀ ਮਾਨਸਿਕ ਦਸ਼ਾ ਅਨੁਸਾਰ ਹੁੰਦਾ ਹੈ। ਬਹੁਤੀ ਵਾਰ ਕੁਦਰਤ ਦੀ ਖੂਬਸੂਰਤੀ ਮਨੁਖ ਨੂੰ ਅਨੰਦਤ ਕਰਦੀ ਹੈ, ਪਰ ਵਿਛੋੜੇ ਦਾ ਸੱਲ੍ਹ ਹੰਢਾਅ ਰਹੇ ਮਨੁਖ ਨੂੰ ਇਹ ਸੁਹਾਵਣੀ ਤੇ ਸੁਖਾਵੀਂ ਨਹੀਂ ਲੱਗਦੀ। ਸਗੋਂ ਉਸ ਦੇ ਵਿਛੋੜੇ ਦੇ ਦਰਦ ਨੂੰ ਹੋਰ ਉਤੇਜਿਤ ਕਰਦੀ ਹੈ।

ਕੁਦਰਤੀ ਵਰਤਾਰਿਆਂ ਦੇ ਮਨੁਖੀ ਮਨ ਉਪਰ ਪੈਣ ਵਾਲੇ ਪ੍ਰਭਾਵਾਂ ਨੂੰ ਸਾਹਿਤ ਦੇ ਅਨੇਕ ਰੂਪਾਂ ਵਿਚ ਸਿਧੇ-ਅਸਿਧੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ। ਬਾਰਹ ਮਾਹਾ ਵੀ ਇਕ ਅਜਿਹਾ ਹੀ ਕਾਵਿ-ਰੂਪ ਹੈ, ਜਿਸ ਵਿਚ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਦੇ ਅਧਾਰ ’ਤੇ ਪਹਿਲਾਂ ਵਿਛੋੜਾ ਭੋਗ ਰਹੇ ਅਤੇ ਮਗਰੋਂ ਮਿਲਾਪ ਨੂੰ ਮਾਣ ਰਹੇ ਮਨੁਖੀ ਮਨ ਉਪਰ ਪੈਣ ਵਾਲੇ ਕੁਦਰਤੀ ਵਰਤਾਰਿਆਂ ਦੇ ਪ੍ਰਭਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਦੋ ਬਾਰਹ ਮਾਹਾ ਮਿਲਦੇ ਹਨ। ਪਹਿਲਾ, ਤੁਖਾਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤਾ ਹੋਇਆ
Bani Footnote ਬਾਰਹ ਮਾਹਾ ਤੁਖਾਰੀ ਬਾਰੇ ਜਾਣਕਾਰੀ ਲਈ ਲਿੰਕ: https://gurugranthsahib.io/bani/Barahmaha
ਅਤੇ ਦੂਜਾ, ਮਾਝ ਰਾਗ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤਾ ਹੋਇਆ।

ਗੁਰੂ ਅਰਜਨ ਸਾਹਿਬ ਦੁਆਰਾ ਮਾਝ ਰਾਗ ਵਿਚ ਉਚਾਰਣ ਕੀਤਾ ਬਾਰਹ ਮਾਹਾ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੩ ਤੋਂ ੧੩੬ ਤਕ ਦਰਜ ਹੈ। ਇਸ ਦੇ ਚੌਦਾਂ ਪਦੇ ਹਨ। ਇਨ੍ਹਾਂ ਵਿਚੋਂ ਪਹਿਲੇ ਅਤੇ ਤੇਰ੍ਹਵੇਂ ਪਦਿਆਂ ਦੀਆਂ ਦਸ-ਦਸ, ਚੌਦ੍ਹਵੇਂ ਦੀਆਂ ਅਠ ਅਤੇ ਬਾਕੀ ਸਾਰੇ ਪਦਿਆਂ ਦੀਆਂ ਨੌਂ-ਨੌਂ ਤੁਕਾਂ ਹਨ। ਇਨ੍ਹਾਂ ੧੪ ਪਦਿਆਂ ਵਿਚੋਂ, ਪਹਿਲੇ ਪਦੇ ਵਿਚ ਪ੍ਰਭੂ ਦੇ ਵਿਛੋੜੇ ਕਾਰਣ ਪੈਦਾ ਹੋਣ ਵਾਲੀ ਭਟਕਣਾ ਅਤੇ ਦੁਖ-ਸੰਤਾਪ ਦਾ ਵਰਣਨ ਹੈ। ਪਦਾ ਨੰਬਰ ੨ ਤੋਂ ੧੩ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ ਇਸ ਸਮੁੱਚੀ ਬਾਣੀ ਦਾ ਸਾਰ ਦੱਸਦਿਆਂ ਮਨੁਖ ਨੂੰ ਨਾਮ-ਸਿਮਰਨ ਦੀ ਸੋਝੀ ਬਖਸ਼ੀ ਗਈ ਹੈ।

ਬਾਰਹ ਮਾਹਾ : ਕਾਵਿ ਰੂਪ
ਪਹਿਲੇ ਪਹਿਲ ਦੇਸੀ ਸਾਲ ਦੀਆਂ ਛੇ ਰੁੱਤਾਂ
Bani Footnote ਬਸੰਤ (ਚੇਤ-ਵੈਸਾਖ), ਗ੍ਰੀਖਮ (ਜੇਠ-ਹਾੜ੍ਹ), ਬਰਸਾਤ (ਸਾਵਣ-ਭਾਦਰੋਂ), ਸਰਦ (ਅਸੂ-ਕੱਤਕ), ਹੇਮੰਤ (ਮਘਰ-ਪੋਹ) ਤੇ ਸ਼ਿਸ਼ਰ (ਮਾਘ-ਫਗਣ)।
ਨੂੰ ਅਧਾਰ ਬਣਾ ਕੇ ਜੀਵਨ ਦੀਆਂ ਖੁਸ਼ੀਆਂ-ਗਮੀਆਂ ਦਾ ਚਿਤਰਣ ਕੀਤਾ ਜਾਂਦਾ ਸੀ। ਇਸ ਨੂੰ ‘ਖਟ ਰਿਤੂ ਵਰਣਨ’ ਜਾਂ ‘ਰੁਤੀ’ ਕਿਹਾ ਜਾਂਦਾ ਸੀ। ਬਾਅਦ ਵਿਚ ਇਹੀ ਵਰਣਨ ਜਦੋਂ ਸਾਲ ਦੇ ਬਾਰਾਂ ਮਹੀਨਿਆਂ ਵਿਚ ਵੰਡ ਕੇ ਕੀਤਾ ਜਾਣ ਲੱਗਾ ਤਾਂ ਇਸ ਨੂੰ ‘ਬਾਰਹ ਮਾਹਾ’ ਕਿਹਾ ਜਾਣ ਲੱਗ ਪਿਆ। ਵਿਸ਼ਾ-ਵਸਤੂ ਦੀ ਪਧਰ ’ਤੇ ਇਨ੍ਹਾਂ ਵਿਚ ਬਹੁਤਾ ਅੰਤਰ ਨਹੀਂ ਸੀ। ਕੇਵਲ ਬਾਹਰੀ ਰੂਪ ਵਿਚ ਹੀ ਫਰਕ ਸੀ। ਪਰ ਸਮੇਂ ਦੇ ਬੀਤਣ ਨਾਲ ਇਨ੍ਹਾਂ ਵਿਚ ਇਹ ਅੰਤਰ ਆ ਗਿਆ ਕਿ ਆਮ ਤੌਰ ’ਤੇ ਖੁਸ਼ੀ ਦੇ ਪ੍ਰਗਟਾਉ ਲਈ ‘ਖਟ ਰਿਤੂ ਵਰਣਨ’ ਤੇ ਬਿਰਹੋਂ-ਵਿਜੋਗ ਦੇ ਵਰਣਨ ਲਈ ‘ਬਾਰਹ ਮਾਸੇ’ ਜਾਂ ‘ਬਾਰਹ ਮਾਹਾ’ ਦਾ ਆਸਰਾ ਲਿਆ ਜਾਣ ਲੱਗ ਪਿਆ। ਉਦਾਹਰਣ ਵਜੋਂ ਮਲਕ ਮੁਹੰਮਦ ਜਾਇਸੀ ਆਪਣੇ ਮਹਾਂਕਾਵਿ ਪਦਮਾਵਤ (੧੫੨੮ ਈ.) ਵਿਚ ਮਹਾਰਾਣੀ ਪਦਮਨੀ ਦੀਆਂ ਰੰਗ-ਰਲੀਆਂ ਨੂੰ ‘ਖਟ ਰਿਤੂ ਵਰਣਨ’ ਹੇਠ ਬਿਆਨ ਕਰਦਾ ਹੈ, ਜਦਕਿ ਰਾਜਾ ਰਤਨਸੇਨ ਦੇ ਵਿਛੋੜੇ ਵਿਚ ਵਿਆਕੁਲ ਹੋਈ ਰਾਣੀ ਨਾਗਮਤੀ ਦਾ ਚਿਤਰਣ ‘ਬਾਰਹਮਾਸੇ’ (ਅਸਾੜ੍ਹ ਤੋਂ ਲੈ ਕੇ ਜੇਠ ਤਕ) ਵਿਚ ਕਰਦਾ ਹੈ।
Bani Footnote ਪਿਆਰਾ ਸਿੰਘ ਪਦਮ, ਪੰਜਾਬੀ ਬਾਰਾਂ ਮਾਹੇ, ਪੰਨਾ ੩੫


ਸਾਹਿਤਕ ਪਖ ਤੋਂ ‘ਬਾਰਹ ਮਾਹਾ’ ਲੋਕ-ਗੀਤਾਂ ਦੀ ਹੀ ਇਕ ਵੰਨਗੀ ਹੈ। ਜਿਆਦਾਤਰ, ਇਸ ਲੋਕ-ਕਾਵਿ ਵਿਚ ੧੧ ਮਹੀਨੇ ਨਾਇਕਾ ਵਿਯੋਗ ਵਿਚ ਗੁਜ਼ਾਰਦੀ ਹੈ ਅਤੇ ੧੨ਵੇਂ ਮਹੀਨੇ ਨਾਇਕ ਨਾਲ ਮੇਲ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਦੋਵਾਂ ‘ਬਾਰਹ ਮਾਹਾ’ ਬਾਣੀਆਂ ਵਿਚ ਵੀ ਅਜਿਹਾ ਹੀ ਵਰਨਣ ਹੈ। ਹੁਣ ਤਕ ਹੋਈ ਖੋਜ ਅਨੁਸਾਰ ਭਾਰਤੀ ਸਾਹਿਤ ਵਿਚ ਜੋ ਸਭ ਤੋਂ ਪੁਰਾਣਾ ‘ਬਾਰਹ ਮਾਹਾ’ ਮਿਲਿਆ ਹੈ, ਉਹ ਅਪਭ੍ਰੰਸ਼ ਭਾਸ਼ਾ ਵਿਚ ਤੇਰ੍ਹਵੀਂ ਸਦੀ ਦੀ ਰਚਨਾ ‘ਧਰਮ ਸੂਰੀ ਸਤੁਤੀ’ ਹੈ, ਜਿਸ ਦੇ ਅੰਤ ਵਿਚ ਉਸ ਦਾ ਸਿਰਲੇਖ ‘ਬਾਰਹ ਨਾਵਉ’ ਦਿੱਤਾ ਗਿਆ ਹੈ।
Bani Footnote ਪਿਆਰਾ ਸਿੰਘ ਪਦਮ, ਪੰਜਾਬੀ ਬਾਰਾਂ ਮਾਹੇ, ਪੰਨਾ ੩੭
ਸ਼ੰਭੂਨਾਥ ਅਨੁਸਾਰ ਉੱਤਰੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਰਾਜਸਥਾਨੀ, ਗੁਜਰਾਤੀ ਆਦਿ ਦੇ ਸਾਹਿਤ ਵਿਚ ਵੀ ਬਾਰਹ ਮਾਹਾ ਪ੍ਰਾਪਤ ਹਨ।
Bani Footnote ਸ਼ੰਭੂਨਾਥ (ਸੰਪਾ.), ਹਿੰਦੀ ਸਾਹਿਤਯ ਗਿਆਨ ਕੋਸ਼, ਜਿਲਦ ੫, ਪੰਨਾ ੨੪੨੯
ਪ੍ਰੰਤੂ ਪੰਜਾਬੀ ਵਿਚ ਗੁਰੂ ਨਾਨਕ ਸਾਹਿਬ ਦੁਆਰਾ ਤੁਖਾਰੀ ਰਾਗ ਵਿਚ ਉਚਾਰਿਆ ‘ਬਾਰਹ ਮਾਹਾ’ ਹੀ ਸਭ ਤੋਂ ਪੁਰਾਤਨ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਦੋ ‘ਬਾਰਹ ਮਾਹਾ’ ਤੋਂ ਇਲਾਵਾ ਦਸਮ ਗ੍ਰੰਥ ਵਿਚ ਵੀ ਇਸ ਨਾਮ ਦੀਆਂ ਦੋ ਰਚਨਾਵਾਂ ਮਿਲਦੀਆਂ ਹਨ। ਪਹਿਲੀ ਰਚਨਾ ਦਾ ਸਿਰਲੇਖ ‘ਬਾਰਹ ਮਾਹਾ’ ਦਿੱਤਾ ਹੈ। ਇਹ ‘ਕ੍ਰਿਸ਼ਨਾਵਤਾਰ’ ਦੇ ਬੰਦ ੮੬੭ ਤੋਂ ੮੭੯ ਤਕ ਹੈ। ਦੂਜੇ ‘ਬਾਰਹ ਮਾਹਾ’ (ਬੰਦ ੯੧੧ ਤੋਂ ੯੨੫) ਉਪਰ ਸਿਰਲੇਖ ਵਿਚ ਇਸ ਦਾ ਨਾਮ ਨਹੀਂ ਲਿਖਿਆ ਹੋਇਆ, ਪਰ ਇਸ ਦੀ ਸਮਾਪਤੀ ਉਪਰ ਦਰਜ ਸੂਚਨਾ
Bani Footnote ਇਤਿ ਸ੍ਰੀ ਬਿਚਿਤ੍ਰ ਨਾਟਕੇ ਗ੍ਰੰਥੇ, ਕ੍ਰਿਸਨਾਵਤਾਰੇ, ਬ੍ਰਿਹ ਨਾਟਕ, ਬਾਰਹਮਾਹ ਸੰਪੂਰਨਮਸਤ। -ਰਣਧੀਰ ਸਿੰਘ (ਸੰਪਾ.), ਸ਼ਬਦਾਰਥ ਦਸਮ ਗ੍ਰੰਥ ਸਾਹਿਬ (ਪੋਥੀ ਦੂਜੀ), ਪੰਨਾ ੪੮੩
ਇਸ ਦੇ ‘ਬਾਰਹ ਮਾਹਾ’ ਹੋਣ ਦੀ ਗਵਾਹੀ ਭਰਦੀ ਹੈ। ਗੁਰੂ ਅਰਜਨ ਸਾਹਿਬ ਦੇ ਸਿਖ, ਭਾਈ ਬਹਿਲੋ ਜੀ ਦੁਆਰਾ ਵੀ ਇਕ ‘ਬਾਰਹ ਮਾਹਾ’ ਰਚੇ ਜਾਣ ਦੀ ਸੂਚਨਾ ਮਿਲਦੀ ਹੈ।
Bani Footnote ਪ੍ਰੇਮ ਪ੍ਰਕਾਸ਼ ਸਿੰਘ, ਗੁਰੂ ਨਾਨਕ ਤੇ ਨਿਰਗੁਣ ਧਾਰਾ, ਪੰਨਾ ੩੬
ਪਰ ਇਸ ਦਾ ਮੂਲ ਪਾਠ ਦੁਰਲਭ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ‘ਕ੍ਰਿਸ਼ਨਾਵਤਾਰ’ ਵਾਲੇ ਉਪਰੋਕਤ ‘ਬਾਰਹ ਮਾਹਾ’ ਤੋਂ ਇਲਾਵਾ ਵੀਰ ਸਿੰਘ ਨਾਂ ਦੇ ਕਿਸੇ ਸਿਖ ਵੱਲੋਂ ਸੰਨ ੧੮੨੦ ਵਿਚ ਲਿਖੇ ਇਕ ‘ਬਾਰਹ ਮਾਹਾ’ ਦਾ ਜਿਕਰ ਵੀ ਕੀਤਾ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੮੫੫
ਇਸ ਵਿਚ ਲੇਖਕ ਨੇ ਆਪਣੀ ਰਚਨਾ ਦਾ ਨਾਇਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਣਾ ਕੇ ਉਨ੍ਹਾਂ ਦੀਆਂ ਜੰਗਾਂ ਦਾ ਵੇਰਵਾ ਬਾਰਾਂ ਮਹੀਨਿਆਂ ਅਨੁਸਾਰ ਦਿੱਤਾ ਹੈ। ਪ੍ਰੋ. ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ
Bani Footnote ਪਿਆਰਾ ਸਿੰਘ ਪਦਮ, ਪੰਜਾਬੀ ਬਾਰਾਂ ਮਾਹੇ, ਪੰਨਾ ੧੫੦-੧੫੫
ਵਿਚ ਇਸ ਨੂੰ ‘ਬਾਰਾਂਮਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ’ ਸਿਰਲੇਖ ਹੇਠ ਦਰਜ ਕੀਤਾ ਹੈ।

ਮੱਧਕਾਲ ਤੇ ਆਧੁਨਿਕ ਕਾਲ ਦੇ ਪੰਜਾਬੀ ਕਵੀਆਂ ਨੇ ‘ਬਾਰਹ ਮਾਹਾ’ ਦੀ ਇਕ ਲੰਮੀ ਪਰੰਪਰਾ ਉਸਾਰੀ ਹੈ। ਮੱਧਕਾਲ ਵਿਚੋਂ ਬੁੱਲ੍ਹੇ ਸ਼ਾਹ, ਸ਼ਾਹ ਮੁਰਾਦ, ਗੁਰਦਾਸ ਸਿੰਘ, ਹਾਫਿਜ਼ ਬਰਖੁਰਦਾਰ ਅਤੇ ਆਧੁਨਿਕ ਕਾਲ ਵਿਚੋਂ ਪਾਲ ਸਿੰਘ ਆਰਿਫ, ਵਰਿਆਮ ਸਿੰਘ, ਭਗਵਾਨ ਸਿੰਘ, ਮੌਲਾ ਬਖਸ਼ ਕੁਸ਼ਤਾ, ਅੰਮ੍ਰਿਤਾ ਪ੍ਰੀਤਮ ਆਦਿ ਦੇ ਨਾਂ ਵਰਣਨਯੋਗ ਹਨ। ਪ੍ਰੋ. ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਪੰਜਾਬੀ ਬਾਰਾਂ ਮਾਹੇ’ ਵਿਚ ੧੦੦ ਬਾਰਹ ਮਾਹੇ ਸ਼ਾਮਲ ਕੀਤੇ ਹਨ।

ਗੁਰੂ ਗ੍ਰੰਥ ਸਾਹਿਬ ਵਿਚ ‘ਬਾਰਹ ਮਾਹਾ’ ਵਾਂਗ ਹੀ ਰੁਤਾਂ, ਥਿਤਾਂ, ਵਾਰਾਂ (ਦਿਨਾਂ), ਪਹਿਰਾਂ ਆਦਿ ਉਪਰ ਅਧਾਰਤ ਬਾਣੀਆਂ ਵੀ ਮਿਲਦੀਆਂ ਹਨ, ਜਿਵੇਂ ਕਿ:
  • ਦੇਸੀ ਸਾਲ ਦੀਆਂ ੬ ਰੁਤਾਂ ’ਤੇ ਅਧਾਰਤ ‘ਰੁਤੀ’।
  • ਚੰਦਰਮਾ ਦੀ ਸਥਿਤੀ ਅਨੁਸਾਰ ਗਿਣੇ ਜਾਣ ਵਾਲੇ ਪਖਾਂ (ਵਦੀ ਤੇ ਸੁਦੀ) ਦੀਆਂ ਥਿਤਾਂ (ਤਰੀਕਾਂ) ’ਤੇ ਅਧਾਰਤ ‘ਥਿਤੀ’।
  • ਹਫਤੇ ਦੇ ਸੱਤ ਦਿਨਾਂ ’ਤੇ ਅਧਾਰਤ ‘ਵਾਰ ਸਤ’।
  • ਦਿਨ ਤੇ ਰਾਤ ’ਤੇ ਅਧਾਰਤ ‘ਦਿਨ ਰੈਣਿ’।
  • ਦਿਨ ਜਾਂ ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ‘ਪਹਰੇ’।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਬਾਰਹ ਮਾਹਾ’ ਦਾ ਮਨੋਰਥ
ਰੁੱਤਾਂ ਦੀ ਤਬਦੀਲੀ ਨਾਲ ਪ੍ਰਕਿਰਤੀ ਅਥਵਾ ਕੁਦਰਤ ਦੇ ਰੂਪ-ਰੰਗ ਵਿਚ ਤਬਦੀਲੀ ਆਉਂਦੀ ਹੈ। ਕਦੇ ਗਰਮੀ, ਕਦੇ ਸਰਦੀ, ਕਦੇ ਖੇੜਾ (ਬਸੰਤ), ਕਦੇ ਕੁਮਲਾਹਟ (ਪਤਝੜ)। ਕੁਦਰਤ ਦੀ ਇਸ ਤਬਦੀਲੀ ਦੇ ਨਾਲ ਜੀਵ ਦੀ ਅੰਦਰਲੀ ਸਥਿਤੀ ਵਿਚ ਵੀ ਤਬਦੀਲੀ ਵਾਪਰਦੀ ਹੈ। ਕੁਦਰਤ ਦਾ ਖੇੜਾ ਜੀਵ ਅੰਦਰ ਵੀ ਖੇੜਾ ਤੇ ਮਸਤੀ ਪੈਦਾ ਕਰ ਦਿੰਦਾ ਹੈ ਅਤੇ ਕੁਦਰਤ ਦੀ ਕੁਮਲਾਹਟ ਦੇ ਸਿੱਟੇ ਵਜੋਂ ਮਨੁਖੀ ਮਨ ਵਿਚ ਵੀ ਉਪਰਾਮਤਾ ਤੇ ਉਦਾਸੀਨਤਾ ਪੈਦਾ ਹੋ ਜਾਂਦੀ ਹੈ। ਮਨੁਖੀ ਮਨ ਦੀਆਂ ਇਹ ਦੋਵੇਂ ਪਰਸਪਰ ਵਿਰੋਧੀ ਮਨੋ-ਬਿਰਤੀਆਂ ਜੇ ਉਲਾਰ ਹੋ ਜਾਣ ਤਾਂ ਜੀਵਨ ’ਤੇ ਮਾਰੂ ਅਸਰ ਪਾਉਂਦੀਆਂ ਹਨ। ਪਰ ਜੇ ਇਨ੍ਹਾਂ ਦੇ ਵੇਗ ਨੂੰ ਗਿਆਨ ਤੇ ਭਗਤੀ ਸਾਧਨਾ ਦੀ ਨੱਥ ਪਾ ਕੇ ਆਪਣੇ ਅਸਲੇ (ਪ੍ਰਭੂ) ਨਾਲ ਜੋੜ ਦਿੱਤਾ ਜਾਵੇ ਤਾਂ ਜੀਵਨ ਅੰਮ੍ਰਿਤ-ਜੀਵਨ ਹੋ ਨਿਬੜਦਾ ਹੈ। ‘ਬਾਰਹ ਮਾਹਾ’ ਦੀ ਰਚਨਾ ਦਾ ਇਹੀ ਮਨੋਰਥ ਹੈ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਸਟੀਕ ਬਾਰਹ ਮਾਹਾ (ਰਾਗ ਮਾਂਝ ਤੇ ਤੁਖਾਰੀ), ਪੰਨਾ ੭੫ ਤੋਂ ਅਨੁਕੂਲਿਆ


ਬਾਰਹ ਮਾਹਾ ਤੇ ਸੰਗਰਾਂਦ
ਸੰਗਰਾਂਦ (ਦੇਸੀ ਸਾਲ ਦੇ ਹਰੇਕ ਮਹੀਨੇ ਦਾ ਪਹਿਲਾ ਦਿਨ) ਵਾਲੇ ਦਿਨ ਗੁਰਦੁਆਰਿਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤੇ ਬਾਰਹ ਮਾਹਾ ਦਾ ਪਾਠ ਕੀਤਾ ਜਾਂਦਾ ਹੈ। ਅਰੰਭ ਹੋਣ ਵਾਲੇ ਮਹੀਨੇ ਦਾ ਨਾਂ ਅਤੇ ਮਹੀਨੇ ਸੰਬੰਧੀ ਬਾਰਹ ਮਾਹਾ ਵਿਚ ਦਰਜ ਗੁਰ-ਉਪਦੇਸ਼ ਗੁਰਦੁਆਰੇ ਵਿਚ ਹਾਜਰ ਸੰਗਤਾਂ ਸ਼ਰਧਾ ਤੇ ਸਤਿਕਾਰ ਸਹਿਤ ਗ੍ਰੰਥੀ ਸਿੰਘ ਕੋਲੋਂ ਸਰਵਣ ਕਰਦੀਆਂ ਹਨ। ਪਹਿਲੇ ਸਮਿਆਂ ਵਿਚ ਜੇਕਰ ਕੋਈ ਇਸ ਪਖੋਂ ਵਾਂਝਾ ਰਹਿ ਜਾਂਦਾ ਸੀ ਤਾਂ ਉਹ ਬਾਅਦ ਵਿਚ ਗ੍ਰੰਥੀ ਸਿੰਘ ਪਾਸੋਂ ਮਹੀਨੇ ਦਾ ਨਾਂ ਸੁਣ ਲੈਂਦਾ ਸੀ। ਆਮ ਤੌਰ ’ਤੇ ਪਿੰਡਾਂ ਵਿਚ ਗ੍ਰੰਥੀ ਸਿੰਘ ਕੋਲੋਂ ਸੁਨਣ ਤੋਂ ਪਹਿਲਾਂ ਮਹੀਨੇ ਦਾ ਨਾਂ ਨਹੀਂ ਲਿਆ ਜਾਂਦਾ ਸੀ। ਪਰ ਹੁਣ ਇਹ ਰੁਝਾਨ ਕਾਫੀ ਹੱਦ ਤਕ ਖਤਮ ਹੋ ਚੁੱਕਾ ਹੈ।

ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਵੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਪਹਿਲੇ ਹੁਕਮਨਾਮੇ ਦੀ ਸਮਾਪਤੀ ਸਮੇਂ ‘ਫਤਿਹ’ ਬੁਲਾਉਣ ਤੋਂ ਬਾਅਦ ਹੁਕਮਨਾਮੇ ਦੀਆਂ ਪਹਿਲੀਆਂ ਤੁਕਾਂ ਪੜ੍ਹ ਕੇ, ਫਿਰ ਸੰਗਰਾਂਦ ਵਾਲੇ ਮਹੀਨੇ ਨਾਲ ਸੰਬੰਧਤ ਬਾਰਹ ਮਾਹਾ ਮਾਝ ਦਾ ਸ਼ਬਦ ਹੁਕਮਨਾਮੇ ਦੇ ਰੂਪ ਵਿਚ ਸੰਗਤਾਂ ਨੂੰ ਸਰਵਣ ਕਰਾਇਆ ਜਾਂਦਾ ਹੈ। ਦੇਸੀ ਸਾਲ ਦੇ ਪਹਿਲੇ ਮਹੀਨੇ, ਚੇਤ ਦੀ ਸੰਗਰਾਂਦ ਨੂੰ ‘ਕਿਰਤਿ ਕਰਮ ਕੇ ਵੀਛੁੜੇ’ ਤੋਂ ਲੈ ਕੇ ‘ਤਿਸ ਕੈ ਪਾਇ ਲਗਾ’ ਤਕ ਅਤੇ ਬਾਰ੍ਹਵੇਂ ਮਹੀਨੇ, ਫੱਗਣ ਦੀ ਸੰਗਰਾਂਦ ਨੂੰ ‘ਫਲਗੁਣਿ ਅਨੰਦ ਉਪਾਰਜਨਾ’ ਤੋਂ ਲੈ ਕੇ ‘ਕਿਰਪਾ ਕਰਹੁ ਹਰੇ’ ਤਕ ਦੋ-ਦੋ ਪਦਿਆਂ ਦਾ ਪਾਠ ਹੁਕਮਨਾਮੇ ਦੇ ਰੂਪ ਵਿਚ ਸਰਵਣ ਕਰਾਇਆ ਜਾਂਦਾ ਹੈ। ਬਾਕੀ ਮਹੀਨਿਆਂ ਦੀ ਸੰਗਰਾਂਦ ਨੂੰ ਹਰ ਮਹੀਨੇ ਨਾਲ ਸੰਬੰਧਤ ਇਕ-ਇਕ ਪਦਾ ਹੀ ਹੁਕਮਨਾਮੇ ਦੇ ਰੂਪ ਵਿਚ ਪੜ੍ਹਿਆ ਜਾਂਦਾ ਹੈ। ਦਰਬਾਰ ਸਾਹਿਬ ਵਿਚ ਹਰ ਰੋਜ਼ ਚਾਰ ਵਾਰ ਹੁਕਮਨਾਮਾ ਲਿਆ ਜਾਂਦਾ ਹੈ। ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਮੇਂ, ਦੂਜਾ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਮਗਰੋਂ, ਤੀਜਾ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਮਗਰੋਂ, ਚੌਥਾ ਸਮੁੱਚੀ ਸਮਾਪਤੀ ਸਮੇਂ ਰਾਤ ਨੂੰ ਲਿਆ ਜਾਂਦਾ ਹੈ। ਸੰਗਰਾਂਦ ਵਾਲੇ ਦਿਨ ਚਾਰੋਂ ਹੁਕਮਨਾਮਿਆਂ ਨਾਲ ਬਾਰਹ ਮਾਹਾ ਵਿਚੋਂ ਸੰਬੰਧਤ ਪਦੇ ਪੜ੍ਹੇ ਜਾਂਦੇ ਹਨ।
Bani Footnote ਗਿ. ਮੱਲ ਸਿੰਘ, ਬਾਰਹ ਮਾਹਾ ਕਥਾ ਪ੍ਰਮਾਣ, ਪੰਨਾ ੧੪


ਸੰਗਰਾਂਦ ਮੌਕੇ ਸੂਰਜ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਪ੍ਰਵੇਸ਼ ਕਰਦਾ ਹੈ। ਸੂਰਜ ਨੂੰ ਦੇਵਤਾ ਮੰਨ ਕੇ ਇਸ ਦੀ ਪੂਜਾ ਕਰਨ ਵਾਲੇ ਲੋਕ ਇਸ ਦਿਨ ਨੂੰ ਸ਼ੁਭ ਮੰਨਦੇ ਹਨ। ਪਰ ਇਹ ਮਨੌਤ ਮਨੁਖ ਅੰਦਰ ਵਹਿਮ-ਭਰਮ ਆਦਿ ਪੈਦਾ ਕਰਦੀ ਹੈ। ਗੁਰਮਤਿ ਦਾ ਦ੍ਰਿਸ਼ਟੀਕੋਣ ਇਹ ਹੈ ਕਿ ਸਾਰੇ ਮਹੀਨੇ, ਦਿਨ, ਮਹੂਰਤ ਆਦਿ ਕਰਤਾ-ਪੁਰਖ ਦੇ ਬਣਾਏ ਹੋਏ ਹਨ, ਇਸ ਲਈ ਸਾਰੇ ਹੀ ਭਲੇ ਅਥਵਾ ਸ਼ੁਭ ਹਨ।
Bani Footnote ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥ -ਗੁਰੂ ਗ੍ਰੰਥ ਸਾਹਿਬ ੧੧੦੯
ਸੋ, ਗੁਰਮਤਿ ਅਨੁਸਾਰ ਸੰਗਰਾਂਦ ਵਾਲੇ ਦਿਨ ਵਿਚ ਕੋਈ ਵਿਸ਼ੇਸ਼ਤਾ ਨਹੀਂ। ਵਿਸ਼ੇਸ਼ਤਾ ਕੇਵਲ ਪ੍ਰਭੂ ਸਿਮਰਨ ਦੀ ਹੈ। ਇਸ ਲਈ ਜਿਹੜਾ ਮਹੀਨਾ, ਦਿਨ, ਘੜੀ, ਪਲ ਸਿਮਰਨ ਕਰਦਿਆਂ ਲੰਘਦਾ ਹੈ, ਉਹ ਸਫਲ ਹੋ ਜਾਂਦਾ ਹੈ, ਕਿਉਂ ਜੋ ਸਿਮਰਨ ਦੁਆਰਾ ਹੀ ਜੀਵ ਪ੍ਰਭੂ ਦੀ ਕਿਰਪਾ-ਦ੍ਰਿਸ਼ਟੀ ਦਾ ਪਾਤਰ ਬਣਦਾ ਹੈ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਸਟੀਕ ਬਾਰਹ ਮਾਹਾ (ਰਾਗ ਮਾਂਝ ਤੇ ਤੁਖਾਰੀ), ਪੰਨਾ ੭੫ ਤੋਂ ਅਨੁਕੂਲਿਆ


ਹਿੰਦੂ ਧਰਮ ਦੇ ਸ਼ਾਸਤਰਾਂ ਅਨੁਸਾਰ ਹਰ ਸੰਗਰਾਂਦ ਨੂੰ ਕੋਈ ਵਿਸ਼ੇਸ਼ ਕਰਮ ਕਰਨਾ ਪੁੰਨ ਦਾ ਕਾਰਜ ਮੰਨਿਆ ਜਾਂਦਾ ਹੈ। ਹਿੰਦੂ ਭਾਈਚਾਰੇ ਦੇ ਲੋਕ ਮਾਘ ਮਹੀਨੇ ਦੀ ਸੰਗਰਾਂਦ ਨੂੰ ਪ੍ਰਯਾਗ ਆਦਿ ਤੀਰਥਾਂ ਉੱਤੇ ਇਸ਼ਨਾਨ ਕਰਨ ਲਈ ਵੀ ਜਾਂਦੇ ਹਨ। ਇਸੇ ਤਰ੍ਹਾਂ ਕਈ ਸਿਖ ਵੀ ਉਚੇਚੇ ਤੌਰ ’ਤੇ ਇਸ ਦਿਨ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਨ ਜਾਂਦੇ ਹਨ। ਪਰ ਗੁਰਬਾਣੀ ਅਨੁਸਾਰ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥’ (ਗੁਰੂ ਗ੍ਰੰਥ ਸਾਹਿਬ ੬੮੭) ਦਾ ਸਿਧਾਂਤ ਹੀ ਪ੍ਰਮਾਣਕ ਹੈ।
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ ਤੁਲਨਾਤਮਿਕ ਅਧਿਐਨ, ਪੋਥੀ ਦੂਜੀ, ਪੰਨਾ ੪੩੪


ਬਾਰਹ ਮਾਹਾ ਮਾਝ ਬਾਣੀ ਦਾ ਵਿਸ਼ਾ
ਇਸ ਬਾਣੀ ਵਿਚ ਗੁਰੂ ਸਾਹਿਬ ਨੇ ਪ੍ਰਭੂ ਤੋਂ ਵਿਛੜੇ ਜੀਵ ਨੂੰ ਮੁੜ ਪ੍ਰਭੂ ਨਾਲ ਮਿਲਣ ਲਈ ਪ੍ਰੇਰਤ ਕੀਤਾ ਹੈ। ਪ੍ਰਭੂ ਤੋਂ ਵਿਛੋੜੇ ਦਾ ਕਾਰਣ ਜੀਵ ਦੁਆਰਾ ਕੀਤੇ ਕਰਮ ਹਨ। ਜੀਵ ਦੁਨਿਆਵੀ ਕਾਰ-ਵਿਹਾਰ ਕਰਦਿਆਂ ਵਿਸ਼ੇ-ਵਿਕਾਰਾਂ ਵਿਚ ਫਸ ਕੇ, ਪ੍ਰਭੂ ਦੇ ਵਿਛੋੜੇ ਵਿਚ ਹੀ ਆਪਣੀ ਉਮਰ ਗੁਜਾਰ ਦਿੰਦਾ ਹੈ। ਜਦਕਿ ਉਸ ਦਾ ਪ੍ਰਭੂ ਨਾਲ ਮਿਲਾਪ ਸੰਭਵ ਹੈ। ਪ੍ਰਭੂ ਦੀ ਮਿਹਰ ਅਤੇ ਪ੍ਰਭੂ ਦਾ ਨਾਮ-ਸਿਮਰਨ ਮਿਲਾਪ ਦੇ ਸਾਧਨ ਹਨ। ਇਨ੍ਹਾਂ ਦੀ ਪ੍ਰਾਪਤੀ ਸਾਧ-ਸੰਗਤ ਵਿਚੋਂ ਹੁੰਦੀ ਹੈ।

ਜਿਹੜੇ ਜੀਵ ਪ੍ਰਭੂ ਨੂੰ ਵਿਸਾਰ ਕੇ ਦੁਨਿਆਵੀ ਆਸਰੇ ਭਾਲਦੇ ਹਨ, ਉਹ ਹਮੇਸ਼ਾ ਦੁਖੀ ਰਹਿੰਦੇ ਹਨ। ਦੂਜੇ ਪਾਸੇ, ਜਿਹੜੇ ਨਾਮ-ਸਿਮਰਨ ਵਿਚ ਲੀਨ ਰਹਿੰਦੇ ਹਨ, ਉਨ੍ਹਾਂ ਨੂੰ ਦੁਨਿਆਵੀ ਰਸ ਫੋਕੇ ਜਾਪਦੇ ਹਨ। ਇਹ ਸੰਸਾਰ ਕਰਮ ਭੂਮੀ ਹੈ। ਇਥੇ ਕੀਤੇ ਕਰਮ ਹੀ ਪ੍ਰਭੂ ਦੇ ਮਿਲਾਪ ਜਾਂ ਵਿਛੋੜੇ ਦਾ ਕਾਰਣ ਬਣਦੇ ਹਨ। ਇਸ ਲਈ ਨਾਮ-ਸਿਮਰਨ ਅਤੇ ਸਤਿ-ਸੰਗਤ ਕਰਨ ਵਾਲਾ ਜੀਵ ਹੀ ਪ੍ਰਭੂ-ਮਿਲਾਪ ਦੀ ਪ੍ਰਾਪਤੀ ਕਰ ਸਕਦਾ ਹੈ। ਗੁਰੂ ਸਾਹਿਬ ਨੇ ਇਸ ਬਾਣੀ ਵਿਚ ਕੁਦਰਤ ਵਰਣਨ ਨੂੰ ਪਿਠ ਭੂਮੀ ਵਿਚ ਸਿਰਜ ਕੇ ਨਾਮ ਦੀ ਮਹਿਮਾ, ਪ੍ਰਭੂ (ਬ੍ਰਹਮ) ਦੀ ਸਰਬ-ਵਿਆਪਕਤਾ ਅਤੇ ਆਚਾਰ ਦੀ ਸ੍ਰੇਸ਼ਟਤਾ ਦ੍ਰਿੜ ਕਰਵਾਈ ਹੈ।
Bani Footnote ਪ੍ਰੋ. ਸਾਹਿਬ ਸਿੰਘ ਤੇ ਪ੍ਰੋ. ਕੁਲਵੰਤ ਸਿੰਘ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਕ੍ਰਿਤ ਬਾਰਹਮਾਹ ਤੁਖਾਰੀ ਤੇ ਮਾਝ (ਬਹੁ ਪੱਖੀ ਵਿਚਾਰ), ਪੰਨਾ ੨੬


ਬਾਰਹ ਮਾਹ ਤੁਖਾਰੀ ਅਤੇ ਮਾਝ: ਤੁਲਨਾਤਮਕ ਅਧਿਐਨ
ਗੁਰੂ ਨਾਨਕ ਸਾਹਿਬ ਉਦਾਸੀਆਂ ਕਰਨ ਤੋਂ ਬਾਅਦ ਆਪਣੇ ਜੀਵਨ ਦੇ ਅੰਤਮ ਵਰ੍ਹਿਆਂ ਵਿਚ ਕਰਤਾਰਪੁਰ ਵਿਖੇ ਆ ਗਏ। ਉਨ੍ਹਾਂ ਨੇ ਇਥੇ ਰਹਿ ਕੇ ‘ਕਿਰਤ ਕਰੋ,’ ‘ਵੰਡ ਛਕੋ’ ਤੇ ‘ਨਾਮ ਜਪੋ’ ਦੇ ਸਿਧਾਂਤਾਂ ਨੂੰ ਅਮਲੀ ਜਾਮਾ ਪਵਾਇਆ। ਉਨ੍ਹਾਂ ਨੇ ਜੋਤੀ-ਜੋਤਿ ਸਮਾਉਣ ਸਮੇਂ ਇਕ ਪਾਸੇ ਪ੍ਰਭੂ ਵਿਚ ਲੀਨ ਹੋਣ ਦਾ ਅਨੰਦ ਅਨੁਭਵ ਕੀਤਾ, ਦੂਜੇ ਪਾਸੇ ਬਚਪਨ ਵਿਚ ਦੇਖੇ-ਮਾਣੇ ਆਪਣੇ ਬਾਰ ਇਲਾਕੇ ਦੇ ਨਜ਼ਾਰਿਆਂ ਨੂੰ ਯਾਦ ਕੀਤਾ ਅਤੇ ਇਸ ਸਭ ਕੁਝ ਨੂੰ ਬਾਰਹ ਮਾਹਾ ਤੁਖਾਰੀ ਵਿਚ ਬੜੇ ਸੁੰਦਰ ਸ਼ਬਦਾਂ ਵਿਚ ਅੰਕਤ ਕੀਤਾ। ਦੂਜੇ ਪਾਸੇ, ਗੁਰੂ ਅਰਜਨ ਸਾਹਿਬ ਨੇ ਸਿਖਾਂ ਨੂੰ ਬ੍ਰਾਹਮਣੀ ਕਰਮ-ਕਾਂਡ ਦੇ ਚੱਕਰ ਵਿਚੋਂ ਕੱਢਣ ਲਈ ‘ਬਾਰਹ ਮਾਹਾ ਮਾਂਝ’ ਦੀ ਰਚਨਾ ਕੀਤੀ। ਇਸ ਲਈ ‘ਬਾਰਹ ਮਾਹਾ ਮਾਂਝ’ ਦਾ ਬਲ ਉਪਦੇਸ਼ ਦ੍ਰਿੜ੍ਹ ਕਰਵਾਉਣ ’ਤੇ ਹੈ।
Bani Footnote ਡਾ. ਗੁਰਮੁਖ ਸਿੰਘ, ਬਾਰਹਮਾਹਾ ਮਾਝ ਤੇ ਤੁਖਾਰੀ (ਵਿਸ਼ਲੇਸ਼ਣ ਤੇ ਵਿਆਖਿਆ), ਪੰਨਾ ੫੩


ਵਿਸ਼ੇ ਪਖ ਤੋਂ ਦੋਵਾਂ ਬਾਰਹ ਮਾਹਾ ਵਿਚ ਗੂੜ੍ਹੀ ਸਾਂਝ ਹੈ। ਜੀਵਾਤਮਾ ਦੁਨਿਆਵੀ ਕਰਮਾਂ ਵਿਚ ਖਚਤ ਹੋਣ ਕਰਕੇ ਪ੍ਰਭੂ ਤੋਂ ਵਿਛੜੀ ਹੋਈ ਹੈ। ਜਦੋਂ ਉਸ ਨੂੰ ਆਪਣੀ ਸਥਿਤੀ ਦਾ ਗਿਆਨ ਹੁੰਦਾ ਹੈ ਤਾਂ ਉਸ ਨੂੰ ਇਹ ਸੰਸਾਰ ਸੁਪਨਾ ਜਾਪਣ ਲੱਗ ਪੈਂਦਾ ਹੈ। ਪ੍ਰਭੂ-ਮਿਲਾਪ ਤੋਂ ਬਿਨਾਂ ਸਭ ਕੁਝ ਪਰਾਇਆ ਅਤੇ ਨਾਸ਼ਵਾਨ ਲੱਗਦਾ ਹੈ। ਜੀਵਾਤਮਾ ਪਤੀ-ਪਰਮੇਸ਼ਰ ਨੂੰ ਮਿਲਣ ਲਈ ਲੇਲ੍ਹੜੀਆਂ ਕੱਢਦੀ ਹੈ। ਬਦਲਦਾ ਮੌਸਮ ਉਸ ਦਾ ਮਨ ਹੋਰ ਉਚਾਟ ਕਰ ਦਿੰਦਾ ਹੈ। ਸੱਚੇ ਗੁਰੂ ਦੀ ਸਹਾਇਤਾ ਨਾਲ ਉਸ ਨੂੰ ਸਾਧ-ਸੰਗਤ ਪ੍ਰਾਪਤ ਹੁੰਦੀ ਹੈ। ਉਹ ਨਾਮ ਦਾ ਸਿਮਰਨ ਸਵਾਸ-ਸਵਾਸ ਕਰਦੀ ਹੈ। ਅੰਤ, ਉਸ ਨੂੰ ਥਿਰ ਸੁਹਾਗ ਰੂਪੀ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ।

ਰੂਪਕ ਪਖ ਤੋਂ ਦੋਵਾਂ ਬਾਰਹ ਮਾਹਾ ਵਿਚ ਕੁਝ ਅੰਤਰ ਝਲਕਦਾ ਹੈ। ਪ੍ਰੋ. ਪ੍ਰੀਤਮ ਸਿੰਘ ਅਨੁਸਾਰ ਗੁਰੂ ਅਰਜਨ ਸਾਹਿਬ ਦੀ ਰਚਨਾ ਵਿਸ਼ੇ ਕਰਕੇ ਸਪਸ਼ਟ ਤੌਰ ’ਤੇ ਅਧਿਆਤਮਕ ਤੇ ਉਪਦੇਸ਼ਾਤਮਕ ਹੋਣ ਦੇ ਕਾਰਣ ਬਾਰਹ ਮਾਹਾ ਦੀ ਮੌਲਿਕ ਲੀਹ ਤੋਂ ਕੁਝ ਹਟਵੀਂ ਹੈ। ਗੁਰੂ ਨਾਨਕ ਸਾਹਿਬ ਨੇ ਬਾਰਹ ਮਾਹਾ ਦਾ ਬਾਹਰਲਾ ਰੂਪ ਤਾਂ ਲਿਆ ਹੀ ਸੀ, ਆਪ ਉਸ ਦੀ ਵਸਤੂ ਨੂੰ ਵੀ ਕਾਇਮ ਰਖਣ ਵਿਚ, ਬਹੁਤ ਹੱਦ ਤਕ ਸਫਲ ਰਹੇ ਸਨ। ਪਰ ਗੁਰੂ ਅਰਜਨ ਸਾਹਿਬ ਨੇ ਨਿਰਾ ਬਾਰਹਲਾ ਰੂਪ ਹੀ ਲਿਆ ਹੈ ਤੇ ਮਜ਼ਮੂਨ ਕਰੀਬ-ਕਰੀਬ ਸਾਰਾ, ਆਪਣੀ ਮਰਜ਼ੀ ਤੇ ਲੋੜ ਅਨੁਸਾਰ ਢਾਲ ਲਿਆ ਹੈ।
Bani Footnote ਪ੍ਰੋ. ਪ੍ਰੀਤਮ ਸਿੰਘ, ਝਰੋਖੇ, ਪੰਨਾ ੬੪
ਡਾ. ਗੁਰਮੁਖ ਸਿੰਘ ਨੇ ਪ੍ਰੋ. ਪ੍ਰੀਤਮ ਸਿੰਘ ਦੇ ਸ਼ਬਦਾਂ ਨਾਲ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਸ੍ਵੈ-ਅਨੁਭਵ ਨੂੰ ਅਭਿਵਿਅਕਤ ਕੀਤਾ ਹੈ, ਪਰ ਗੁਰੂ ਅਰਜਨ ਸਾਹਿਬ ਨੇ ਸਿਖਾਂ ਨੂੰ ਉਪਦੇਸ਼ ਦੇਣ ਲਈ ਸੁਚੇਤ ਹੋ ਕੇ ਬਾਰਹ ਮਾਹਾ ਲਿਖਿਆ ਹੈ, ਜਿਸ ਕਾਰਨ ਇਹ ਅੰਤਰ ਸਹਿਜੇ ਹੀ ਪੈ ਗਿਆ ਜਾਪਦਾ ਹੈ।
Bani Footnote ਡਾ. ਗੁਰਮੁਖ ਸਿੰਘ, ਬਾਰਹਮਾਹਾ ਮਾਝ ਤੇ ਤੁਖਾਰੀ (ਵਿਸ਼ਲੇਸ਼ਣ ਤੇ ਵਿਆਖਿਆ), ਪੰਨਾ ੫੪


ਸ਼ੈਲੀ ਪਖੋਂ ਦੋਵਾਂ ਬਾਰਹ ਮਾਹਾ ਵਿਚ ਅੰਤਰ ਦੇਖਿਆ ਜਾ ਸਕਦਾ ਹੈ। ਬਾਰਹ ਮਾਹਾ ਤੁਖਾਰੀ ਵਿਚ ਸੰਖੇਪ ਤੇ ਸੂਤ੍ਰਕ ਸ਼ੈਲੀ ਵਰਤੀ ਹੈ, ਪਰ ‘ਬਾਰਹ ਮਾਹਾ ਮਾਂਝ’ ਵਿਚ ਵਿਸਥਾਰ ਤੇ ਵਿਆਖਿਆ ਦੇ ਨਾਲ-ਨਾਲ ਸਿਖਿਆ ਤੇ ਸਿਧਾਂਤ ਦਰਸਾਉਣ ਕਾਰਨ ਬੌਧਿਕ ਸ਼ੈਲੀ ਵਰਤੀ ਹੈ। ਦੋਵਾਂ ਬਾਰਹ ਮਾਹਾ ਵਿਚ ਸਰੋਦੀ ਅੰਸ਼ ਹੈ, ਇਸ ਕਰਕੇ ਸ਼ੈਲੀ ਤੇ ਸ਼ਖਸੀਅਤ ਦੇ ਵਖੋ-ਵਖ ਦਰਸ਼ਨ ਹੁੰਦੇ ਹਨ। ਇਹ ਸੁਭਾਵਿਕ ਹੀ ਹੈ ਕਿਉਂਕਿ ਦੋ ਮਹਾਨ ਸਾਹਿਤਕਾਰਾਂ ਦੀ ਸ਼ੈਲੀ ਆਪਸ ਵਿਚ ਕਦੇ ਵੀ ਨਹੀਂ ਮਿਲਦੀ।
Bani Footnote ਡਾ. ਗੁਰਮੁਖ ਸਿੰਘ, ਬਾਰਹਮਾਹਾ ਮਾਝ ਤੇ ਤੁਖਾਰੀ (ਵਿਸ਼ਲੇਸ਼ਣ ਤੇ ਵਿਆਖਿਆ), ਪੰਨਾ ੫੪


ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੇ ਬਾਰਹ ਮਾਹਾ ਤੁਖਾਰੀ ਵਿਚ ਕੁਦਰਤ ਦਾ ਵਰਣਨ ਬਹੁਤ ਵਿਸਥਾਰ ਨਾਲ ਹੋਇਆ ਹੈ। ਪ੍ਰੋ. ਪ੍ਰੀਤਮ ਸਿੰਘ ਅਨੁਸਾਰ ਇਸ ਵਿਚ ਚਿਤ-ਚੋਰ (ਮਨ ਮੋਹਣੇ) ਭੌਰਿਆਂ, ਬਾਰ ਦੇ ਪ੍ਰਫੁੱਲਤ ਵਣਾਂ, ਅੰਬਾ ਉੱਤੇ ਕੂਕਦੀਆਂ ਕੋਇਲਾਂ, ਤਪਦੇ ਥਲਾਂ, ਭਖਦੀਆਂ ਅਗਨੀਆਂ, ਖਿਉਂਦੀਆਂ (ਲਿਸ਼ਕਦੀਆਂ) ਬਿਜਲੀਆਂ, ਲਾਉਦੇ (ਬੋਲਦੇ) ਟੀਂਡਿਆਂ, ਰੁਣ-ਝੁਣ ਲਾਉਂਦੇ ਮੋਰਾਂ ਤੇ ਡੱਡੂਆਂ, ਪ੍ਰਿਉ ਪ੍ਰਿਉ ਕਰਦੇ ਪਪੀਹਿਆਂ, ਫੁੰਕਾਰਦੇ ਨਾਗਾਂ, ਡੰਗਦੇ ਮੱਛਰਾਂ, ਜਗਦੇ ਦੀਵਿਆਂ, ਸੁਹਾਵਣੀਆਂ ਹਰਿਆਵਲਾਂ, ਮਾਰੂ ਸੋਕੜਿਆਂ ਤੇ ਠੰਡੀਆਂ ਠਾਰ ਸਰਦੀਆਂ ਦਾ ਆਪ-ਵੇਖਿਆ, ਜਾਣਿਆ ਤੇ ਮਹਿਸੂਸਿਆ ਵਰਣਨ ਹੈ।
Bani Footnote ਪ੍ਰੋ. ਪ੍ਰੀਤਮ ਸਿੰਘ, ਝਰੋਖੇ, ਪੰਨਾ ੬੪
ਦੂਜੇ ਪਾਸੇ ‘ਬਾਰਹ ਮਾਹਾ ਮਾਂਝ’ ਵਿਚ ਕੁਦਰਤ ਦਾ ਬਿਆਨ ਸੰਕੇਤ ਮਾਤਰ ਹੈ। ਇਸ ਵਿਚ ਗੁਰੂ ਅਰਜਨ ਸਾਹਿਬ ਨੇ ਕੁਦਰਤੀ ਦ੍ਰਿਸ਼ਾਂ ਨਾਲੋਂ ਮਨ ਦੇ ਚਿੱਤਰ ਵਧੇਰੇ ਕਲਾਕਾਰੀ ਨਾਲ ਉਲੀਕੇ ਹਨ।
Bani Footnote ਪ੍ਰੋ. ਸਾਹਿਬ ਸਿੰਘ ਤੇ ਪ੍ਰੋ. ਕੁਲਵੰਤ ਸਿੰਘ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਕ੍ਰਿਤ ਬਾਰਹਮਾਹ ਤੁਖਾਰੀ ਤੇ ਮਾਝ (ਬਹੁ ਪੱਖੀ ਵਿਚਾਰ), ਪੰਨਾ ੪੧


ਭਾਸ਼ਾ ਪਖੋਂ ਵੀ ਇਨ੍ਹਾਂ ਦੋਵਾਂ ਬਾਰਹ ਮਾਹਾ ਵਿਚ ਕੁਝ ਅੰਤਰ ਝਲਕਦਾ ਹੈ। ਬਾਰਹ ਮਾਹਾ ਤੁਖਾਰੀ ਵਿਚ ਸਥਾਨਕ ਰੰਗਣ ਜਿਆਦਾ ਹੋਣ ਕਰਕੇ ਉਸ ਦੀ ਭਾਸ਼ਾ ਕੁਝ ਔਖੀ ਹੈ। ਜਦੋਂ ਕਿ ‘ਬਾਰਹ ਮਾਹਾ ਮਾਂਝ’ ਵਿਚ ਗੁਰੂ ਅਰਜਨ ਸਾਹਿਬ ਨੇ ਸਰਲ ਅਤੇ ਸੁਖੈਨ ਭਾਸ਼ਾ ਵਰਤੀ ਹੈ। ਇਸ ਅੰਤਰ ਦੇ ਬਾਵਜੂਦ ਦੋਵਾਂ ਬਾਰਹ ਮਾਹਾ ਦੀਆਂ ਤੁਕਾਂ ਅਖਾਣਾਂ ਵਜੋਂ ਵਰਤੀਆਂ ਜਾਂਦੀਆਂ ਹਨ:
ਬਾਰਹ ਮਾਹਾ ਤੁਖਾਰੀ ਵਿਚੋਂ ਅਖਾਣਾਂ ਵਜੋਂ ਵਰਤੀਆਂ ਤੁਕਾਂ:
-ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥ -ਗੁਰੂ ਗ੍ਰੰਥ ਸਾਹਿਬ ੧੧੦੮
-ਸਹਜਿ ਪਕੈ ਸੋ ਮੀਠਾ॥ -ਗੁਰੂ ਗ੍ਰੰਥ ਸਾਹਿਬ ੧੧੦੯
-ਜਿਨਿ ਸੀਗਾਰੀ ਤਿਸਹਿ ਪਿਆਰੀ....॥ -ਗੁਰੂ ਗ੍ਰੰਥ ਸਾਹਿਬ ੧੧੦੯
-ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥ -ਗੁਰੂ ਗ੍ਰੰਥ ਸਾਹਿਬ ੧੧੦੯

‘ਬਾਰਹ ਮਾਹਾ ਮਾਂਝ’ ਵਿਚੋਂ ਅਖਾਣਾਂ ਵਜੋਂ ਵਰਤੀਆਂ ਤੁਕਾਂ:
-ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ -ਗੁਰੂ ਗ੍ਰੰਥ ਸਾਹਿਬ ੧੩੬
-ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ॥ -ਗੁਰੂ ਗ੍ਰੰਥ ਸਾਹਿਬ ੧੩੬
-ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ -ਗੁਰੂ ਗ੍ਰੰਥ ਸਾਹਿਬ ੧੩੪
-ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ॥ -ਗੁਰੂ ਗ੍ਰੰਥ ਸਾਹਿਬ ੧੩੩

ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਬਾਰਹ ਮਾਹਾ ਦੀਆਂ ਕਈ ਤੁਕਾਂ ਸਾਂਝੀਆਂ ਜਾਪਦੀਆਂ ਹਨ:
ਤੁਖਾਰੀ: ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥ -ਗੁਰੂ ਗ੍ਰੰਥ ਸਾਹਿਬ ੧੧੦੭
ਮਾਝ: ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ -ਗੁਰੂ ਗ੍ਰੰਥ ਸਾਹਿਬ ੧੩੩

ਤੁਖਾਰੀ: ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ....॥ -ਗੁਰੂ ਗ੍ਰੰਥ ਸਾਹਿਬ ੧੧੦੭
ਮਾਝ: ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ॥ -ਗੁਰੂ ਗ੍ਰੰਥ ਸਾਹਿਬ ੧੩੩

ਤੁਖਾਰੀ: ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥ -ਗੁਰੂ ਗ੍ਰੰਥ ਸਾਹਿਬ ੧੧੦੮
ਮਾਝ: ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥ -ਗੁਰੂ ਗ੍ਰੰਥ ਸਾਹਿਬ ੧੩੪

ਤੁਖਾਰੀ: ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥ -ਗੁਰੂ ਗ੍ਰੰਥ ਸਾਹਿਬ ੧੧੦੯
ਮਾਝ: ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ -ਗੁਰੂ ਗ੍ਰੰਥ ਸਾਹਿਬ ੧੩੫

ਉਪਰੋਕਤ ਅਧਿਐਨ ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਇਹ ਦੋਵੇਂ ਬਾਰਹ ਮਾਹਾ ਜੀਵ ਨੂੰ ਪ੍ਰਭੂ-ਮਿਲਾਪ ਵੱਲ ਲੈ ਕੇ ਜਾਣ ਦੀ ਪ੍ਰੇਰਨਾ ਦਿੰਦੇ ਹਨ। ਇਨ੍ਹਾਂ ਨੇ ਗੁਰਮਤਿ ਅਤੇ ਪੰਜਾਬੀ ਸਾਹਿਤ ਉਪਰ ਆਪਣਾ ਵਿਸ਼ੇਸ਼ ਪ੍ਰਭਾਵ ਪਾਇਆ ਹੈ। ਇਸ ਪ੍ਰਭਾਵ ਹੇਠ ਪੰਜਾਬੀ ਸਾਹਿਤ ਵਿਚ ਬਾਰਹ ਮਾਹਾ ਦੀ ਵਿਸ਼ਾਲ ਪਰੰਪਰਾ ਤੁਰੀ ਹੈ।