Guru Granth Sahib Logo
  
ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ ਤਿੰਨ ਗੁਣਾਂ ਤੋਂ ਬਾਅਦ ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਖਸਟੀ  ਖਟੁ ਦਰਸਨ ਪ੍ਰਭ ਸਾਜੇ 
ਅਨਹਦ ਸਬਦੁ ਨਿਰਾਲਾ ਵਾਜੇ 
ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ 
ਸਬਦੇ ਭੇਦੇ ਤਉ ਪਤਿ ਪਾਵੈ 
ਕਰਿ ਕਰਿ ਵੇਸ ਖਪਹਿ  ਜਲਿ ਜਾਵਹਿ 
ਸਾਚੈ ਸਾਚੇ  ਸਾਚਿ ਸਮਾਵਹਿ ॥੮॥
-ਗੁਰੂ ਗ੍ਰੰਥ ਸਾਹਿਬ ੮੩੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
[ਨੋਟ: ਬ੍ਰਹਮ ਅਤੇ ਸੰਸਾਰ ਭਾਰਤੀ ਪਰੰਪਰਾ ਦੇ ਦੋ ਮੁਢਲੇ ਵਿਚਾਰ ਹਨ। ਮੰਨਿਆ ਗਿਆ ਹੈ ਕਿ ਬ੍ਰਹਮ ਵਿਚੋਂ ਹੀ ਸੰਸਾਰ ਉਪਜਦਾ ਹੈ ਤੇ ਮੁੜ ਉਸ ਵਿਚ ਹੀ ਸਮਾ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬ੍ਰਹਮ ਸੱਚ ਹੈ ਤੇ ਸੰਸਾਰ ਸੁਪਨੇ ਜਿਹੀ ਕਲਪਣਾ ਜਾਂ ਭਰਮ ਹੀ ਹੈ। ਮਨੁਖ ਇਸ ਸੁਪਨੇ, ਕਲਪਣਾ ਜਾਂ ਭਰਮ ਜਿਹੇ ਸੰਸਾਰ ਵਿਚੋਂ ਮੁਕਤ ਹੋ ਕੇ ਮੁੜ ਉਸ ਬ੍ਰਹਮ ਵਿਚ ਕਿਸ ਤਰ੍ਹਾਂ ਲੀਨ ਹੋ ਸਕੇ? ਇਹ ਵਡਾ ਸਵਾਲ ਹੈ। ਫਿਰ ਚਾਰ ਵੇਦਾਂ ਦੀ ਰਚਨਾ ਹੋਈ। ਇਨ੍ਹਾਂ ਦੇ ਪਹਿਲੇ ਭਾਗ ਵਿਚ ਵਿਸ਼ੇਸ਼ ਕਰਮ ਦੱਸੇ ਗਏ, ਜਿਨ੍ਹਾਂ ਸਦਕਾ ਮਨੁਖ ਇਸ ਸੰਸਾਰ ਤੋਂ ਮੁਕਤੀ ਹਾਸਲ ਕਰ ਸਕੇ। ਵੇਦ ਦੇ ਦੂਜੇ ਭਾਗ ਵਿਚ ਦੱਸਿਆ ਗਿਆ ਕਿ ਕਰਮ ਦੀ ਬਜਾਏ ਬ੍ਰਹਮ ਦਾ ਗਿਆਨ ਹੀ ਸੰਸਾਰ ਤੋਂ ਮੁਕਤ ਕਰਵਾ ਸਕਦਾ ਹੈ। ਸਮਾਂ ਪਾ ਕੇ ਵੇਦ ਦੇ ਪਹਿਲੇ ਅਤੇ ਦੂਜੇ ਭਾਗ ਦੀ ਸਿਲਸਿਲੇਵਾਰ ਵਿਚਾਰ-ਚਰਚਾ ਹੋਈ, ਜਿਸ ਨੂੰ ਮੀਮਾਂਸਾ ਕਹਿੰਦੇ ਹਨ। ਵੇਦ ਦੇ ਮੁੱਢਲੇ ਭਾਗ ਦੇ ਮੀਮਾਂਸਾ ਨੂੰ ਪੂਰਬ-ਮੀਮਾਂਸਾ ਜਾਂ ਕਰਮ-ਮੀਮਾਂਸਾ ਵੀ ਕਹਿੰਦੇ ਹਨ। ਵੇਦ ਦੇ ਦੂਸਰੇ ਜਾਂ ਅੰਤਮ ਭਾਗ ਨੂੰ ਉਤਰ-ਮੀਮਾਂਸਾ, ਬ੍ਰਹਮ-ਮੀਮਾਂਸਾ ਜਾਂ ਵੇਦਾਂਤ (ultimate knowledge) ਵੀ ਕਹਿੰਦੇ ਹਨ। ਮੀਮਾਂਸਾ ਪੁੱਛ-ਗਿੱਛ, ਪਰਖ-ਪੜਚੋਲ, ਵਿਚਾਰ-ਚਰਚਾ ਜਾਂ ਅਲੋਚਨਾ ਨੂੰ ਕਹਿੰਦੇ ਹਨ ਤੇ ਸਦੀਆਂ ਦੇ ਇਸ ਅਭਿਆਸ ਵਿਚੋਂ ਛੇ ਦਰਸ਼ਨ ਨਿਰਮਤ ਹੋਏ। ਇਨ੍ਹਾਂ ਛੇ ਦਰਸ਼ਨਾ ਦੇ ਅਭਿਆਸੀ ਪਖ ਵੀ ਅਨੇਕ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਪਹਿਰਾਵੇ, ਵੇਸ, ਭੇਸ ਜਾਂ ਭੇਖ ਹਨ, ਜਿਨ੍ਹਾਂ ਵਿਚ ਜੋਗੀ, ਸੰਨਿਆਸੀ, ਜੰਗਮ, ਜੈਨੀ, ਵੈਰਾਗੀ ਅਤੇ ਮਦਾਰੀ ਵੀ ਮੰਨੇ ਜਾਂਦੇ ਹਨ। ਪਰ ਅਭਿਆਸ ਦੇ ਪਖ ਤੋਂ ਇਨ੍ਹਾਂ ਦੀ ਗਿਣਤੀ ਛੇ ਤਕ ਸੀਮਤ ਨਹੀਂ ਹੈ। ਸ਼ਾਇਦ ਇਸੇ ਲਈ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਇਹ ਪ੍ਰਮਾਣਕ ਨਹੀਂ ਹੈ।]

ਛੇਵੀਂ ਤਿਥ ਨੂੰ ਖਸਟੀ ਕਹਿੰਦੇ ਹਨ, ਜਿਸ ਦੇ ਹਵਾਲੇ ਨਾਲ ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਖਟ ਸ਼ਾਸਤਰਾਂ ਕਰਕੇ ਜਾਣੇ ਜਾਂਦੇ ਛੇ ਬੌਧਿਕ ਵਿਚਾਰਾਂ ਜਾਂ ਸਿਧਾਂਤਾਂ ਦੀ ਸਿਰਜਣਾ ਦੇ ਪਿੱਛੇ ਪਰਮ ਹਸਤੀ, ਇਕ, ਭਾਵ ਪ੍ਰਭੂ ਆਪ ਹੀ ਹੈ। ਕਿਉਂਕਿ ਸ੍ਰਿਸ਼ਟੀ ਦਾ ਕਰਤਾ ਉਹੀ ਹੈ, ਜਿਸ ਕਰਕੇ ਸ੍ਰਿਸ਼ਟੀ ਦੀ ਹਰ ਕਿਰਤ ਦਾ ਕਰਤਾ ਵੀ ਉਹੀ ਹੋ ਸਕਦਾ ਹੈ। 

ਇਨ੍ਹਾਂ ਛੇ ਸ਼ਾਸਤਰਾਂ ਦੀ ਰਚਨਾ ਕਰਨ ਵਾਲਾ ਅਨੰਤ ਗਿਆਨ ਰੂਪ ਇਕ ਪ੍ਰਭੂ ਦਾ ਕੋਈ ਘਰ ਘਾਟ ਨਹੀਂ ਹੈ। ਭਾਵ, ਉਹ ਘਟ-ਘਟ ਵਿਚ ਜਾਂ ਹਰ ਘਟ, ਹਰ ਥਾਂ ਵਸਦਾ ਹੈ। ਛੇ ਸ਼ਾਸਤਰਾਂ ਤੋਂ ਉਸ ਇਕ ਨੂੰ ਇਕ ਤੋਂ ਵਧੇਰੇ ਨਹੀਂ ਅਨੁਮਾਨ ਲੈਣਾ ਚਾਹੀਦਾ। ਬਲਕਿ ਛੇ ਸ਼ਾਸਤਰ ਉਸ ਇਕ ਦੇ ਗਿਆਨ ਰੂਪ ਨੂੰ ਹੀ ਪ੍ਰਗਟਾਉਂਦੇ ਅਤੇ ਦਰਸਾਉਂਦੇ ਹਨ।

ਜੇ ਉਸ ਇਕ ਪ੍ਰਭੂ ਦੀ ਮਿਹਰ ਹੋਵੇ ਤਾਂ ਉਹ ਆਪਣੇ ਘਰ ਵਿਚ ਆਉਣ ਲਈ ਸੱਦਾ ਦੇ ਦਿੰਦਾ ਹੈ। ਇਥੇ ਸੱਦੇ ਦਾ ਭਾਵ ਉਹ ਗਿਆਨ ਹੈ, ਜਿਸ ਰਾਹੀਂ ਪਤਾ ਲੱਗਦਾ ਹੈ ਕਿ ਉਸ ਦਾ ਕੋਈ ਵਿਸ਼ੇਸ਼ ਟਿਕਾਣਾ ਨਹੀਂ ਹੈ, ਬਲਕਿ ਉਹ ਕਣ-ਕਣ ਵਿਚ ਵਸਦਾ ਹੈ। ਜਿਸ ਕਰਕੇ ਜਿਥੇ ਵੀ ਤੇ ਜਿਸ ਹਾਲਤ ਵਿਚ ਵੀ ਕੋਈ ਹੈ, ਉਥੇ ਅਤੇ ਉਸ ਹਾਲਤ ਵਿਚ ਹੀ ਉਸ ਇਕ ਪ੍ਰਭੂ ਨੂੰ ਮਿਲਿਆ ਜਾ ਸਕਦਾ ਹੈ। ਉਸ ਨੂੰ ਮਿਲਣਾ ਅਸਲ ਵਿਚ ਇਹੀ ਅਨੁਭਵ ਹੈ ਕਿ ਉਹ ਹਰ ਥਾਂ ਵਸਦਾ ਹੈ।

ਉਸ ਇਕ, ਭਾਵ ਪ੍ਰਭੂ ਦੀ ਮਿਹਰ ਵਿਚ ਉਸ ਦਾ ਮਿਲਾਪ ਹੈ ਤੇ ਉਸ ਦਾ ਮਿਲਾਪ ਹੀ ਅਸਲ ਮਾਣ, ਸਤਿਕਾਰ ਅਤੇ ਇੱਜਤ ਹੈ। ਅਜਿਹੀ ਇੱਜਤ ਤਾਂ ਹੀ ਮਿਲਦੀ ਹੈ ਜੇ ਗੁਰ-ਸ਼ਬਦ ਰਾਹੀਂ ਉਸ ਪ੍ਰਭੂ ਦੀ ਯਾਦ ਵਿਚ ਲੀਨ ਹੋਇਆ ਜਾਵੇ। ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਜੇ ਕੋਈ ਉਸ ਗਿਆਨ ਰੂਪ ਇਕ ਪ੍ਰਭੂ ਨਾਲ ਪ੍ਰੇਮ ਪਾ ਲਵੇ ਜਾਂ ਉਸ ਨੂੰ ਆਪਣੇ ਹਿਰਦੇ ਵਿਚ ਵਸਾ ਲਵੇ ਤਾਂ ਹੀ ਕੋਈ ਮਾਣ-ਇੱਜਤ ਪ੍ਰਾਪਤ ਕਰ ਸਕਦਾ ਹੈ।

ਛੇ ਸ਼ਾਸਤਰ ਉਸ ਇਕ ਪਰਮ ਹਸਤੀ ਦੇ ਛੇ ਅਲੱਗ-ਅਲੱਗ ਵਿਚਾਰ ਰੂਪ ਵੇਸ ਜਾਂ ਪਹਿਰਾਵੇ ਹਨ। ਜੇ ਕੋਈ ਉਸ ਇਕ ਦੇ ਇਨ੍ਹਾਂ ਅਲਹਿਦਾ-ਅਲਹਿਦਾ ਰੂਪਾਂ ਦੇ ਭਰਮ ਵਿਚ ਉਲਝ ਜਾਵੇ ਤੇ ਉਸ ਦੇ ਰੂਪ ਜਾਂ ਵੇਸ ਨੂੰ ਅਪਣਾ ਲਵੇ ਤਾਂ ਉਹ ਇਨ੍ਹਾਂ ਰੂਪਾਂ ਦੀ ਬੇਕਾਰ ਕੋਸ਼ਿਸ਼ ਵਿਚ ਹੀ ਮਰ ਮੁੱਕ ਜਾਂਦਾ ਹੈ ਤੇ ਕਦੇ ਕਾਮਯਾਬੀ ਹਾਸਲ ਨਹੀਂ ਕਰਦਾ।  

ਇਥੇ ਵੇਸ ਦਾ ਅਰਥ ਇਹ ਵੀ ਹੈ ਕਿ ਅਨੇਕ ਲੋਕ ਉਸ ਇਕ ਸੱਚ ਨੂੰ ਪ੍ਰਾਪਤ ਕਰਨ ਲਈ ਅਲੱਗ-ਅਲੱਗ ਪਹਿਰਾਵੇ ਧਾਰਣ ਕਰ ਲੈਂਦੇ ਹਨ। ਇਸ ਤਰ੍ਹਾਂ ਉਹ ਸੰਸਾਰ ਦੇ ਮਨ ਵਿਚ ਤਾਂ ਅਜਿਹਾ ਭਰਮ ਸਿਰਜ ਦਿੰਦੇ ਹਨ ਕਿ ਜਿਵੇਂ ਉਹ ਸੱਚ ਦੇ ਮਾਰਗ ’ਤੇ ਚੱਲ ਰਹੇ ਹੋਣ। ਪਰ ਅਸਲ ਵਿਚ ਅਜਿਹਾ ਕੁਝ ਨਹੀਂ ਹੁੰਦਾ ਤੇ ਉਹ ਇਸ ਬੇਕਾਰ ਕੋਸ਼ਿਸ਼ ਵਿਚ ਮਰ-ਖਪ ਜਾਂਦੇ ਹਨ।

ਕਿਉਂਕਿ ਛੇ ਸ਼ਾਸਤਰ ਉਸ ਦੇ ਅਲਹਿਦਾ ਰੂਪ ਨਹੀਂ ਹਨ, ਬਲਕਿ ਉਸ ਇਕ ਪਰਮ ਹਸਤੀ ਨੂੰ ਮਿਲਾਉਣ ਵਾਲੇ ਅਲੱਗ-ਅਲੱਗ ਰਸਤੇ ਹਨ। ਜਿਹੜੇ ਲੋਕ ਉਸ ਇਕ ਹਸਤੀ ਦੇ ਇਸ ਸੱਚ ਨੂੰ ਜਾਣ ਲੈਂਦੇ ਹਨ, ਉਹੀ ਅਸਲ ਵਿਚ ਸੱਚੇ ਸਮਝਣੇ ਚਾਹੀਦੇ ਹਨ। ਕਿਉਂਕਿ ਸੱਚ ਵੱਲ ਜਾਂਦੇ ਮਾਰਗ ’ਤੇ ਚੱਲਣ ਵਾਲੇ, ਸੱਚੇ ਲੋਕ ਹੀ, ਉਸ ਸੱਚ ਤਕ ਪੁੱਜਦੇ ਹਨ ਤੇ ਅਖੀਰ ਸੱਚ ਨਾਲ ਮਿਲ ਕੇ ਆਪ ਵੀ ਸੱਚ-ਸਰੂਪ ਹੋ ਨਿਬੜਦੇ ਹਨ।

Tags