ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਚਉਥਿ ਉਪਾਏ ਚਾਰੇ ਬੇਦਾ ॥
ਖਾਣੀ ਚਾਰੇ ਬਾਣੀ ਭੇਦਾ ॥
ਅਸਟ ਦਸਾ ਖਟੁ ਤੀਨਿ ਉਪਾਏ ॥
ਸੋ ਬੂਝੈ ਜਿਸੁ ਆਪਿ ਬੁਝਾਏ ॥
ਤੀਨਿ ਸਮਾਵੈ ਚਉਥੈ ਵਾਸਾ ॥
ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥
-ਗੁਰੂ ਗ੍ਰੰਥ ਸਾਹਿਬ ੮੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੌਥੀ ਥਿਤ ਨੂੰ ਚੌਥ ਵੀ ਕਹਿੰਦੇ ਹਨ, ਜਿਸ ਰਾਹੀਂ ਇਥੇ ਦੱਸਿਆ ਗਿਆ ਹੈ ਕਿ ਉਸ ਇਕ ਪ੍ਰਭੂ ਦੀ ਪ੍ਰੇਰਨਾ ਨਾਲ ਹੀ ਚਾਰ ਵੇਦਾਂ ਦੀ ਰਚਨਾ ਹੋਈ। ਗੁਰਮਤਿ ਦਾ ਮੰਨਣਾ ਹੈ ਕਿ ਹਰ ਕਾਸੇ ਦਾ ਕਰਤਾ ਇਕ ਪ੍ਰਭੂ ਹੀ ਹੈ। ਫਿਰ ਉਸ ਪ੍ਰਭੂ ਨੇ ਚਾਰ ਤਰੀਕਿਆਂ ਨਾਲ ਪੈਦਾ ਹੋਣ ਵਾਲੇ ਭਾਂਤ-ਭਾਂਤ ਦੀਆਂ ਸ਼ਕਲਾਂ ਤੇ ਅਕਾਰਾਂ ਵਾਲੇ ਜੀਵ ਪੈਦਾ ਕੀਤੇ ਅਤੇ ਬੋਲਣ ਲਈ ਵਖ-ਵਖ ਬੋਲੀਆਂ ਬਣਾਈਆਂ। ਚਾਰ ਤਰ੍ਹਾਂ ਨਾਲ ਪੈਦਾ ਹੋਣ ਵਾਲੇ ਜੀਵ ਆਪਣੇ ਰੰਗ, ਰੂਪ ਅਤੇ ਅਕਾਰ ਪੱਖੋਂ ਏਨੇ ਵਿਲੱਖਣ ਹਨ ਕਿ ਕੋਈ ਵੀ ਜੀਵ ਕਿਸੇ ਹੋਰ ਨਾਲ ਇੰਨ-ਬਿੰਨ ਨਹੀਂ ਮਿਲਦਾ।
ਪਰਮ ਹਸਤੀ ਇਕ ਪ੍ਰਭੂ ਦੀ ਪ੍ਰੇਰਨਾ ਨਾਲ ਹੀ ਵੇਦਾਂ ਦੀ ਰਚਨਾ ਦੇ ਬਾਅਦ ਅਠਾਰਾਂ ਪੁਰਾਣ, ਛੇ ਸ਼ਾਸਤਰ ਤੇ ਤਿੰਨ ਗੁਣਾਂ ਦੀ ਰਚਨਾ ਹੋਈ। ਪੁਰਾਣਾਂ ਵਿਚ ਪ੍ਰਾਚੀਨ ਕਾਲ ਦੇ ਇਤਿਹਾਸ ਦੀ ਕਲਪਣਾ ਕੀਤੀ ਹੋਈ ਹੈ। ਭਾਰਤੀ ਪਰੰਪਰਾ ਵਿਚ ਇਤਿਹਾਸ ਦਾ ਇਹੀ ਸੰਕਲਪ ਅਤੇ ਸਰੂਪ ਹੈ, ਜਿਸ ਨੂੰ ਪੁਰਾਣ ਕਿਹਾ ਗਿਆ ਹੈ। ਇਸੇ ਤਰ੍ਹਾਂ ਵੇਦਾਂ ਦੀ ਵਿਚਾਰ-ਵਿਮਰਸ਼ ਦੇ ਨਿਸ਼ਕਰਸ਼ ਵਜੋਂ ਜਿਹੜੀਆਂ ਛੇ ਦਾਰਸ਼ਨਿਕ ਪਰੰਪਰਾਵਾਂ ਦਾ ਨਿਰੂਪਣ ਕੀਤਾ ਗਿਆ ਹੈ, ਉਨ੍ਹਾਂ ਨੂੰ ਛੇ ਸ਼ਾਸਤਰ ਜਾਂ ਖਟ-ਸ਼ਾਸਤਰ ਕਿਹਾ ਜਾਂਦਾ ਹੈ।
ਭਾਰਤੀ ਪਰੰਪਰਾ ਵਿਚ ਸ੍ਰਿਸ਼ਟੀ ਦੇ ਚਾਲਕ ਤੱਤਾਂ ਨੂੰ ਗੁਣ ਕਹਿੰਦੇ ਹਨ, ਜੋ ਗਿਣਤੀ ਵਿਚ ਤਿੰਨ ਹਨ। ਮੰਨਿਆ ਗਿਆ ਹੈ ਕਿ ਇਨ੍ਹਾਂ ਤਿੰਨ ਗੁਣਾਂ ਕਰਕੇ ਹੀ ਸ੍ਰਿਸ਼ਟੀ ਪ੍ਰਗਤੀਸ਼ੀਲ ਹੈ। ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਰਜੋ, ਤਮੋ ਅਤੇ ਸਤੋ ਕਹੇ ਜਾਂਦੇ ਤਿੰਨ ਗੁਣਾਂ ਦਾ ਕਰਤਾ ਅਸਲ ਵਿਚ ਇਕ ਪ੍ਰਭੂ ਹੀ ਹੈ।
ਉਹ ਪ੍ਰਭੂ ਨਜਰ ਨਹੀਂ ਆਉਂਦਾ, ਜਿਸ ਕਰਕੇ ਮਨੁਖ ਨੂੰ ਸ੍ਰਿਸ਼ਟੀ ਦੇ ਕਰਤੇ ਦੀ ਭੁੱਲ ਹੋ ਜਾਂਦੀ ਹੈ ਤੇ ਉਹ ਉਸ ਇਕ ਦੀ ਬਜਾਏ ਕਿਸੇ ਹੋਰ ਨੂੰ ਕਰਤਾ ਅਨੁਮਾਨ ਲੈਂਦਾ ਹੈ। ਪਰ ਇਥੇ ਮਨੁਖ ਦੀ ਭ੍ਰਾਂਤੀ ਨੂੰ ਦਰੁਸਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਉਸ ਇਕ ਨੂੰ ਕਰਤੇ ਵਜੋਂ ਮੰਨਣ ਦੀ ਸੋਝੀ ਹਰ ਇਕ ਨੂੰ ਨਹੀਂ ਹੁੰਦੀ। ਇਸ ਦਾ ਗਿਆਨ ਉਸਨੂੰ ਹੀ ਹੁੰਦਾ ਹੈ, ਜਿਸ ਉਤੇ ਉਹ ਇਕ ਪਰਮ ਹਸਤੀ ਆਪ ਕਿਰਪਾ ਕਰਕੇ ਸੋਝੀ ਕਰਵਾ ਦੇਵੇ।
ਜਿਹੜਾ ਜਗਿਆਸੂ ਆਪਣੀ ਚੇਤਨਾ ਦੇ ਤਿੰਨ ਧਰਾਤਲਾਂ ਨੂੰ ਸਮੇਟ ਲੈਂਦਾ ਹੈ ਜਾਂ ਉਨ੍ਹਾਂ ਉੱਤੇ ਕਾਬੂ ਪਾ ਲੈਂਦਾ ਹੈ, ਫਿਰ ਉਹ ਚੇਤਨਾ ਦੇ ਤਿੰਨ ਧਰਾਤਲਾਂ ਤੋਂ ਪਾਰ ਪੁੱਜ ਜਾਂਦਾ ਹੈ, ਜਿਥੇ ਜਾ ਕੇ ਉਸ ਨੂੰ ਉਸ ਇਕ ਪ੍ਰਭੂ ਦੀ ਸੋਝੀ ਹੁੰਦੀ ਹੈ। ਚੇਤਨਾ ਦੇ ਤਿੰਨ ਧਰਾਤਲ ਜਾਗ੍ਰਿਤ, ਸੁਪਨ ਅਤੇ ਗੂੜ੍ਹੀ ਨੀਂਦ ਦੇ ਪਾਰ, ਚੌਥੀ ਅਵਸਥਾ, ਉਸ ਇਕ ਦੀ ਚੇਤਨਾ ਵਾਲੀ ਅਵਸਥਾ ਮੰਨੀ ਜਾਂਦੀ ਹੈ। ਇਸ ਕਰਕੇ ਇਥੇ ਦੱਸਿਆ ਗਿਆ ਹੈ ਕਿ ਉਸ ਮਹਾਂ ਕਰਤੇ ਇਕ ਦਾ ਗਿਆਨ ਚੌਥੀ ਅਵਸਥਾ ਵਿਚ ਹੀ ਹੁੰਦਾ ਹੈ। ਪਰ ਇਸ ਚੌਥੀ ਅਵਸਥਾ ਵਿਚ ਉਹੀ ਪੁੱਜਦਾ ਹੈ, ਜਿਹੜਾ ਪਹਿਲੀਆਂ ਤਿੰਨ ਅਵਸਥਾਵਾਂ ਨੂੰ ਸਮੇਟ ਲੈਂਦਾ ਹੈ ਜਾਂ ਇਨ੍ਹਾਂ ’ਤੇ ਕਾਬੂ ਪਾ ਲੈਂਦਾ ਹੈ।
ਇਸ ਸ਼ਬਦ ਦੇ ਅਖੀਰ ਵਿਚ ‘ਨਾਨਕ’ ਪਦ ਦੀ ਮੁਹਰ ਲਾ ਕੇ ਗੁਰੂ ਸਾਹਿਬ ਦੱਸਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਸ਼ਰਧਾ ਅਤੇ ਸਤਿਕਾਰ ਦਾ ਅਹਿਸਾਸ ਹੈ, ਉਹ ਉਸ ਪ੍ਰਭੂ ਦੀ ਅਧੀਨਤਾ ਵਿਚ ਰਹਿੰਦੇ ਹਨ। ਭਾਵ, ਉਸ ਦੇ ਹੁਕਮ ਵਿਚ ਰਹਿੰਦੇ ਹਨ।