ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ
ੴ ਸਤਿਗੁਰ ਪ੍ਰਸਾਦਿ ॥
ਏਕਮ ਏਕੰਕਾਰੁ ਨਿਰਾਲਾ ॥
ਅਮਰੁ ਅਜੋਨੀ ਜਾਤਿ ਨ ਜਾਲਾ ॥
ਅਗਮ ਅਗੋਚਰੁ ਰੂਪੁ ਨ ਰੇਖਿਆ ॥
ਖੋਜਤ ਖੋਜਤ ਘਟਿ ਘਟਿ ਦੇਖਿਆ ॥
ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥
ਗੁਰ ਪਰਸਾਦਿ ਪਰਮ ਪਦੁ ਪਾਈ ॥੧॥
ਕਿਆ ਜਪੁ ਜਾਪਉ ਬਿਨੁ ਜਗਦੀਸੈ ॥
ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੮੩੮-੮੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੰਦਰਮਾ ਦੀ ਪਹਿਲੀ ਤਿਥ ਨੂੰ ਏਕਮ ਕਹਿੰਦੇ ਹਨ ਤੇ ਇਸ ਪਉੜੀ ਵਿਚ ਏਕਮ ਰਾਹੀਂ ਇਕ ਪ੍ਰਭੂ (ਏਕੰਕਾਰ) ਬਾਰੇ ਦੱਸਿਆ ਗਿਆ ਹੈ ਕਿ ਉਹ ਸਭ ਤੋਂ ਵਿਲੱਖਣ ਹੈ। ਗੁਰਮਤਿ ਅਨੁਸਾਰ ਸ੍ਰਿਸ਼ਟੀ ਦਾ ਜਨਮ ਦਾਤਾ, ਪਾਲਣ ਵਾਲਾ ਤੇ ਇਸ ਨੂੰ ਖਤਮ ਕਰਨ ਵਾਲਾ, ਇਹ ਅਲੱਗ-ਅਲੱਗ ਤਿੰਨ ਹਸਤੀਆਂ ਨਹੀਂ, ਬਲਕਿ ਇਕ ਹੀ ਹੈ। ਉਸ ਦੀ ਸਿਫਤ ਜਾਂ ਪਛਾਣ ਸਿਰਫ ਇਹੀ ਹੈ ਕਿ ਉਹ ਸਭ ਕਾਸੇ ਤੋਂ ਵਿਲੱਖਣ ਹੈ। ਭਾਵ, ਉਸ ਜਿਹਾ ਹੋਰ ਕੋਈ ਨਹੀਂ ਹੈ ਤੇ ਉਹ ਸਰਬ-ਸ੍ਰੇਸ਼ਟ ਹੈ। ਕਾਸੇ ਨੂੰ ਇਕ ਕਹਿਣ ਦੀ ਲੋੜ ਉਦੋਂ ਹੀ ਪੈਂਦੀ ਹੈ, ਜਦ ਕੋਈ ਭੁਲੇਖੇ ਕਾਰਣ ਉਸ ਇਕ ਨੂੰ ਇਕ ਤੋਂ ਵਧ ਮੰਨ ਲਵੇ। ਜਦ ਉਸ ਇਕ ਨੂੰ ਤਿੰਨ ਅਲੱਗ-ਅਲੱਗ ਹਸਤੀਆਂ ਮੰਨ ਲਿਆ ਗਿਆ ਤਾਂ ਇਹ ਭੁਲੇਖਾ ਦੂਰ ਕਰਨ ਹਿਤ ਗੁਰਮਤਿ ਵਿਚ ਉਸ ਨੂੰ ਇਕ ਆਖਿਆ।
ਸੰਸਕ੍ਰਿਤ ਵਿਚ ਆਲਯ ਰਹਿਣ ਦੀ ਥਾਂ ਦੇ ਅਰਥਾਂ ਵਿਚ ਘਰ ਨੂੰ ਕਹਿੰਦੇ ਹਨ। ਨਿਰ+ਆਲਯ, ਨਿਰਆਲਯ ਜਾਂ ਨਿਰਾਲਾ ਉਸਨੂੰ ਕਿਹਾ ਜਾਂਦਾ ਹੈ, ਜਿਸਦਾ ਕੋਈ ਘਰ ਨਹੀਂ ਹੁੰਦਾ। ਅਜਿਹੀ ਹਸਤੀ ਕੇਵਲ ਪ੍ਰਭੂ ਹੀ ਹੈ, ਜਿਸਦਾ ਕੋਈ ਵਿਸੇਸ਼ ਘਰ ਨਹੀਂ ਹੈ ਜਾਂ ਸਾਰੀ ਸ੍ਰਿਸ਼ਟੀ ਹੀ ਜਿਸਦਾ ਘਰ ਹੈ। ਮਨੁਖੀ ਸਮਾਜ ਵਿਚ ਘਰ ਕੰਧਾਂ ਨਾਲ ਬਣਦਾ ਹੈ ਤੇ ਕੰਧਾਂ ਹੱਦਬੰਦੀ ਕਰਦੀਆਂ ਹਨ। ਪਰ ਉਹ ਪਰਮ ਇਕ ਕਿਸੇ ਵੀ ਹੱਦਬੰਦੀ ਤੋਂ ਰਹਿਤ ਹੈ। ਉਹ ਕਿਸੇ ਇਕ ਘਰ ਵਿਚ ਨਹੀਂ ਵਸਦਾ। ਸਾਰੇ ਘਰ ਉਸ ਦੇ ਹੀ ਹਨ। ਸਾਰੀ ਸ੍ਰਿਸ਼ਟੀ ਉਸ ਦਾ ਹੀ ਘਰ ਹੈ ਜਾਂ ਉਹ ਹੀ ਸਭ ਕਾਸੇ ਦਾ ਕਰਤਾ ਹੈ। ਇਹੀ ਵਿਚਾਰ ਇਸ ਬਾਣੀ ਵਿਚ ਦ੍ਰਿੜ ਕੀਤਾ ਗਿਆ ਹੈ। ਸੋ ਨਿਰਾਲਾ ਦਾ ਇਕ ਅਰਥ ਇਹ ਵੀ ਹੈ ਕਿ ਉਹ ਇਕ ਕਿਸੇ ਘਰ ਜਾਂ ਟਿਕਾਣੇ ਦਾ ਮੁਥਾਜ ਨਹੀਂ ਹੈ। ਉਹ ਹਰ ਥਾਂ ਮੌਜੂਦ ਹੈ, ਉਸ ਦਾ ਕੋਈ ਵਿਸ਼ੇਸ਼ ਟਿਕਾਣਾ ਨਹੀਂ ਹੈ। ਨਿਰਾਲਾ ਦੇ ਇਸੇ ਅਰਥ ਤੋਂ ਇਹ ਭਾਵ ਵੀ ਲਿਆ ਜਾਂਦਾ ਹੈ ਕਿ ਉਹ ਆਪਣੀ ਇਸ ਸੌਤ ਕਾਰਣ ਅਦਭੁਤ ਭਾਵ ਸਭ ਕਾਸੇ ਤੋਂ ਅਲਹਿਦਾ ਹੈ।
ਉਹ ਹਸਤੀ ਜੋ ਇਕ ਹੈ, ਵਿਲੱਖਣ ਅਤੇ ਸ੍ਰੇਸ਼ਟ ਹੈ। ਉਸ ਬਾਰੇ ਹੋਰ ਦੱਸਿਆ ਗਿਆ ਹੈ ਕਿ ਉਸ ਦਾ ਵਿਨਾਸ਼ ਨਹੀਂ ਹੁੰਦਾ। ਵਿਨਾਸ਼ ਉਸ ਦਾ ਹੁੰਦਾ ਹੈ, ਜਿਸ ਦਾ ਜਨਮ ਹੁੰਦਾ ਹੈ। ਪਰ ਉਹ ਹਸਤੀ ਜਨਮ ਤੋਂ ਰਹਿਤ ਹੈ। ਕਿਉਂਕਿ ਉਸ ਦਾ ਜੀਵ ਵਾਂਗ ਜਨਮ ਨਹੀਂ ਹੋਇਆ। ਜਨਮ-ਮਰਨ ਕੁਦਰਤ ਦਾ ਅਸੂਲ ਹੈ। ਜਿਸ ਦਾ ਜਨਮ ਹੁੰਦਾ ਹੈ, ਉਸ ਨੇ ਮਰਨਾ ਜਰੂਰ ਹੁੰਦਾ ਹੈ। ਜਿਸ ਨੇ ਮਰਨਾ ਹੈ, ਉਸ ਦਾ ਜਨਮ ਜਰੂਰ ਹੋਇਆ ਹੁੰਦਾ ਹੈ। ਹੋਰ ਦੱਸਿਆ ਗਿਆ ਹੈ ਕਿ ਉਸ ਇਕ ਹਸਤੀ ਦੀ ਕੋਈ ਜਾਤ ਜਾਂ ਕਿਸਮ ਵੀ ਨਹੀਂ ਹੈ। ਭਾਵ, ਉਸ ਦਾ ਕੋਈ ਵਰਗ ਨਹੀਂ ਹੈ। ਕਿਉਂਕਿ ਜਾਤ, ਕਿਸਮ ਜਾਂ ਵਰਗ ਉਸ ਦਾ ਹੁੰਦਾ ਹੈ, ਜਿਹੜਾ ਅਨੇਕਤਾ ਵਿਚ ਹੋਵੇ। ਉਹ ਇਕ ਹੈ, ਇਸ ਲਈ ਉਸ ਦੀ ਕੋਈ ਜਾਤ ਨਹੀਂ ਹੈ। ਜਾਤ ਜਿਹਾ ਵਰਗੀਕਰਣ ਜੀਵਾਂ ਨੂੰ ਕਿਸੇ ਬੰਧਨ ਵਿਚ ਬੰਨ੍ਹਣ ਲਈ ਕੀਤਾ ਜਾਂਦਾ ਹੈ। ਪਰ ਉਸ ਇਕ ਦੀ ਕੋਈ ਜਾਤ ਨਹੀਂ ਹੈ, ਇਸ ਲਈ ਉਹ ਹਰ ਤਰ੍ਹਾਂ ਦੇ ਬੰਧਨ ਤੋਂ ਮੁਕਤ ਹੈ।
ਉਸ ਹਸਤੀ ਤਕ ਕਿਸੇ ਦੀ ਪਹੁੰਚ ਨਹੀਂ ਹੈ। ਇਹ ਨਹੀਂ ਕਿ ਉਹ ਦੂਰ ਬਹੁਤ ਹੈ। ਉਹ ਨਿਰਾਕਾਰ ਹੈ, ਜਿਸ ਕਰਕੇ ਅਕਾਰ ਵਾਲੇ ਉਸ ਤਕ ਨਹੀਂ ਪੁੱਜ ਸਕਦੇ।
ਗੋਚਰ ਧਰਤੀ ਨੂੰ ਕਹਿੰਦੇ ਹਨ, ਜਿਥੇ ਗਊਆਂ ਚਰਦੀਆਂ ਹਨ। ਗੋਚਰ ਉਸ ਨੂੰ ਵੀ ਕਹਿੰਦੇ ਹਨ, ਜਿਸ ਦਾ ਨਿਰਬਾਹ ਧਰਤੀ ’ਤੇ ਨਿਰਭਰ ਹੁੰਦਾ ਹੈ। ਦੋਵਾਂ ਹਾਲਤਾਂ ਵਿਚ ਉਹ ਹਸਤੀ ਧਰਤੀ ’ਤੇ ਨਿਰਭਰ ਨਹੀਂ ਹੈ। ਭਾਵ, ਉਹ ਮਨੁਖ ਲਈ ਓਪਰਾ ਹੈ, ਜਿਸ ਕਰਕੇ ਸੋਚ ਦੇ ਸਹਾਰੇ ਵੀ ਉਸ ਤਕ ਨਹੀਂ ਪੁੱਜਿਆ ਜਾ ਸਕਦਾ।
ਅਸਲ ਵਿਚ ਉਸ ਦੀ ਕੋਈ ਰੂਪ-ਰੇਖਾ ਨਹੀਂ ਹੈ। ਕਿਉਂਕਿ ਰੂਪ-ਰੇਖਾ ਅਕਾਰ ਦੀ ਹੁੰਦੀ ਹੈ ਤੇ ਉਹ ਨਿਰਾਕਾਰ ਹੈ। ਕੋਈ ਵੀ ਅਕਾਰ ਨਜਰ ਆਉਣ ਕਾਰਣ ਰੇਖਾਂਕਤ ਹੁੰਦਾ ਹੈ। ਪਰ ਉਹ ਇਕ ਨਿਰਾਕਾਰ ਹੈ, ਜਿਸ ਕਰਕੇ ਉਹ ਅਰੂਪ ਹੈ ਤੇ ਰੇਖਾਂਕਤ ਵੀ ਨਹੀਂ ਹੁੰਦਾ।
ਜਦ ਨਜਰ ਨਾ ਆਉਣ ਵਾਲੇ ਉਸ ਨਿਰਾਕਾਰ ਇਕ ਨੂੰ ਲੱਭਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਹਰ ਥਾਂ ਹੀ ਨਜਰ ਆ ਜਾਂਦਾ ਹੈ। ਫਿਰ ਕੋਈ ਵੀ ਥਾਂ ਅਜਿਹੀ ਨਹੀਂ ਦਿਖਦੀ, ਜਿਥੇ ਉਹ ਹੋਵੇ ਨਾ।
ਇਸ ਤਰ੍ਹਾਂ ਜਿਹੜਾ ਵੀ ਕੋਈ ਉਸ ਨੂੰ ਦੇਖ ਲਵੇ ਤੇ ਫਿਰ ਕਿਸੇ ਹੋਰ ਨੂੰ ਵੀ ਦਿਖਾ ਸਕੇ, ਉਸ ਦੇ ਬਲਿਹਾਰ ਜਾਣਾ ਚਾਹੀਦਾ ਹੈ। ਭਾਵ, ਉਸ ਦੇ ਅੱਗੇ ਆਪਣਾ ਬੱਲ ਹਾਰ ਜਾਣਾ ਚਾਹੀਦਾ ਹੈ ਜਾਂ ਉਸ ਨੂੰ ਆਪਣਾ ਉਸਤਾਦ ਮੰਨ ਲੈਣਾ ਚਾਹੀਦਾ ਹੈ।
ਉਸ ਵਿਲੱਖਣ ਹਸਤੀ ਇਕ ਪ੍ਰਭੂ ਨੂੰ ਪ੍ਰਾਪਤ ਕਰਨਾ ਖੁਦ ਵਿਲੱਖਣਤਾ ਜਿਹੀ ਪ੍ਰਮੁੱਖ ਪਦਵੀ ਦੇ ਧਾਰਣੀ ਹੋਣ ਜਿਹਾ ਹੈ। ਭਾਵ, ਉਸ ਇਕ ਨੂੰ ਪ੍ਰਾਪਤ ਕਰਨਾ ਹੈ। ਪਰ ਇਹ ਪਦਵੀ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਅਜਿਹੀ ਪਦਵੀ ਪ੍ਰਾਪਤ ਕਰ ਚੁੱਕੇ ਗੁਰੂ ਦੀ ਮਿਹਰ ਹੋ ਜਾਵੇ। ਇਸ ਦੇ ਬਿਨਾਂ ਉਸ ਇਕ ਪ੍ਰਭੂ ਨੂੰ ਹਾਸਲ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ।
ਫਿਰ ਉਸ ਪ੍ਰਭੂ ਦਾ ਮਨ ’ਤੇ ਇਹੋ-ਜਿਹਾ ਅਸਰ ਹੁੰਦਾ ਹੈ ਕਿ ਉਸ ਦੇ ਬਿਨਾਂ ਕੁਝ ਵੀ ਹੋਰ ਚੰਗਾ ਨਹੀਂ ਲੱਗਦਾ। ਮਨ ਵਿਚ ਵਾਰ-ਵਾਰ ਇਹ ਸਵਾਲ ਉਠਦਾ ਹੈ ਕਿ ਜਗਤ ਦੇ ਮਾਲਕ ਉਸ ਇਕ ਪ੍ਰਭੂ ਦੇ ਬਿਨਾਂ ਹੋਰ ਕੀ ਯਾਦ ਕੀਤਾ ਜਾਵੇ ਜਾਂ ਕਿਸ ਦਾ ਨਾਂ ਸਿਮਰਿਆ ਜਾਵੇ? ਇਥੇ ਆ ਕੇ ਦੱਸਿਆ ਗਿਆ ਹੈ ਕਿ ਉਹ ਇਕ ਪ੍ਰਭੂ ਹੀ ਜਗਤ ਦਾ ਜਨਮਦਾਤਾ, ਪਾਲਕ ਤੇ ਸੰਘਾਰ ਕਰਤਾ ਹੈ।
ਇਸ ਸ਼ਬਦ ਦੇ ਅਖੀਰ ਵਿਚ ਉਪਰੋਕਤ ਸਵਾਲ ਦਾ ਜਵਾਬ ਦੱਸਿਆ ਗਿਆ ਹੈ ਕਿ ਜਗਤ ਦੇ ਮਾਲਕ ਉਸ ਇਕ ਪ੍ਰਭੂ ਦਾ ਘਰ ਗੁਰੂ ਦੇ ਸ਼ਬਦ, ਭਾਵ ਸਿਖਿਆ ਦੀ ਸਹਾਇਤਾ ਨਾਲ ਨਜਰ ਆ ਜਾਂਦਾ ਹੈ। ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਉਸ ਪ੍ਰਭੂ ਨੂੰ ਮਿਲਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹੀ ਇਸ ਥਿਤੀ ਬਾਣੀ ਦਾ ਸਥਾਈ ਭਾਵ ਹੈ।