Guru Granth Sahib Logo
  
ਇਸ ਪਦੇ ਵਿਚ ਜਗਿਆਸੂ-ਜੀਵ ਨੂੰ ‘ਵਣਜਾਰੇ ਮਿੱਤਰ’ ਵਜੋਂ ਸੰਬੋਧਨ ਕਰਦੇ ਹੋਏ ਦਰਸਾਇਆ ਗਿਆ ਹੈ ਕਿ ਜੀਵ ਨੂੰ ਇਸ ਸੰਸਾਰ ’ਤੇ ਪ੍ਰਭੂ ਦੇ ਨਾਮ ਦਾ ਵਣਜ ਕਰਨ ਲਈ ਭੇਜਿਆ ਗਿਆ ਹੈ। ਉਸ ਦਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ ਹੈ। ਸਾਧ-ਸੰਗਤ ਅਤੇ ਗੁਰ-ਸ਼ਬਦ ਦੀ ਬਰਕਤ ਨਾਲ ਹੀ ਪ੍ਰਭੂ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਇਸ ਪ੍ਰਕਾਰ ਇਸ ਪਦੇ ਵਿਚ ਪ੍ਰਭੂ-ਨਾਮ ਦਾ ਸਿਮਰਨ ਕਰਨ ਦੀ ਪ੍ਰੇਰਨਾ ਹੈ।
ਸਿਰੀਰਾਗੁ   ਮਹਲਾ ੪   ਵਣਜਾਰਾ 
ਸਤਿ ਨਾਮੁ ਗੁਰ ਪ੍ਰਸਾਦਿ

ਹਰਿ ਹਰਿ ਉਤਮੁ ਨਾਮੁ ਹੈ   ਜਿਨਿ ਸਿਰਿਆ ਸਭੁ ਕੋਇ  ਜੀਉ
ਹਰਿ ਜੀਅ ਸਭੇ ਪ੍ਰਤਿਪਾਲਦਾ   ਘਟਿ ਘਟਿ ਰਮਈਆ ਸੋਇ
ਸੋ ਹਰਿ ਸਦਾ ਧਿਆਈਐ   ਤਿਸੁ ਬਿਨੁ ਅਵਰੁ ਕੋਇ
ਜੋ ਮੋਹਿ ਮਾਇਆ ਚਿਤੁ ਲਾਇਦੇ   ਸੇ ਛੋਡਿ ਚਲੇ ਦੁਖੁ ਰੋਇ
ਜਨ ਨਾਨਕ  ਨਾਮੁ ਧਿਆਇਆ   ਹਰਿ ਅੰਤਿ ਸਖਾਈ ਹੋਇ ॥੧॥

ਮੈ ਹਰਿ ਬਿਨੁ ਅਵਰੁ ਕੋਇ
ਹਰਿ ਗੁਰ ਸਰਣਾਈ ਪਾਈਐ  ਵਣਜਾਰਿਆ ਮਿਤ੍ਰਾ   ਵਡਭਾਗਿ ਪਰਾਪਤਿ ਹੋਇ ॥੧॥ ਰਹਾਉ
-ਗੁਰੂ ਗ੍ਰੰਥ ਸਾਹਿਬ ੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਦੇ ਅਰੰਭ ਵਿਚ ਜੋਰ ਦੇ ਕੇ ਦੱਸਿਆ ਗਿਆ ਹੈ ਕਿ ਜਿਸ ਪ੍ਰਭੂ ਨੇ ਸਾਰਿਆਂ ਦੀ ਸਿਰਜਣਾ ਕੀਤੀ ਹੈ, ਉਸ ਦਾ ਨਾਮ, ਉਸ ਦੀ ਯਾਦ ਹੀ ਸਭ ਤੋਂ ਉੱਤਮ ਹੈ। ਕਿਉਂਕਿ ਉਹ ਸ੍ਰਿਸ਼ਟੀ ਦੇ ਹਰੇਕ ਜੀਵ ਦਾ ਪਾਲਣ-ਪੋਸ਼ਣ ਕਰਦਾ ਹੈ ਤੇ ਹਰ ਕਿਸੇ ਦੇ ਅੰਦਰ ਰਮਿਆ ਹੋਇਆ ਹੈ। ਭਾਵ, ਉਸ ਦੇ ਬਿਨਾਂ ਕੋਈ ਵੀ ਅਤੇ ਕੁਝ ਵੀ ਨਹੀਂ ਹੈ।

ਇਸ ਲਈ ਉਸ ਪ੍ਰਭੂ ਨੂੰ ਹੀ ਹਮੇਸ਼ਾ ਧਿਆਨ ਵਿਚ ਰਖਣਾ ਚਾਹੀਦਾ ਹੈ। ਕਿਉਂਕਿ ਉਸ ਦੇ ਬਿਨਾਂ ਹੋਰ ਕੋਈ ਵੀ ਸਦੀਵੀ ਆਸਰਾ ਨਹੀਂ ਹੈ।

ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਣ ਤੋਂ ਬਿਨਾਂ ਜਿਸ ਕਿਸੇ ਨੇ ਵੀ ਸੰਸਾਰਕ ਪਦਾਰਥਾਂ ਤੇ ਰਿਸ਼ਤਿਆਂ ਦੀ ਮੋਹ-ਮਾਇਆ ਵਿਚ ਆਪਣਾ ਦਿਲ ਲਾਇਆ ਹੈ, ਉਸ ਨੂੰ ਅਖੀਰ ਵਿਚ ਇਸ ਮੋਹ ਕਾਰਣ ਦੁਖੜੇ ਰੋਂਦੇ ਹੋਏ ਹੀ ਇਹ ਸਭ ਕੁਝ ਛੱਡ-ਛੱਡਾ ਕੇ ਜਾਣਾ ਪਿਆ ਹੈ।

ਜਿਸ ਕਿਸੇ ਨੇ ਵੀ ਪ੍ਰਭੂ ਦੀ ਯਾਦ ਨੂੰ ਹਮੇਸ਼ਾ ਆਪਣੇ ਧਿਆਨ ਵਿਚ ਟਿਕਾ ਕੇ ਰਖਿਆ ਜਾਂ ਆਪਣਾ ਧਿਆਨ ਹਮੇਸ਼ਾ ਪ੍ਰਭੂ ਦੀ ਯਾਦ ਵਿਚ ਟਿਕਾਈ ਰਖਿਆ, ਉਨ੍ਹਾਂ ਮਨੁਖਾਂ ਦੇ ਆਖਰੀ ਸਮੇਂ ਪ੍ਰਭੂ ਆਪ ਉਨ੍ਹਾਂ ਦਾ ਸਹਾਈ ਹੁੰਦਾ ਹੈ। ਜਦੋਂ ਕਿ ਹੋਰ ਸਾਰੇ ਦੁਨਿਆਵੀ ਰਿਸ਼ਤਿਆਂ ਦਾ ਸਾਥ ਮੌਤ ਦੇ ਆਉਣ ਨਾਲ ਛੁੱਟ ਜਾਂਦਾ ਹੈ। ਇਸ ਲਈ ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਉਨ੍ਹਾਂ ਦਾ ਪ੍ਰਭੂ ਦੇ ਬਿਨਾਂ ਹੋਰ ਕੋਈ ਨਹੀਂ ਹੈ। 

ਸੰਸਾਰ ਵਿਚ ਕੋਈ ਵੀ ਮਨੁਖ ਅਜਿਹਾ ਨਹੀਂ ਜਿਹੜਾ ਸਿਰਫ ਆਪਣੇ ਹੀ ਬਲਬੂਤੇ ਉੱਤੇ ਆਪਣਾ ਜੀਵਨ ਬਸਰ ਕਰ ਰਿਹਾ ਹੋਵੇ। ਹਰ ਕਿਸੇ ਨੂੰ ਦੂਸਰੇ ਦਾ ਸਹਾਰਾ ਲੈਣਾ ਪੈਂਦਾ ਹੈ ਤੇ ਦੂਸਰਿਆਂ ਨੂੰ ਸਹਾਰਾ ਦੇਣਾ ਵੀ ਪੈਂਦਾ ਹੈ। ਇਸ ਤਰ੍ਹਾਂ ਹਰ ਮਨੁਖ ਕਿਸੇ ਨਾ ਕਿਸੇ ਰੂਪ ਵਿਚ ਲੈਣ-ਦੇਣ ਕਰਦਾ ਹੈ। ਇਹ ਲੈਣ-ਦੇਣ ਅਸਲ ਵਿਚ ਵਪਾਰ ਹੀ ਹੈ। ਵਪਾਰ ਨੂੰ ਵਣਜ ਕਹਿੰਦੇ ਹਨ ਤੇ ਵਪਾਰੀ ਨੂੰ ਵਣਜਾਰਾ ਕਿਹਾ ਜਾਂਦਾ ਹੈ। ਇਸ ਕਰਕੇ ਇਸ ਸ਼ਬਦ ਦੇ ਅਖੀਰ ਵਿਚ ਮਨੁਖ ਨੂੰ ਆਪਣੇ ਵਪਾਰੀ ਮਿੱਤਰ ਵਜੋਂ ਅਨੁਮਾਨ ਕੇ ਮੁਖਾਤਬ ਹੁੰਦੇ ਹਨ ਕਿ ਹਰੇਕ ਬਿਪਤਾ ਵਿਚ ਸਹਾਈ ਹੋਣ ਵਾਲਾ ਪ੍ਰਭੂ, ਗੁਰੂ ਦੀ ਸ਼ਰਣ ਵਿਚ ਜਾਇਆਂ ਹੀ ਪ੍ਰਾਪਤ ਹੁੰਦਾ ਹੈ ਤੇ ਗੁਰੂ ਵੀ ਉਸੇ ਨੂੰ ਮਿਲਦਾ ਹੈ, ਜਿਸ ਦੇ ਵਡੇ ਭਾਗ ਹੋਣ। 

ਨੋਟ: ਭਾਗ ਦਾ ਅਰਥ ਇਹ ਨਹੀਂ ਹੈ ਕਿ ਸਾਨੂੰ ਕੁਝ ਮਿਲਣਾ ਹੈ ਜਾਂ ਨਹੀਂ। ਇਹ ਸਾਡੇ ਭਾਗ ਵਿਚ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਹੈ। ਅਸਲ ਵਿਚ ਭਾਗ ਦਾ ਅਰਥ ਅਜਿਹਾ ਪ੍ਰਤੀਤ ਹੁੰਦਾ ਹੈ ਕੁਝ ਵੀ ਹਾਸਲ ਕਰਨ ਦਾ ਕੋਈ ਨਾ ਕੋਈ ਨਿਯਮ ਪਹਿਲਾਂ ਤੋਂ ਹੀ ਤੈਅ ਹੈ। ਉਸ ਨਿਯਮ ਦੇ ਪਾਲਣ ਨਾਲ ਹੀ ਕੋਈ ਪ੍ਰਾਪਤੀ ਸੰਭਵ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਦੀ ਪ੍ਰਾਪਤੀ ਦਾ ਵੀ ਨਿਯਮ ਨਿਰਧਾਰਤ ਹੈ, ਜਿਸ ਦੇ ਪਾਲਣ ਨਾਲ ਹੀ ਗੁਰੂ ਨਾਲ ਮਿਲਾਪ ਹੁੰਦਾ ਹੈ। ਗੁਰੂ ਨਾਲ ਮਿਲਾਪ ਦੇ ਨਿਰਧਾਰਤ ਨਿਯਮ ਸੁਹਿਰਦ ਅਤੇ ਨਿਮਰ ਪ੍ਰੇਮ ਜਿਹੇ ਸ਼ੁਭ ਗੁਣ ਹਨ। ਇਸ ਰਾਹ ’ਤੇ ਤੁਰਨ ਲਈ ਇਸ ਨਿਯਮ ਦਾ ਗਿਆਨ ਹੋਣਾ ਮੁਢਲੀ ਸ਼ਰਤ ਹੈ।
Tags