Guru Granth Sahib Logo
  
ਭਗਤ ਸੈਣ ਜੀ (੧੪ਵੀਂ-੧੫ਵੀਂ ਸਦੀ) ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ।
Bani Footnote ਗੁਰੂ ਗ੍ਰੰਥ ਸਾਹਿਬ ਵਿਚ ੬ ਗੁਰੂ ਸਾਹਿਬਾਨ, ੧੫ ਭਗਤਾਂ, ੩ ਗੁਰ-ਸਿਖਾਂ ਅਤੇ ੧੧ ਭੱਟਾਂ ਦੀ ਬਾਣੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦਾ ਕੇਵਲ ਇਕ ਹੀ ਸ਼ਬਦ ਹੈ, ਜੋ ਧਨਾਸਰੀ ਰਾਗ ਵਿਚ ਪੰਨਾ ੬੯੫ ਉਪਰ ਦਰਜ ਹੈ। ਇਸ ਸ਼ਬਦ ਵਿਚ ਦੋ-ਦੋ ਤੁਕਾਂ ਵਾਲੇ ਦੋ ਪਦੇ ਹਨ। ਦੋ ਤੁਕਾਂ ਵਾਲਾ ‘ਰਹਾਉ’ ਦਾ ਇਕ ਪਦਾ ਇਨ੍ਹਾਂ ਤੋਂ ਵਖਰਾ ਹੈ। ਇਸ ਸ਼ਬਦ ਵਿਚ ਆਪ ਜੀ ਨੇ ਨਿਰਗੁਣ ਸਰੂਪ ਪਰਮਾਤਮਾ ਦੀ ‘ਆਰਤੀ’ ਗਾਇਨ ਕੀਤੀ ਹੈ।

ਆਪ ਜੀ ਦੀ ਵਡਿਆਈ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.), ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.), ਭਗਤ ਰਵਿਦਾਸ ਜੀ (੧੩੭੭-੧੫੨੮ ਈ.) ਅਤੇ ਭਾਈ ਗੁਰਦਾਸ ਜੀ (੧੫੫੧-੧੬੩੬ ਈ.) ਨੇ ਵੀ ਕੀਤੀ ਹੈ। ਗੁਰੂ ਰਾਮਦਾਸ ਸਾਹਿਬ ਦਾ ਫਰਮਾਨ ਹੈ:
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥ -ਗੁਰੂ ਗ੍ਰੰਥ ਸਾਹਿਬ ੮੩੫

ਗੁਰੂ ਅਰਜਨ ਸਾਹਿਬ ਆਪ ਜੀ ਨੂੰ ਪ੍ਰਭੂ-ਮਿਲਾਪ ਹਾਸਲ ਕਰ ਚੁੱਕੇ ਸ੍ਰੇਸ਼ਟ ਭਗਤ ਮੰਨਦੇ ਹਨ:
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥ -ਗੁਰੂ ਗ੍ਰੰਥ ਸਾਹਿਬ ੪੮੭
ਨਾਈ ਉਧਰਿਓ ਸੈਨੁ ਸੇਵ ॥ -ਗੁਰੂ ਗ੍ਰੰਥ ਸਾਹਿਬ ੧੧੯੨
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥ -ਗੁਰੂ ਗ੍ਰੰਥ ਸਾਹਿਬ ੧੨੦੭

ਇਸੇ ਪ੍ਰਕਾਰ ਆਪ ਜੀ ਬਾਰੇ ਭਗਤ ਰਵਿਦਾਸ ਜੀ ਵੀ ਜਿਕਰ ਕਰਦੇ ਹਨ:
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥ -ਗੁਰੂ ਗ੍ਰੰਥ ਸਾਹਿਬ ੧੧੦੬

ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਕਈ ਵਾਰਾਂ ਵਿਚ ਆਪ ਜੀ ਦਾ ਜਿਕਰ ਕੀਤਾ ਹੈ:
ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖ ਹੋਆ ਸੈਣੁ ਨਾਈ। -ਭਾਈ ਗੁਰਦਾਸ ਜੀ, ਵਾਰ ੧੦ ਪਉੜੀ ੧੬
ਬੇਣਿ ਹੋਆ ਅਧਿਆਤਮੀ ਸੈਣੁ ਨੀਚ ਕੁਲੁ ਅੰਦਰਿ ਨਾਈ। -ਭਾਈ ਗੁਰਦਾਸ ਜੀ, ਵਾਰ ੧੨ ਪਉੜੀ ੧੫
ਕੁਲਿ ਰਵਿਦਾਸੁ ਚਮਾਰੁ ਹੈ ਸੈਣੁ ਸਨਾਤੀ ਅੰਦਰਿ ਨਾਈ। -ਭਾਈ ਗੁਰਦਾਸ ਜੀ, ਵਾਰ ੨੫ ਪਉੜੀ ੫

ਇਸ ਤਰ੍ਹਾਂ ਆਪ ਜੀ ਦਾ ਨਾਮ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭਗਤ ਧੰਨਾ ਜੀ ਅਤੇ ਭਗਤ ਰਵਿਦਾਸ ਜੀ ਵਰਗੇ ਪ੍ਰਸਿੱਧ ਭਗਤਾਂ ਵਿਚ ਆਉਂਦਾ ਹੈ।