Guru Granth Sahib Logo
  
ਸ਼ਬਦ ੧ ਅਤੇ ੨
ਰਾਗ ਆਸਾ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਆਸਾ ਰਾਗ ਨੂੰ ਤਰਤੀਬ ਅਨੁਸਾਰ ਚਉਥਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੭ ਤੋਂ ੪੮੮ ਤਕ ਬਾਣੀ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੭੦, ਗੁਰੂ ਅੰਗਦ ਸਾਹਿਬ ਦੇ ੧੫, ਗੁਰੂ ਅਮਰਦਾਸ ਸਾਹਿਬ ਦੇ ੪੮, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੮੮, ਗੁਰੂ ਤੇਗਬਹਾਦਰ ਸਾਹਿਬ ਦਾ ੧, ਭਗਤ ਕਬੀਰ ਜੀ ਦੇ ੩੭, ਭਗਤ ਨਾਮਦੇਵ ਜੀ ਦੇ ੫, ਭਗਤ ਰਵਿਦਾਸ ਜੀ ਦੇ ੬, ਭਗਤ ਧੰਨਾ ਜੀ ਅਤੇ ਬਾਬਾ ਫਰੀਦ ਜੀ ਦੇ ੨-੨ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੦੮
ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵਧ ਸ਼ਬਦ ਇਸੇ ਹੀ ਰਾਗ ਵਿਚ ਉਚਾਰਣ ਕੀਤੇ ਹਨ।

ਗੁਰਮਤਿ ਸੰਗੀਤ ਵਿਚ ਆਸਾ ਰਾਗ ਬਹੁਤ ਮਹੱਤਵਪੂਰਨ ਹੈ। ਇਸ ਰਾਗ ਦੀਆਂ ਮਧੁਰ ਸੁਰਾਂਵਲੀਆਂ, ਪੰਜਾਬ ਦੀ ਧਰਤੀ ਦੇ ਕਣ-ਕਣ ਵਿਚ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ‘ਆਸਾ ਕੀ ਵਾਰ’ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿਚ ਸਮਾਉਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਂ ‘ਸੋ ਦਰੁ’ ਦੀ ਕੀਰਤੀ ਗਾਉਂਦੀਆਂ ਹਨ।
 
ਆਸਾ ਰਾਗ ਦੇ ਅਨੇਕ ਪ੍ਰਕਾਰ ਪ੍ਰਚਲਤ ਹਨ। ਪੁਰਾਤਨ ਸਮਿਆਂ ਵਿਚ ਰਾਗੀ ਸਿੰਘ ਇਸ ਰਾਗ ਨੂੰ ਵਖ-ਵਖ ਅੰਗਾਂ ਸਹਿਤ ਬਾਖੂਬੀ ਗਾਇਨ ਕਰਦੇ ਸਨ। ਜਿਵੇਂ ਕਿ ਪਹਾੜੀ ਅੰਗ ਨਾਲ, ਬਿਲਾਵਲ ਅੰਗ ਨਾਲ, ਕਲਿਆਣ ਅੰਗ ਨਾਲ ਅਤੇ ਕਾਫੀ ਅੰਗ ਨਾਲ। ਗੁਰੂ ਗ੍ਰੰਥ ਸਾਹਿਬ ਵਿਚ ਆਸਾ ਦੇ ਚਾਰ ਹੋਰ ਪ੍ਰਕਾਰ ਵੀ ਸ਼ਾਮਲ ਹਨ, ਜਿਵੇਂ ਰਾਗ ਆਸਾ ਕਾਫੀ, ਆਸਾਵਰੀ ਸੁਧੰਗ, ਆਸਾ ਆਸਾਵਰੀ, ਅਤੇ ਆਸਾਵਰੀ।

ਆਸਾ ਰਾਗ ਹਿੰਦੁਸਤਾਨੀ ਸੰਗੀਤ ਦੇ ਪ੍ਰਚਲਤ ਰਾਗਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਸੰਗੀਤਕ ਗ੍ਰੰਥਾਂ ਵਿਚ ਵੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇਸ ਰਾਗ ਨਾਲ ਮਿਲਦਾ-ਜੁਲਦਾ ਰਾਗ ‘ਮਾਂਡ’ ਵੀ ਹੈ। ਆਸਾ ਰਾਗ ਤੇ ਮਾਂਡ ਰਾਗ ਵਿਚ ਸਵਰ ਬੇਸ਼ੱਕ ਉਹੀ ਪ੍ਰਯੋਗ ਹੁੰਦੇ ਹਨ, ਪਰ ਵਖੋ-ਵਖਰੇ ਚਲਣ ਕਾਰਣ ਇਹ ਰਾਗ ਇਕ ਦੂਜੇ ਤੋਂ ਭਿੰਨ ਹੋ ਜਾਂਦੇ ਹਨ। ਇਹ ਦੋਵੇਂ ਹੀ ਰਾਗ ਲੋਕ-ਧੁਨਾਂ ’ਤੇ ਅਧਾਰਤ ਮੰਨੇ ਜਾਂਦੇ ਹਨ। 
 
ਆਸਾ ਰਾਗ ਦੀ ਤਾਸੀਰ ਭਗਤੀ ਰਸ ਵਾਲੀ ਹੈ। ਪਟਿਆਲਾ ਰਿਆਸਤ ਦੇ ਦਰਬਾਰੀ ਰਾਗੀ ਅਤੇ ਕਵੀ ਮਾਸਟਰ ਭਾਈ ਪ੍ਰੇਮ ਸਿੰਘ ‘ਰਤਨ ਸੰਗੀਤ ਭੰਡਾਰ’ ਵਿਚ ਲਿਖਦੇ ਹਨ ਕਿ ਰਾਗ ਆਸਾ, ਸਿਰੀ ਰਾਗੁ, ਮੇਘ ਰਾਗ ਅਤੇ ਮਾਰੂ ਰਾਗ ਦੇ ਸੁਮੇਲ ਤੋਂ ਪ੍ਰਾਪਤ ਹੁੰਦਾ ਹੈ। ਇਹ ਸੰਧੀ-ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਸਵੇਰੇ ਅਤੇ ਸ਼ਾਮ ਨੂੰ ਗਾਇਆ ਤੇ ਵਜਾਇਆ ਜਾਂਦਾ ਹੈ। ਇਹ ਉਤ੍ਰਾਂਗ ਵਾਦੀ ਰਾਗ ਹੈ।
 
ਆਸਾ ਰਾਗ ਪੰਜਾਬ ਦਾ ਪ੍ਰਸਿੱਧ ਅਤੇ ਮਿੱਠਾ ਰਾਗ ਹੈ। ਗੁਰੂ ਨਾਨਕ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਪ੍ਰਚਲਤ ਹੋਈ ‘ਟੁੰਡੇ ਅਸਰਾਜੇ ਦੀ ਵਾਰ’ ਵੀ ਇਸ ਰਾਗ ਵਿਚ ਹੀ ਗਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤ ਬਾਣੀਕਾਰਾਂ ਦੀ ਬਾਣੀ ਵੀ ਇਸ ਰਾਗ ਵਿਚ ਰਚੀ ਹੋਣ ਕਾਰਣ ਇਹ ਤੱਥ ਸਥਾਪਤ ਹੋ ਜਾਂਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਰਾਗ ਵਿਚ ਗਾਈਆਂ-ਸੁਣਾਈਆਂ ਜਾਂਦੀਆਂ ਲੋਕ-ਗਾਥਾਵਾਂ, ਗੀਤ, ਕਿੱਸੇ ਅਤੇ ਧੁਨਾਂ ਅਤਿਅੰਤ ਮਨਮੋਹਕ ਹਨ। ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਰਾਗ ਕੀਰਤਨ ਪਰੰਪਰਾ ਤੋਂ ਇਲਾਵਾ, ਲੋਕ-ਸੰਗੀਤ, ਅਰਧ-ਸ਼ਾਸਤਰੀ ਸੰਗੀਤ ਅਤੇ ਫਿਲਮੀ ਸੰਗੀਤ ’ਤੇ ਵੀ ਛਾਇਆ ਹੋਇਆ ਹੈ।

ਸ੍ਰੀ ਵਿਮਲਕਾਂਤ ਰਾਏ ਚੌਧਰੀ ਨੇ ਹਿੰਦੁਸਤਾਨੀ ਸੰਗੀਤ ਦੇ ਰਾਗ ਆਸ਼ਾ ਦੇ ਦੋ ਸਰੂਪ ਦਿੱਤੇ ਹਨ। ਇਕ ਵਿਚ ਰੇ ਗਾ ਧਾ ਨੀ ਕੋਮਲ ਅਤੇ ਦੂਜੇ ਸਰੂਪ ਵਿਚ ਨੀ ਕੋਮਲ ਅਤੇ ਜਾਤੀ ਔੜਵ-ਸ਼ਾੜਵ ਦੱਸੀ ਹੈ। ਰਾਗ ਆਸ਼ਾ ਦਾ ਇਹ ਦੂਜਾ ਸਰੂਪ ਗੁਰਮਤਿ ਸੰਗੀਤ ਵਿਚ ਪ੍ਰਚਲਤ ਆਸਾ ਰਾਗ ਦੇ ਸਰੂਪ ਦੇ ਨੇੜੇ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੭੦
‘ਰਾਗ ਨਿਰਣਾਇਕ ਕਮੇਟੀ’ ਵੱਲੋਂ ਵੀ ਇਸੇ ਸਰੂਪ ਨੂੰ ਮਾਨਤਾ ਦਿੱਤੀ ਗਈ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ:
 
ਰਾਗ ਆਸਾ ਦਾ ਸਰੂਪ
ਥਾਟ: ਬਿਲਾਵਲ। 
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਗਾ ਤੇ ਨੀ (ਅਰੋਹ ਵਿਚ)।
ਜਾਤੀ: ਔੜਵ-ਸੰਪੂਰਨ। 
ਵਾਦੀ: ਮਧਿਅਮ।
ਸੰਵਾਦੀ: ਸ਼ੜਜ।
ਆਰੋਹ: ਸਾ, ਰੇ ਮਾ, ਪਾ, ਧਾ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ, ਗਾ ਰੇ ਸਾ ਰੇ ਗਾ ਸਾ।
ਮੁੱਖ ਅੰਗ (ਪਕੜ): ਰੇ ਮਾ, ਪਾ, ਧਾ ਸਾ (ਤਾਰ ਸਪਤਕ), ਨੀ ਧਾ ਪਾ ਮਾ, ਗਾ ਸਾ ਰੇ ਗਾ ਸਾ।
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੧੦


ਗਾਇਨ ਸਮਾਂ
ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼।

ਸ਼ਬਦ ੩ ਅਤੇ ੪
ਰਾਗ ਸੂਹੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸੂਹੀ ਰਾਗ ਨੂੰ ਤਰਤੀਬ ਅਨੁਸਾਰ ਪੰਦਰਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ੪੨ ਸ਼ਬਦ, ਗੁਰੂ ਅੰਗਦ ਸਾਹਿਬ ਦੇ ੧੧ ਸਲੋਕ, ਗੁਰੂ ਅਮਰਦਾਸ ਸਾਹਿਬ ਦੇ ੪੬, ਗੁਰੂ ਰਾਮਦਾਸ ਸਹਿਬ ਦੇ ੨੩, ਗੁਰੂ ਅਰਜਨ ਸਾਹਿਬ ਦੇ ੭੫, ਭਗਤ ਕਬੀਰ ਜੀ ਦੇ ੫, ਭਗਤ ਰਵਿਦਾਸ ਜੀ ਦੇ ੩ ਅਤੇ ਬਾਬਾ ਫਰੀਦ ਜੀ ਦੇ ੨ ਸ਼ਬਦ ਦਰਜ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੧੩


ਸੂਹੀ ਉਤਸ਼ਾਹ ਦਾ ਰਾਗ ਹੈ। ਇਹ ਰਾਗ ਤੀਬਰ ਪਿਆਰ ਅਤੇ ਭਗਤੀ-ਭਾਵ ਨਾਲ ਜੁੜਿਆ ਹੋਇਆ ਹੈ। ਇਸ ਦੀ ਵਰਤੋਂ ਭਗਤੀ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਜਗਾਉਣ ਲਈ ਕੀਤੀ ਜਾਂਦੀ ਹੈ। ਇਸ ਵਿਚ ਸੁਹਾਗ ਤੇ ਸੁਹਾਗਣ
Bani Footnote ਭਾਰਤੀ ਸਭਿਆਚਾਰ ਵਿਚ ਇਕ ਵਿਆਹੀ ਇਸਤਰੀ ਜਾਂ ਉਸ ਇਸਤਰੀ ਨੂੰ ਜਿਸ ਦਾ ਪਤੀ (ਸੁਹਾਗ) ਜਿੰਦਾ ਹੋਵੇ ‘ਸੁਹਾਗਣ’ ਕਿਹਾ ਜਾਂਦਾ ਹੈ। ਸੁਹਾਗਣ ਦੇ ਰੁਤਬੇ ਨੂੰ ਮਹੱਤਵ ਦੇਣ ਵਾਲੇ ਸਮਾਜ ਵਿਚ ਉਹ ਪਤੀ ਤੇ ਪਰਵਾਰ ਵਾਲੇ ਸਾਰੇ ਸੁਖ ਮਾਣਦੀ ਹੈ। ਮਧਕਾਲੀ ਰੂੜੀਵਾਦੀ ਅਤੇ ਮਰਦ ਪ੍ਰਧਾਨ ਸਮਾਜਕ ਢਾਂਚੇ ਦੇ ਕਾਰਣ, ਇਕ ਇਸਤਰੀ ਦਾ ਵਜੂਦ ਉਸ ਦੇ ਪਤੀ ਨਾਲ ਹੀ ਜੁੜਿਆ ਹੋਇਆ ਸੀ, ਜੋ ਅੱਜ ਵੀ ਪ੍ਰਚਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ, ‘ਸੁਹਾਗਣ’ ਪਦ ਦੀ ਵਰਤੋਂ ਜੀਵ-ਇਸਤਰੀ ਦੇ ਪ੍ਰਤੀਕ ਦੁਆਰਾ ਜਗਿਆਸੂ ਨੂੰ ਦਰਸਾਉਣ ਲਈ ਕੀਤੀ ਗਈ ਹੈ। ਫਲਸਰੂਪ, ਜਿਹੜਾ ਜਗਿਆਸੂ ਪ੍ਰਭੂ ਨਾਲ ਇਕ-ਮਿਕ ਜਾਂ ਜੁੜਿਆ ਹੋਇਆ ਹੈ, ਉਸ ਨੂੰ ‘ਸੁਹਾਗਣ’ ਕਿਹਾ ਗਿਆ ਹੈ। ‘ਸੁਹਾਗਣ’ ਉਹ ਹੈ ਜੋ ਸੁ-ਚਜੀ ਜਾਂ ਗੁਰੂ-ਪਰਾਇਣ (ਗੁਰਮੁਖ) ਹੈ ਅਤੇ ਪ੍ਰਭੂ ਦੇ ਪ੍ਰੇਮ, ਭਗਤੀ ਤੇ ਭੈ-ਭਾਵਨੀ ਨਾਲ ਸ਼ਿੰਗਾਰੀ ਹੋਈ ਹੈ: ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥ -ਗੁਰੂ ਗ੍ਰੰਥ ਸਾਹਿਬ ੪੨੮। ਸੁਹਾਗਣ ਦੀਆਂ ਵਿਸ਼ੇਸ਼ਤਾਵਾਂ ਵਿਚ ਸਚਿਆਰੀ ਜੀਵਨ-ਜਾਚ, ਸੰਤੋਖ, ਦਇਆ-ਭਾਵਨਾ ਅਤੇ ਨੇਕੀ ਸ਼ਾਮਲ ਹਨ। ਐਸੀ ਸੁਹਾਗਣ ਹੀ ਪ੍ਰਭੂ ਨੂੰ ਭਾਉਂਦੀ ਹੈ: ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥ -ਗੁਰੂ ਗ੍ਰੰਥ ਸਾਹਿਬ ੮੧੨
ਦਾ ਵਧੇਰੇ ਵਰਣਨ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਕੁੜਮਾਈ ਅਤੇ ਲਾਵਾਂ (ਅਨੰਦ ਕਾਰਜ) ਨਾਲ ਸੰਬੰਧਤ ਸ਼ਬਦ ਇਸੇ ਰਾਗ ਵਿਚ ਹਨ। ਇਸ ਰਾਗ ਵਿਚ ਸੁਹਾਗਣ ਜੀਵ-ਇਸਤਰੀ ਅਤੇ ਪ੍ਰਭੂ-ਪਤੀ ਨਾਲ ਉਸ ਦੇ ਮਿਲਾਪ ਦੀਆਂ ਨਿਸ਼ਾਨੀਆਂ ਦੱਸੀਆਂ ਹਨ। ‘ਕੁਚਜੀ’ ਤੇ ‘ਸੁਚਜੀ’ ਸੰਕਲਪਾਂ ਦਾ ਸੰਬੰਧ ਵੀ ਵਿਆਹੁਤਾ ਇਸਤਰੀ ਨਾਲ ਹੀ ਜੁੜਦਾ ਹੈ। ਭੈੜੇ ਚਜ-ਆਚਾਰ ਵਾਲੀ ਇਸਤਰੀ ਨੂੰ ‘ਕੁਚਜੀ’ ਤੇ ਚੰਗੇ ਚਜ-ਆਚਾਰ ਵਾਲੀ ਇਸਤਰੀ ਨੂੰ ‘ਸੁਚਜੀ’ ਕਿਹਾ ਜਾਂਦਾ ਹੈ। ਇਸ ਪ੍ਰਕਾਰ ‘ਕੁਚਜੀ,’ ‘ਸੁਚਜੀ’ ਅਤੇ ‘ਗੁਣਵੰਤੀ’ ਸਿਰਲੇਖ ਵਾਲੇ ਸ਼ਬਦਾਂ ਦਾ ਸੂਹੀ ਰਾਗ ਵਿਚ ਹੋਣਾ, ਇਸ ਰਾਗ ਦੀ ਮੂਲ ਸੁਰ ਤੇ ਵਿਸ਼ੇ ਅਨੁਸਾਰ ਹੀ ਹੈ।

ਰਾਗ ਸੂਹੀ ਦਾ ਉਲੇਖ ਭਾਰਤੀ ਸੰਗੀਤਕ ਗ੍ਰੰਥਾਂ ਵਿਚ ਘੱਟ ਹੀ ਮਿਲਦਾ ਹੈ। ਕੁਝ ਗ੍ਰੰਥਾਂ ਵਿਚ ਸੂਹੀ ਦਾ ਵਰਣਨ ਸੂਹੋ, ਸੂਹਵ ਤੇ ਸੂਹਵੀ ਆਦਿ ਰੂਪਾਂ ਵਿਚ ਵੀ ਮਿਲਦਾ ਹੈ। ਲੋਚਨ ਪੰਡਿਤ ਨੇ ਸ਼ੁਧ ਸੂਹਵ ਤੇ ਦੇਸੀ ਸੂਹਵ ਦੋ ਨਾਮ ਦਿੱਤੇ ਹਨ। ਪੰਡਿਤ ਹਿਰਦੈਨਾਰਾਇਣ ਦੇਵ ਸ਼ੁਧ ਸੂਹਵ ਨੂੰ ਸ਼ਾੜਵ ਜਾਤੀ ਤੇ ਦੇਸੀ ਸੂਹਵ ਨੂੰ ਸੰਪੂਰਨ ਜਾਤੀ ਦਾ ਰਾਗ ਮੰਨਦੇ ਅਤੇ ਇਨ੍ਹਾਂ ਦੇ ਸਵਰਾਂ ਨੂੰ ਬਿਲਾਵਲ ਥਾਟ ਦੇ ਦਰਸਾਉਂਦੇ ਹਨ। ਪੁੰਡਰੀਕ ਵਿਠੁਲ ਨੇ ਸੂਹਵੀ ਨੂੰ ਰਾਗ-ਰਾਗਨੀ ਵਰਗੀਕਰਣ ਦੇ ਅਧਾਰ ’ਤੇ, ਰਾਗ ਨਟ ਨਾਰਾਯਨ ਦੀ ਰਾਗਨੀ ਅਤੇ ਕੇਦਾਰ ਥਾਟ ਤੋਂ ਜਨਮਿਆ ਰਾਗ ਮੰਨਿਆ ਹੈ। ਪਰ ਹੋਰ ਗ੍ਰੰਥਕਾਰਾਂ ਨੇ ਇਸ ਰਾਗ ਦਾ ਜਿਕਰ ਨਹੀਂ ਕੀਤਾ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੩੭੦


ਕਾਨੜਾ ਦੇ ਪ੍ਰਕਾਰਾਂ ਵਿਚ ਵੀ ਇਕ ਸੂਹਾ ਰਾਗ ਹੈ, ਜੋ ਕਠਨ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਕੁਝ ਵਿਦਵਾਨਾਂ ਨੇ ਸੂਹਾ ਰਾਗ ਨੂੰ ਹੀ ਸੂਹੀ ਰਾਗ ਮੰਨਿਆ ਹੈ। ਭਾਵੇਂ ਇਹ ਦੋਵੇਂ ਨਾਮ ਸੂਹੀ ਤੇ ਸੂਹਾ ਮਿਲਦੇ ਹਨ, ਪਰ ਇਨ੍ਹਾਂ ਦੋਹਾਂ ਰਾਗਾਂ ਦੇ ਸਰੂਪ ਭਿੰਨ-ਭਿੰਨ ਹਨ। ਕਿਉਂਕਿ ਸੂਹਾ ਕਾਫੀ ਥਾਟ ਦਾ ਰਾਗ ਹੈ, ਜਦੋਂ ਕਿ ਸੂਹੀ ਬਿਲਾਵਲ ਥਾਟ ਦਾ ਰਾਗ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੩੭੦


ਸੂਹੀ ਇਕ ਅਪ੍ਰਚਲਤ ਰਾਗ ਹੈ, ਜਿਸ ਨੂੰ ਗੁਰੂ ਸਾਹਿਬਾਂ ਨੇ ਹੀ ਪ੍ਰਚਾਰ ਵਿਚ ਲਿਆਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੨੨
ਅਨੁਸਾਰ ਸੂਹੀ ਕਾਫੀ ਥਾਟ ਦੀ ਸ਼ਾੜਵ ਰਾਗਨੀ ਹੈ, ਜਿਸ ਨੂੰ ਸੂਹਾ ਵੀ ਕਿਹਾ ਜਾਂਦਾ ਹੈ। ਇਸ ਵਿਚ ਧੈਵਤ ਵਰਜਤ ਹੈ। ਗੰਧਾਰ ਅਤੇ ਨਿਸ਼ਾਦ ਕੋਮਲ, ਬਾਕੀ ਸ਼ੁਧ ਸੁਰ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। 

ਡਾ. ਗੁਰਨਾਮ ਸਿੰਘ ਅਨੁਸਾਰ ਗੁਰਮਤਿ ਸੰਗੀਤ ਪਰੰਪਰਾ ਵਿਚ ਸੂਹੀ ਦਾ ਇਕ ਹੋਰ ਸੁਤੰਤਰ ਰੂਪ ਰਾਗੀਆਂ ਅਤੇ ਕੀਰਤਨਕਾਰਾਂ ਵਿਚ ਵਿਹਾਰਕ ਰੂਪ ਵਿਚ ਪ੍ਰਚਲਤ ਹੈ।
Bani Footnote ਡਾ. ਗੁਰਨਾਮ ਸਿੰਘ ਤੇ ਯਸ਼ਪਾਲ ਸ਼ਰਮਾ, ਗੁਰਮਤਿ ਸੰਗੀਤ ਰਾਗ ਰਤਨਾਵਲੀ, ਪੰਨਾ ੪੦
ਬਿਲਾਵਲ ਥਾਟ ਦੇ ਅੰਤਰਗਤ ਇਸ ਰਾਗ ਦਾ ਵਰਣਨ ਗੁਰਮਤਿ ਸੰਗੀਤ ਦੇ ਕਈ ਵਿਸ਼ਲੇਸ਼ਕਾਂ ਨੇ ਕੀਤਾ ਹੈ, ਜਿਨ੍ਹਾਂ ਵਿਚ ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗਿਆਨ ਸਿੰਘ ਐਬਟਾਬਾਦ, ਡਾ. ਮਨਸੁਖਾਨੀ ਆਦਿ ਸ਼ਾਮਲ ਹਨ। ਰਾਗ ਨਿਰਣਾਇਕ ਕਮੇਟੀ ਵੱਲੋਂ ਦਿੱਤਾ ਗਿਆ ਰਾਗ ਸੂਹੀ ਦਾ ਸਰੂਪ ਹੇਠ ਲਿਖੇ ਅਨੁਸਾਰ ਹੈ:

ਰਾਗ ਸੂਹੀ ਦਾ ਸਰੂਪ
ਥਾਟ: ਬਿਲਾਵਲ
ਵਾਦੀ: ਪੰਚਮ
ਸੰਵਾਦੀ: ਸ਼ੜਜ
ਜਾਤੀ: ਸੰਪੂਰਨ-ਸੰਪੂਰਨ 
ਆਰੋਹ: ਸ ਰੇ ਗ ਮ ਪ, ਨੀ ਧ ਨੀ ਸ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਧ ਪ, ਮ ਗ, ਰੇ ਗ ਰੇ ਸ।
ਮੁੱਖ ਅੰਗ (ਪਕੜ): ਸਾ (ਤਾਰ ਸਪਤਕ) ਨੀ (ਕੋਮਲ) ਪ, ਮ ਗ ਰੇ ਗ, ਮ ਗ ਰੇ ਸ।
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੪੪


ਗਾਇਨ ਸਮਾਂ
ਦਿਨ ਦਾ ਦੂਜਾ ਪਹਿਰ।

ਸਲੋਕ ਰਾਗ ਮੁਕਤ ਰਚਨਾ ਹੈ।