


ਸ਼ਬਦ ੧: ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ ॥
ਇਹ ਸ਼ਬਦ ਆਸਾ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੮ ਉਪਰ ਦਰਜ ਹੈ। ਇਸ ਸ਼ਬਦ ਦੇ ਦੋ-ਦੋ ਤੁਕਾਂ ਦੇ ਚਾਰ ਬੰਦ ਹਨ। ਦੋ ਤੁਕਾਂ ਦਾ ‘ਰਹਾਉ’ ਵਾਲਾ ਬੰਦ ਵਖਰਾ ਹੈ। ਇਹ ਸ਼ਬਦ ਚਉਪਦੇ ਦੇ ਰੂਪ ਵਿਚ ਹੈ। ਇਸ ਸ਼ਬਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਨਿਮਗਨ ਸੱਚੇ ਜਗਿਆਸੂਆਂ ਨੂੰ ਸਲਾਹਿਆ ਹੈ ਅਤੇ ਜਿਹੜੇ ਉਸ ਪ੍ਰਭੂ ਨੂੰ ਭੁੱਲ ਗਏ ਹਨ, ਉਨ੍ਹਾਂ ਨੂੰ ਧਰਤੀ ਉੱਤੇ ਬੋਝ ਕਿਹਾ ਹੈ। ਸ਼ਬਦ ਦੇ ਅੰਤ ਵਿਚ ਫਰੀਦ ਜੀ ਪ੍ਰਭੂ ਅੱਗੇ ਅਰਜੋਈ ਕਰਦੇ ਹੋਏ ਪ੍ਰਭੂ ਪਾਸੋਂ ਬੰਦਗੀ ਦੀ ਦਾਤ ਮੰਗਦੇ ਹਨ।
ਸ਼ਬਦ ੨ : ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥
ਇਹ ਸ਼ਬਦ ਵੀ ਆਸਾ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੮ ਉਪਰ ਦਰਜ ਹੈ। ਇਸ ਸ਼ਬਦ ਦੇ ਦੋ-ਦੋ ਤੁਕਾਂ ਦੇ ਅੱਠ ਬੰਦ ਹਨ। ਇਕ ਤੁਕ ਦਾ ‘ਰਹਾਉ’ ਵਾਲਾ ਬੰਦ ਵਖਰਾ ਹੈ। ਇਹ ਸ਼ਬਦ ਅਸਟਪਦੀ ਦੇ ਰੂਪ ਵਿਚ ਹੈ। ਇਸ ਸ਼ਬਦ ਵਿਚ ਜੀਵਨ ਦੀ ਨਾਸਵਾਨਤਾ ਨੂੰ ਵੀ ਦਰਸਾਇਆ ਗਿਆ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਗੁਰੂ ਦਰਸਾਏ ਮਾਰਗ ’ਤੇ ਚੱਲ ਕੇ ਇਸ ਜਨਮ ਵਿਚ ਹੀ ਜੀਵ ਦਾ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ। ਉਸ ਨੂੰ ਕੇਵਲ ਮਨ ਨੂੰ ਉਕਸਾਉਣ ਤੇ ਭੜਕਾਉਣ ਵਾਲੀਆਂ ਇੰਦਰੀਆਂ ਨੂੰ ਵਸ ਵਿਚ ਕਰਨ ਦੀ ਲੋੜ ਹੈ।
ਸ਼ਬਦ ੩: ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
ਇਹ ਸ਼ਬਦ ਸੂਹੀ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੯੪ ਉਪਰ ਦਰਜ ਹੈ। ਇਸ ਸ਼ਬਦ ਵਿਚ ਦੋ-ਦੋ ਤੁਕਾਂ ਦੇ ਚਾਰ ਬੰਦ ਹਨ। ਦੋ ਤੁਕਾਂ ਦਾ ਹੀ ‘ਰਹਾਉ’ ਵਾਲਾ ਬੰਦ ਵਖਰਾ ਹੈ। ਇਹ ਸ਼ਬਦ ਚਉਪਦੇ ਦੇ ਰੂਪ ਵਿਚ ਹੈ। ਇਸ ਸ਼ਬਦ ਵਿਚ ਸ਼ੇਖ ਫਰੀਦ ਜੀ ਪ੍ਰਭੂ ਨਾਲ ਮਿਲਾਪ ਦੀ ਕਦਰ ਜਵਾਨੀ ਵੇਲੇ ਨਾ ਸਮਝਣ ਵਾਲੇ ਦੀ ਪੀੜਾਦਾਇਕ ਸਥਿਤੀ ਨੂੰ ਬਿਆਨ ਕਰਦੇ ਹੋਏ ਉਸ ਨੂੰ ਸਮੇਂ ਸਿਰ ਪ੍ਰਭੂ-ਮਿਲਾਪ ਲਈ ਜਤਨ ਕਰਨ ਦੀ ਪ੍ਰੇਰਣਾ ਦਿੰਦੇ ਹਨ।
ਸ਼ਬਦ ੪: ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਇਹ ਸ਼ਬਦ ਵੀ ਸੂਹੀ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੯੪ ਉਪਰ ਦਰਜ ਹੈ। ਇਸ ਸ਼ਬਦ ਵਿਚ ਦੋ-ਦੋ ਤੁਕਾਂ ਦੇ ਤਿੰਨ ਬੰਦ ਹਨ। ਇਕ ਤੁਕ ਦਾ ‘ਰਹਾਉ’ ਵਾਲਾ ਬੰਦ ਵਖਰਾ ਹੈ। ਇਹ ਸ਼ਬਦ ਤਿਪਦੇ ਦੇ ਰੂਪ ਵਿਚ ਹੈ। ਇਸ ਸ਼ਬਦ ਵਿਚ ਵੀ ਫਰੀਦ ਜੀ ਛਿਣ-ਭੰਗਰੀ ਮਾਇਆ ਦਾ ਮੋਹ ਤਿਆਗ ਕੇ ਜਵਾਨੀ ਵੇਲੇ ਹੀ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ।
ਸਲੋਕ
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ੧੧੨ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੭੭ ਤੋਂ ੧੩੮੪ ਉਪਰ ਦਰਜ ਹਨ। ਸਲੋਕ ਰਾਗ ਮੁਕਤ ਰਚਨਾ ਹੁੰਦੀ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਨ੍ਹਾਂ ਸਲੋਕਾਂ ਉਪਰ ਕਿਸੇ ਵੀ ਰਾਗ ਦਾ ਵੇਰਵਾ ਨਹੀਂ ਹੈ। ਇਨ੍ਹਾਂ ਸਲੋਕਾਂ ਵਿਚੋਂ ਜਿਆਦਾਤਰ ਸਲੋਕ ਦੋ-ਦੋ ਤੁਕਾਂ ਦੇ ਹਨ, ਪਰ ਪਹਿਲੇ ਸਲੋਕ ਦੀਆਂ ਅੱਠ; ਸੋਲ੍ਹਵੇ, ਅਠੱਨਵੇਂ ਤੇ ਨੜ੍ਹਿਨਵੇਂ ਦੀਆਂ ਚਾਰ-ਚਾਰ, ਉਣੰਜਵੇਂ ਤੇ ਸਤੱਨਵੇਂ ਦੀਆਂ ਤਿੰਨ-ਤਿੰਨ, ਅਤੇ ਸੌਵੇਂ ਦੀਆਂ ਛੇ ਤੁਕਾਂ ਹਨ। ਸ਼ੇਖ ਫਰੀਦ ਜੀ ਨੇ ਆਪਣੇ ਇਨ੍ਹਾਂ ਸਲੋਕਾਂ ਵਿਚ ਮਨੁਖ ਨੂੰ ਸਦਾਚਾਰਕ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਹੈ, ਪਰ ਮੁੱਖ ਭਾਵਨਾ ਪ੍ਰਭੂ-ਪ੍ਰੇਮ ਹੈ। ਮਨੁਖ ਨੂੰ ਪ੍ਰਭੂ-ਪ੍ਰੇਮ ਲਈ ਆਪਣੇ-ਆਪ ਨੂੰ ਤਿਆਰ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਨਿਮਰਤਾ, ਸਬਰ-ਸੰਤੋਖ, ਆਤਮ-ਸ਼ੁੱਧੀ, ਮਨੁਖਤਾ ਦੀ ਸੇਵਾ ਆਦਿ ਉੱਤੇ ਜੋਰ ਦਿੰਦਿਆਂ ਹੋਇਆਂ ਸੰਸਾਰ ਦੀ ਨਾਸ਼ਵਾਨਤਾ ਨੂੰ ਦ੍ਰਿੜ ਕਰਵਾਇਆ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸ਼ੇਖ ਫਰੀਦ ਜੀ ਦੇ ਸਲੋਕਾਂ ਦੇ ਨਾਲ ੧੮ ਸਲੋਕ ਵਖ-ਵਖ ਗੁਰੂ ਸਾਹਿਬਾਨ ਦੇ ਵੀ ਦਰਜ ਹਨ। ਇਹ ਸਲੋਕ ਗੁਰੂ ਅਰਜਨ ਸਾਹਿਬ ਨੇ ਸ਼ੇਖ ਫਰੀਦ ਜੀ ਦੇ ਕੁਝ ਸਲੋਕਾਂ ਦੇ ਨਾਲ ਆਪਣੀ ਵਿਚਾਰਧਾਰਾ ਨੂੰ ਪਰਗਟਾਉਣ ਹਿੱਤ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਦਰਜ ਕੀਤੇ।

ਇਥੇ ਧਿਆਨਜੋਗ ਗੱਲ ਇਹ ਹੈ ਕਿ ਸ਼ੇਖ ਫਰੀਦ ਜੀ ਦੇ ਸਲੋਕਾਂ ਨਾਲ ਦਰਜ ਸੱਤ ਸਲੋਕਾਂ ਸੰਬੰਧੀ ਉਚਾਰਣ ਕਰਤਾ ਦੀ ਸੂਚਨਾ ਨਹੀਂ ਦਿੱਤੀ ਗਈ। ਪ੍ਰੰਤੂ, ਇਹ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਵਖ-ਵਖ ਥਾਵਾਂ ’ਤੇ ਵੀ ਦਰਜ ਹਨ। ਇਥੋਂ ਇਨ੍ਹਾਂ ਦੇ ਉਚਾਰਣ ਕਰਤਾ ਦੀ ਵੀ ਸੂਚਨਾ ਮਿਲਦੀ ਹੈ:
- ੧. ਬੱਤੀਵਾਂ ਸਲੋਕ ਗੁਰੂ ਅਮਰਦਾਸ ਸਾਹਿਬ ਦੁਆਰਾ ਰਾਗ ਮਾਰੂ ਵਿਚ ਉਚਾਰਣ ਕੀਤੀ ਵਾਰ ਦੀ ਛੇਵੀਂ ਪਉੜੀ (ਗੁਰੂ ਗ੍ਰੰਥ ਸਾਹਿਬ ੧੮੮) ਨਾਲ ਵੀ ਆਇਆ ਹੈ। ਇਹ ਸਲੋਕ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਗਿਆ ਹੈ।
- ੨. ਇਕ ਸੌ ਤੇਰ੍ਹਵਾਂ ਸਲੋਕ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀ ‘ਸਿਰੀਰਾਗ ਕੀ ਵਾਰ’ ਦੀ ਦੂਜੀ ਪਉੜੀ (ਗੁਰੂ ਗ੍ਰੰਥ ਸਾਹਿਬ ੮੩) ਨਾਲ ਵੀ ਆਇਆ ਹੈ। ਇਹ ਸਲੋਕ ਵੀ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤਾ ਗਿਆ ਹੈ।
- ੩. ਇਕ ਸੌ ਵੀਹਵਾਂ ਸਲੋਕ ‘ਸਲੋਕ ਵਾਰਾਂ ਤੇ ਵਧੀਕ’ ਵਿਚ ਅਠਾਰ੍ਹਵੇਂ ਨੰਬਰ (ਗੁਰੂ ਗ੍ਰੰਥ ਸਾਹਿਬ ੧੪੧੧) ’ਤੇ ਦਰਜ ਹੈ। ਇਹ ਸਲੋਕ ਵੀ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਗਿਆ ਹੈ।
- ੪. ਇਕ ਸੌ ਇੱਕੀਵਾਂ ਸਲੋਕ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀ ‘ਕਾਨੜੇ ਕੀ ਵਾਰ’ ਦੀ ਪੰਦਰ੍ਹਵੀਂ ਪਉੜੀ (ਗੁਰੂ ਗ੍ਰੰਥ ਸਾਹਿਬ ੧੩੧੮) ਨਾਲ ਵੀ ਦਿੱਤਾ ਗਿਆ ਹੈ। ਇਹ ਸਲੋਕ ਗੁਰੂ ਰਾਮਦਾਸ ਸਾਹਿਬ ਦੁਆਰਾ ਹੀ ਉਚਾਰਣ ਕੀਤਾ ਗਿਆ ਹੈ।
- ੫. ਇਕ ਸੌ ਬਾਈਵਾਂ ਅਤੇ ਇਕ ਸੌ ਤੇਈਵਾਂ ਸਲੋਕ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀ ‘ਵਡਹੰਸ ਕੀ ਵਾਰ’ ਦੀ ਪਹਿਲੀ ਪਉੜੀ (ਗੁਰੂ ਗ੍ਰੰਥ ਸਾਹਿਬ ੫੮੫) ਨਾਲ ਆਏ ਹਨ। ਇਹ ਸਲੋਕ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰੇ ਗਏ ਹਨ।
- ੬. ਇਕ ਸੌ ਚੌਵੀਵਾਂ ਸਲੋਕ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀ ‘ਸਿਰੀਰਾਗੁ ਕੀ ਵਾਰ’ ਦੀ ਵੀਹਵੀਂ ਪਉੜੀ (ਗੁਰੂ ਗ੍ਰੰਥ ਸਾਹਿਬ ੯੧) ਦੇ ਨਾਲ ਵੀ ਆਇਆ ਹੈ। ਇਹ ਸਲੋਕ ਗੁਰੂ ਨਾਨਕ ਸਾਹਿਬ ਦੁਆਰਾ ਹੀ ਉਚਾਰਿਆ ਗਿਆ ਹੈ।