ਸ਼ੇਖ ਫਰੀਦ ਜੀ ਦੇ ਵਡੇਰੇ ਗਜ਼ਨੀ (ਅਫਗਾਨਿਸਤਾਨ) ਦੇ ਵਸਨੀਕ ਸਨ। ਆਪ ਜੀ ਦੇ ਦਾਦਾ ਕਾਜ਼ੀ ਸ਼ੁਐਬ ਆਪਣੇ ਸਮੇਂ ਦੇ ਪ੍ਰਸਿੱਧ ਵਿਦਵਾਨ ਸਨ। ਉਨ੍ਹਾਂ ਦੇ ਮਹਿਮੂਦ ਗਜ਼ਨਵੀ ਨਾਲ ਖਾਨਦਾਨੀ ਸੰਬੰਧ ਸਨ। ਬਾਰ੍ਹਵੀਂ ਸਦੀ ਵਿਚ ਅਫਗਾਨਿਸਤਾਨ ਵਿਚ ਪਏ ਰਾਜ-ਰੌਲੇ ਦੌਰਾਨ ਉਹ ਆਪਣੇ ਤਿੰਨ ਪੁੱਤਰਾਂ ਅਤੇ ਕੁਝ ਚੇਲਿਆਂ ਨਾਲ ਲਾਹੌਰ (ਪਾਕਿਸਤਾਨ) ਆ ਗਏ। ਲਾਹੌਰ ਦਾ ਮਾਹੌਲ ਵੀ ਉਨ੍ਹਾਂ ਨੂੰ ਰਹਿਣ ਲਈ ਸਾਜਗਾਰ ਨਾ ਜਾਪਿਆ। ਇਥੋਂ ਉਹ ਕਸੂਰ (ਪਾਕਿਸਤਾਨ) ਚਲੇ ਗਏ। ਕਸੂਰ ਦੇ ਕਾਜ਼ੀ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਨਾਲ ਹੀ ਉਨ੍ਹਾਂ ਬਾਰੇ ਤਤਕਾਲੀ ਸੁਲਤਾਨ ਨੂੰ ਦੱਸਿਆ। ਸੁਲਤਾਨ ਨੇ ਉਨ੍ਹਾਂ ਨੂੰ ਮੁਲਤਾਨ (ਪਾਕਿਸਤਾਨ) ਨੇੜਲੇ ਪਿੰਡ ਕੋਠੇਵਾਲ
ਸ਼ੇਖ ਫਰੀਦ ਜੀ ਦਾ ਬਚਪਨ ਦਾ ਨਾਮ ‘ਮਸਊਦ’ ਸੀ। ਆਪ ਜੀ ਨੂੰ ‘ਫਰੀਦੁੱਦੀਨ’ ਲਕਬ, ਜਿਸ ਦਾ ਅਰਥ ਹੈ, ਦੀਨ (ਧਰਮ) ਦਾ ਸਭ ਤੋਂ ਵਡਾ ਤੇ ਅਦੁੱਤੀ ਮੋਤੀ, ਬਾਅਦ ਵਿਚ ਆਪ ਦੇ ਮੁਰਸ਼ਦ ਖ੍ਵਾਜ਼ਾ ਕੁਤਬੁੱਦੀਨ ਬਖਤਿਆਰ ਕਾਕੀ (੧੧੭੩-੧੨੩੫ ਈ.) ਨੇ ਦਿੱਤਾ। ਇਤਿਹਾਸ ਅਤੇ ਲੋਕ ਸਿਮਰਤੀ ਵਿਚ ਆਪ ਦੇ ਇਸੇ ਨਾਮ ਦਾ ਸੰਖਿਪਤ ਰੂਪ ‘ਫਰੀਦ’ ਹੀ ਪ੍ਰਚਲਤ ਰਿਹਾ ਅਤੇ ਮਸਊਦ ਅਲੋਪ ਹੋ ਗਿਆ।
ਸ਼ੇਖ ਫਰੀਦ ਜੀ ਨੇ ਕੋਠੇਵਾਲ ਵਿਖੇ ਹੀ ਆਪਣੀ ਮੁਢਲੀ ਵਿੱਦਿਆ ਪ੍ਰਾਪਤ ਕੀਤੀ। ਆਪ ਜੀ ਦੇ ਜੀਵਨ ਨੂੰ ਰੂਹਾਨੀ ਰੰਗਤ ਦੇਣ ਵਿਚ ਆਪ ਦੀ ਮਾਤਾ ਦਾ ਬਹੁਤ ਯੋਗਦਾਨ ਸੀ। ਉਹ ਖੁਦਾ ਦੀ ਬੰਦਗੀ ਵਿਚ ਲੀਨ ਰਹਿਣ ਵਾਲੀ ਇਸਤਰੀ ਸੀ। ਆਪਣੀ ਮਾਤਾ ਦੀ ਦੇਖ-ਰੇਖ ਵਿਚ ਰਹਿੰਦਿਆਂ ਸ਼ੇਖ ਫਰੀਦ ਜੀ ਬਚਪਨ ਵਿਚ ਹੀ ਆਪਣੇ ਇਲਾਕੇ ਵਿਚ ਇਕ ਸੂਫੀ ਵਜੋਂ ਮਸ਼ਹੂਰ ਹੋ ਗਏ।
ਇਕ ਵਾਰ ਪ੍ਰਸਿੱਧ ਸੂਫੀ ਸ਼ੇਖ ਜਲਾਲੁੱਦੀਨ ਤਬਰੇਜ਼ੀ (ਸੁਹਰਾਵਰਦੀ ਸਿਲਸਿਲੇ ਦਾ ਇਕ ਸੂਫੀ ਫਕੀਰ) ਦਿੱਲੀ ਨੂੰ ਜਾਂਦੇ ਹੋਏ ਕੋਠੇਵਾਲ ਵਿਚੋਂ ਲੰਘ ਰਹੇ ਸਨ। ਉਨ੍ਹਾਂ ਨੇ ਕੋਠੇਵਾਲ ਦੇ ਲੋਕਾਂ ਤੋਂ ਪੁੱਛਿਆ ਕਿ ਇਥੇ ਕੋਈ ਸੂਫੀ ਫਕੀਰ ਵੀ ਰਹਿੰਦਾ ਹੈ? ਲੋਕਾਂ ਨੇ ਲਗਭਗ ਨਾਂਹ ਵਿਚ ਜਵਾਬ ਦਿੰਦਿਆਂ ਕਿਹਾ ਕਿ ਇਥੇ ਇਕ ਕਾਜ਼ੀ ਦਾ ਪੁੱਤਰ ਮਸਊਦ ਜ਼ਰੂਰ ਹੈ, ਜਿਸ ਨੂੰ ਲੋਕ ‘ਕਾਜ਼ੀ ਬੱਚਾ ਦੀਵਾਨਾ’ ਆਖ ਕੇ ਬੁਲਾਉਂਦੇ ਹਨ। ਇਹ ਸੁਣ ਕੇ ਉਹ ਸ਼ੇਖ ਫਰੀਦ ਜੀ ਦੇ ਦਰਸ਼ਨਾਂ ਨੂੰ ਚੱਲ ਪਏ। ਰਸਤੇ ਵਿਚ ਕਿਸੇ ਨੇ ਉਨ੍ਹਾਂ ਨੂੰ ਅਨਾਰ ਭੇਂਟ ਕੀਤਾ। ਉਹ ਅਨਾਰ ਉਨ੍ਹਾਂ ਨੇ ਸ਼ੇਖ ਫਰੀਦ ਜੀ ਲਈ ਰਖ ਲਿਆ। ਉਨ੍ਹਾਂ ਨੇ ਅਨਾਰ ਨੂੰ ਪਾੜ ਕੇ ਫਰੀਦ ਜੀ ਅੱਗੇ ਰਖਿਆ ਪਰ ਰੋਜ਼ਾ (ਰਮਜ਼ਾਨ ਦੇ ਮਹੀਨੇ ਵਿਚ ਰਖਿਆ ਜਾਣ ਵਾਲਾ ਵਰਤ) ਰਖਿਆ ਹੋਣ ਕਾਰਣ ਸ਼ੇਖ ਫਰੀਦ ਜੀ ਨੇ ਅਨਾਰ ਨਾ ਖਾਧਾ। ਸ਼ੇਖ ਜਲਾਲੁੱਦੀਨ ਦੇ ਚਲੇ ਜਾਣ ਤੋਂ ਬਾਅਦ ਆਪ ਜੀ ਨੇ ਅਨਾਰ ਦੇ ਡਿੱਗੇ ਹੋਏ ਇਕ ਬੀਜ ਨੂੰ ਰੁਮਾਲ ਵਿਚ ਲਪੇਟ ਕੇ ਰਖ ਲਿਆ। ਇਫਤਾਰ (ਰੋਜ਼ਾ ਖੋਲ੍ਹਣ ਸਮੇਂ) ਵੇਲੇ ਇਸ ਬੀਜ ਨੂੰ ਪ੍ਰਸ਼ਾਦ ਸਮਝ ਕੇ ਖਾ ਲਿਆ। ਇਸ ਨੂੰ ਖਾਣ ਤੋਂ ਬਾਅਦ ਆਪ ਨੂੰ ਰੂਹਾਨੀ ਪ੍ਰਕਾਸ਼ ਦਾ ਅਨੁਭਵ ਹੋਇਆ। ਆਪ ਜੀ ਦੇ ਮਨ ਵਿਚ ਕਾਫੀ ਸਮਾਂ ਇਸ ਗੱਲ ਦਾ ਮਲਾਲ ਰਿਹਾ ਕਿ ਕਾਸ਼! ਉਹ ਸਾਰਾ ਅਨਾਰ ਖਾਧਾ ਹੁੰਦਾ। ਬਾਅਦ ਵਿਚ ਇਸ ਮਲਾਲ ਨੂੰ ਆਪ ਜੀ ਦੇ ਮੁਰਸ਼ਦ (ਗੁਰੂ) ਹਜ਼ਰਤ ਖ੍ਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਨੇ ਇਹ ਕਹਿ ਕੇ ਦੂਰ ਕੀਤਾ ਕਿ ‘ਸਾਰੀਆਂ ਰਹਿਮਤਾਂ ਉਸ ਇਕੋ ਬੀਜ ਵਿਚ ਸਨ, ਤੁਹਾਡੇ ਭਾਗਾਂ ਦਾ ਹੋਣ ਕਾਰਣ ਤੁਹਾਨੂੰ ਮਿਲ ਗਿਆ। ਬਾਕੀ ਦੇ ਫਲ ਵਿਚ ਕੋਈ ਸੱਤਿਆ ਨਹੀਂ ਸੀ।’ ਖ੍ਵਾਜਾ ਸਾਹਿਬ ਦੇ ਇਨ੍ਹਾਂ ਬਚਨਾਂ ਦੀ ਯਾਦ ਅਤੇ ਪਾਲਣਾ ਹਿੱਤ ਚਿਸ਼ਤੀਆਂ ਵਿਚ ਸਾਰਾ ਫਲ ਖਾਣ ਦੀ ਰਵਾਇਤ ਹੈ ਤਾਂ ਕਿ ਕੋਈ ਪਵਿੱਤਰ ਬੀਜ (ਦਾਣਾ) ਰਹਿ ਨਾ ਜਾਵੇ।
ਸ਼ੇਖ ਫਰੀਦ ਜੀ ਅਤੇ ਚਿਸ਼ਤੀ ਸੰਪਰਦਾਇ
ਸ਼ੇਖ ਫਰੀਦ ਜੀ ਸੂਫੀ ਪਰੰਪਰਾ ਦੇ ਚਿਸ਼ਤੀ ਸੰਪਰਦਾਇ (ਸਿਲਸਿਲੇ) ਨਾਲ ਸੰਬੰਧਤ ਸਨ। ਇਸ ਸੰਪਰਦਾਇ ਦਾ ਅਰੰਭ ਹਜ਼ਰਤ ਅਬੂ ਅਹਿਮਦ ਅਬਦਾਲ ਚਿਸ਼ਤੀ (ਮੌਤ ੯੬੬ ਈ.), ਜਿਹੜੇ ਕਿ ਅਫਗਾਨਿਸਤਾਨ ਦੇ ‘ਚਿਸਤ’ ਪਿੰਡ ਦੇ ਵਸਨੀਕ ਸਨ, ਤੋਂ ਮੰਨਿਆ ਜਾਂਦਾ ਹੈ।
ਭਾਰਤ ਵਿਚ ਸੂਫੀਆਂ ਦਾ ਆਗਮਨ ਮੁਹੰਮਦ ਬਿਨ ਕਾਸਿਮ ਦੁਆਰਾ ੭੧੨-੧੩ ਈ. ਵਿਚ ਸਿੰਧ ਉਪਰ ਕੀਤੇ ਹਮਲੇ ਤੋਂ ਮੰਨਿਆ ਜਾਂਦਾ ਹੈ। ਹਾਲਾਂਕਿ ਦਖਣੀ ਭਾਰਤ ਵਿਚ ਇਸ ਹਮਲੇ ਤੋਂ ਪਹਿਲਾਂ ਵੀ ਇਸਲਾਮ ਪ੍ਰਵੇਸ਼ ਦੇ ਸਬੂਤ ਮਿਲਦੇ ਹਨ। ਮੁਹੰਮਦ ਬਿਨ ਕਾਸਿਮ ਤੋਂ ਬਾਅਦ ੧੦੦੦ ਈ. ਤੋਂ ੧੦੨੭ ਈ. ਤਕ ਮਹਿਮੂਦ ਗਜ਼ਨਵੀ ਦੁਆਰਾ ਭਾਰਤ ਉਪਰ ਕੀਤੇ ਸਤਾਰਾਂ ਹਮਲਿਆਂ ਸਮੇਂ ਵੀ ਇਥੇ ਸੂਫੀਆਂ ਦਾ ਆਗਮਨ ਹੁੰਦਾ ਰਿਹਾ। ਇਨ੍ਹਾਂ ਸੂਫੀਆਂ ਵਿਚ ਚਿਸ਼ਤੀ ਸਿਲਸਿਲੇ ਦੇ ਸ਼ੇਖ ਹਜ਼ਰਤ ਖਵਾਜ਼ਾ ਮੁਈਨੁਦੀਨ ਚਿਸ਼ਤੀ (੧੧੪੧-੧੨੩੩ ਈ.) ਵੀ ਸ਼ਾਮਲ ਸਨ।
ਸ਼ੇਖ ਹਜ਼ਰਤ ਖਵਾਜ਼ਾ ਮੁਈਨੁਦੀਨ ਚਿਸ਼ਤੀ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਅਤੇ ਫਿਰ ਅਜਮੇਰ ਨੂੰ ਬਣਾ ਕੇ ਇਸ ਸੰਪਰਦਾਇ ਦਾ ਪ੍ਰਚਾਰ ਕੀਤਾ। ਆਪ ਜੀ ਇਸ ਸੰਪਰਦਾਇ ਦੇ ਪੰਦ੍ਹਰਵੇਂ ਅਤੇ ਭਾਰਤ ਵਿਚ ਪਹਿਲੇ ਆਗੂ ਸਨ। ਆਪ ਜੀ ਤੋਂ ਬਾਅਦ ਹਜ਼ਰਤ ਖ੍ਵਾਜ਼ਾ ਕੁਤਬੁੱਦੀਨ ਬਖਤਯਾਰ ਕਾਕੀ ਇਸ ਸੰਪਰਦਾਇ ਦੇ ਆਗੂ ਬਣੇ। ਸ਼ੇਖ ਫਰੀਦ ਜੀ ਇਸ ਸੰਪਰਦਾਇ ਦੇ ਸਤ੍ਹਾਰਵੇਂ ਅਤੇ ਭਾਰਤ ਵਿਚ ਤੀਜੇ ਆਗੂ ਸਨ।
ਖ੍ਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੀ ਸ਼ਰਣ ਵਿਚ
ਸ਼ੇਖ ਫਰੀਦ ਜੀ ਆਪਣੀ ਰੂਹਾਨੀ ਤਬੀਅਤ ਅਤੇ ਵਿੱਦਿਅਕ ਲਗਨ ਕਾਰਣ ਕੋਠੇਵਾਲ ਤੋਂ ਤਤਕਾਲੀ ਵਿੱਦਿਆ ਦੇ ਕੇਂਦਰ ਮੁਲਤਾਨ (ਪਾਕਿਸਤਾਨ) ਚਲੇ ਗਏ। ਇਸ ਸਮੇਂ ਆਪ ਜੀ ਅਠਾਰਾਂ ਵਰ੍ਹਿਆਂ ਦੇ ਹੋ ਚੁੱਕੇ ਸਨ। ਆਪ ਜੀ ਨੇ ਮੁਲਤਾਨ ਵਿਖੇ ਮੌਲਾਨਾ ਮਿਨਹਾਜੁੱਦੀਨ ਤ੍ਰਿਮੀਜ਼ੀ ਦੇ ਮਕਬਰੇ ਵਿਚ ਚਲ ਰਹੇ ਮਦਰੱਸੇ (ਇਸਲਾਮੀ ਸਕੂਲ) ਵਿਚ ਪੜ੍ਹਦਿਆਂ ਕੁਰਾਨ ਹਿਫਜ਼ (ਕੰਠ) ਕਰ ਲਿਆ। ਇਕ ਦਿਨ ਵਿਚ ਆਪ ਜੀ ਕੁਰਾਨ ਦਾ ਪੂਰਾ ਪਾਠ ਕਰ ਲੈਂਦੇ ਸਨ।
ਇਕ ਵਾਰ ਆਪ ਜੀ ਕਾਨੂੰਨ ਦਾ ਨਾਫਿਆ (ਇਸਲਾਮੀ ਕਾਨੂੰਨ ਦੀ ਪੁਸਤਕ) ਪੜ੍ਹ ਰਹੇ ਸਨ। ਉਸ ਸਮੇਂ ਖ੍ਵਾਜ਼ਾ ਕੁਤਬੁੱਦੀਨ ਬਖਤਿਆਰ ਕਾਕੀ ਉਥੇ ਆਏ ਹੋਏ ਸਨ। ਉਹ ਸ਼ੇਖ ਫਰੀਦ ਜੀ ਦੇ ਨੇੜੇ ਬੈਠ ਕੇ ਨਮਾਜ਼ ਪੜ੍ਹਨ ਲੱਗ ਪਏ। ਖ੍ਵਾਜ਼ਾ ਸਾਹਿਬ ਦੀ ਸ਼ਖਸ਼ੀਅਤ ਤੋਂ ਆਪ ਸਹਿਜ ਹੀ ਪ੍ਰਭਾਵਤ ਹੋਏ ਅਤੇ ਉਨ੍ਹਾਂ ਦੇ ਨਜ਼ਦੀਕ ਹੀ ਬੈਠੇ ਰਹੇ। ਨਮਾਜ਼ ਅਦਾ ਕਰਨ ਤੋਂ ਬਾਅਦ ਖ੍ਵਾਜ਼ਾ ਸਾਹਿਬ ਨੇ ਆਪ ਜੀ ਤੋਂ ਪੁੱਛਿਆ ਕਿ ਆਪ ਕਿਹੜੀ ਕਿਤਾਬ ਪੜ੍ਹ ਰਹੇ ਹੋ? ਆਪ ਜੀ ਨੇ ਉੱਤਰ ਦਿੱਤਾ ਕਿ ਇਹ ਨਾਫਿਆ ਹੈ। ਇਹ ਸੁਣ ਕੇ ਖ੍ਵਾਜਾ ਸਾਹਿਬ ਨੇ ਕਿਹਾ ਕਿ ਖੁਦਾ ਰਹਿਮ-ਓ-ਕਰਮ ਫੁਰਮਾਵੇ ਤੈਨੂੰ ਇਸ ਦੇ ਮੁਤਾਲਿਆ ਤੋਂ ਨਫਾ (ਲਾਭ) ਹੋਵੇ। ਆਪ ਜੀ ਨੇ ਕਿਹਾ ਕਿ ਮੇਰਾ ਨਫਾ ਆਪ ਦੀ ਰਹਿਮਤ ਅਤੇ ਅਸੀਸ ਵਿਚ ਹੈ। ਇਹ ਕਹਿ ਕੇ ਆਪਣਾ ਸੀਸ ਖ੍ਵਾਜਾ ਸਾਹਿਬ ਦੇ ਚਰਨਾਂ ਉੱਤੇ ਟਿਕਾ ਕੇ ਤਰਲੇ ਨਾਲ ਕਿਹਾ:
ਤੂੰ ਜਿਸ ਪਾਰ ਲੰਘਾਏਂ ਸਾਂਈ, ਸਦਾ ਲਈ ਉਹ ਤਰਦਾ ਏ।
ਤੇਰੇ ਦਰ ’ਤੇ ਆਏ ਸਵਾਲੀ, ਝੋਲੀ ਆਪਣੀ ਭਰਦਾ ਏ।
ਜ਼ੱਰੇ ਨਿਮਾਣੇ ਵੱਲ ਇਕ ਪਲ ਭੀ, ਨਜ਼ਰ ਮੇਹਰ ਦੀ ਕਰ ਦੇਵੇਂ।
ਸੌ ਸੂਰਜ ਤੋਂ ਵੱਧ ਕੇ ਚਮਕੇ, ਦੁਨੀਆਂ ਰੌਸ਼ਨ ਕਰਦਾ ਏ।
ਖ੍ਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਨੇ ਆਪ ਜੀ ਨੂੰ ਆਪਣਾ ਮੁਰੀਦ ਬਣਾ ਲਿਆ ਅਤੇ ਆਪਣੇ ਨਾਲ ਹੀ ਦਿੱਲੀ ਵੱਲ ਲੈ ਗਏ। ਪ੍ਰੰਤੂ ਬਾਅਦ ਵਿਚ ਆਪ ਜੀ ਨੂੰ ਥੋੜ੍ਹਾ ਸਮਾਂ ਹੋਰ ਵਿੱਦਿਆ ਪ੍ਰਾਪਤੀ ਲਈ ਮੁਲਤਾਨ ਵਾਪਸ ਭੇਜ ਦਿੱਤਾ ਅਤੇ ਖ੍ਵਾਜਾ ਸਾਹਿਬ ਆਪ ਦਿੱਲੀ (ਇਥੇ ਖ੍ਵਾਜਾ ਸਾਹਿਬ ਦਾ ਪੱਕਾ ਮੁਕਾਮ ਸੀ) ਚਲੇ ਗਏ। ਕੁਝ ਸਮੇਂ ਬਾਅਦ ਆਪ ਜੀ ਆਪਣੇ ਮੁਰਸ਼ਦ ਕੋਲ ਦਿੱਲੀ ਹੀ ਆ ਗਏ। ਇਥੇ ਆਪ ਨੂੰ ਇਕ ਵਖਰੀ ਕੋਠੜੀ (ਇਕਾਂਤਵਾਸ ਲਈ ਕਮਰਾ, ਸੂਫੀਆਂ ਦੀ ਭਾਸ਼ਾ ਵਿਚ ਹੁਜਰਾ) ਦੇ ਦਿੱਤੀ ਗਈ। ਆਪ ਜੀ ਜਿਆਦਾਤਰ ਇਕਾਂਤਵਾਸ ਵਿਚ ਹੀ ਰਹਿੰਦੇ ਸਨ। ਆਪ ਜੀ ਦੇ ਭਗਤੀ ਵਿਚ ਲੀਨ ਰਹਿਣ ਅਤੇ ਕਠਨ ਤਪ ਕਰਨ ਦੀਆਂ ਅਨੇਕ ਸਾਖੀਆਂ ਸੂਫੀ ਸਾਹਿਤ ਵਿਚ ਪ੍ਰਚਲਤ ਹਨ।
ਪਾਕਪਟਨ ਵਿਖੇ ਨਿਵਾਸ ਅਤੇ ਵਫਾਤ (ਸਰੀਰ ਛੱਡਣਾ)
ਇਕ ਦਿਨ ਆਪ ਜੀ ਨੇ ਆਪਣੇ ਮੁਰਸ਼ਦ ਖ੍ਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਕੋਲੋਂ ਹਾਂਸੀ (ਹਰਿਆਣਾ, ਭਾਰਤ) ਜਾ ਕੇ ਰਹਿਣ ਦੀ ਆਗਿਆ ਮੰਗੀ। ਉਨ੍ਹਾਂ ਨੇ ਆਗਿਆ ਦੇ ਦਿੱਤੀ। ਬਾਕੀ ਦੇ ਮੁਰੀਦਾਂ ਸਮੇਤ ਖ੍ਵਾਜਾ ਸਾਹਿਬ ਨੇ ਆਪ ਜੀ ਦੀ ਚੜ੍ਹਦੀ ਕਲਾ ਲਈ ਫਾਤਿਹਾ (ਕੁਰਾਨ ਦੀ ਪਹਿਲੀ ਸੂਰਤ ਜਿਹੜੀ ਨਮਾਜ ਸਮੇਂ ਨਸੀਹਤ ਦੇ ਰੂਪ ਵਿਚ ਜਾਂ ਕਿਸੇ ਕਾਰਜ ਦੀ ਸਮਾਪਤੀ ਸਮੇਂ ਪੜ੍ਹੀ ਜਾਂਦੀ ਹੈ) ਪੜ੍ਹਿਆ। ਉਨ੍ਹਾਂ ਨੇ ਆਪਣਾ ਨਿੱਜੀ ਆਸਾ (ਸੋਟਾ) ਅਤੇ ਮੁਸੱਲਾ (ਉਹ ਕੱਪੜਾ ਜਾਂ ਗਲੀਚਾ, ਜਿਸ ਉਪਰ ਬੈਠ ਕੇ ਨਮਾਜ ਪੜ੍ਹੀ ਜਾਂਦੀ ਹੈ) ਆਪ ਜੀ ਨੂੰ ਬਖਸ਼ਿਆ। ਆਪ ਜੀ ਨੂੰ ਵਿਦਾ ਕਰਦਿਆਂ ਖ੍ਵਾਜਾ ਸਾਹਿਬ ਨੇ ਕਿਹਾ ਕਿ ‘ਮੈਂ ਆਪਣਾ ਖਿਰਕਾ (ਟਾਕੀਆਂ ਤੋਂ ਬਣਿਆ ਚੋਲਾ ਜਾਂ ਖਿੰਥੜ), ਦਸਤਾਰ ਅਤੇ ਖੜਾਵਾਂ ਕਾਜੀ ਹਮੀਰੁਦਦੀਨ ਨੂੰ ਦੇ ਜਾਵਾਂਗਾ। ਮੇਰੇ ਮਰਨ ਤੋਂ ਪੰਜਵੇਂ ਦਿਨ ਉਹ ਸਾਰੀਆਂ ਚੀਜਾਂ ਤੈਨੂੰ ਦੇ ਦੇਵੇਗਾ। ਮੇਰੀ ਥਾਂ ਹੁਣ ਤੇਰੀ ਥਾਂ ਹੈ।’
ਸ਼ੇਖ ਫਰੀਦ ਜੀ ਆਪਣੇ ਮੁਰਸ਼ਦ ਤੋਂ ਵਿਦਾਈ ਲੈ ਕੇ ਹਾਂਸੀ ਆ ਗਏ। ਖ੍ਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੇ ਦੇਹਾਂਤ ਤੋਂ ਬਾਅਦ ੧੨੩੫ ਈ. ਵਿਚ ਆਪ ਜੀ ਨੂੰ ਚਿਸ਼ਤੀ ਸਿਲਸਿਲੇ ਦੇ ਮੁੱਖੀ ਵਜੋਂ ਦਿੱਲੀ ਲਿਜਾਇਆ ਗਿਆ। ਇਸ ਸਮੇਂ ਆਪ ਜੀ ਲਗਭਗ ੬੦ ਵਰ੍ਹਿਆਂ ਦੇ ਹੋ ਚੁੱਕੇ ਸਨ। ਦਿੱਲੀ ਵਿਚ ਸ਼ਰਧਾਲੂਆਂ ਦੇ ਭੀੜ-ਭੜੱਕੇ ਅਤੇ ਤਤਕਾਲੀ ਰਾਜਨੀਤਕ ਮਾਹੌਲ ਨੂੰ ਦੇਖਦਿਆਂ ਆਪ ਜੀ ਆਜੋਧਨ (ਪਾਕਿਸਤਾਨ) ਆ ਗਏ। ਬਾਅਦ ਵਿਚ ਇਸ ਥਾਂ ਦਾ ਨਾਮ ਆਪ ਜੀ ਦੇ ਨਿਵਾਸ ਕਰਨ ਕਰਕੇ ‘ਪਾਕ ਪੱਤਣ’ ਭਾਵ ਪਵਿੱਤਰ ਘਾਟ ਪੈ ਗਿਆ, ਜਿਹੜਾ ਅੰਗਰੇਜ਼ੀ ਅਸਰ ਕਰਕੇ ‘ਪਾਕਪਟਨ’ ਬਣ ਗਿਆ ਜਾਪਦਾ ਹੈ।
ਆਪ ਜੀ ਨੇ ਆਪਣੀ ਰਹਿੰਦੀ ਜਿੰਦਗੀ ਪਾਕਪਟਨ ਵਿਖੇ ਹੀ ਬਤੀਤ ਕੀਤੀ। ਆਪ ਜੀ ਦਾ ਪਰਵਾਰ ਵੀ ਆਪ ਜੀ ਦੇ ਨਾਲ ਹੀ ਰਹਿੰਦਾ ਸੀ। ਆਪ ਜੀ ਦੇ ਪਰਵਾਰ ਵਿਚ ਆਪ ਜੀ ਦੀਆਂ ਪਤਨੀਆਂ, ਪੰਜ ਪੁੱਤਰ (ਖ੍ਵਾਜਾ ਨਸੀਰੁੱਦੀਨ, ਖ੍ਵਾਜਾ ਸ਼ਿਹਾਬੁੱਦੀਨ, ਸ਼ੇਖ ਬਦਰੁੱਦੀਨ ਸੁਲੇਮਾਨ, ਸ਼ੇਖ ਨਿਜ਼ਾਮੁੱਦੀਨ, ਸ਼ੇਖ ਯਾਕੂਬ) ਤੇ ਤਿੰਨ ਪੁੱਤਰੀਆਂ (ਬੀਬੀ ਮਸਤੂਰਾ, ਬੀਬੀ ਸ਼ਰੀਫਾਂ ਅਤੇ ਬੀਬੀ ਫਾਤਿਮਾ) ਸਨ। ਆਪ ਜੀ ਨੇ ਸਾਰੀ ਉਮਰ ਕੱਚੇ ਘਰ ਵਿਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਦਿਆਂ ਕੱਟੀ। ਪਾਕਪਟਨ ਵਿਖੇ ਹੀ ੧੨੭੧ ਈ. ਵਿਚ ਆਪ ਜੀ ਦਾ ਦੇਹਾਂਤ ਹੋਇਆ। ਆਪ ਜੀ ਦੀ ਰੂਹਾਨੀ ਗੱਦੀ ਦੇ ਵਾਰਸ ਸ਼ੇਖ ਨਿਜ਼ਾਮੁਦੀਨ ਔਲੀਆ (੧੨੩੮-੧੩੨੫ ਈ.) ਬਣੇ। ਨਿਜ਼ਾਮੁਦੀਨ ਔਲੀਆ ਨੇ ਆਪਣਾ ਕੇਂਦਰ ਦਿੱਲੀ ਵਿਖੇ ਬਣਾਇਆ। ਪਾਕਪਟਨ ਵਿਖੇ ਆਪ ਜੀ ਦੇ ਤੀਜੇ ਪੁੱਤਰ ਬਦਰੁੱਦੀਨ ਸੁਲੇਮਾਨ ਨੇ ਆਪ ਜੀ ਦੀ ਖਾਨਕਾਹ (ਯਾਦਗਾਰ) ਦੀ ਸੇਵਾ ਅਤੇ ਘਰ ਦੀ ਜਿੰਮੇਵਾਰੀ ਸੰਭਾਲੀ।
ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਸੰਬੰਧੀ
ਜਨਮਸਾਖੀ ਸਾਹਿਤ ਵਿਚ ਸ਼ੇਖ ਫਰੀਦ ਜੀ ਦੀ ਪਾਕਪਟਨ ਵਾਲੀ ਦਰਗਾਹ ਦੇ ਬਾਰ੍ਹਵੇਂ ਗੱਦੀ ਨਸ਼ੀਨ,
ਪੁਰਾਤਨ ਜਨਮਸਾਖੀ ਦੀ ਅਠਾਈਵੀਂ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਜਦੋਂ ਆਸਾ ਦੇਸ
ਅਕੇ ਤਾਂ ਲੋੜ ਮੁਕਦਮੀ ਅਕੈ ਤੇ ਅਲਹੁ ਲੋੜੁ ॥
ਦੁਹ ਬੇੜੀ ਨਾ ਲਤ ਧਰੁ ਮਤੁ ਵੰਞਹੁ ਵਖਰੁ ਬੋੜਿ ॥
ਦੁਹੀ ਬੇੜੀ ਲਤੁ ਧਰੁ ਦੁਹੀ ਵਖਰੁ ਚਾੜਿ ॥ ਕੋਈ ਬੇੜੀ ਡੁਬਸੀ ਕੋਈ ਲੰਘੇ ਪਾਰਿ ॥
ਨਾ ਪਾਣੀ ਨ ਬੇੜੀਆ ਨਾ ਡੁਬੈ ਨ ਜਾਇ ॥ ਨਾਨਕ ਵਖਰੁ ਸਚੁ ਧਨੁ ਸਹਜੇ ਰਹਿਆ ਸਮਾਇ ॥੧॥
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ੇਖ ਫਰੀਦ ਜੀ ਦੇ ਸ਼ਬਦ ‘ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ’ (ਗੁਰੂ ਗ੍ਰੰਥ ਸਾਹਿਬ ੭੯੪) ਤੇ ‘ਦਿਲਹੁ ਮੁਹਬਤਿ ਜਿਨ੍ ਸੇਈ ਸਚਿਆ’ (ਗੁਰੂ ਗ੍ਰੰਥ ਸਾਹਿਬ ੪੮੮) ਵੀ ਉਨ੍ਹਾਂ ਵੱਲੋਂ ਇਸ ਗੋਸ਼ਟਿ ਸਮੇਂ ਪ੍ਰਸ਼ਨਾਂ ਵਜੋਂ ਉਚਾਰੇ ਗਏ ਦਰਸਾਏ ਹਨ ਅਤੇ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਸ਼ਬਦਾਂ ‘ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ’ (ਗੁਰੂ ਗ੍ਰੰਥ ਸਾਹਿਬ ੭੨੯) ਤੇ ‘ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ’ (ਗੁਰੂ ਗ੍ਰੰਥ ਸਾਹਿਬ ੭੬੨) ਨੂੰ ਕ੍ਰਮਵਾਰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਰੂਪ ਵਿਚ ਉਚਾਰਿਆ ਗਿਆ ਦਰਸਾਇਆ ਹੈ।
ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਅਤੇ ਸ਼ੇਖ ਫਰੀਦ ਜੀ ਦੀ ਹੋਰ ਬਾਣੀ ਨੂੰ ਵੀ ਇਸ ਗੋਸ਼ਟਿ ਸਮੇਂ ਉਚਾਰਿਆ ਗਿਆ ਦਰਸਾਇਆ ਹੈ। ਉਦਾਹਰਣ ਵਜੋਂ ਦੋਵਾਂ ਮਹਾਂਪੁਰਖਾਂ ਨੂੰ ਦੇਖ ਕੇ ਇਕ ਬੰਦਾ ਪਿਛਲੀ ਰਾਤ (ਅੰਮ੍ਰਿਤ ਵੇਲੇ) ਘਰੋਂ ਇਕ ਤਬਲਬਾਜ (ਹੇਠੋਂ ਤੰਗ ਤੇ ਉਪਰੋਂ ਚੌੜਾ ਇਕ ਤਰ੍ਹਾਂ ਦਾ ਕਟੋਰਾ) ਦੁੱਧ ਦਾ ਭਰ ਕੇ ਅਤੇ ਵਿਚ ਚਾਰ ਮੁਹਰਾਂ (ਸੋਨੇ ਦੇ ਸਿੱਕੇ) ਪਾ ਕੇ ਲੈ ਆਉਂਦਾ ਹੈ। ਸ਼ੇਖ ਫਰੀਦ ਜੀ ਆਪਣੇ ਲਈ ਦੁੱਧ ਪਾ ਕੇ ਬਾਕੀ ਗੁਰੂ ਸਾਹਿਬ ਲਈ ਰਖ ਦਿੰਦੇ ਹਨ ਅਤੇ ਸਲੋਕ ਉਚਾਰਦੇ ਹਨ:
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨੑਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥ -ਗੁਰੂ ਗ੍ਰੰਥ ਸਾਹਿਬ ੧੩੮੪
ਇਸ ਦੇ ਉੱਤਰ ਵਜੋਂ ਗੁਰੂ ਸਾਹਿਬ ਇਸ ਸਲੋਕ ਦਾ ਉਚਾਰਣ ਕਰਦੇ ਹਨ:
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨਾ ਲਹਨੑਿ ਇਕਨੑਾ ਸੁਤਿਆ ਦੇਇ ਉਠਾਲਿ ॥੧੧੩॥ -ਗੁਰੂ ਗ੍ਰੰਥ ਸਾਹਿਬ ੧੩੮੪
ਸਾਖੀਕਾਰ ਲਿਖਦਾ ਹੈ ਕਿ ਫਿਰ ਗੁਰੂ ਸਾਹਿਬ ਨੇ ਸ਼ੇਖ ਫਰੀਦ ਜੀ ਨੂੰ ਕਿਹਾ ਕਿ ਦੁੱਧ ਵਿਚ ਹੱਥ ਫੇਰ ਕੇ ਦੇਖੋ ਕਿ ਇਸ ਵਿਚ ਕੀ ਹੈ? ਸ਼ੇਖ ਫਰੀਦ ਜੀ ਨੇ ਦੇਖਿਆ ਕਿ ਦੁੱਧ ਵਿਚ ਮੁਹਰਾਂ ਹਨ। ਗੁਰੂ ਸਾਹਿਬ ਨੇ ਤੁਖਾਰੀ ਰਾਗ ਵਿਚ ਸ਼ਬਦ ਉਚਾਰਿਆ:
ਤੁਖਾਰੀ ਮਹਲਾ ੧॥
ਪਹਿਲੈ ਪਹਰੈ ਨੈਣ ਸਲੋਨੜੀਏ....ਤਿਨਿ ਪ੍ਰਭਿ ਕਾਰਣੁ ਕੀਆ॥੫॥੨॥ -ਗੁਰੂ ਗ੍ਰੰਥ ਸਾਹਿਬ ੧੧੧੦
ਇਸੇ ਸਾਖੀ ਦੀ ਅਗਲੀ ਘਟਨਾ ਅਨੁਸਾਰ ਉਪਰੋਕਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਅਤੇ ਸ਼ੇਖ ਫਰੀਦ ਜੀ ਆਸਾ ਦੇਸ ਵੱਲ ਆਏ। ਇਸ ਦੇਸ ਦਾ ਰਾਜਾ ਸਮੁੰਦਰ ਜਾਂ ਸਿਆਮ ਸੁੰਦਰ ਗੁਜਰ ਚੁੱਕਾ ਸੀ। ਪਰ ਚਿਖਾ ਵਿਚ ਉਸ ਦੀ ਖੋਪੜੀ ਜਲ ਨਹੀਂ ਰਹੀ ਸੀ। ਜੋਤਸ਼ੀਆਂ ਤੋਂ ਇਸ ਦਾ ਕਾਰਣ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਨੇ ਇਕ ਵਾਰ ਝੂਠ ਬੋਲਿਆ ਸੀ। ਇਸ ਲਈ ਇਸ ਦੇ ਸਰੀਰ ਨੂੰ ਇਹ ਕਸ਼ਟ ਮਿਲਿਆ ਹੈ। ਜੋਤਸ਼ੀਆਂ ਵੱਲੋਂ ਇਸ ਦੇ ਉਪਾਅ ਰੂਪ ਵਿਚ ਕਿਹਾ ਗਿਆ ਕਿ ਜੇਕਰ ਇਸ ਨਗਰ ਵਿਚ ਕਿਸੇ ਸਾਧੂ ਦੇ ਚਰਨ ਪੈਣ ਤਾਂ ਰਾਜੇ ਦੀ ਮੁਕਤੀ ਸੰਭਵ ਹੈ। ਨਗਰ ਅੰਦਰ ਆਉਣ ਵਾਲੇ ਦਰਵਾਜੇ ਵਿਚੋਂ ਜਿਉਂ ਹੀ ਗੁਰੂ ਨਾਨਕ ਸਾਹਿਬ ਨੇ ਪ੍ਰਵੇਸ਼ ਕੀਤਾ ਤਾਂ ਰਾਜੇ ਦੀ ਖੋਪੜੀ ਜਲ ਗਈ। ਲੋਕ ਗੁਰੂ ਸਾਹਿਬ ਦੇ ਚਰਨੀਂ ਪੈ ਗਏ। ਗੁਰੂ ਸਾਹਿਬ ਨੇ ਇਥੇ ਮਾਰੂ ਰਾਗ ਵਿਚ ਸ਼ਬਦ ਉਚਾਰਿਆ:
ਮਿਲਿ ਮਾਤ ਪਿਤਾ...ਦੇਵੈ ਕਾਹੂ ॥੪॥੨॥ -ਗੁਰੂ ਗ੍ਰੰਥ ਸਾਹਿਬ ੯੯੦
ਸਾਖੀ ਅੱਗੇ ਚਲਦੀ ਹੈ, ਲੋਕ ਰੋਟੀਆਂ ਲੈ ਕੇ ਆਉਂਦੇ ਹਨ। ਪਰ ਫ਼ਰੀਦ ਜੀ ਨੇ ਭੁੱਖ ’ਤੇ ਕਾਬੂ ਪਾਉਣ ਲਈ ‘ਕਾਠ ਦੀ ਰੋਟੀ’ ਆਪਣੇ ਢਿੱਡ ਨਾਲ ਬੰਨ੍ਹੀ ਹੋਈ ਸੀ ਤੇ ਭੁੱਖੇ ਰਹਿੰਦੇ ਸਨ। ਇਸ ਲਈ ਫਰੀਦ ਜੀ ਜਵਾਬ ਵਿਚ ਆਖਦੇ ਕਿ ਮੈਂ ਰੋਟੀ ਖਾਧੀ ਹੈ ਅਤੇ ਪੱਲੇ ਵੀ ਬੰਨ੍ਹੀ ਹੋਈ ਹੈ। ਇਹ ਸੁਣ ਕੇ ਲੋਕਾਂ ਨੇ ਕਿਹਾ ਕਿ ਕਿਤੇ ਤੁਸੀਂ ਉਸੇ ਮੁਲਕ ਦੇ ਕੋਈ ਕੂੜਿਆਰ (ਝੂਠੇ) ਤਾਂ ਨਹੀਂ ਹੋ, ਜਿਸ ਮੁਲਕ ਵਿਚ ਫਰੀਦ ਰਹਿੰਦਾ ਹੈ? ਉਸ ਕੋਲ ਕਾਠ ਦੀ ਰੋਟੀ ਹੈ ਜੇ ਕੋਈ ਰੋਟੀ ਦਿੰਦਾ ਹੈ ਤਾਂ ਉਹ ਤੁਹਾਡੇ ਵਾਲਾ ਹੀ ਜਵਾਬ ਦਿੰਦਾ ਹੈ। ਇਹ ਸੁਣ ਕੇ ਸ਼ੇਖ ਫਰੀਦ ਜੀ ਨੇ ਆਪਣੀ ਕਾਠ ਦੀ ਰੋਟੀ ਸੁੱਟ ਦਿੱਤੀ ਅਤੇ ਆਖਿਆ ਕਿ ਜੇਕਰ ਰਾਜੇ ਨੇ ਇਕ ਵਾਰ ਝੂਠ ਬੋਲ ਕੇ ਇੰਨੀ ਸਜਾ ਪਾਈ ਹੈ ਤਾਂ ਮੇਰਾ ਕੀ ਹਾਲ ਹੋਵੇਗਾ? ਇਸ ਗੱਲ ਨੂੰ ਸੁਣ ਕੇ ਗੁਰੂ ਸਾਹਿਬ ਨੇ ਸ਼ੇਖ ਫਰੀਦ ਜੀ ਉਪਰ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਵਿਚ ਖੁਦਾ ਦਾ ਪ੍ਰੇਮ ਸਹੀ ਹੈ। ਤੁਸੀਂ ਪੀਰੀ ਕਰੋ, ਭਾਵ ਆਪਣੇ ਰਸਤੇ ਉੱਪਰ ਰਹੋ। ਇਥੋਂ ਗੁਰੂ ਸਾਹਿਬ ਨੇ ਸ਼ੇਖ ਫਰੀਦ ਜੀ ਨੂੰ ਗਲੇ ਮਿਲ ਕੇ ਵਿਦਾ ਕੀਤਾ। ਇਸ ਸਮੇਂ ਗੁਰੂ ਸਾਹਿਬ ਨੇ ਸਿਰੀਰਾਗ ਵਿਚ ਸ਼ਬਦ ਉਚਾਰਿਆ:
ਆਵਹੁ ਭੈਣੇ ਗਲਿ ਮਿਲਹ....ਆਪੇ ਲਏ ਮਿਲਾਇ ॥੪॥੧੦॥ -ਗੁਰੂ ਗ੍ਰੰਥ ਸਾਹਿਬ ੧੮
ਪੁਰਾਤਨ ਜਨਮਸਾਖੀ ਦੀ ਹੀ ਬੱਤੀਵੀਂ ਸਾਖੀ ਵਿਚ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਪਾਕਪਟਨ ਵਿਖੇ ਸ਼ੇਖ ਫਰੀਦ ਜੀ ਦੀ ਪਾਕਪਟਨ ਵਾਲੀ ਦਰਗਾਹ ਦੇ ਬਾਰ੍ਹਵੇਂ ਗੱਦੀ ਨਸ਼ੀਨ ‘ਸੇਖੁ ਬ੍ਰਿਹਮ’ (ਸ਼ੇਖ ਇਬਰਾਹੀਮ) ਨਾਲ ਦਰਸਾਈ ਹੈ। ਸ਼ੇਖ ਇਬਰਾਹੀਮ ਇਸ ਮੁਲਾਕਾਤ ਦੌਰਾਨ ਸ਼ੇਖ ਫਰੀਦ ਜੀ ਦੇ ਸਲੋਕਾਂ ਦਾ ਉਚਾਰਣ ਕਰਦੇ ਹਨ। ਅਜਿਹੇ ਹੀ ਹਵਾਲਿਆਂ ਤੋਂ ਉਨ੍ਹਾਂ ਵਿਦਵਾਨਾਂ (ਮੈਕਸ ਆਰਥਰ ਮੈਕਾਲਿਫ਼, ਗਿ. ਗੁਰਦਿੱਤ ਸਿੰਘ ਆਦਿ) ਨੂੰ ਭੁਲੇਖਾ ਪਿਆ ਜਾਪਦਾ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ੇਖ ਫਰੀਦ ਜੀ ਦੇ ਨਾਮ ਨਾਲ ਦਰਜ ਸਲੋਕਾਂ ਨੂੰ ‘ਸੇਖੁ ਬ੍ਰਿਹਮ’ ਦੁਆਰਾ ਉਚਾਰੇ ਗਏ ਦਰਸਾਇਆ ਹੈ।
ਮਿਹਰਬਾਨ ਵਾਲੀ ਜਨਮਸਾਖੀ ਵਿਚ ਪੁਰਾਤਨ ਜਨਮਸਾਖੀ ਵਾਲੀ ਅਠਾਈਵੀਂ ਸਾਖੀ ਨਾਲ ਮਿਲਦਾ-ਜੁਲਦਾ ਕੋਈ ਵੇਰਵਾ ਨਹੀਂ ਮਿਲਦਾ। ਇਸ ਵਿਚ ਗੁਰੂ ਸਾਹਿਬ ਦੀ ਗੋਸ਼ਟਿ ਸ਼ੇਖ ਇਬਰਾਹੀਮ ਨਾਲ ਦਰਜ ਹੈ। ਇਹ ਗੋਸ਼ਟਿ ਤਿੰਨ ਭਾਗਾਂ ਵਿਚ ਵੰਡੀ ਹੋਈ ਹੈ। ਇਹ ਪੁਰਾਤਨ ਜਨਮਸਾਖੀ ਵਿਚਲੀ ਬੱਤੀਵੀਂ ਸਾਖੀ ਨਾਲ ਕਾਫੀ ਮਿਲਦੀ ਹੈ।
ਭਾਈ ਬਾਲੇ ਵਾਲੀ ਜਨਮਸਾਖੀ ਦੀਆਂ ਹੱਥ-ਲਿਖਤਾਂ ਵਿਚ ਵੀ ਪੁਰਾਤਨ ਜਨਮਸਾਖੀ ਵਾਲੀ ਅਠਾਈਵੀਂ ਸਾਖੀ ਨਹੀਂ ਮਿਲਦੀ। ਪਰ ਇਸ ਜਨਮਸਾਖੀ ਦੇ ਕੁਝ ਛਪੇ ਹੋਏ ਰੂਪਾਂ ਵਿਚ ਇਹ ਸਾਖੀ ਜ਼ਰੂਰ ਮਿਲਦੀ ਹੈ ਅਤੇ ਇਹ ਪੁਰਾਤਨ ਜਨਮਸਾਖੀ ਵਾਲੀ ਸਾਖੀ ਦਾ ਹੀ ਉਤਾਰਾ ਹੈ।
ਗਿਆਨ ਰਤਨਾਵਲੀ (ਗਯਾਨ ਰਤਨਾਵਲੀ) ਜਨਮਸਾਖੀ ਭਾਈ ਗੁਰਦਾਸ ਜੀ (੧੫੫੧-੧੬੩੬) ਦੀ ਪਹਿਲੀ ਵਾਰ ਦਾ ਟੀਕਾ ਹੈ। ਭਾਈ ਮਨੀ ਸਿੰਘ ਜੀ (੧੬੪੪-੧੭੩੮) ਦੁਆਰਾ ਲਿਖੀ ਹੋਈ ਮੰਨੀ ਜਾਂਦੀ ਇਹ ਜਨਮਸਾਖੀ, ਅਠਾਰਵੀਂ ਸਦੀ ਦੀ ਮਹੱਤਵਪੂਰਨ ਰਚਨਾ ਹੈ। ਭਾਵੇਂ ਕਿ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿਚ ਸ਼ੇਖ ਫਰੀਦ ਜੀ ਜਾਂ ਸ਼ੇਖ ਇਬਰਾਹੀਮ ਜੀ ਦਾ ਕੋਈ ਜਿਕਰ ਨਹੀਂ ਹੈ। ਪਰ ਇਸ ਜਨਮਸਾਖੀ ਦੀਆਂ ਦੋ ਸਾਖੀਆਂ ਵਿਚ ਦੋ ਵਾਰ ਗੁਰੂ ਸਾਹਿਬ ਦੇ ਪਾਕਪਟਨ ਜਾਣ ਅਤੇ ਸ਼ੇਖ ਇਬਰਾਹੀਮ ਨੂੰ ਮਿਲਣ ਦਾ ਜਿਕਰ ਹੈ।
ਇਸ ਪ੍ਰਕਾਰ ਕਿਹਾ ਜਾ ਸਕਦਾ ਹੈ ਕਿ ਪੁਰਾਤਨ ਜਨਮਸਾਖੀ ਵਿਚ ਹੀ ਗੁਰੂ ਨਾਨਕ ਸਾਹਿਬ ਅਤੇ ਸ਼ੇਖ ਫਰੀਦ ਜੀ ਦੀ ਮੁਲਾਕਾਤ ਦਾ ਉਲੇਖ ਹੈ। ਬੇਸ਼ਕ ਭਾਈ ਬਾਲੇ ਵਾਲੀ ਜਨਮਸਾਖੀ ਦੇ ਕੁਝ ਛਪੇ ਹੋਏ ਰੂਪਾਂ ਵਿਚ ਵੀ ਇਸ ਮੁਲਾਕਾਤ ਨਾਲ ਸੰਬੰਧਤ ਸਾਖੀ ਮਿਲਦੀ ਹੈ, ਪਰ ਇਸ ਜਨਮਸਾਖੀ ਦੀਆਂ ਹੱਥ-ਲਿਖਤਾਂ ਵਿਚ ਵੀ ਇਸ ਮੁਲਾਕਾਤ ਦਾ ਜਿਕਰ ਨਹੀਂ ਹੈ। ਦੂਜੇ ਪਾਸੇ, ਗੁਰੂ ਨਾਨਕ ਸਾਹਿਬ ਦੀ ਪਾਕਪਟਨ ਫੇਰੀ ਅਤੇ ਸ਼ੇਖ ਇਬਰਾਹੀਮ ਨਾਲ ਮੁਲਾਕਾਤ ਨੂੰ ਲਗਭਗ ਸਾਰੀਆਂ ਜਨਮਸਾਖੀਆਂ ਵਿਚ ਦਰਸਾਇਆ ਗਿਆ ਹੈ।
ਸ਼ੇਖ ਫਰੀਦ ਜੀ ਅਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਵਿਚਕਾਰ ਲਗਭਗ ਢਾਈ ਸਦੀਆਂ ਦਾ ਫਰਕ ਹੈ। ਪੁਰਾਤਨ ਜਨਮਸਾਖੀ ਵਿਚ ਦਰਸਾਈ ਗੁਰੂ ਨਾਨਕ ਸਾਹਿਬ ਅਤੇ ਸ਼ੇਖ ਫਰੀਦ ਜੀ ਦੀ ਮੁਲਾਕਾਤ ਦੇ ਸੰਬੰਧ ਵਿਚ ਇਸ ਜਨਮਸਾਖੀ ਦੇ ਸੰਪਾਦਕ ਭਾਈ ਵੀਰ ਸਿੰਘ ਲਿਖਦੇ ਹਨ ਕਿ ਸ਼ੇਖ ਫਰੀਦ ਨਾਮ ਵਾਲਾ ਸੱਜਣ ਸ਼ੇਖ ਫਰੀਦ ਸਾਨੀ ਜਾਂ ਸ਼ੇਖ ਬ੍ਰਹਮ (ਇਬਰਾਹੀਮ) ਹੀ ਜਾਪਦਾ ਹੈ। ਇਸ ਜਨਮਸਾਖੀ ਦੀ ਬੱਤੀਵੀਂ ਸਾਖੀ ਵੀ ਸ਼ੇਖ ਇਬਰਾਹੀਮ ਨਾਲ ਹੀ ਮੁਲਾਕਾਤ ਦਰਸਾਉਂਦੀ ਹੈ। ਜੇ ਇਹ ਦੋਵੇਂ ਸਾਖੀਆਂ ਇਕ ਫਕੀਰ ਨਾਲ ਹੋਈਆਂ ਹਨ ਤਾਂ ਜਨਮਸਾਖੀ ਦੇ ਕਰਤਾ ਤੋਂ ਸਾਖੀਆਂ ਵਿਚ ਗਲਤੀ ਨਾਲ ਵਿਥ ਪੈ ਗਈ। ਦੋਵੇਂ ਸਾਖੀਆਂ ਇਕ ਥਾਂ ਚਾਹੀਦੀਆਂ ਸਨ ਜਾਂ ਦੂਜੀ ਸਾਖੀ ਪਹਿਲੀ ਮੁਲਾਕਾਤ ਦਾ ਫਲ ਦੇਖਣ ਲਈ ਸੀ। ਜਿਸ ਤਰ੍ਹਾਂ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਦੋ ਮੁਲਾਕਾਤਾਂ ਸ਼ੇਖ ਬ੍ਰਹਮ (ਇਬਰਾਹੀਮ) ਨਾਲ ਹੀ ਦਰਸਾਈਆਂ ਗਈਆਂ ਹਨ।
ਡਾ. ਕਿਰਪਾਲ ਸਿੰਘ ਨੇ ਮਿੰਟਗੁਮਰੀ ਗਜ਼ਟੀਅਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਸ਼ੇਖ ਫਰੀਦ ਦੀ ਗੱਦੀ ’ਤੇ ਬੈਠਣ ਕਰਕੇ ਜਨਮਸਾਖੀਆਂ ਵਿਚ ਸ਼ੇਖ ਇਬਰਾਹੀਮ ਨੂੰ ਵੀ ‘ਫਰੀਦ’ ਹੀ ਲਿਖਿਆ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਕਰਤਾ: ਸ਼ੇਖ ਫਰੀਦ ਜਾਂ ਸ਼ੇਖ ਇਬਰਾਹੀਮ?
ਪੁਰਾਤਨ ਜਨਮਸਾਖੀ, ਭਾਈ ਬਾਲੇ ਵਾਲੀ ਜਨਮਸਾਖੀ ਤੇ ਹੋਰ ਜਨਮਸਾਖੀਆਂ ਵਿਚ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਸ਼ੇਖ ਫਰੀਦ ਜੀ ਦੀ ਪਾਕਪਟਨ ਵਾਲੀ ਦਰਗਾਹ ਦੇ ਬਾਰ੍ਹਵੇਂ ਗੱਦੀ ਨਸ਼ੀਨ ਸ਼ੇਖ ਇਬਰਾਹੀਮ ਨਾਲ ਦਰਸਾਈ ਗਈ ਹੈ। ਇਸ ਮੁਲਾਕਾਤ ਸਮੇਂ ਹੋਈ ਗੋਸ਼ਟਿ ਵਿਚ ਸ਼ੇਖ ਇਬਰਾਹੀਮ ਦੇ ਮੂੰਹੋਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ੇਖ ਫਰੀਦ ਜੀ ਦੇ ਨਾਂ ਹੇਠ ਦਰਜ ਬਾਣੀ ਨੂੰ ਕੁਝ ਹੋਰ ਬਾਣੀ ਸਮੇਤ ਅਖਵਾਇਆ ਗਿਆ ਹੈ। ਇਸ ਨੂੰ ਅਧਾਰ ਬਣਾ ਕੇ ਵਖ-ਵਖ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ੇਖ ਫਰੀਦ ਜੀ ਦੇ ਨਾਂ ਹੇਠ ਦਰਜ ਬਾਣੀ ਦਾ ਕਰਤਾ ਵਖੋ-ਵਖਰਾ ਮੰਨਿਆ ਹੈ। ਇਸ ਵਿਚਾਰਧਾਰਾਈ ਵਖਰਤਾ ਵਿਚੋਂ ਇਹ ਤਿੰਨ ਵਿਚਾਰ ਸਾਹਮਣੇ ਆਉਂਦੇ ਹਨ:
੧. ਇਹ ਬਾਣੀ ਸ਼ੇਖ ਇਬਰਾਹੀਮ ਜੀ ਦੀ ਹੈ।
੨. ਇਹ ਬਾਣੀ ਨਾ ਸਾਰੀ ਸ਼ੇਖ ਫਰੀਦ ਜੀ ਦੀ ਹੈ ਅਤੇ ਨਾ ਸ਼ੇਖ ਇਬਰਾਹੀਮ ਜੀ ਦੀ ਹੈ, ਬਲਕਿ ਸੰਭਵ ਹੈ ਕਿ ਇਹ ਫਰੀਦ ਨਾਮ ਵਾਲੇ ਇਕ ਤੋਂ ਜਿਆਦਾ ਵਿਅਕਤੀਆਂ ਦੀ ਹੋਵੇ, ਜਿਵੇਂ ਨਾਨਕ ਨਾਂ ਹੇਠ ਦਰਜ ਗੁਰੂ ਸਾਹਿਬਾਨ ਦੀ ਬਾਣੀ ਹੈ।
੩. ਇਹ ਬਾਣੀ ਕੇਵਲ ਸ਼ੇਖ ਫਰੀਦ ਜੀ ਦੀ ਹੈ।
ਪਹਿਲੇ ਵਿਚਾਰ ਨੂੰ ਮੈਕਸ ਆਰਥਰ ਮੈਕਾਲਿਫ਼ ਅਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਪੇਸ਼ ਕੀਤਾ ਹੈ ਅਤੇ ਇਨ੍ਹਾਂ ਦੇ ਵਿਚਾਰਾਂ ਨੂੰ ਅਧਾਰ ਬਣਾ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸੇ ਵਿਚਾਰ ਦਾ ਸਮਰਥਨ ਕੀਤਾ। ਪ੍ਰੋ. ਪ੍ਰੀਤਮ ਸਿੰਘ ਅਨੁਸਾਰ ਮੈਕਸ ਆਰਥਰ ਮੈਕਾਲਿਫ਼ ਨੇ ਆਪਣੀ ਛੇ ਜਿਲਦਾਂ ਵਿਚ ਪ੍ਰਕਾਸ਼ਤ ਕਿਤਾਬ (ਦੀ ਸਿਖ ਰਿਲੀਜ਼ਨ: ਇਟਜ਼ ਗੁਰੂਜ਼, ਸੇਕਰਡ ਰਾਇਟਿੰਗਜ਼ ਐਂਡ ਆਥਰਜ਼, ਭਾਗ ੫, ਪੰਨਾ ੩੫੭) ਵਿਚ ਬੜੇ ਵਿਸ਼ਵਾਸ ਨਾਲ ਇਹ ਵਿਚਾਰ ਪਰਗਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿਚ ‘ਸ਼ੇਖ ਫਰੀਦ’ ਜੀ ਦੇ ਨਾਂ ਹੇਠ ਦਰਜ ਸ਼ਬਦ ਤੇ ਸਲੋਕ ਅਸਲ ਵਿਚ ਸ਼ੇਖ ਬ੍ਰਹਮ ਜਾਂ ਇਬਰਾਹੀਮ ਜੀ ਦੇ ਹਨ। ਇਹ ਵਿਚਾਰ ਇੰਨਾਂ ਫੈਲ ਗਿਆ ਕਿ ਡਾ. ਲਾਜਵੰਤੀ ਰਾਮਾ ਕ੍ਰਿਸ਼ਨਾ (ਪੰਜਾਬੀ ਸੂਫੀ ਪੋਇਟਸ, ਪੰਨਾ ੧-੧੧), ਹਜ਼ਾਰੀ ਪ੍ਰਸਾਦ ਦ੍ਵਿਵੇਦੀ (ਹਿੰਦੀ ਸਾਹਿਤ੍ਯ, ਪੰਨਾ ੧੫੨), ਪ੍ਰੋ. ਖ਼ਲੀਕ ਅਹਿਮਦ ਨਿਜ਼ਾਮੀ (ਲਾਈਫ ਐਂਡ ਟਾਈਮਜ਼ ਆਫ ਸ਼ੇਖ ਫ਼ਰੀਦੁੱਦੀਨ ਗੰਜ਼-ਏ-ਸ਼ਕਰ, ਪੰਨਾ ੧੨੨) ਆਦਿ ਬਹੁਤ ਸਾਰੇ ਲੇਖਕ ਸ਼ੇਖ ਇਬਰਾਹੀਮ ਜੀ ਨੂੰ ਹੀ ਇਸ ਬਾਣੀ ਦਾ ਰਚਨਾਕਾਰ ਮੰਨਣ ਲੱਗ ਪਏ।
ਦੂਜੇ ਵਿਚਾਰ ਦੇ ਹਾਮੀ ਡਾ. ਸੁਰਿੰਦਰ ਸਿੰਘ ਕੋਹਲੀ ਹਨ। ਉਨ੍ਹਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਫਰੀਦ ਦੇ ਨਾਂ ਹੇਠ ਆਈ ਸਾਰੀ ਬਾਣੀ ਨਾ ਹੀ ਫਰੀਦ ਸ਼ਕਰਗੰਜ ਦੀ ਹੋ ਸਕਦੀ ਹੈ ਤੇ ਨਾ ਹੀ ਫਰੀਦ ਸਾਨੀ (ਸ਼ੇਖ ਇਬਰਾਹੀਮ) ਦੀ। ਸੰਭਵ ਹੈ ਕਿ ਇਹ ਫਰੀਦ ਦੇ ਨਾਂ ਹੇਠ ਕਈ ਫਰੀਦਾਂ ਦੀ ਬਾਣੀ ਹੋਵੇ, ਜਿਵੇਂ ਗੁਰੂ ਨਾਨਕ ਸਾਹਿਬ ਦੇ ਨਾਂ ਹੇਠ ਗੁਰੂ ਸਾਹਿਬਾਨ ਦੀ ਬਾਣੀ ਹੈ।
ਤੀਜੇ ਵਿਚਾਰ ਦੇ ਸਮਰਥਕ ਪ੍ਰੋ. ਸਾਹਿਬ ਸਿੰਘ, ਪ੍ਰੋ. ਮੋਹਨ ਸਿੰਘ, ਪ੍ਰੋ. ਪ੍ਰੀਤਮ ਸਿੰਘ ਆਦਿ ਵਿਦਵਾਨ ਹਨ। ਪ੍ਰੋ. ਸਾਹਿਬ ਸਿੰਘ ਨੇ ਪੁਰਾਤਨ ਜਨਮਸਾਖੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਸ਼ੇਖ ਇਬਰਾਹੀਮ ਜੀ ਤੋਂ ਸ਼ੇਖ ਫਰੀਦ ਜੀ ਦੀ ਬਾਣੀ ਸੁਣੀ ਅਤੇ ਸ਼ੇਖ ਫਰੀਦ ਜੀ ਦੇ ਕਈ ਬਚਨਾਂ ਬਾਰੇ ਆਪਣੇ ਖਿਆਲ ਵੀ ਪਰਗਟ ਕੀਤੇ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਲਿਖ ਕੇ ਆਪ ਸੰਭਾਲਦੇ ਰਹੇ ਹਨ। ਇਸ ਲਈ ਪਾਕਪਟਨ ਵਿਖੇ ਉਚਾਰੀ ਆਪਣੀ ਅਤੇ ਸ਼ੇਖ ਫਰੀਦ ਜੀ ਦੀ ਬਾਣੀ ਵੀ ਗੁਰੂ ਸਾਹਿਬ ਨੇ ਆਪ ਸੰਭਾਲੀ।
ਉਪਰੋਕਤ ਵਿਚਾਰਾਂ ਦੇ ਅਧਿਐਨ ਤੋਂ ਜਾਪਦਾ ਹੈ ਕਿ ਸ਼ੇਖ ਫਰੀਦ ਜੀ ਦੇ ਨਾਂ ਨਾਲ ਦਰਜ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਰਚਨਾਕਾਰ ਸ਼ੇਖ ਫਰੀਦ ਜੀ ਹੀ ਹਨ, ਸ਼ੇਖ ਇਬਰਾਹੀਮ ਜੀ ਜਾਂ ਕੋਈ ਹੋਰ ਨਹੀਂ। ਸ਼ੇਖ ਇਬਰਾਹੀਮ ਜੀ ਤੋਂ ਗੁਰੂ ਨਾਨਕ ਸਾਹਿਬ ਨੂੰ ਸ਼ੇਖ ਫਰੀਦ ਜੀ ਦੀ ਬਾਣੀ ਪ੍ਰਾਪਤ ਹੋਈ। ਇਹ ਬਾਣੀ ਦੂਜੇ, ਤੀਜੇ ਅਤੇ ਚੌਥੇ ਗੁਰੂ ਸਾਹਿਬ ਤੋਂ ਹੁੰਦੀ ਹੋਈ ਗੁਰੂ ਅਰਜਨ ਸਾਹਿਬ ਤਕ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਵਿਚ ਦਰਜ ਹੋਈ।
ਸ਼ੇਖ ਫਰੀਦ ਜੀ ਦੇ ਸਲੋਕਾਂ ਨਾਲ ਦਰਜ ਗੁਰੂ ਸਾਹਿਬਾਨ ਦੇ ਸਲੋਕ
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ੇਖ ਫਰੀਦ ਜੀ ਦੇ ਸਲੋਕਾਂ ਵਿਚੋਂ ਤੇਰਾਂ ਸਲੋਕ ਅਜਿਹੇ ਹਨ, ਜਿਨ੍ਹਾਂ ਦੇ ਪਰਥਾਇ ਵਖ-ਵਖ ਗੁਰੂ ਸਾਹਿਬਾਨਾਂ ਨੇ ਅਠਾਰਾਂ ਸਲੋਕ ਉਚਾਰੇ ਹਨ। ਇਸ ਤੋਂ ਇਹ ਅੰਦਾਜਾ ਸੁਭਾਵਕ ਹੀ ਲੱਗ ਜਾਂਦਾ ਹੈ ਕਿ ਜਿਨ੍ਹਾਂ ਤੇਰਾਂ ਸਲੋਕਾਂ ਨੇ ਗੁਰੂ ਸਾਹਿਬਾਨ ਨੂੰ ਸਲੋਕ ਰਚਣ ਲਈ ਪ੍ਰੇਰਤ ਕੀਤਾ, ਉਨ੍ਹਾਂ ਵਿਚ ਕੋਈ ਗੁੱਝੀ ਧਾਰਮਕ, ਦਾਰਸ਼ਨਕ, ਵਿਚਾਰਧਾਰਕ, ਸਮਾਜਕ, ਸਦਾਚਾਰਕ ਜਾਂ ਸਭਿਆਚਾਰਕ ਸੈਨਤ ਜ਼ਰੂਰ ਹੋਵੇਗੀ। ਦੇਖਣਾ ਇਹ ਹੈ ਕਿ ਫਰੀਦ ਬਾਣੀ ਅਤੇ ਗੁਰੂ-ਟਿੱਪਣੀਆਂ ਵਿਚ ਕਿਹੜੀ ਸੈਨਤ ਛੁਪੀ ਹੋਈ ਹੈ।
ਪ੍ਰਿੰ. ਤੇਜਾ ਸਿੰਘ ਦਾ ਵਿਚਾਰ ਹੈ ਕਿ ਜਿਥੇ ਗੁਰੂ ਸਾਹਿਬਾਨ ਨੂੰ ਲੱਗਿਆ ਕਿ ਉਨ੍ਹਾਂ ਦਾ ਮੱਤ ਸ਼ੇਖ ਫਰੀਦ ਜੀ ਤੋਂ ਭਿੰਨ ਹੈ, ਉਥੇ ਹੀ ਉਨ੍ਹਾਂ ਆਪਣੇ ਸਲੋਕ ਰਚ ਕੇ ਸ਼ੇਖ ਫਰੀਦ ਜੀ ਦੁਆਰਾ ਪ੍ਰਗਟਾਏ ਵਿਚਾਰਾਂ ਦੀ ‘ਦਰੁਸਤੀ’ ਕਰ ਦਿੱਤੀ। ਇਕ ਸਲੋਕ ਸੰਬੰਧੀ ਉਹ ਲਿਖਦੇ ਹਨ:
ਫਰੀਦ ਜੀ ਦਾ ਉਤਲਾ ਸ਼ਲੋਕ (ਬਾਰ੍ਹਵਾਂ ਸਲੋਕ) ਬੁੱਢਿਆਂ ਲਈ ਕੁਝ ਨਿਰਾਸ਼ਾ ਭਰਿਆ ਸੀ। ਇਸ ਲਈ ਤੀਜੇ ਪਾਤਸ਼ਾਹ, ਜਿਨ੍ਹਾਂ ਦਾ ਆਪਣਾ ਪ੍ਰੇਮ ਬੁਢੇਪੇ ਵਿਚ ਲੱਗਾ ਸੀ, ਇਸ ਖਿਆਲ ਦੀ ‘ਦਰੁਸਤੀ’ ਕਰਦੇ ਹਨ ਅਤੇ ਕਹਿੰਦੇ ਹਨ ਕਿ ਜਵਾਨੀ ਕੀ ਤੇ ਬੁਢੇਪਾ ਕੀ, ਜਦੋਂ ਵੀ ਕਿਸੇ ਦਾ ਜੀਅ ਕਰੇ ਹਰੀ ਤੋਂ ਪ੍ਰੇਮ ਮੰਗ ਸਕਦਾ ਹੈ। ਇਹ ਪ੍ਰੇਮ ਆਪਣੇ ਮਨ ਦੇ ਜ਼ੋਰ ਨਾਲ ਤਾਂ ਲੱਗਦਾ ਨਹੀਂ, ਹਰੀ ਆਪ ਹੀ ਮਿਹਰ ਕਰੇ ਤਾਂ ਲੱਗਦਾ ਹੈ। ਫੇਰ ਉਮਰ ਦਾ ਸਵਾਲ ਹੀ ਕੀ ਹੋਇਆ?
ਪ੍ਰਿੰ. ਤੇਜਾ ਸਿੰਘ ਦੇ ‘ਦਰੁਸਤੀ’ ਵਾਲੇ ਵਿਚਾਰ ਦੀ ਥਾਂ ਪ੍ਰੋ. ਸਾਹਿਬ ਸਿੰਘ ਦਾ ਵਿਚਾਰ ਹੈ ਕਿ ਗੁਰੂ ਸਾਹਿਬਾਨ ਦੇ ਸਲੋਕ ਫਰੀਦ ਬਾਣੀ ਦੀ ‘ਵਿਆਖਿਆ’ ਕਰਦੇ ਹਨ। ਉਦਾਹਰਣ ਵਜੋਂ ਸ਼ੇਖ ਫਰੀਦ ਜੀ ਦੇ ਬਾਰ੍ਹਵੇਂ ਸਲੋਕ (ਫਰੀਦਾ ਕਾਲਂੀ ਜਿਨੀ ਨ ਰਾਵਿਆ) ਤੋਂ ਅਗਲਾ ਸਲੋਕ (ਫਰੀਦਾ ਕਾਲੀ ਧਾਉਲੀ ਸਾਹਿਬ ਸਦਾ ਹੈ) ਗੁਰੂ ਅਮਰਦਾਸ ਸਾਹਿਬ ਦਾ ਹੈ। ਪ੍ਰੋ. ਸਾਹਿਬ ਸਿੰਘ ਨੇ ਆਪਣੇ ‘ਨੋਟ’ ਵਿਚ ਗੁਰੂ ਅਮਰਦਾਸ ਸਾਹਿਬ ਦੇ ਇਸ ਸਲੋਕ ਨੂੰ ਸ਼ੇਖ ਫਰੀਦ ਜੀ ਦੇ ਸਲੋਕ ਦੀ ‘ਵਿਆਖਿਆ’ ਕਿਹਾ ਹੈ। ਇਸੇ ਤਰ੍ਹਾਂ ਉਹ ਸ਼ੇਖ ਫਰੀਦ ਜੀ ਦੇ ਸਲੋਕਾਂ ਨਾਲ ਆਏ ਬਾਕੀ ਗੁਰੂ ਸਾਹਿਬਾਨ ਦੇ ਸਲੋਕਾਂ ਬਾਰੇ ਲਿਖਦਿਆਂ ਵੀ ‘ਵਿਆਖਿਆ’ ਸ਼ਬਦ ਦੀ ਵਰਤੋਂ ਹੀ ਕਰਦੇ ਹਨ।
ਉਪਰੋਕਤ ਦੋਵਾਂ ਵਿਚਾਰਾਂ ਦਾ ਵਿਸ਼ਲੇਸ਼ਣ ਕਰਦਿਆਂ ਪ੍ਰੋ. ਪ੍ਰੀਤਮ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬਾਨ ਨੇ ਆਪਣੇ ਸਲੋਕਾਂ ਵਿਚ ਸ਼ੇਖ ਫਰੀਦ ਜੀ ਦੇ ਸਲੋਕਾਂ ਵਿਚ ਰਹਿ ਗਏ ਪਖ ਦੀ ਪੂਰਤੀ ਕੀਤੀ ਹੈ। ਉਨ੍ਹਾਂ ਨੇ ਸ਼ੇਖ ਫਰੀਦ ਜੀ ਦੇ ਸਲੋਕਾਂ ਨੂੰ ਨਕਾਰਿਆ ਨਹੀਂ, ਬਲਕਿ ਉਨ੍ਹਾਂ ਸਲੋਕਾਂ ਨੂੰ ਅਧਾਰ ਬਣਾ ਕੇ ਆਪਣੇ ਮੱਤ ਦਾ ਪ੍ਰਸਾਰ ਕੀਤਾ ਹੈ।
ਸ਼ੇਖ ਫਰੀਦ ਜੀ ਦੀ ਬਾਣੀ ਦੇ ਉਚਾਰਣ ਸੰਬੰਧੀ
ਗੁਰੂ ਗ੍ਰੰਥ ਸਾਹਿਬ ਦੇ ਟੀਕਿਆਂ ਵਿਚੋਂ ਸ਼ੇਖ ਫਰੀਦ ਜੀ ਦੀ ਬਾਣੀ ਸੰਬੰਧੀ ਕੁਝ ਉਥਾਨਕਾਵਾਂ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਵਿਚੋਂ ਆਪ ਜੀ ਦੁਆਰਾ ਉਚਾਰੇ ਸ਼ਬਦਾਂ ਤੇ ਸਲੋਕਾਂ ਦਾ ਸਭਿਆਚਾਰਕ ਤੇ ਲੋਕਧਾਰਾਈ ਪਿਛੋਕੜ ਝਲਕਦਾ ਹੈ। ਇਨ੍ਹਾਂ ਉਥਾਨਕਾਵਾਂ ਦਾ ਅਧਾਰ ਸ਼ੇਖ ਫਰੀਦ ਜੀ ਨਾਲ ਸੰਬੰਧਤ ਪੁਸਤਕ ‘ਮਸਲੇ ਸ਼ੇਖ ਫਰੀਦ ਕੇ’
ਰਾਗ ਸੂਹੀ: ਤਪਿ ਤਪਿ ਲੁਹਿ...ਪੰਥੁ ਸਮਾਰਿ ਸਵੇਰਾ ॥੪॥੧॥
ਸ਼ੇਖ ਫਰੀਦ ਜੀ ਤਪ ਕਰਦੇ ਕਰਦੇ ਥੱਕ ਗਏ। ਬਾਰਾਂ ਸਾਲਾਂ ਦੇ ਤਪ ਮਗਰੋਂ ਅਕਾਲ ਪੁਰਖ ਦੇ ਦਰਸ਼ਨ ਨਾ ਹੋਏ ਤਾਂ ਵਿਆਕੁਲਤਾ ਵਿਚ ਇਹ ਸ਼ਬਦ ਉਚਾਰਿਆ।
ਰਾਗ ਸੂਹੀ: ਬੇੜਾ ਬੰਧਿ ਨ ਸਕਿਓ.....ਅਹਿ ਤਨੁ ਢੇਰੀ ਥੀਸੀ ॥੩॥੨॥
ਸ਼ੇਖ ਫਰੀਦ ਜੀ ਨੇ ਇਹ ਸ਼ਬਦ ਇਕ ਪੁਰਸ਼ ਨੂੰ ਪਦਾਰਥਾਂ ਵਿਚ ਫਸਿਆ ਦੇਖ ਕੇ ਉਚਾਰਿਆ।
ਸਲੋਕ ਸੇਖ ਫਰੀਦ ਕੇ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ) ਅਨੁਸਾਰ ਸ਼ੇਖ ਫਰੀਦ ਜੀ ਦਾ ਜਨਮ ਸ਼ੇਖਾਂ ਦੇ ਪਰਵਾਰ ਵਿਚ ਹੋਇਆ। ਪਹਿਲਾਂ ਕਿਸੇ ਸਮੇਂ ਚੋਰੀ ਵਰਗਾ ਕੋਈ ਕੰਮ ਕੀਤਾ। ਫਿਰ ਵੈਰਾਗਵਾਨ ਹੋ ਕੇ ਅਜਮੇਰ ਵਿਚ ਇਕ ਪੀਰ ਨੂੰ ਮਿਲ ਕੇ ਸੰਤ ਪਦ (ਅਵਸਥਾ) ਪ੍ਰਾਪਤ ਕੀਤਾ। ਆਪ ਜੀ ਨੇ ਕਈ ਥਾਵਾਂ ’ਤੇ ਵਿਚਰਦਿਆਂ ਹੋਇਆਂ ਵੈਰਾਗਮਈ ਸਲੋਕ ਉਚਾਰਣ ਕੀਤੇ। ਆਪ ਜੀ ਦਾ ਸਥਾਨ ਪਾਕਪਟਨ ਹੈ। ਕਈ ਸਲੋਕ ਉਥੇ ਅਤੇ ਕਈ ਹੋਰ ਥਾਵਾਂ ’ਤੇ ਉਚਾਰੇ।
ਸਲੋਕ: ਜਿਤੁ ਦਿਹਾੜੈ ਧਨ ਵਰੀ…. ਖੜਾ ਨ ਆਪੁ ਮੁਹਾਇ ॥੧॥
ਇਸ ਸਲੋਕ ਨਾਲ ਦਰਜ ਉਥਾਨਕਾ ਵਿਚ ਸ਼ੇਖ ਫਰੀਦ ਜੀ ਪਹਿਲੇ ਜਨਮ ਵਿਚ ਭਗਤੀ ਕਰਦੇ ਦਿਖਾਏ ਗਏ ਹਨ। ਕੁਝ ਚੋਰ ਆਪ ਜੀ ਨੂੰ ਸਮਾਧੀ ਵਿਚ ਦੇਖ ਕੇ ਚੋਰੀ ਕਰਨ ਲਈ ਮੰਨਤ ਮੰਗਦੇ ਹਨ। ਚੋਰੀ ਦੌਰਾਨ ਉਨ੍ਹਾਂ ਦੇ ਹੱਥ ਚੰਗਾ ਮਾਲ ਲੱਗਦਾ ਹੈ। ਆਪਣੀ ਮੰਨਤ ਅਨੁਸਾਰ ਉਹ ਕੁਝ ਹਿੱਸਾ ਆਪ ਜੀ ਨੂੰ ਭੇਂਟ ਕਰਦੇ ਹਨ। ਆਪ ਜੀ ਸੋਚਦੇ ਹਨ ਕਿ ਚੋਰੀ ਕੋਈ ਚੰਗਾ ਕੰਮ ਹੋਵੇਗਾ। ਇਹ ਸੋਚਦਿਆਂ-ਸੋਚਦਿਆਂ ਆਪ ਜੀ ਸਰੀਰ ਛੱਡ ਜਾਂਦੇ ਹਨ।
ਆਪ ਜੀ ਦਾ ਦੂਜਾ ਜਨਮ ਕਿਸੇ ਹਰੜ ਜੱਟ (ਮੁਸਲਮਾਨਾਂ ਦੀ ਇਕ ਜਾਤ) ਦੇ ਘਰ ਹੋਇਆ। ਘਰ ਵਿਚ ਗਰੀਬੀ ਹੋਣ ਕਰਕੇ ਪਤਨੀ ਨਾਲ ਕਲੇਸ਼ ਹੁੰਦਾ ਰਹਿੰਦਾ। ਇਕ ਦਿਨ ਤੰਗ ਆ ਕੇ ਕੁਝ ਚੋਰਾਂ ਨਾਲ ਰਲ ਕੇ ਚੋਰੀ ਕਰਨ ਲਈ ਤੁਰ ਪਏ। ਰਸਤੇ ਵਿਚ ਕਿਸੇ ਅਨਾਜ ਮੰਡੀ ਵਿਚੋਂ ਅਨਾਜ ਚੋਰੀ ਕਰਨ ਦੀ ਵਿਉਂਤ ਬਣਾਈ। ਜਦੋਂ ਅਨਾਜ ਦੀ ਬੋਰੀ ਨੂੰ ਹੱਥ ਪਾਇਆ ਤਾਂ ਕਿਸੇ ਦੇ ਹੱਸਣ ਦੀ ਅਵਾਜ ਸੁਣਾਈ ਦਿੱਤੀ। ਇਹ ਅਵਾਜ ਇਕ ਬਲਦ ਦੇ ਕਰੰਗ (ਪਿੰਜਰ) ਦੀ ਸੀ। ਸ਼ੇਖ ਫਰੀਦ ਜੀ ਨੇ ਜਦੋਂ ਉਸ ਤੋਂ ਹੱਸਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਕਿਸੇ ਦੇ ਖੇਤ ਵਿਚੋਂ ਲੰਘ ਰਿਹਾ ਸੀ। ਉਸ ਖੇਤ ਵਿਚੋਂ ਕਣਕ ਦਾ ਇਕ ਸਿੱਟਾ ਕੁੜਤੇ ਨਾਲ ਲੱਗ ਗਿਆ। ਉਹ ਸਿੱਟਾ ਮੂੰਹ ਵਿਚ ਪਾ ਲਿਆ। ਮਰਨ ਤੋਂ ਬਾਅਦ ਬਲਦ ਦੀ ਜੂਨ ਪੈ ਗਿਆ। ਸਾਰੀ ਉਮਰ ਬਲਦ ਬਣ ਕੇ ਉਸ ਸਿੱਟੇ ਦੀ ਤੂੜੀ ਦਾ ਹਿਸਾਬ ਦਿੱਤਾ। ਹੁਣ ਕਰੰਗ ਬਣ ਕੇ ਦਾਣਿਆ ਦਾ ਹਿਸਾਬ ਚੁਕਾ ਰਿਹਾ ਹਾਂ। ਹੱਸ ਇਸ ਲਈ ਰਿਹਾ ਹਾਂ ਕਿ ਮੇਰਾ ਕਣਕ ਦੇ ਉਸ ਸਿੱਟੇ ਕਾਰਣ ਇਹ ਹਾਲ ਹੋਇਆ। ਜਿਹੜੇ ਬੋਰੀਆਂ ਚੁੱਕ ਕੇ ਲੈ ਜਾ ਰਹੇ ਹਨ, ਉਨ੍ਹਾਂ ਦਾ ਕੀ ਹਾਲ ਹੋਵੇਗਾ? ਇਹ ਸੁਣ ਕੇ ਸ਼ੇਖ ਫਰੀਦ ਜੀ ਨੇ ਵੈਰਾਗਵਾਨ ਹੋ ਕੇ ਆਪਣੇ ਮਨ ਨੂੰ ਸੰਬੋਧਤ ਹੁੰਦਿਆਂ ਇਹ ਸਲੋਕ ਉਚਾਰਿਆ।
‘ਗੋਸਟਿ ਸੇਖ ਫਰੀਦ ਕੀ’ ਵਿਚ ਇਹ ਕਥਾ ਥੋੜ੍ਹੇ ਫਰਕ ਨਾਲ ਦਿੱਤੀ ਗਈ ਹੈ। ਇਸ ਵਿਚ ਸ਼ੇਖ ਫਰੀਦ ਜੀ ਦਾ ਪੁਨਰ ਜਨਮ ਨਹੀਂ ਦਰਸਾਇਆ। ਆਪ ਜੀ ਨੂੰ ਉੱਚ ਸ਼ਰੀਫ ਦਾ ਰਹਿਣ ਵਾਲਾ ਹਰੜ ਗੋਤ ਦਾ ਜੱਟ ਲਿਖਿਆ ਹੈ। ਇਸ ਕਥਾ ਵਿਚ ਪਤਨੀ ਦੀ ਥਾਂ ਮਾਂ ਆਪ ਜੀ ਨੂੰ ਗਰੀਬੀ ਵਿਚੋਂ ਨਿਕਲਣ ਲਈ ਕੋਈ ਉੱਦਮ ਕਰਨ ਲਈ ਆਖਦੀ ਹੈ। ਆਪ ਜੀ ਕੁਝ ਮਿੱਤਰਾਂ ਨਾਲ ਰਲ ਕੇ ਚੋਰੀ ਕਰਨ ਕਿਸੇ ਦੇ ਖੇਤ ਵਿਚ ਜਾਂਦੇ ਹਨ। ਉਥੇ ਅਨਾਜ ਦੀਆਂ ਭਰੀਆਂ ਬੰਨ੍ਹਦੇ ਹਨ। ਕਰੰਗ ਵਾਲੀ ਘਟਨਾ ਉਸ ਖੇਤ ਵਿਚ ਵਾਪਰਦੀ ਹੈ।
ਸਲੋਕ: ਫਰੀਦਾ ਦਰ ਦਰਵੇਸੀ ਗਾਖੜੀ....ਕਿਥੈ ਵੰਞਾ ਘਤਿ ॥੨॥ ਕਿਝੁ ਨ ਬੁਝੈ ਕਿਝੁ ਨ ਸੁਝੈ ....ਹੰ ਭੀ ਦਝਾਂ ਆਹਿ ॥੩॥
ਸ਼ੇਖ ਫਰੀਦ ਜੀ ਨੇ ਕਿਸੇ ਖੇਤ ਦੇ ਰਾਖੇ ਤੋਂ ਖੇਤ ਵਿਚ ਲੱਗੇ ਖਰਬੂਜਿਆਂ ਵਿਚੋਂ ਇਕ ਖਰਬੂਜਾ ਮੰਗਿਆ। ਉਸ ਦੁਆਰਾ ਨਾਂਹ ਵਿਚ ਜਵਾਬ ਦੇਣ ’ਤੇ ਸ਼ੇਖ ਫਰੀਦ ਜੀ ਨੇ ਆਪਣੇ-ਆਪ ਨੂੰ ਧਿਰਕਾਰਦਿਆਂ ‘ਫਰੀਦਾ ਦਰ ਦਰਵੇਸੀ ਗਾਖੜੀ....ਕਿਥੈ ਵੰਞਾ ਘਤਿ’ ਸਲੋਕ ਦਾ ਉਚਾਰਣ ਕੀਤਾ।
ਸ਼ੇਖ ਫਰੀਦ ਜੀ ਦੇ ਉਥੋਂ ਜਾਣ ਤੋਂ ਬਾਅਦ ਸਾਰੇ ਖਰਬੂਜਿਆਂ ਨਾਲ ਮਨੁਖੀ ਸਿਰ ਲੱਗ ਗਏ। ਜਦੋਂ ਖੇਤ ਦਾ ਮਾਲਕ ਆਇਆ ਤਾਂ ਉਸ ਨੇ ਖੇਤ ਦੇ ਰਾਖੇ ਤੋਂ ਇਸ ਦਾ ਕਾਰਣ ਪੁੱਛਿਆ। ਉਸ ਨੇ ਸਾਰੀ ਗੱਲ ਦੱਸੀ। ਫਿਰ ਮਾਲਕ ਨੇ ਸ਼ੇਖ ਫਰੀਦ ਜੀ ਦੇ ਪਿੱਛੇ ਜਾ ਕੇ ਰਾਖੇ ਕੋਲੋਂ ਹੋਈ ਭੁੱਲ ਬਖਸ਼ਣ ਲਈ ਬੇਨਤੀ ਕੀਤੀ। ਉਸ ਦਾ ਦੁਖ ਸੁਣ ਕੇ ਸ਼ੇਖ ਫਰੀਦ ਜੀ ਨੇ ਉਸ ਨੂੰ ਕਿਹਾ ਕਿ ਉਹ ਵਾਪਸ ਜਾਵੇ, ਸਾਰੇ ਖਰਬੂਜੇ ਸਹੀ ਸਲਾਮਤ ਮਿਲਣਗੇ। ਸਿਰਫ ਇਕ ਹੀ ਸਿਰ ਰਹਿ ਜਾਵੇਗਾ, ਜਿਹੜਾ ਉਸ ਦੇ ਸਾਰੇ ਸਵਾਲਾਂ ਦਾ ਜਵਾਬ ਦੇਵੇਗਾ। ਖੇਤ ਦੇ ਮਾਲਕ ਨੇ ਜਾ ਕੇ ਉਹ ਸਿਰ ਲੱਭਿਆ। ਸਿਰ ਨੇ ਉਸ ਨੂੰ ਦੱਸਿਆ ਕਿ ਸਾਰੇ ਖਰਬੂਜੇ ਚੁਰਾਸੀ ਹੰਢਾਅ ਰਹੇ ਸਨ। ਜੇਕਰ ਇਕ ਵੀ ਖਰਬੂਜਾ ਸ਼ੇਖ ਫਰੀਦ ਜੀ ਖਾ ਲੈਂਦੇ ਤਾਂ ਸਾਰਿਆਂ ਦੀ ਜੂਨ (ਜਨਮ-ਮਰਨ) ਕੱਟੀ ਜਾਣੀ ਸੀ। ਉਸ ਨੂੰ ਨਾ ਦੇਣ ਕਰਕੇ ਸਾਡੀ ਪਹਿਲੀ ਦਸ਼ਾ ਹੀ ਬਣੀ ਰਹੀ। ਕਈ ਵਾਰ ਤੂੰ ਖਰਬੂਜਾ ਬਣਿਆ ਅਤੇ ਅਸੀਂ ਤੈਨੂੰ ਕੱਟਿਆ ਅਤੇ ਕਈ ਵਾਰ ਤੂੰ ਸਾਨੂੰ ਕੱਟਿਆ।
ਸਲੋਕ: ਫਰੀਦਾ ਜੇ ਜਾਣਾ ਤਿਲ ਥੋੜੜੇ....ਤਾਂ ਥੋੜਾ ਮਾਣੁ ਕਰੀ ॥੪॥
ਇਕ ਵਾਰ ਮੀਂਹ ਨਾ ਪੈਣ ਕਰਕੇ ਕਾਲ ਪੈ ਗਿਆ। ਲੋਕ ਭੁੱਖੇ ਮਰਨ ਲੱਗੇ। ਇਕ ਸ਼ਾਹੂਕਾਰ ਨੇ ਆਪਣੇ ਗੁਦਾਮ ਲੋਕਾਂ ਲਈ ਖੋਲ੍ਹ ਦਿੱਤੇ। ਪਰ ਲੋਕਾਂ ਦੀ ਲੋੜ ਪੂਰੀ ਨਾ ਹੋਈ। ਆਖਰ ਉਸ ਸ਼ਾਹੂਕਾਰ ਨੇ ਤਿਲਾਂ ਦਾ ਗੁਦਾਮ ਖੋਲ੍ਹ ਦਿੱਤਾ। ਤਿਲ ਥੋੜ੍ਹੇ ਹੋਣ ਕਰਕੇ ਉਸ ਨੇ ਪ੍ਰਤੀ ਬੰਦਾ ਤਿਲਾਂ ਦਾ ਇਕ ਬੁੱਕ ਦੇਣਾ ਸ਼ੁਰੂ ਕਰ ਦਿੱਤਾ। ਸ਼ੇਖ ਫਰੀਦ ਜੀ ਉਥੋਂ ਦੀ ਲੰਘੇ ਤਾਂ ਆਪ ਜੀ ਨੇ ਥੋੜ੍ਹੇ ਤਿਲਾਂ ਵਾਲੀ ਉਦਾਹਰਣ ਸਾਹਾਂ ਦੇ ਥੋੜ੍ਹੇਪਣ ਨਾਲ ਜੋੜ ਕੇ ਇਹ ਸਲੋਕ ਉਚਾਰਿਆ।
ਸਲੋਕ: ਜੇ ਜਾਣਾ ਲੜੁ ਛਿਜਣਾ....ਸਭੁ ਜਗੁ ਡਿਠਾ ਹੰਢਿ ॥੫॥
ਇਕ ਮਨੁਖ ਆਪਣੇ ਪਰਨੇ ਦੇ ਲੜ ਨਾਲ ਹੀਰਾ ਬੰਨ੍ਹ ਕੇ ਲਿਜਾ ਰਿਹਾ ਸੀ। ਪਰਨੇ ਦੀ ਗੰਢ ਢਿੱਲੀ ਹੋਣ ਕਾਰਣ ਖੁੱਲ੍ਹ ਗਈ ਅਤੇ ਹੀਰਾ ਡਿੱਗ ਪਿਆ। ਆਪਣੇ ਟਿਕਾਣੇ ’ਤੇ ਪਹੁੰਚ ਕੇ ਜਦੋਂ ਉਸ ਨੂੰ ਇਸ ਦਾ ਪਤਾ ਲੱਗਾ ਤਾਂ ਚਿੰਤਾ ਵਿਚ ਡੁੱਬ ਗਿਆ। ਫਿਰ ਉਹ ਸ਼ੇਖ ਫਰੀਦ ਜੀ ਕੋਲ ਪਹੁੰਚਾ। ਉਸ ਦੀ ਕਹਾਣੀ ਸੁਣ ਕੇ ਸ਼ੇਖ ਫਰੀਦ ਜੀ ਨੇ ਇਹ ਸਲੋਕ ਉਚਾਰਣ ਕੀਤਾ।
ਸਲੋਕ: ਫਰੀਦਾ ਜੇ ਤੂ ਅਕਲਿ ਲਤੀਫੁ....ਸਿਰੁ ਨੀਵਾਂ ਕਰਿ ਦੇਖੁ ॥੬॥
ਕੋਈ ਮੁਨਸ਼ੀ ਰਿਸ਼ਵਤ ਲੈ ਕੇ ਉਲਟੇ ਲੇਖ (ਗਲਤ ਇੰਦਰਾਜ) ਲਿਖ ਰਿਹਾ ਸੀ। ਉਸ ਨੂੰ ਸਮਝਾਉਣ ਲਈ ਸ਼ੇਖ ਫਰੀਦ ਜੀ ਨੇ ਇਹ ਸਲੋਕ ਉਚਾਰਣ ਕੀਤਾ।
ਸਲੋਕ: ਫਰੀਦਾ ਜੋ ਤੈ ਮਾਰਨਿ ਮੁਕੀਆਂ….ਪੈਰ ਤਿਨੑਾ ਦੇ ਚੁੰਮਿ ॥੭॥
ਸ਼ੇਖ ਫਰੀਦ ਜੀ ਜੰਗਲ ਵਿਚ ਬੈਠੇ ਤਪ ਕਰ ਰਹੇ ਸਨ। ਕਿਸੇ ਘੋੜ ਸਵਾਰ ਨੇ ਉਨ੍ਹਾਂ ਤੋਂ ਆ ਕੇ ਸ਼ਹਿਰ ਨੂੰ ਜਾਣ ਵਾਲਾ ਰਸਤਾ ਪੁੱਛਿਆ। ਆਪ ਜੀ ਨੇ ਕਬਰਸਤਾਨ ਵੱਲ ਇਸ਼ਾਰਾ ਕਰ ਦਿੱਤਾ। ਉਹ ਕਬਰਾਂ ਵਿਚ ਫਿਰਦਾ ਥੱਕ ਗਿਆ। ਗੁੱਸੇ ਵਿਚ ਉਸ ਨੇ ਵਾਪਸ ਆ ਕੇ ਆਪ ਜੀ ਦੇ ਕਈ ਮੁੱਕੇ ਮਾਰੇ। ਸ਼ੇਖ ਫਰੀਦ ਜੀ ਨੇ ਉਸ ਨੂੰ ਕਿਹਾ ਕਿ ਅਸਲੀ ਸ਼ਹਿਰ ਤਾਂ ਇਹੋ ਹੀ ਹੈ, ਜਿਥੇ ਆ ਕੇ ਕੋਈ ਵਾਪਸ ਨਹੀਂ ਜਾਂਦਾ। ਤੂੰ ਧਨ ਦਾ ਹੰਕਾਰ ਕਰ ਕੇ ਗਰੀਬਾਂ ਨੂੰ ਤੰਗ ਕਰੇਂਗਾ ਅਤੇ ਨਰਕਾਂ ਨੂੰ ਜਾਵੇਂਗਾ। ਫਰੀਦ ਜੀ ਦੀ ਗੱਲ ਸੁਣ ਕੇ ਘੋੜ ਸਵਾਰ ਨੇ ਆਪ ਜੀ ਤੋਂ ਸ਼ੁਭ ਸਿੱਖਿਆ ਮੰਗੀ। ਇਸ ਸਲੋਕ ਦੁਆਰਾ ਆਪ ਜੀ ਨੇ ਉਸ ਨੂੰ ਸਿੱਖਿਆ ਦਿੱਤੀ।
ਸਲੋਕ: ਫਰੀਦਾ ਜਾਂ ਤਉ ਖਟਣ ਵੇਲ....ਜਾਂ ਭਰਿਆ ਤਾਂ ਲਦਿਆ ॥੮॥ ਦੇਖੁ ਫਰੀਦਾ ਜੁ ਥੀਆ....ਪਿਛਾ ਰਹਿਆ ਦੂਰਿ ॥੯॥
ਕਿਸੇ ਪ੍ਰੇਮੀ ਨੇ ਬਿਰਧ ਅਵਸਥਾ ਵਿਚ ਆ ਕੇ ਸ਼ੇਖ ਫਰੀਦ ਜੀ ਤੋਂ ਮੁਕਤੀ ਪ੍ਰਾਪਤ ਕਰਨ ਲਈ ਕੋਈ ਉਪਦੇਸ਼ ਮੰਗਿਆ। ਉਸ ਨੂੰ ਸਮਝਾਉਣ ਲਈ ਆਪ ਜੀ ਨੇ ਇਹ ਦੋਵੇਂ ਸਲੋਕ ਉਚਾਰੇ।



