ਰਾਗ ਸਿਰੀਰਾਗ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸਿਰੀਰਾਗ/ਸ੍ਰੀਰਾਗ
ਸਿਰੀਰਾਗ ਇਕ ਪੁਰਾਤਨ, ਮਧੁਰ ਅਤੇ ਕਠਿਨ ਰਾਗ ਹੈ। ਇਸ ਰਾਗ ਸੰਬੰਧੀ ਗੁਰੂ ਅਮਰਦਾਸ ਸਾਹਿਬ ਦਾ ਫਰਮਾਨ ਹੈ ਕਿ ਸਾਰੇ ਰਾਗਾਂ ਵਿਚੋਂ ਸਿਰੀਰਾਗ ਪ੍ਰਧਾਨ ਰਾਗ ਹੈ। ਪਰ ਇਹ ਰਾਗ ਗਾਇਆ ਤਾਂ ਹੀ ਸਫਲ ਹੈ, ਜੇ ਜੀਵ ਇਸ ਰਾਹੀਂ ਸਦਾ-ਥਿਰ ਪ੍ਰਭੂ ਨਾਲ ਪਿਆਰ ਪਾਵੇ।
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ -ਗੁਰੂ ਗ੍ਰੰਥ ਸਾਹਿਬ ੮੩
ਭਾਈ ਗੁਰਦਾਸ ਜੀ ਵੀ ਇਸ ਰਾਗ ਨੂੰ ਸਰਵੋਤਮ ਰਾਗ ਮੰਨਦੇ ਹਨ।
ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ ਰਾਗਨ ਮੇ ਸਿਰੀਰਾਗੁ ਪਾਰਸ ਪਖਾਨ ਹੈ ॥ -ਭਾਈ ਗੁਰਦਾਸ ਜੀ, ਕਬਿਤ ੩੭੬/੩
ਗੁਰਮਤਿ ਪਰੰਪਰਾ ਤੋਂ ਇਲਾਵਾ ਵੀ, ਰਾਗ-ਰਾਗਨੀ ਪਰੰਪਰਾ ਨੂੰ ਮਾਨਤਾ ਦੇਣ ਵਾਲੇ ਭਿੰਨ-ਭਿੰਨ ਮਤਾਂ ਨੇ ਸਿਰੀਰਾਗ ਨੂੰ ਇਕ ਪ੍ਰਮੁੱਖ ਪੁਰਖ ਰਾਗ ਮੰਨਿਆ ਹੈ। ਪੰਡਤ ਓਅੰਕਾਰ ਨਾਥ ਠਾਕੁਰ, ਪ੍ਰਚਲਤ ਮਿਥਹਾਸਕ ਦ੍ਰਿਸ਼ਟੀਕੋਣ ਤੋਂ ਇਸ ਰਾਗ ਦੇ ਨਾਮ ਸੰਬੰਧੀ ਲਿਖਦੇ ਹਨ ਕਿ “ਸ਼ੰਕਰ ਦੇ ਪੰਜ ਮੁਖਾਂ ਤੋਂ ਬਾਕੀ ਪੰਜ ਰਾਗਾਂ ਦੀ ਅਤੇ ਪਾਰਬਤੀ ਦੇ ‘ਸ੍ਰੀ’ ਮੁਖ ਤੋਂ ਇਸ ਛੇਵੇਂ ਰਾਗ ਦੀ ਉਤਪਤੀ ਮੰਨੀ ਜਾਣ ਦੇ ਕਾਰਣ, ਇਸ ਦਾ ਨਾਮ ‘ਸ੍ਰੀ’ ਹੈ।” ਇਸ ਮਿਥਹਾਸਕਤਾ ਵਿਚ ਸਚਾਈ ਦਾ ਕਿੰਨਾ ਕੁ ਅੰਸ਼ ਮੌਜੂਦ ਹੈ, ਇਹ ਕਹਿਣਾ ਕਠਿਨ ਹੈ। ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਇਹ ਇਕ ਪ੍ਰਾਚੀਨ ਰਾਗ ਹੈ।
ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਵਿਚ ਇਸ ਰਾਗ ਨੂੰ ਪਹਿਲੇ ਸਥਾਨ ’ਤੇ ਰਖੇ ਜਾਣ ਸੰਬੰਧੀ ਪ੍ਰੋ. ਤਾਰਾ ਸਿੰਘ
ਮੱਧਕਾਲ ਵਿਚ ਸ਼ੁਧ-ਸਵਰ ਸਪਤਕ ਵਿਚ ਗੰਧਾਰ ਤੇ ਨਿਸ਼ਾਦ ਕੋਮਲ ਦਾ ਪ੍ਰਯੋਗ ਹੁੰਦਾ ਸੀ, ਜੋ ਅੱਜ ਦੇ ਕਾਫੀ ਥਾਟ ਦੇ ਸਮਾਨ ਹੈ। ਸਿਰੀਰਾਗ ਵੀ ਕਾਫੀ ਥਾਟ ਦੇ ਸਵਰਾਂ ’ਤੇ ਹੀ ਗਾਇਆ ਜਾਂਦਾ ਸੀ। ਅੱਜ ਵੀ ਦਖਣੀ ਸੰਗੀਤ ਪ੍ਰਣਾਲੀ ਵਿਚ ਸਿਰੀਰਾਗ ਦਾ ਇਹ ਉੱਤਰੀ ਭਾਰਤ ਵਾਲਾ ਕਾਫੀ ਥਾਟ ਵਾਲਾ ਸਰੂਪ ਹੀ ਪ੍ਰਚਲਤ ਹੈ, ਜਿਸ ਨੂੰ ਉਹ ‘ਖਰਹਰ ਪ੍ਰਿਆ’ ਕਹਿੰਦੇ ਹਨ।
ਆਧੁਨਿਕ ਥਾਟ ਪਧਤੀ ਦੇ ਸਮਰਥਕਾਂ ਨੇ ਸਿਰੀਰਾਗ ਦਾ ਵਰਗੀਕਰਣ ਪੂਰਵੀ ਥਾਟ ਦੇ ਅੰਤਰਗਤ ਕੀਤਾ ਹੈ। ਨਾਦ ਸ਼ਾਸਤਰ ਦੇ ਦ੍ਰਿਸ਼ਟੀਕੋਣ ਅਨੁਸਾਰ ਇਸ ਰਾਗ ਵਿਚ ਰਿਸ਼ਭ ਧੈਵਤ ਕੋਮਲ, ਮਧਿਅਮ ਤੀਵਰ ਅਤੇ ਹੋਰ ਸੁਰ ਸ਼ੁਧ ਲੱਗਦੇ ਹਨ। ਇਸ ਦੇ ਆਰੋਹ ਵਿਚ ਗੰਧਾਰ ਤੇ ਧੈਵਤ ਵਰਜਿਤ ਕਰਨ ਦੀ ਪ੍ਰਥਾ ਹੈ। ਅਵਰੋਹ ਵਿਚ ਵਕਰ ਰੀਤ ਨਾਲ ਸੱਤ ਸੁਰ ਵਰਤੇ ਜਾਂਦੇ ਹਨ। ਇਸ ਕਾਰਣ ਇਸ ਦੀ ਜਾਤੀ ਔੜਵ-ਵਕਰ ਸੰਪੂਰਨ ਹੈ। ਇਸ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਕੁਝ ਵਿਦਵਾਨ ਇਸ ਦਾ ਵਾਦੀ ਰਿਸ਼ਭ ਤੇ ਸੰਵਾਦੀ ਧੈਵਤ ਮੰਨਦੇ ਹਨ।
ਭਾਈ ਵੀਰ ਸਿੰਘ ਨੇ ਸਿਰੀਰਾਗ ਨੂੰ ਗੁਰਮਤਿ ਸੰਗੀਤ ਵਿਚ ਖਾਲਸ ਸ਼ੁਧ ਰਾਗ ਮੰਨਿਆ ਹੈ।
ਰਾਗ ਸਿਰੀਰਾਗ ਦਾ ਸਰੂਪ
ਥਾਟ: ਪੂਰਵੀ।
ਸਵਰ: ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ ਹੋਰ ਸਭ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਅਤੇ ਧੈਵਤ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ (ਕੋਮਲ), ਮਾ (ਤੀਵਰ) ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ) ਪਾ, ਮਾ (ਤੀਵਰ), ਗਾ, ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਸਾ, ਰੇ (ਕੋਮਲ), ਰੇ (ਕੋਮਲ), ਪਾ, ਪਾ ਮਾ (ਤੀਵਰ) ਗਾ ਰੇ (ਕੋਮਲ), ਰੇ (ਕੋਮਲ) ਸਾ।
ਗਾਇਨ ਸਮਾਂ
ਸ਼ਾਮ ਦਾ ਸੰਧੀ ਪ੍ਰਕਾਸ਼।
ਸ਼ਬਦ ੨:
ਰਾਗ ਰਾਮਕਲੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਰਾਮਕਲੀ ਰਾਗ ਨੂੰ ਤਰਤੀਬ ਅਨੁਸਾਰ ਅਠਾਰ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ, ਚਾਰ ਭਗਤ ਸਾਹਿਬਾਨ ਅਤੇ ਤਿੰਨ ਗੁਰਸਿਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੭੬ ਤੋਂ ੯੭੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੬੬, ਗੁਰੂ ਅੰਗਦ ਸਾਹਿਬ ਦੇ ੭, ਗੁਰੂ ਅਮਰਦਾਸ ਸਾਹਿਬ ਦੇ ੯੧, ਗੁਰੂ ਰਾਮਦਾਸ ਸਾਹਿਬ ਦੇ ੬, ਗੁਰੂ ਅਰਜਨ ਸਾਹਿਬ ਦੇ ੧੬੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੨, ਭਗਤ ਨਾਮਦੇਵ ਜੀ ਦੇ ੪ ਅਤੇ ਭਗਤ ਰਵਿਦਾਸ ਜੀ ਤੇ ਭਗਤ ਬੇਣੀ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
ਰਾਮਕਲੀ ਬਹੁਤ ਪੁਰਾਣਾ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਲਈ ਰਾਮਕ੍ਰਿਤੀ, ਰਾਮਕ੍ਰਿਯਾ, ਰਾਮਗਿਰੀ, ਰਾਮਕਰੀ, ਰਾਮਕੇਲੀ ਆਦਿ ਨਾਂਵਾਂ ਦੀ ਵਰਤੋਂ ਕੀਤੀ ਵੀ ਮਿਲਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨਾਲੋਂ ਜਿਆਦਾ ਸ਼ਬਦ ਦੀ ਪ੍ਰਧਾਨਤਾ ਹੈ। ਰਾਗ ਇਕ ਸਾਧਨ ਹੈ, ਜਿਸ ਨੇ ਰਮਤ-ਰਾਮ ਨੂੰ ਹਿਰਦੇ ਵਿਚ ਵਸਾਉਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦਾ ਜਿਕਰ ਕਰਦੇ ਹੋਏ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਜੇਕਰ ਇਸ ਰਾਗ ਦੇ ਗਾਇਨ ਰਾਹੀਂ ਵਿਆਪਕ-ਪ੍ਰਭੂ ਮਨ ਵਿਚ ਵਸ ਜਾਵੇ ਤਾਂ ਹੀ ਅਸਲ ਸਾਜ-ਸਿੰਗਾਰ ਹੋਇਆ ਜਾਣੋ: ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥ -ਗੁਰੂ ਗ੍ਰੰਥ ਸਾਹਿਬ ੯੫੦
ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦੇ ਅੰਤਰਗਤ ‘ਰਾਮਕਲੀ ਦਖਣੀ’ ਨਾਮ ਦਾ ਰਾਗ ਵੀ ਦਰਜ ਹੈ। ਇਹ ਰਾਗ ਕੇਵਲ ਗੁਰਮਤਿ ਸੰਗੀਤ ਵਿਚ ਹੀ ਪ੍ਰਾਪਤ ਹੁੰਦਾ ਹੈ। ਹਿੰਦੁਸਤਾਨੀ ਜਾਂ ਕਰਨਾਟਕੀ (ਦੱਖਣੀ) ਸੰਗੀਤ ਵਿਚ ਇਹ ਰਾਗ ਨਹੀਂ ਮਿਲਦਾ।
ਰਾਮਕਲੀ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਵਿਚਾਰ ਹਨ। ਹਿੰਦੁਸਤਾਨੀ ਸੰਗੀਤ ਦੇ ਭਰਤ ਮਤ ਵਿਚ ਇਸ ਨੂੰ ਹਿੰਡੋਲ ਰਾਗ ਦੀ ਰਾਗਣੀ ਅਤੇ ਹਨੂਮਾਨ ਮਤ ਵਿਚ ਸ੍ਰੀਰਾਗ ਦੀ ਰਾਗਣੀ ਮੰਨਿਆ ਗਿਆ ਹੈ।
ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਨੇ ਰਾਮਕਲੀ ਦੇ ਤਿੰਨ ਵਖ-ਵਖ ਪ੍ਰਕਾਰਾਂ ਦਾ ਜਿਕਰ ਕੀਤਾ ਹੈ। ਪਹਿਲਾ, ਔੜਵ-ਸੰਪੂਰਨ, ਜਿਸ ਵਿਚ ਨੀ ਕੋਮਲ ਤੇ ਮਾ ਸ਼ੁਧ ਲੱਗਦੇ ਹਨ। ਦੂਜੇ ਵਿਚ ਦੋਵੇਂ ਨੀ ਲੱਗਦੇ ਹਨ। ਤੀਜੇ ਪ੍ਰਕਾਰ ਵਿਚ ਦੋਵੇਂ ਮਾ ਤੇ ਦੋਵੇਂ ਨੀ ਲੱਗਦੇ ਹਨ। ਪਾ ਵਾਦੀ ਤੇ ਸਾ ਸੰਵਾਦੀ ਹੈ।
ਰਾਗ ਰਾਮਕਲੀ ਦਾ ਸਰੂਪ
ਥਾਟ: ਭੈਰਵ।
ਸਵਰ: ਰੇ ਤੇ ਧਾ ਕੋਮਲ, ਦੋਵੇਂ ਮਾ, ਦੋਵੇਂ ਨੀ, ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ (ਕੁਝ ਵਿਦਵਾਨ ਸੰਪੂਰਨ-ਸੰਪੂਰਨ ਵੀ ਮੰਨਦੇ ਹਨ)।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ, ਗਾ ਮਾ ਪਾ, ਧਾ (ਕੋਮਲ) ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ), ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਧਾ (ਕੋਮਲ) ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ) ਸਾ।
ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ।
ਸ਼ਬਦ ੩:
ਰਾਗ ਪ੍ਰਭਾਤੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਪ੍ਰਭਾਤੀ ਰਾਗ ਨੂੰ ਤਰਤੀਬ ਅਨੁਸਾਰ ਤੀਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਤਿੰਨ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੨੭ ਤੋਂ ੧੩੫੧ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੨੪, ਗੁਰੂ ਅਮਰਦਾਸ ਸਾਹਿਬ ਦੇ ੯, ਗੁਰੂ ਰਾਮਦਾਸ ਸਾਹਿਬ ਦੇ ੭, ਗੁਰੂ ਅਰਜਨ ਸਾਹਿਬ ਦੇ ੧੮, ਭਗਤ ਕਬੀਰ ਜੀ ਦੇ ੫, ਭਗਤ ਨਾਮਦੇਵ ਜੀ ਦੇ ੩ ਅਤੇ ਭਗਤ ਬੇਣੀ ਜੀ ਦਾ ਇਕ ਸ਼ਬਦ ਸ਼ਾਮਲ ਹੈ।
ਪ੍ਰਭਾਤੀ ਰਾਗ ਗੁਰਮਤਿ ਸੰਗੀਤ ਦਾ ਇਕ ਮੌਲਿਕ ਰਾਗ ਹੈ। ਇਸ ਰਾਗ ਦਾ ਉਲੇਖ ਹਿੰਦੁਸਤਾਨੀ ਸੰਗੀਤ ਦੇ ਗ੍ਰੰਥਾਂ ਵਿਚ ਨਹੀਂ ਮਿਲਦਾ। ਇਸ ਪ੍ਰਕਾਰ ਇਹ ਰਾਗ ਹਿੰਦੁਸਤਾਨੀ ਸੰਗੀਤ ਨੂੰ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਵਿਸ਼ੇਸ਼ ਦੇਣ ਹੈ। ਹਿੰਦੁਸਤਾਨੀ ਸੰਗੀਤ ਵਿਚ ਪ੍ਰਭਾਤ, ਪ੍ਰਭਾਤ ਭੈਰਵ, ਪ੍ਰਭਾਤ ਪਟ ਤੋੜੀ ਆਦਿ ਰਾਗਾਂ ਦਾ ਵਰਣਨ ਤਾਂ ਮਿਲਦਾ ਹੈ, ਪ੍ਰੰਤੂ ਪ੍ਰਭਾਤੀ ਰਾਗ ਦਾ ਕੋਈ ਜ਼ਿਕਰ ਨਹੀਂ ਮਿਲਦਾ।
ਗੁਰੂ ਗ੍ਰੰਥ ਸਾਹਿਬ ਵਿਚ ਪ੍ਰਭਾਤੀ ਰਾਗ ਦੇ ਤਿੰਨ ਹੋਰ ਪ੍ਰਕਾਰਾਂ ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ ਅਤੇ ਪ੍ਰਭਾਤੀ ਦਖਣੀ ਵਿਚ ਵੀ ਬਾਣੀ ਦਰਜ ਹੈ।
ਪ੍ਰਭਾਤੀ ਅੰਮ੍ਰਿਤ ਵੇਲੇ ਦੇ ਰਾਗਾਂ ਵਿਚੋਂ ਅਤਿਅੰਤ ਮਨੋਹਰ ਅਤੇ ਨਿਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿਚ ਭੈਰਵ, ਰਾਮਕਲੀ, ਲਲਿਤ, ਕਾਲਿੰਗੜਾ ਆਦਿ ਰਾਗਾਂ ਦੀ ਝਲਕ ਦ੍ਰਿਸ਼ਟੀਗੋਚਰ ਹੁੰਦੀ ਹੈ। ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਅਧਾਰ ’ਤੇ ਇਨ੍ਹਾਂ ਰਾਗਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਹ ਸਵੇਰ ਦਾ ਸੰਧੀ ਪ੍ਰਕਾਸ਼ ਰਾਗ ਹੈ। ਇਸ ਰਾਗ ਦੀ ਪ੍ਰਕਿਰਤੀ ਗੰਭੀਰ ਹੈ। ਇਸ ਵਿਚ ਭਗਤੀ ਭਾਵ ਦੇ ਗੀਤ ਬੜੇ ਸੁਹਾਵਣੇ ਲੱਗਦੇ ਹਨ।
ਰਾਗ-ਰਾਗਣੀ ਵਰਗੀਕਰਣ ਅਨੁਸਾਰ ਭਾਈ ਵੀਰ ਸਿੰਘ ਨੇ ਪ੍ਰਭਾਤੀ ਨੂੰ ਇਕ ਰਾਗਣੀ ਮੰਨਿਆ ਹੈ, ਜਿਹੜੀ ਗੁਰਮਤਿ ਸੰਗੀਤ ਵੱਲੋਂ ਪ੍ਰਚਾਰ ਵਿਚ ਆਈ ਹੈ।
ਸ. ਗਿਆਨ ਸਿੰਘ ਐਬਟਾਬਾਦ ਅਤੇ ਸੰਤ ਸਰਵਣ ਸਿੰਘ ਗੰਧਰਵ ਨੇ ਪ੍ਰਭਾਤੀ ਰਾਗ ਦਾ ਸਰੂਪ ਭੈਰਵ ਥਾਟ ਦਾ ਦਰਸਾਇਆ ਹੈ।
ਕਲਿਆਣ ਥਾਟ ਦੇ ਸਰੂਪ ਵਿਚ ਪੁਰਾਣੇ ਨਾਮੀ ਕੀਰਤਨੀਆਂ ਵਿਚੋਂ ਭਾਈ ਸਮੁੰਦ ਸਿੰਘ ਜੀ ਦੀ ਰਿਕਾਰਡ ਕੀਤੀ ਹੋਈ ਬੰਦਿਸ਼ ‘ਕਰਤਾ ਤੂ ਮੇਰਾ ਜਜਮਾਨੁ’ ਆਲ ਇੰਡੀਆ ਰੇਡੀਓ ਜਲੰਧਰ ਤੋਂ ਗਾਹੇ-ਬਗਾਹੇ ਸੁਣਾਈ ਜਾਂਦੀ ਹੈ। ‘ਬੋਲਹੁ ਸਚੁ ਨਾਮੁ ਕਰਤਾਰ’ ਸ਼ਬਦ ਦਾ ਗਾਇਨ ਵੀ ਰਾਗ ਦੇ ਇਸ ਸਰੂਪ ਵਿਚ ਭਾਈ ਸਾਹਿਬ ਬੜਾ ਖੁਭ ਕੇ ਕਰਿਆ ਕਰਦੇ ਸਨ। ਸੋ, ਭੈਰਵ ਥਾਟ ਦੇ ਪ੍ਰਭਾਤੀ ਰਾਗ ਨਾਲੋਂ ਕਲਿਆਣ/ਬਿਲਾਵਲ ਥਾਟ ਦਾ ਰਾਗ ਪ੍ਰਭਾਤੀ ਜਿਆਦਾ ਪ੍ਰਚਾਰ ਵਿਚ ਹੈ।
ਰਾਗ ਪ੍ਰਭਾਤੀ ਦਾ ਸਰੂਪ
ਰਾਗ: ਪ੍ਰਭਾਤੀ।
ਥਾਟ: ਬਿਲਾਵਲ।
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਮਧਿਅਮ, ਨਿਸ਼ਾਦ ਤੇ ਅਵਰੋਹ ਵਿਚ ਮਧਿਅਮ।
ਜਾਤੀ: ਔੜਵ-ਸ਼ਾੜਵ।
ਵਾਦੀ: ਸ਼ੜਜ।
ਸੰਵਾਦੀ: ਪੰਚਮ।
ਆਰੋਹ: ਸਾ ਰੇ ਗਾ, ਪਾ, ਧਾ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ), ਨੀ ਧਾ ਨੀ ਪਾ, ਗਾ ਰੇ ਸਾ।
ਮੁੱਖ ਅੰਗ (ਪਕੜ): ਪਾ ਪਾ ਸਾ (ਤਾਰ ਸਪਤਕ), ਨੀ ਧਾ ਨੀ ਪਾ, ਪਾ ਧਾ, ਗਾ ਪਾ ਧਾ, ਪਾ।
ਗਾਇਨ ਸਮਾਂ
ਸਵੇਰ ਦਾ ਪਹਿਲਾ ਪਹਿਰ।



