Guru Granth Sahib Logo
  
ਭਗਤ ਬੇਣੀ ਜੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤ ਬਾਣੀਕਾਰਾਂ ਵਿਚੋਂ ਅਜਿਹੇ ਭਗਤ ਹਨ, ਜਿਨ੍ਹਾਂ ਦਾ ਉਲੇਖ ਹੋਰ ਭਗਤਾਂ ਦੀ ਬਾਣੀ ਸਮੇਤ ਗੁਰੂ ਅਰਜਨ ਸਾਹਿਬ ਦੀ ਬਾਣੀ, ਭੱਟ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਮਿਲਦਾ ਹੈ। ਮਿਹਰਵਾਨ ਵਾਲੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਅਯੁਧਿਆ ਵਿਖੇ ਮਿਲਣ ਵਾਲੇ ਭਗਤਾਂ ਵਿਚ ਵੀ ਆਪ ਜੀ ਸ਼ਾਮਲ ਸਨ।
Bani Footnote ਕਿਰਪਾਲ ਸਿੰਘ, ਸਮਸ਼ੇਰ ਸਿੰਘ ਅਸ਼ੋਕ (ਸੰਪਾ.), ਜਨਮ ਸਾਖੀ ਗੁਰੂ ਨਾਨਕ ਦੇਵ ਜੀ ਲਿਖਤ ਸ੍ਰੀ ਮਿਹਰਬਾਨ ਜੀ ਸੋਢੀ, ਪੰਨਾ ੧੯੦
ਇਸ ਤੋਂ ਇਲਾਵਾ ਭਾਈ ਦਰਬਾਰੀ ਦਾਸ ਦੀਆਂ ਪਰਚੀਆਂ ਅਤੇ ਉਤਰੀ-ਭਾਰਤ ਦੀ ਭਗਤੀ ਲਹਿਰ ਨਾਲ ਸੰਬੰਧਤ ਕਈ ਸਰੋਤਾਂ ਵਿਚ ਵੀ ਆਪ ਜੀ ਦੇ ਜੀਵਨ ਨਾਲ ਸੰਬੰਧਤ ਕੁਝ ਘਟਨਾਵਾਂ ਦੀ ਝਲਕ ਮਿਲਦੀ ਹੈ।

ਗੁਰੂ ਗ੍ਰੰਥ ਸਾਹਿਬ ਅਤੇ ਸਿਖ ਸਾਹਿਤ ਵਿਚ ਭਗਤ ਬੇਣੀ ਜੀ ਦਾ ਉਲੇਖ
ਗਿ. ਗੁਰਦਿੱਤ ਸਿੰਘ ਦਾ ਵਿਚਾਰ ਹੈ ਕਿ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਭਗਤ ਬੇਣੀ ਜੀ ਦਾ ਜਿਕਰ ਕਿਸੇ ਨੇ ਨਹੀਂ ਕੀਤਾ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ, ਪੰਨਾ ੩੮੩
ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਜਿਥੇ ਪੁਰਾਤਨ ਭਗਤਾਂ; ਅਜਾਮਲ, ਬਾਲਮੀਕ, ਧ੍ਰੂ, ਗਨਿਕਾ, ਸੁਦਾਮਾ ਆਦਿ ਅਤੇ ਮਧਕਾਲ ਦੇ ਭਗਤਾਂ; ਧੰਨਾ, ਤ੍ਰਿਲੋਚਨ, ਜੈਦੇਵ, ਸੈਣ, ਕਬੀਰ, ਨਾਮਦੇਵ, ਰਵਿਦਾਸ ਆਦਿ ਦਾ ਉਲੇਖ ਕੀਤਾ ਹੈ, ਉਥੇ ਬੇਣੀ ਜੀ ਦਾ ਵੀ ਜਿਕਰ ਕੀਤਾ ਹੈ: ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ਰੇ ਮਨ ਤੂ ਭੀ ਹੋਹਿ ਦਾਸੁ ॥ -ਗੁਰੂ ਗ੍ਰੰਥ ਸਾਹਿਬ ੧੧੯੨

ਗੁਰੂ ਗ੍ਰੰਥ ਸਾਹਿਬ ਵਿਚ ਹੀ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਣ ਵਾਲੇ ਭਗਤਾਂ ਵਿਚ ਭਗਤ ਬੇਣੀ ਜੀ ਨੂੰ ਵੀ ਗਿਣਿਆ ਹੈ: ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥ -ਗੁਰੂ ਗ੍ਰੰਥ ਸਾਹਿਬ ੧੩੯੦

ਭਾਈ ਗੁਰਦਾਸ ਜੀ ਨੇ ਵੀ ਆਪਣੀ ਦਸਵੀਂ ਵਾਰ ਵਿਚ ਭਗਤ ਬੇਣੀ ਜੀ ਦੇ ਜੀਵਨ ਨਾਲ ਸੰਬੰਧਤ ਇਕ ਘਟਨਾ ਦਾ ਜਿਕਰ ਕੀਤਾ ਹੈ। ਇਸ ਅਨੁਸਾਰ ਭਗਤ ਬੇਣੀ ਜੀ ਇਕਾਂਤ ਵਿਚ ਬੈਠ ਕੇ ਪ੍ਰਭੂ ਦੀ ਭਗਤੀ ਕਰਦੇ ਸਨ ਅਤੇ ਇਸ ਦਾ ਜਿਕਰ ਕਿਸੇ ਕੋਲ ਨਹੀਂ ਸਨ ਕਰਦੇ। ਜਿਸ ਵੇਲੇ ਘਰ ਆਉਂਦੇ ਤਾਂ ਘਰ ਵਾਲਿਆਂ ਦੇ ਪੁੱਛਣ ’ਤੇ ਕਹਿ ਦਿੰਦੇ ਕਿ ਮੈਂ ਰਾਜ ਦਰਬਾਰ ਗਿਆ ਸੀ। ਜਦੋਂ ਘਰ ਵਾਲੇ ਲੋੜੀਂਦੀਆਂ ਚੀਜਾਂ ਦੀ ਮੰਗ ਕਰਦੇ ਤਾਂ ਆਪ ਜੀ ਕੁਝ ਨਾ ਕੁਝ ਆਖ ਕੇ ਟਾਲ ਦਿੰਦੇ। ਇਕ ਦਿਨ ਜਦੋਂ ਆਪ ਜੀ ਪ੍ਰਭੂ ਦੀ ਭਗਤੀ ਵਿਚ ਲੀਨ ਸਨ ਤਾਂ ਰਾਜੇ ਦਾ ਰੂਪ ਧਾਰ ਕੇ ਪ੍ਰਭੂ ਆਪ ਜੀ ਦੇ ਘਰ ਪਹੁੰਚ ਗਏ। ਘਰ ਵਾਲਿਆਂ ਨੂੰ ਦਿਲਾਸਾ ਦਿੱਤਾ ਅਤੇ ਚੰਗਾ ਖਰਚਾ ਵੀ ਦਿੱਤਾ। ਫਿਰ ਪ੍ਰਭੂ ਭਗਤ ਬੇਣੀ ਜੀ ਕੋਲ ਆਏ ਅਤੇ ਉਨ੍ਹਾਂ ਨੂੰ ਪਿਆਰ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਹਨ:

ਗੁਰਮੁਖਿ ਬੇਣੀ ਭਗਤਿ ਕਰਿ ਜਾਇ ਇਕਾਂਤ ਬਹੈ ਲਿਵ ਲਾਵੈ। ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਲਖੁ ਲਖਾਵੈ।
ਘਰਿ ਆਇਆ ਜਾ ਪੁਛੀਐ ਰਾਜੁ ਦੁਆਰਿ ਗਇਆ ਆਲਾਵੈ। ਘਰਿ ਸਭ ਵਥੂ ਮੰਗੀਅਨਿ ਵਲ ਛਲੁ ਕਰਿਕੈ ਝਤੁ ਲੰਘਾਵੈ।
ਵਡਾ ਸਾਂਗੁ ਵਰਤਦਾ ਓਹ ਇਕ ਮਨਿ ਪਰਮੇਸਰੁ ਧਿਆਵੈ। ਪੈਜ ਸਵਾਰੈ ਭਗਤ ਦੀ ਰਾਜਾ ਹੁਇ ਕੈ ਘਰਿ ਚਲਿ ਆਵੈ।
ਦੇਇ ਦਿਲਾਸਾ ਤੁਸਿਕੈ ਅਣਗਣਤੀ ਖਰਚੀ ਪਹੁੰਚਾਵੈ। ਓਥਹੁੰ ਆਇਆ ਭਗਤ ਪਾਸਿ ਹੋਇ ਦਇਆਲੁ ਹੇਤੁ ਉਪਜਾਵੈ।
ਭਗਤ ਜਨਾਂ ਜੈਕਾਰੁ ਕਰਾਵੈ ॥੧੪॥ -ਭਾਈ ਗੁਰਦਾਸ ਜੀ, ਵਾਰ ੧੦ ਪਉੜੀ ੧੪

ਪੰਡਿਤ ਨਰੈਣ ਸਿੰਘ ਗਿਆਨੀ ਅਨੁਸਾਰ ਭਗਤ ਬੇਣੀ ਜੀ ਗਰੀਬੀ ਤੋਂ ਦੁਖੀ ਸਨ। ਕਿਸੇ ਮਹਾਂ-ਪੁਰਖ ਨੇ ਆਪ ਜੀ ਨੂੰ ਪ੍ਰਭੂ-ਭਗਤੀ ਦੀ ਸਲਾਹ ਦਿੱਤੀ। ਆਪ ਜੀ ਭਗਤੀ ਕਰਨ ਲੱਗ ਪਏ। ਘਰ ਦੀਆਂ ਲੋੜਾਂ ਪੂਰੀਆਂ ਨਾ ਹੋਣ ਕਾਰਣ ਆਪ ਜੀ ਦੀ ਪਤਨੀ ਨੇ ਆਤਮ-ਹੱਤਿਆ ਕਰਨ ਦੀ ਧਮਕੀ ਦਿੱਤੀ। ਪਰ ਆਪ ਜੀ ਫਿਰ ਵੀ ਪ੍ਰਭੂ-ਭਗਤੀ ਵਿਚ ਹੀ ਲੀਨ ਰਹੇ। ਆਪ ਜੀ ਦੇ ਭਗਤੀ-ਭਾਵ ਤੋਂ ਖੁਸ਼ ਹੋ ਕੇ ਹੀ ਪ੍ਰਭੂ ਨੇ ਰਾਜੇ ਦੇ ਰੂਪ ਵਿਚ ਆ ਕੇ ਆਪ ਜੀ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕੀਤੀ।
Bani Footnote ਪੰਡਿਤ ਨਰੈਣ ਸਿੰਘ ਗਿਆਨੀ, ਭਗਤ ਮਾਲ ਸਟੀਕ, ਪੰਨਾ ੨੦੫
ਪਰ ਗਿ. ਗੁਰਦਿੱਤ ਸਿੰਘ ਦੁਆਰਾ ਦਰਸਾਈ ਸਾਖੀ ਅਨੁਸਾਰ ਭਗਤ ਜੀ ਕਿਸੇ ਮਿਰਤਕ ਨੂੰ ਦੇਖ ਕੇ ਜਗਤ ਤੋਂ ਉਪਰਾਮ ਹੋ ਗਏ ਅਤੇ ਕਿਸੇ ਮਹਾਤਮਾ ਦੀ ਦੱਸੀ ਜੁਗਤ ਅਨੁਸਾਰ ਪ੍ਰਭੂ-ਭਗਤੀ ਵੱਲ ਲੱਗ ਗਏ। ਬਾਕੀ ਸਾਖੀ ਉਪਰੋਕਤ ਸਾਖੀਆਂ ਵਾਂਗ ਹੀ ਹੈ। ਪਰ ਅੰਤ ਵਿਚ ਪ੍ਰਭੂ ਦੁਆਰਾ ਰਾਜੇ ਦਾ ਰੂਪ ਧਾਰ ਕੇ ਆਉਣ ਦੀ ਥਾਂ ਰੱਬੀ ਪ੍ਰੇਰਨਾ ਸਦਕਾ ਕਿਸੇ ਹੋਰ ਭਗਤ ਵੱਲੋਂ ਆਪ ਜੀ ਦੀ ਮਦਦ ਕਰਨ ਦਾ ਉਲੇਖ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ, ਪੰਨਾ ੩੮੫


ਭਗਤ ਬੇਣੀ ਜੀ ਦੇ ਜੀਵਨ ਸੰਬੰਧੀ
ਭਗਤ ਬੇਣੀ ਜੀ ਦੇ ਜੀਵਨ ਸੰਬੰਧੀ ਕਈ ਵਿਚਾਰ ਮਿਲਦੇ ਹਨ। ਪੰਡਿਤ ਨਰੈਣ ਸਿੰਘ ਗਿਆਨੀ ਅਨੁਸਾਰ ਆਪ ਜੀ ਦਾ ਨਾਮ ਬ੍ਰਹਮ ਭਾਟ ਬੇਣੀ ਸੀ। ਆਪ ਜੀ ਜਾਤ ਦੇ ਬ੍ਰਾਹਮਣ ਸਨ। ਆਪ ਜੀ ੧੫੭੩ ਈ. (ਸੰਮਤ ੧੬੩੦ ਬਿ.) ਨੂੰ ਅਸਨੀ ਨਗਰ ਵਿਚ ਪੈਦਾ ਹੋਏ।
Bani Footnote ਪੰਡਿਤ ਨਰੈਣ ਸਿੰਘ ਗਿਆਨੀ, ਭਗਤ ਮਾਲ ਸਟੀਕ, ਪੰਨਾ ੨੦੫-੨੦੬
ਇਹ ਨਗਰ ਉੱਤਰ ਪ੍ਰਦੇਸ਼, ਭਾਰਤ ਦੇ ਰਾਏ ਬਰੇਲੀ ਜਿਲ੍ਹੇ ਦੀ ਤਹਿਸੀਲ ਮਹਾਰਾਜਗੰਜ ਵਿਚ ਮੌਜੂਦ ਹੈ। ਪਰ ਪ੍ਰੋ. ਸਾਹਿਬ ਸਿੰਘ ਨੇ ਆਪ ਜੀ ਨੂੰ ਬਿਹਾਰ ਪ੍ਰਾਂਤ ਦਾ ਵਸਨੀਕ ਅਤੇ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਤੋਂ ਪਹਿਲਾਂ ਹੋਏ ਲਿਖਿਆ ਹੈ।
Bani Footnote ਪ੍ਰੋ. ਸਾਹਿਬ ਸਿੰਘ, ਆਦਿ ਬੀੜ ਬਾਰੇ, ਪੰਨਾ ੬੮


ਪਰਸ਼ੂਰਾਮ ਚਤੁਰਵੇਦੀ ਨੇ ਆਪ ਜੀ ਦੀ ਬਾਣੀ ਦੀ ਭਾਸ਼ਾ ਦੇ ਅਧਾਰ ’ਤੇ ਆਪ ਜੀ ਦਾ ਸਮਾਂ ਭਗਤ ਕਬੀਰ ਜੀ ਤੋਂ ਪਹਿਲਾਂ ਦਾ ਅਨੁਮਾਨਿਆ ਹੈ। ਉਨ੍ਹਾਂ ਅਨੁਸਾਰ ਆਪ ਜੀ ਨੂੰ ਭਗਤ ਨਾਮਦੇਵ ਜੀ ਦਾ ਸਮਕਾਲੀ ਮੰਨਿਆ ਜਾ ਸਕਦਾ ਹੈ। ਆਪ ਜੀ ਦੀ ਜਨਮ-ਭੂਮੀ ਬਾਰੇ ਚਤੁਰਵੇਦੀ ਜੀ ਨੇ ਲਿਖਿਆ ਹੈ ਕਿ ਆਪ ਜੀ ਦੀ ਬਾਣੀ ਦਾ ਪ੍ਰਚਲਨ ਪੰਜਾਬ ਵਿਚ ਹੋਣ ਕਰਕੇ ਆਪ ਜੀ ਨੂੰ ਕਿਸੇ ਪੱਛਮੀ ਪ੍ਰਾਂਤ ਦਾ ਨਿਵਾਸੀ ਹੀ ਕਿਹਾ ਜਾ ਸਕਦਾ ਹੈ। ਆਪ ਜੀ ਦੀ ਬਾਣੀ ਉਪਰ ਨਾਥ-ਜੋਗੀਆਂ ਅਤੇ ਸੰਤ-ਮੱਤ ਦੀ ਗਹਿਰੀ ਛਾਪ ਹੈ। ਇਸ ਬਾਣੀ ਵਿਚ ਪਰਗਟ ਕੀਤੇ ਵਿਚਾਰਾਂ ਤੋਂ ਸਪਸ਼ਟ ਪ੍ਰਤੀਤ ਹੁੰਦਾ ਹੈ ਕਿ ਆਪ ਜੀ ਦੇ ਸਮੇਂ ਤਕ ਨਾਥ-ਜੋਗੀਆਂ ਅਤੇ ਸੰਤ-ਮੱਤ ਦਾ ਪ੍ਰਚਾਰ ਆਪ ਜੀ ਦੇ ਦੇਸ ਵਿਚ ਬਹੁਤ ਹੋਣ ਲੱਗ ਪਿਆ ਸੀ।
Bani Footnote ਪਰਸ਼ੂਰਾਮ ਚਤੁਰਵੇਦੀ, ਉੱਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੮੦


ਗਿ. ਗੁਰਦਿੱਤ ਸਿੰਘ ਨੇ ‘ਭਗਤਮਾਲ’ ਨਾਮੀ ਕਿਸੇ ਗ੍ਰੰਥ ਦੇ ਅਧਾਰ ਤੇ ‘ਬੇਣੀ’ ਨਾਮ ਦੀਆਂ ਤਿੰਨ ਸ਼ਖਸ਼ੀਅਤਾਂ ਦਾ ਜਿਕਰ ਕੀਤਾ ਹੈ। ਇਨ੍ਹਾਂ ਵਿਚੋਂ ਪਹਿਲੇ ਬ੍ਰਹਮ ਭਾਟ ਸਨ। ਦੂਜੇ ਅਤੇ ਤੀਜੇ ਬੰਦੀ (ਕੈਦੀ) ਸਨ। ਬੇਣੀ ਨਾਮਕ ਇਨ੍ਹਾਂ ਦੋਵੇਂ ਕੈਦੀਆਂ ਬਾਰੇ ਹੋਰ ਵੇਰਵਾ ਗਿਆਨੀ ਜੀ ਨੇ ਨਹੀਂ ਦਿੱਤਾ। ਬ੍ਰਹਮ ਭਾਟ ਬੇਣੀ ਜੀ ਸੰਬੰਧੀ ਆਪ ਜੀ ਨੇ ਲਿਖਿਆ ਹੈ ਕਿ ਕਿਸੇ ਲਿਖਤ ਵਿਚ ਆਪ ਜੀ ਦਾ ਜਨਮ ੧੫੧੩ ਈ. (ਸੰਮਤ ੧੫੭੦ ਬਿ.) ਦਾ ਲਿਖਿਆ ਹੈ। ਇਹ ਗੁਰੂ ਨਾਨਕ ਸਾਹਿਬ ਦੇ ਚਲਾਣੇ ਤੋਂ ਕੁਝ ਸਾਲ ਪਹਿਲਾਂ ਦਾ ਹੈ। ਪਰ ਭਗਤ ਬੇਣੀ ਜੀ ਦਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਣਾ ਸੰਭਵ ਨਹੀਂ ਮੰਨਿਆ ਜਾ ਸਕਦਾ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਪੁਰਾਤਨ ਗ੍ਰੰਥਾਂ ਵਿਚ ਆਪ ਜੀ ਦਾ ਉਲੇਖ ਹੁੰਦਾ। ਗੁਰੂ ਅਮਰਦਾਸ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ ਨੇ ਵੀ ਆਪਣੀ ਬਾਣੀ ਵਿਚ ਆਪ ਜੀ ਦਾ ਨਾਮ ਲਿਆ ਹੁੰਦਾ। ਇਸ ਲਈ ਕਿਹਾ ਜਾ ਸਕਦਾ ਹੈ ਕਿ ਭਗਤ ਜੀ ਜੇਕਰ ਗੁਰੂ ਰਾਮਦਾਸ ਸਾਹਿਬ ਤੋਂ ਪਹਿਲਾਂ ਹੈ ਸਨ, ਤਾਂ ਜਿਆਦਾ ਪ੍ਰਸਿੱਧ ਨਹੀਂ ਹੋਏ ਸਨ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ, ਪੰਨਾ ੩੮੫


ਇਸ ਪ੍ਰਕਾਰ ਭਗਤ ਬੇਣੀ ਜੀ ਦੇ ਜਨਮ ਅਤੇ ਜਨਮ ਸਥਾਨ ਬਾਰੇ ਭਾਵੇਂ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਪਰ ਆਪ ਜੀ ਦੇ ਜੀਵਨ-ਕਾਲ ਨੂੰ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੇ ਅੰਤਮ ਸਮੇਂ ਤੋਂ ਲੈ ਕੇ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੇ ਸਮੇਂ ਤਕ ਦੇ ਵਿਚਕਾਰਲੇ ਕਿਸੇ ਸਮੇਂ ਦਾ ਅਨੁਮਾਨਿਆਂ ਜਾ ਸਕਦਾ ਹੈ। ਜਿਥੋਂ ਤਕ ਪਰਸ਼ੂਰਾਮ ਚਤੁਰਵੇਦੀ ਜੀ ਦੁਆਰਾ ਆਪ ਜੀ ਨੂੰ ਭਗਤ ਨਾਮਦੇਵ ਜੀ ਦਾ ਸਮਕਾਲੀ ਮੰਨਣ ਦਾ ਸਵਾਲ ਹੈ, ਉਸ ਸੰਬੰਧੀ ਗਿ. ਗੁਰਦਿੱਤ ਸਿੰਘ ਦੀ ਇਹ ਦਲੀਲ ਕਿ ਆਪ ਜੀ ਦਾ ਜਿਕਰ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਕਿਤੇ ਨਹੀਂ ਹੋਇਆ, ਸਾਰਥਕ ਮੰਨੀ ਜਾ ਸਕਦੀ ਹੈ। ਪਰ ਆਪ ਜੀ ਦੇ ਜਨਮ, ਜਨਮ ਸਥਾਨ ਅਤੇ ਜੀਵਨ ਵੇਰਵਿਆਂ ਸੰਬੰਧੀ ਪੁਖਤਾ ਜਾਣਕਾਰੀ ਹਾਲੇ ਹੋਰ ਖੋਜ ਦੀ ਮੁਥਾਜ ਹੈ।

ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਭਗਤ ਬੇਣੀ ਜੀ ਦੀ ਬਾਣੀ ਦੀ ਆਪਸੀ ਸਾਂ
ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਭਗਤ ਬੇਣੀ ਜੀ ਦੀ ਬਾਣੀ ਵਿਚ ਪਰਸਪਰ ਸਾਂਝ ਵੀ ਪਾਈ ਜਾਂਦੀ ਹੈ। ਇਸ ਸਾਂਝ ਦੇ ਅਧਾਰ ’ਤੇ ਪ੍ਰੋ. ਸਾਹਿਬ ਸਿੰਘ ਦੀ ਧਾਰਨਾ ਹੈ ਕਿ ਗੁਰੂ ਨਾਨਕ ਸਾਹਿਬ ਕੋਲ ਭਗਤ ਬੇਣੀ ਜੀ ਦੀ ਬਾਣੀ ਮੌਜੂਦ ਸੀ। ਪਰ ਗਿ. ਗੁਰਦਿੱਤ ਸਿੰਘ ਨੇ ਇਸ ਦੇ ਵਿਪਰੀਤ ਭਗਤ ਬੇਣੀ ਜੀ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਪ੍ਰਭਾਵਤ ਮੰਨਿਆ ਹੈ। ਇਹ ਦੋਵੇਂ ਵਿਦਵਾਨ ਸਿਰੀਰਾਗ ਵਿਚਲੇ ਭਗਤ ਬੇਣੀ ਜੀ ਦੇ ਸ਼ਬਦ ਸੰਬੰਧੀ ਇਹ ਮੰਨਦੇ ਹਨ ਕਿ ਇਸ ਸ਼ਬਦ ਦਾ ਵਿਸ਼ਾ, ਸ਼ਬਦ ਦੀ ਸੰਰਚਨਾ, ਸ਼ਬਦ ਵਿਚ ਵਰਤੀ ਸ਼ਬਦਾਵਲੀ ਆਦਿ ਦੀ ਗੁਰੂ ਨਾਨਕ ਸਾਹਿਬ ਦੀ ਪਹਰੇ ਬਾਣੀ ਨਾਲ ਗੂੜ੍ਹੀ ਸਾਂਝ ਹੈ। ਇਸੇ ਤਰ੍ਹਾਂ ਭਗਤ ਬੇਣੀ ਜੀ ਦੇ ਪ੍ਰਭਾਤੀ ਰਾਗ ਵਿਚਲੇ ਸ਼ਬਦ ਦੀ ਸਾਂਝ ਗੁਰੂ ਨਾਨਕ ਸਾਹਿਬ ਦੇ ਪ੍ਰਭਾਤੀ, ਆਸਾ ਕੀ ਵਾਰ ਅਤੇ ਸਹਸਕ੍ਰਿਤੀ ਵਿਚ ਉਚਾਰੇ ਕੁਝ ਸ਼ਬਦਾਂ ਨਾਲ ਦਰਸਾਈ ਹੈ। ਗਿ. ਗੁਰਦਿੱਤ ਸਿੰਘ ਨੇ ਰਾਮਕਲੀ ਰਾਗ ਵਿਚ ਦਰਜ ਭਗਤ ਬੇਣੀ ਜੀ ਦੇ ਸ਼ਬਦ ਉਪਰ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਭਾਵ ਦਰਸਾਇਆ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ, ਪੰਨਾ ੩੮੫-੪੦੫; ਪ੍ਰੋ. ਸਾਹਿਬ ਸਿੰਘ, ਆਦਿ ਬੀੜ ਬਾਰੇ, ਪੰਨਾ ੬੮-੭੪
ਦੋਵਾਂ ਵਿਦਵਾਨਾਂ ਦੇ ਵਿਚਾਰਾਂ ਵਿਚ ਅੰਤਰ ਦਾ ਕਾਰਣ ਇਹ ਹੈ ਕਿ ਪ੍ਰੋ. ਸਾਹਿਬ ਸਿੰਘ ਭਗਤ ਬੇਣੀ ਜੀ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਹੋਇਆ ਮੰਨਦੇ ਹਨ, ਜਦਕਿ ਗਿ. ਗੁਰਦਿੱਤ ਸਿੰਘ ਨੇ ਭਗਤ ਬੇਣੀ ਜੀ ਦਾ ਸਮਾਂ ਗੁਰੂ ਸਾਹਿਬ ਤੋਂ ਬਾਅਦ ਜਾਂ ਗੁਰੂ ਨਾਨਕ ਸਾਹਿਬ ਦੇ ਅੰਤਲੇ ਸਮੇਂ ਦਾ ਮੰਨਿਆ ਹੈ।

ਭਗਤ ਬੇਣੀ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਰਚਨਾ
Bani Footnote ਇਹ ਸਾਰਾ ਭਾਗ ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ, ਪੰਨਾ ੩੯੬-੩੯੯ ਉਪਰ ਅਧਾਰਤ ਹੈ।

ਗਿ. ਗੁਰਦਿੱਤ ਸਿੰਘ ਨੇ ਭਗਤ ਬੇਣੀ ਜੀ ਦੇ ਨਾਮ ਹੇਠ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮਿਲਦੇ ੭ ਪਦਿਆਂ ਦਾ ਉਲੇਖ ਕੀਤਾ ਹੈ। ਇਹ ਪਦੇ ਦਾਦੂਪੰਥੀਆਂ ਦੇ ‘ਸਰਵਾਂਗੀ’ ਨਾਮਕ ਗ੍ਰੰਥ ਵਿਚ ਦਰਜ ਹਨ। ਇਨ੍ਹਾਂ ਵਿਚੋਂ ਕੁਝ ਪਦਿਆਂ ਦਾ ਪਾਠ ਇਸ ਪ੍ਰਕਾਰ ਹੈ:

ਪਦਾ ੧
ਬ੍ਰਹਮਰੰਧਰ ਸਥਾਨ ਬਾਟੀ, ਨਿਰਾਰਲੰਭ ਨਿਰਾਘਾਟੀ ।
ਨਿਰਾਕਾਰ, ਨਿਰਾਧਾਰ, ਨਿਰਬਿਸਿ ਕਾਯਾ ।
ਮੂਲ ਗਹਿ ਆਕਾਰ ਗਾਜੈ, ਪੰਚ ਸੋਵੈ ਯੇਕ ਜਾਗੇ ।
ਦੇਸਿ ਰੇ ਦੇਸਤਾ ਚੰਦਾ ਬਿਲਾਯਾ ॥੧੩॥
ਮ੍ਰਿਤ ਬਿਡ ਸੰਨੇਹ ਐਸਾ, ਤਿਰਣ ਅਗ੍ਰੇ ਬਿੰਦ ਜੈਸਾ।
ਵਹੈ ਬਿੰਦ ਜੇ ਗਗਨ ਰਾਸ਼ੈ, ਤਤ ਤਿਨ ਪਾਯਾ।।
ਮਨ ਪਵਨੈ ਜੋਤ ਲਵੈ, ਅਨਾਹਦ ਜੋ ਸ਼ਬਦ ਬਾਵੈ ।
ਬੇਣੀਦਾਸ ਨਿਵਾਸ ਚਰਣਾ, ਤ੍ਰਭਵਣ ਰਾਯਾ ।

ਪਦਾ
ਰਾਗ ਰਾਮਕਲੀ ੩ :
ਤਰ੍ਹਾਂ ਨਿਰੰਜਨ ਰਾਮ ਰੇ ਸੰਤੋ।
ਗੁਰਮੁਖਿ ਬੂਝੈ ਬਿਰਲਾ ਕੋਈ। ਟੇਕ ॥
ਇੜਾ ਪਿੰਗੁਲਾ ਔਰ ਸੁਖਮਨਾ, ਤੀਨਿ ਬਸੈ ਇਕ ਠਾਈ॥
ਤ੍ਰਬੇਣੀ ਸੰਗਮ ਪ੍ਰਾਗ ਤੀਰਥ, ਮਨ ਮੰਜਨ ਕਰੈ ਤਿਥਾਈ॥
ਦਸਵਾਂ ਦਵਾਰਾ ਅਪਰੰਪਾਰਾ, ਪਰਮ ਪੁਰਖ ਕੀ ਘਾਟੀ॥
ਤਾਂ ਮੈ ਹਾਟੁ ਹਾਟ ਮੈ ਆਲਾ, ਆਲਾ ਭੀਤਰਿ ਥਾਤੀ ॥
ਗੁਣ ਪਲਵ ਸਾਖਾ ਬਿਚਾਰੀ, ਆਪਣਾ ਜਨਮ ਨ ਜੁਵਾ ਹਾਰੀ॥
ਅਸੁਰ ਨਦੀ ਕਾ ਬਾਂਧੇ ਸੂਰ, ਪਛਿਮ ਫੇਰ ਚਢਾਵੈ ਸੂਰ ॥੩॥
ਬੀਜ ਮੰਤਰ ਲੇ ਹਿਰਦੈ ਰਹੈ, ਮਨਵਾ ਉਲਟਿ ਸੁਨਿ ਸੋ ਗਹੈ।
ਅਜਰੁ ਜਰੈ ਤਹਾਂ ਨੀਝਰ ਝਰੈ, ਤਹਾਂ ਸ੍ਰੀ ਜਗਨਾਥ ਜੋ ਗੋਸ਼ਿਠ ਕਰੇ ॥੪॥
ਦੇਵ ਅਸਥਾਨੇ ਤਹਾਂ ਕਿਯਾ ਨੀਸਾਨੀ । ਤਹਾਂ ਚੰਦ ਨਾ ਸੂਰ ਪਵਨ ਨਹੀਂ ਪਾਨੀ ।
ਉਪਜੀ ਸਾਖੀ ਗੁਰਮੁਖ ਜਾਣੀ, ਬਾਜੇ ਸ਼ਬਦ ਅਨਾਹਦ ਬਾਣੀ॥੫॥
ਐਸੀ ਕਲਾ ਕਾ ਜਾਣੈ ਭੇਵ, ਭੇਟੇ ਤਾਹਿ ਪਰਮ ਗੁਰਦੇਵ ॥
ਮਸਤਕ ਪਦਮ ਦੇਵਾਲੇ ਮਣੀ, ਤਹਾਂ ਨਿਰੰਜਨ ਤ੍ਰਿਭਵਣ ਧਣੀ॥੬॥
ਚਹੁ ਦਿਸਿ ਦੀਯਾ ਜੋਤਿ ਦਿਵਾਲ, ਪਲੋ ਅਨੰਤ ਮੂਲ ਵਿਚ ਡਾਲ।
ਸਰਬ ਕਲਾ ਲੇ ਆਪਣੇ ਰਹੈ, ਮਨ ਮਾਣਿਕ ਰਤਨ ਸੌ ਗਹੈ ॥੭॥
ਜਾਗਤੁ ਰਹੈ ਨ ਅਲੀ ਅਲ ਭਾਸ਼ੈ, ਪਾਂਚੋਂ ਇੰਦ੍ਰੀ ਦਿਢ ਕਰਿ ਰਾਖੈ॥
ਗੁਰੁ ਕੀ ਸਾਖੀ ਰਾਖੈ ਚੀਤਿ, ਕਾਯਾ ਦੇਵੇ ਕ੍ਰਿਸ਼ਨ ਪ੍ਰੀਤਿ ॥੯॥
ਸਾਤ ਸ਼ਬਦ ਨਿਰਮਾਇਲ ਬਾਜੈ, ਢੁਲੈ ਕਵਨ ਅਸੰਖਿ ਧੁਨਿ ਗਾਜੈ।
ਦੈਤਾਂ ਮਰਦਨ ਗੁਰ ਕੋ ਗਿਆਨ, ਬੇਣੀ ਜਾਚੈ ਹਰਿ ਕੇ ਧਯਾਨ ॥੯॥੮॥
ਐਸਾ ਯੋਗ ਧਯਾਵੋ ਰੇ ਬਾਲਾ, ਮੁਕਤਿ ਹੈ ਦਾਸੀ । ਕਰਮ ਕੇ ਸਬ ਬੰਧਨ ਛੂਟੇ, ਅਕਲੁ ਅਬਨਾਸੀ ॥ ਟੇਕ ॥
ਸਹਜ ਕੀ ਪਾਖੁਡੀ ਜਾਗੀ, ਅਰਧ ਉਰਧ ਕਲਾ ਤਯਾਗੀ । ਚੰਦ ਸੂਰਿਜ ਸਮਿ ਹਵਾ, ਬ੍ਰਹਮ ਲੋਯ ਲਾਗੀ ॥੧॥
ਤਹਾਂ ਸ਼ਬਦ ਗਾਜੈ ਮੋਹ ਮਾਜੈ, ਸਾਰ ਸੇਤੀ ਸਾਰ ਬਾਜੈ । ਚਾਹਤੀ ਚਾਹਤੀ ਯੇਕ ਸੰਖਣੀ ਭਾਗੀ, ਤਹਾਂ ਸੀਨਿ ਬਾਂਜੇ ਤੀਨਿ ਗਾਂਜੈ ॥
ਤੀਨਿ ਮੋਟੇ ਯੋਗ ਸਾਜੈ, ਮੀਨ ਜੈਸੇ ਦ੍ਰਿਸ਼ਟਿ ਰਾਖੈ, ਉਨਮਨੀ ਮਾਹੀਂ ॥੩॥
ਤਹਾਂ ਧੁਨਿ ਸੇਤੀ ਮਨੁ ਮਾਨਯਾ, ਆਪਾ ਸੇਤੀ ਜਾਪ ਜਾਨਯਾ । ਗੁਰ ਸਿਖੈ ਭਯਾ ਪਰਚਾ, ਭੇਦ ਤਹਾਂ ਨਾਹੀਂ ।੪।
ਤਹਾਂ ਬਿਸ਼ਮ ਕਾਯਾ ਸਹਜ ਝੰਡੀ, ਜੁਰਾ ਮਹਿਤ ਉਪਾਧਿ ਖੰਡੀ । ਸਿੰਧ ਸਯਾਲ ਚਰਨ ਲਾਗੇ, ਭਯੇ ਨਿਰਦੰਦੀ ॥੫॥
ਤਹਾਂ ਆਦਿ ਸ਼ਬਦੈ ਸੁਰਤਿ ਸਾਈ, ਬਿੰਦ ਕੋਲੈ ਚਢੀ ਬਾਈ । ਕਾਲ ਕੇ ਭੈ ਤਹਾਂ ਭਾਗਾ, ਸੰਸ਼ਣੀ ਬੰਦੀ ।੬।
ਸਕਤਿ ਸੇਤੀ ਸਕਤਿ ਰਾਤਾ, ਆਪ ਸੇਤੀ ਆਪੁ ਜਾਤਾ ॥ ਆਪ ਚੀਨਹੈ ਭਯਾ ਪਰਚਾ, ਪਿੰਡ ਤਹਾਂ ਮੁਕਤਾ ॥੭॥
ਤਹਾਂ ਖੇਚਰੀ ਨਹੀਂ ਬਖਾਨੀ, ਸਹਜ ਮਧੇ ਕਾਲ ਜਾਣੀ । ਭਯਾ ਬੇਣੀ ਪਯੰਡ ਪੁੰਡਰਕ ਸੀਧਾ, ਭਯੇ ਨਿਰਬਾਣੀ ॥੮॥੯॥

ਪਦਾ
ਚੇਤਿ ਰੇ ਆਤਮਾ ਚੇਤ, ਆਪ ਸੇਤੀ ਆਪ ਹੇਤ । ਜੰਤਰ ਮੰਤਰ ਮੋਰਿ ਮੁਢਾ ਕੌਣ ਸਾਧੈ ਪੁੱਤ ।
ਗਯਾਨ ਖੜਗ ਬਾਂਧੀ ਨੇਤ, ਮੁਕਤਿ ਦਵਾਰੇ ਹੇਤ । ਰਾਮ ਰਾਇ ਦਯਾ ਕੀਨੀ, ਛੁਟਾਰੇ ਸਹਜੈ ਸੰਕੇਤ ।
ਕਰਿ ਅਜਪਾ ਜਾਪ ਮਾਲੀ, ਤ੍ਰਿਕੁਟੀ ਸੰਧਿ ਪ੍ਰਜਾਲੀ । ਸੁਸ਼ਮਨਾ ਅੰਗ ਰਾਖੈ ਜੋਗਣੀ ਹਮਾਰੀ, ਮੂਲ ਚਕ੍ਰ ਉਡ਼ਿਯਾਈ ।
ਬਾਇਲੈ ਅਨਹਦ ਬਾਣੀ ਅਨਰੂਪ ਜੋਤਿ, ਭੇਦ ਲਾਈ ਲੈ ਤਾਲੀ॥੧॥
ਮਾਯਾ ਮਧੇ ਪ੍ਰੀਤ ਲੋਟ, ਜੀਤਿ ਲੇ ਮਨ ਕਛੋਟਾ। ਮਾਯਾਬੰਧੂ ਮੋਟਿ ਕਰਿ ਲੈ ਗਿਆਨ ਜੋ ਗੋਟਾ ।
ਜਾਲਿ ਪ੍ਰਕੀਰਤਿ ਵਿਊਤਿ ਅੋਟਾ, ਤਾਲੀ (ੜੀ) ਲਾਗੀ ਗੁਰੂ ਭੇਟਾ। ਹਰਿ ਪਾਸਿ ਭਿਸ਼ਯਾ ਮਾਂਗੀ, ਮੈਟਯਾ ਰੇ ਟੇਟਾ ॥੨॥
ਮੁਖ ਅੰਮ੍ਰਿਤ ਰਹੈ ਗਿਆਨ ਗਰਾਸੈ, ਰਹਤ ਬੁਧਿ ਵਾ ਪਾਸੈ ॥ ਅਰਧੈ ਉਰਧੈ ਤਰੈ ਤੇ, ਬਾਈ ਸ਼ਬਦੈ ਜਾਸ, ਹਿਰਦੈ ਬਟਬਾ ਬੁਧਿ ਬੇਸਾਸ ।
ਔਸ਼ਧਿ ਸਹਜ ਪ੍ਰਕਾਸ਼, ਆਸਣ ਸਮਾਧਿ ਲਾਗੀ, ਜਗਨਨਾਥ ਪਾਸ ॥੩॥
ਮੁਦ੍ਰਾ ਸ਼ੇਖਰੀ ਮਨ ਪ੍ਰਵਾਨ, ਜਟਾ ਜੂਟ ਪਿੰਡ ਪ੍ਰਾਣ, ਗੋਰਖੀ ਜੰਜਾਲੀ ਖੇਲੈ ਨਖਸ਼ਸ਼ ਸਾਨ
ਸੁੰਨ ਸੇਤੀ ਰਹੈ ਧਯਾਨ, ਗਾਵੈ ਬੇਣੀ ਏਕ ਗਿਆਨ, ਅਨਹਦ ਸੀਗੀ ਬਾਜੈ, ਅਕੁਲ ਨਿਸਾਨ ॥ ਐਸਾ ਰੇ ਆਤਮਾ ਰਾਮ ਲਖਿਯਾ ਨਾ ਜਾਈ।
ਪ੍ਰਿਥਵੀ ਆਪ ਤੇਜ ਬਾਈ, ਅਕੁਲ ਰਹਿਆ ਸਮਾਈ ॥ਟੇਕ॥
ਤਹਾਂ ਦੇਖਤ ਰੂਪ ਨਾ ਰੰਗ, ਕੇਹਰਿ ਜੋੜੇ ਮਾਤੰਗ ਬਾਇ ਬੇਦ ਨਾ ਹੋੜੈ ।
ਕਨਕ ਝਾਲ ਤਕਾਲ, ਉਠਨ ਲਾਗੀ ਕਮਾਲ, ਤਿਨਿ ਘਰਿ ਘਰਿ ਨਾਠੋਂ ਦੀਪਕ ਜਾਨੈ ।
ਕਰਮ ਕੋ ਜਬ ਭਦੈ ਹੋਇ, ਧੂਲ ਮਧੇ ਲਖੇ ਸੋਈ, ਬਾਇ ਕੈ ਘਰ ਤੇਜ ਚੀਨਹੈ ਯਹ ਗੁਰ ਕੀ ਦਯਾ॥
ਮਨ ਪਵਨ ਥੋਕ ਬਾਟ, ਬਜਰ ਕੇ ਖੁਲੇ ਕਪਾਟ, ਤਹਾਂ ਕਛੁ ਚਿਨਹ ਲਾਗਿ ਲੈ ਲਾਯਾ ॥ ਜੈਸੇ ਰੇ ਖਾਂਡ ਕੀ ਪੌਲੀ, ਸ਼ੀਰ ਧਤ ਤਾਹਿ ਬੋਲੀ, ਹੋਤਾ ਹੋਤੀ ਸਨਮੁੱਖ ॥ ਭਰਮ ਨਾ ਕੀਜੈ ਗਾਵੈ ਕੁੰਤ ਬੇਣੀਦਾਸ ਬੋਸ਼ਦੀ ਸਹਜੇ ਪ੍ਰਕਾਸ਼ । ਅੰਮ੍ਰਿਤ ਪੀਯੋ ਪਛੈ ਬਿਸ਼ ਨਾ ਪੀਜੈ ॥੩॥੨॥ (ਸਫਾ ੨੫੪, ੨੫੬, ੨੫੭)

ਪਦਾ
ਰਾਗ ਭੈਰੋਂ
ਸੋਹੰ ਹੰਸਾ ਡਕਾਵਰ, ਸ਼ਬਦ ਅਨੁਹਾਦ ਬਾਜੈ ਭੇਰੀ ।। ਟੇਕ ॥
ਆਸਣ ਬੈਠੇ ਜਰੈ ਅਨੰਗ, ਵਯਾਪਕ ਬਾਤ ਕਹੈ ਸਰਬੰਗ ।। ਜੋ ਬੁਝਣਾ ਤੇ ਬੂਝੋ ਆਇ, ਕਰਮ ਕਲਿਤ ਜੀਵ ਕਹਾਂ ਸਮਾਇ ॥੧॥
ਅਰਧ ਕਵਲ ਤੇ ਉਰਧ ਧਰੈ, ਪਰਮ ਤੱਤ ਲੈ ਔਸ਼ਦਿ ਭਰੈ ॥ ਸੋਹੰ ਹੰਸਾ ਯੇ ਦੇ ਬੰਕ, ਸ਼ਬਦ ਅਨਾਹਦ ਲਾਈ ਲੈ ਡੰਗ ॥੨॥
ਇਕ ਬੀਸ ਸਹੰਸ ਲਹਿਰ ਕਾ ਬਾਸ, ਮੂਲ ਗਹੈ ਗਰਜੈ ਆਕਾਸ ॥ ਸੁਨਿ ਮੰਡਲ ਮੈ ਦੀਪਕ ਜਰੈ, ਤਹਾਂ ਮਨ ਦੇਵਤਾ ਕੌਤਿਗੁ ਕਰੈ ।
ਦਵਾਦਸ ਲਹਿਰ ਅੰਗ ਭਰਿ ਰਹੀ, ਥੂਲ ਸਮੂਲ ਗਹੈ ਗਤਿ ਨਹੀਂ । ਬੇਣੀ ਭਣੈ ਰਾਮ ਸੋ ਹੇਤੇ, ਨਿਰਬਿਸ਼ਸ਼ ਭਯਾ ਗਯਾ ਸੰਕੇਤ ॥੪॥੨੨॥

ਗਿ. ਗੁਰਦਿੱਤ ਸਿੰਘ ਨੇ ਉਪਰੋਕਤ ਰਚਨਾ ਬਾਰੇ ਲਿਖਿਆ ਹੈ ਕਿ ਭਾਵੇਂ ਇਹ ਰਚਨਾ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਜਿੰਨੀ ਪ੍ਰਮਾਣਕ ਨਹੀਂ ਕਹੀ ਜਾ ਸਕਦੀ ਤਾਂ ਵੀ ਇਸ ਤੋਂ ਭਗਤ ਜੀ ਦੀ ਮਾਨਸਿਕਤਾ ਅਤੇ ਅਧਿਆਤਮਕ ਮਾਰਗ ਵਿਚ ਆਪ ਜੀ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਹੁੰਦੀ ਹੈ। ਸਾਰੀਆਂ ਹੀ ਰਚਨਾਵਾਂ ਵਿਚੋਂ ਇਹ ਗੱਲ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਭਗਤ ਬੇਣੀ ਜੀ ਨੇ ਗੁਰਮਤਿ ਵਿਚਾਰਧਾਰਾ ਨੂੰ ਆਪਣੇ ਅੰਦਰ ਸਾਕਾਰ ਕੀਤਾ ਹੋਇਆ ਸੀ। ਇਸ ਕਾਰਣ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਹੀ ਰਚਨਾ ਹੋਈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ, ਪੰਨਾ ੩੯੯


ਇਤਿਹਾਸਕ ਪਖ ਤੋਂ ਭਗਤ ਬੇਣੀ ਜੀ ਦੇ ਸ਼ਬਦਾਂ ਦੇ ਉਚਾਰਨ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।