ਰਾਗ ਬਿਲਾਵਲ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਬਿਲਾਵਲ ਰਾਗ ਨੂੰ ਤਰਤੀਬ ਅਨੁਸਾਰ ਸੋਲ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੯੫ ਤੋਂ ੮੫੮ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੩੦, ਗੁਰੂ ਅਮਰਦਾਸ ਸਾਹਿਬ ਦੇ ੫੧, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੩੭, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੨, ਭਗਤ ਰਵਿਦਾਸ ਜੀ ਦੇ ੨ ਅਤੇ ਭਗਤ ਨਾਮਦੇਵ ਜੀ ਤੇ ਭਗਤ ਸਧਨਾ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੧੦
ਬਿਲਾਵਲ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਮੱਧਕਾਲ ਦੇ ਲਗਭਗ ਹਰੇਕ ਗ੍ਰੰਥਕਾਰ ਨੇ ਇਸ ਰਾਗ ਦਾ ਜਿਕਰ ਕੀਤਾ ਹੈ। ਸੰਸਕ੍ਰਿਤ ਗ੍ਰੰਥਕਾਰ ਇਸ ਨੂੰ ਵੇਲਾਵਲੀ, ਵਿਲਾਵਲੀ ਜਾਂ ਬਿਲਾਵਲੀ ਕਹਿੰਦੇ ਹਨ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੭੦
ਇਸ ਰਾਗ ਦੇ ਹੋਰ ਵੀ ਅਨੇਕ ਪ੍ਰਕਾਰ ਪ੍ਰਚਲਤ ਹਨ, ਜਿਵੇਂ: ਅਲਹੀਆ ਬਿਲਾਵਲ, ਸ਼ੁਕਲ ਬਿਲਾਵਲ, ਦੇਵਗਿਰੀ ਬਿਲਾਵਲ, ਯਮਨੀ ਬਿਲਾਵਲ, ਬਿਹਾਗ ਬਿਲਾਵਲ, ਸੂਹਾ ਬਿਲਾਵਲ, ਏਮਨ ਬਿਲਾਵਲ, ਕਾਮੋਦੀ ਬਿਲਾਵਲ, ਬਿਲਾਵਲ, ਮਧਰਮੀਆ ਬਿਲਾਵਲ ਆਦਿ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਦੂਜਾ, ਪੰਨਾ ੩
ਗੁਰੂ ਗ੍ਰੰਥ ਸਾਹਿਬ ਵਿਚ ਬਿਲਾਵਲ ਰਾਗ ਦੇ ਦੋ ਹੋਰ ਪ੍ਰਕਾਰ, ਬਿਲਾਵਲ ਦਖਣੀ ਅਤੇ ਬਿਲਾਵਲ ਮੰਗਲ ਦਰਜ ਹਨ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਦੂਜਾ, ਪੰਨਾ ੬
ਬਿਲਾਵਲ ਨੂੰ ਮੰਗਲਮਈ ਤੇ ਖੁਸ਼ੀ ਦਾ ਰਾਗ ਮੰਨਿਆ ਗਿਆ ਹੈ। ਖੁਸ਼ੀ ਦੇ ਸਮਾਗਮਾਂ ਸਮੇਂ ਬਿਲਾਵਲ ਰਾਗ ਵਿਚ ਕੀਰਤਨ ਕਰਨ ਦੀ ਪ੍ਰਥਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਰਾਗ ਦੇ ਅੰਤਰਗਤ ਉਚਾਰੀ ਗਈ ਬਾਣੀ ਵਿਚ ਪਰਮਾਤਮਾ ਦੇ ਮਿਲਾਪ ਉਪਰੰਤ ਪੈਦਾ ਹੋਈ ਨਿਰਾਲੀ ਖੁਸ਼ੀ, ਜਿਹੜੀ ਆਤਮਕ ਜਿੰਦਗੀ ਦੇ ਸਫਰ ਵਿਚ ਹੁਲਾਸ, ਖੇੜਾ ਅਤੇ ਅਨੰਦ ਪੈਦਾ ਕਰਦੀ ਹੈ, ਦਾ ਵਧੇਰੇ ਵਰਣਨ ਹੈ।
ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੪੫
ਪਰ ਗੁਰਬਾਣੀ ਅਨੁਸਾਰ ਬਿਲਾਵਲ ਸਮੇਤ ਸਮੂਹ ਰਾਗ-ਨਾਦ ਤਦ ਹੀ ਸੁਹਾਵਣੇ ਹਨ, ਜਦ ਹਿਰਦਾ ਨਾਮ ਨਾਲ ਜੁੜਿਆ ਹੋਵੇ: ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ -ਗੁਰੂ ਗ੍ਰੰਥ ਸਾਹਿਬ ੮੪੯
ਕੁਝ ਵਿਦਵਾਨ ਬਿਲਾਵਲ ਨੂੰ ਸੰਪੂਰਣ ਜਾਤੀ ਦਾ ਰਾਗ ਮੰਨਦੇ ਹਨ ਅਤੇ ਕੁਝ ਰਾਗਣੀ ਮੰਨਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਵੀ ਇਸ ਨੂੰ ਸੰਪੂਰਣ ਜਾਤੀ ਦਾ ਰਾਗ ਹੀ ਮੰਨਦੇ ਹਨ, ਜਿਸ ਵਿਚ ਸਾਰੇ ਸਵਰ ਸ਼ੁਧ ਹਨ।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੮੭੬
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਬਿਲਾਵਲ ਨੂੰ ਭੈਰਵ ਰਾਗ ਦਾ ਪੁੱਤਰ
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ।। ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ।।੧।। -ਗੁਰੂ ਗ੍ਰੰਥ ਸਾਹਿਬ ੧੪੩੦
ਅਤੇ ਬਿਲਾਵਲੀ ਨੂੰ ਭੈਰਵ ਰਾਗ ਦੀ ਪਤਨੀ
ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆ ਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ -ਗੁਰੂ ਗ੍ਰੰਥ ਸਾਹਿਬ ੧੪੩੦
(ਰਾਗਣੀ) ਮੰਨਿਆ ਗਿਆ ਹੈ। ਬੇਸ਼ੱਕ ਰਾਗਮਾਲਾ ਵਿਚ ਬਿਲਾਵਲ ਅਤੇ ਬਿਲਾਵਲੀ ਨੂੰ ਵਖ-ਵਖ ਮੰਨਿਆ ਗਿਆ ਹੈ। ਪਰ ਪ੍ਰੋ. ਤਾਰਾ ਸਿੰਘ ਤੇ ਹੋਰਨਾਂ ਵਿਦਵਾਨਾਂ ਵੱਲੋਂ ਬਿਲਾਵਲ ਨੂੰ ਹੀ ਬਿਲਾਵਲੀ ਕਿਹਾ ਗਿਆ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੭੦
ਬਿਲਾਵਲ, ਆਪਣੇ ਹੀ ਥਾਟ ਤੋਂ ਜਨਮਿਆ ਰਾਗ ਹੈ। ਪੰਡਿਤ ਭਾਤਖੰਡੇ ਨੇ ਬਿਲਾਵਲ ਥਾਟ ਨੂੰ ਸ਼ੁਧ ਥਾਟ ਮੰਨਿਆ ਹੈ।
ਮ੍ਰਿਗੇਂਦਰ ਸਿੰਘ, ਵਾਦਨ ਸਾਗਰ, ਪੰਨਾ ੧੨
ਇਸ ਥਾਟ/ਰਾਗ ਵਿਚ ਸਾਰੇ ਸਵਰ ਸ਼ੁਧ ਲੱਗਦੇ ਹਨ। ਇਹ ਸਵੇਰ ਵੇਲੇ ਦਾ ਰਾਗ ਹੈ। ਇਸ ਕਾਰਣ ਇਸ ਨੂੰ ਸਵੇਰ ਦਾ ਕਲਿਆਣ ਵੀ ਕਿਹਾ ਜਾਂਦਾ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੭੦
ਉੱਤਰੀ ਸੰਗੀਤ ਪਧਤੀ ਵਿਚ ਉਨੀਵੀਂ ਸਦੀ ਦੇ ਪਹਿਲੇ ਹਿੱਸੇ ਤੋਂ ਬਿਲਾਵਲ ਨੂੰ ਅਧਾਰ ਸਪਤਕ ਮੰਨਿਆ ਜਾਂਦਾ ਹੈ। ਬਿਲਾਵਲ ਦਾ ਸਵਰ ਸਪਤਕ ਪੱਛਮੀ ਸੰਗੀਤ ਦੇ ਸੀ-ਮੇਜਰ ਨਾਲ ਮਿਲਦਾ ਹੈ। ਅੱਜ ਇਹ ਬਿਲਾਵਲ ਥਾਟ ਦਾ ਮੁੱਖ ਰਾਗ ਹੈ।
ਪ੍ਰੋ. ਹਰਬੰਸ ਸਿੰਘ (ਸੰਪਾ.), ਦ ਇਨਸਾਈਕਲੋਪੀਡਿਆ ਆਫ ਸਿਖਇਜ਼ਮ, ਭਾਗ ਦੂਜਾ, ਪੰਨਾ ੧੭੩-੭੪
ਗੁਰਮਤਿ ਸੰਗੀਤ ਵਿਚ ਬਿਲਾਵਲ ਰਾਗ ਪ੍ਰਚਲਤ ਤੇ ਮਹੱਤਵਪੂਰਨ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਰਤਨ ਚੌਂਕੀਆਂ
ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ, ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤਕ ਹੋਣ ਵਾਲੇ ਕੀਰਤਨ ਨੂੰ ਵਖ-ਵਖ ਸਮਿਆਂ ਵਿਚ ਵੰਡ ਕੇ ਕੀਰਤਨ ਚੌਂਕੀਆਂ ਦਾ ਨਾਂ ਦਿੱਤਾ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼, ਪੰਨਾ ੪੬੩) ਅਨੁਸਾਰ ਇਨ੍ਹਾਂ ਚੌਂਕੀਆਂ ਦੀ ਗਿਣਤੀ ਚਾਰ ਹੈ: ੧. ਅਮ੍ਰਿਤ ਵੇਲੇ ‘ਆਸਾ ਦੀ ਵਾਰ ਦੀ ਚੌਂਕੀ’ ੨. ਸਵਾ ਪਹਿਰ ਦਿਨ ਚੜ੍ਹੇ ‘ਚਰਨਕਵਲ ਦੀ ਚੌਂਕੀ’ ੩. ਸੰਝ ਵੇਲੇ ‘ਸੋਦਰ ਦੀ ਚੌਂਕੀ’ ੪. ਚਾਰ ਘੜੀ ਰਾਤ ਬੀਤਣ ‘ਤੇ ‘ਕਲਯਾਨ ਦੀ ਚੌਂਕੀ’। ਪਰ ਡਾ. ਜਸਵੰਤ ਸਿੰਘ ਨੇਕੀ (ਅਰਦਾਸ, ਪੰਨਾ ੨੨੧) ਨੇ ਇਨ੍ਹਾਂ ਚੌਂਕੀਆਂ ਵਿਚ ਸੂਰਜ ਚੜ੍ਹਦੇ ਸਾਰ ਅਰੰਭ ਹੋਣ ਵਾਲੀ ‘ਬਿਲਾਵਲ ਦੀ ਚੌਂਕੀ’ ਦਾ ਵੀ ਉਲੇਖ ਕੀਤਾ ਹੈ।
ਦੀ ਜਿਹੜੀ ਮਰਆਦਾ ਕਾਇਮ ਕੀਤੀ, ਉਸ ਵਿਚ ਆਸਾ ਕੀ ਵਾਰ ਦੀ ਚੌਂਕੀ ਤੋਂ ਬਾਅਦ ਬਿਲਾਵਲ ਦੀ ਚੌਂਕੀ ਨੂੰ ਸਥਾਪਤ ਕੀਤਾ। ਅੱਜ ਵੀ ਬਿਲਾਵਲ ਦੀ ਕੀਰਤਨ ਚੌਂਕੀ ਵਿਚ ਤਿੰਨ ਰਾਗੀ ਜਥੇ ਤਕਰੀਬਨ ਸਵੇਰੇ ਸਤ ਵਜੇ ਤੋਂ ਦਸ ਵਜੇ ਤਕ ਕੀਰਤਨ ਦੀ ਸੇਵਾ ਕਰਦੇ ਹਨ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਨ, ਭਾਗ ਦੂਜਾ, ਪੰਨਾ ੫
ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਰਾਗ ਨਿਰਣਾਇਕ ਕਮੇਟੀ ਤੇ ਹੋਰਨਾਂ ਵਿਦਵਾਨਾਂ ਨੇ ਬਿਲਾਵਲ ਰਾਗ ਦਾ ਜੋ ਸਰੂਪ ਦਰਸਾਇਆ ਹੈ, ਉਹ ਨਿਮਨਲਿਖਤ ਅਨੁਸਾਰ ਹੈ:
ਰਾਗ ਬਿਲਾਵਲ ਦਾ ਸਰੂਪ
ਥਾਟ: ਬਿਲਾਵਲ।
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਕੋਈ ਨਹੀਂ।
ਜਾਤੀ: ਸੰਪੂਰਨ-ਸੰਪੂਰਨ।
ਵਾਦੀ: ਧੈਵਤ।
ਸੰਵਾਦੀ: ਗੰਧਾਰ।
ਆਰੋਹ: ਸਾ, ਰੇ ਗਾ, ਮਾ ਪਾ, ਧਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ, ਪਾ, ਮਾ ਗਾ, ਰੇ ਸਾ।
ਮੁੱਖ ਅੰਗ (ਪਕੜ): ਗਾ ਰੇ, ਗਾ ਪਾ ਧਾ ਪਾ, ਮਾ ਗਾ, ਮਾ ਰੇ ਸਾ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੭੧; ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ ਦੂਜਾ, ਪੰਨਾ ੪੮੧; ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੪੭
ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ।