ਗੁਰੂ ਗ੍ਰੰਥ ਸਾਹਿਬ ਵਿਚ ਇਸ ਕਾਵਿ-ਰੂਪ ਲਈ ‘ਵਾਰ ਸਤ’ ਸ਼ਬਦ ਵਰਤਿਆ ਗਿਆ ਹੈ। ਭਗਤ ਕਬੀਰ ਜੀ (ਜਨਮ ੧੩੯੮ ਈ.) ਦੁਆਰਾ ਗਉੜੀ ਰਾਗ ਵਿਚ ਅਤੇ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਬਿਲਾਵਲ ਰਾਗ ਵਿਚ ਇਸ ਕਾਵਿ-ਰੂਪ ਦੇ ਅੰਤਰਗਤ ਬਾਣੀ ਉਚਾਰਣ ਕੀਤੀ ਗਈ ਹੈ।
ਸੂਫੀ ਕਵੀ ਬੁਲ੍ਹੇ ਸ਼ਾਹ ਨੇ ‘ਸਤਵਾਰੇ’ ਲਈ ‘ਅਠਵਾਰਾ’ ਸ਼ਬਦ ਵਰਤਿਆ ਹੈ। ਇਸ ਦਾ ਕਾਰਣ ਇਹ ਹੈ ਕਿ ਇਸ ਵਿਚ ਜੁੰਮੇ (ਸੁੱਕਰਵਾਰ) ਦਾ ਦੋ ਵਾਰ ਜਿਕਰ ਹੈ। ਡਾ. ਗੁਰਦੇਵ ਸਿੰਘ ਅਨੁਸਾਰ ਇਸਲਾਮੀ ਜਗਤ ਵਿਚ ਜੁੰਮੇ ਦੀ ਵਿਸ਼ੇਸ਼ ਮਹੱਤਤਾ ਕਾਰਣ ‘ਸਤਵਾਰਾ’ ਕਾਵਿ-ਰੂਪ ਵਿਚ ਇਸ ਨੂੰ ਦੋ ਵਾਰ ਛੰਦ-ਬਧ ਕੀਤਾ ਜਾਂਦਾ ਹੈ। ਇਸੇ ਕਾਰਣ ਇਸ ਨੂੰ ‘ਸਤਵਾਰਾ’ ਦੀ ਥਾਂ ‘ਅਠਵਾਰਾ’ ਕਿਹਾ ਜਾਂਦਾ ਹੈ। ਸੋ, ਅਠਵਾਰੇ ਨੂੰ ‘ਸਤਵਾਰਾ’ ਕਾਵਿ-ਰੂਪ ਦਾ ਹੀ ਇਕ ਹੋਰ ਨਾਮ ਕਹਿ ਸਕਦੇ ਹਾਂ।

ਪੰਜਾਬੀ ਸਾਹਿਤ ਅਤੇ ਲੋਕ-ਸਾਹਿਤ ਵਿਚ ਵੀ ਇਹ ਕਾਵਿ-ਰੂਪ ਬਹੁਤ ਮਕਬੂਲ ਹੋਇਆ ਹੈ। ਇਸ ਕਾਵਿ-ਰੂਪ ਦੇ ਰਚੈਤਾ ਇਸ ਦੀ ਬਣਤਰ ਅਤੇ ਰੂਪ-ਵਿਧਾਨ ਵਿਚ ਖੁਲ੍ਹ ਲੈਂਦੇ ਰਹੇ ਹਨ। ਉਦਾਹਰਣ ਵਜੋਂ ਹਫਤੇ ਦੇ ਜਿਸ ਦਿਨ ਤੋਂ ਵੀ ਕਵੀ ਦਾ ਮਨ ਹੋਵੇ, ਆਪਣੀ ਰਚਨਾ ਸ਼ੁਰੂ ਕਰ ਸਕਦਾ ਹੈ ਅਤੇ ਦਿਨਾਂ ਦੀ ਗਿਣਤੀ ਅਤੇ ਕ੍ਰਮ ਨੂੰ ਠੀਕ ਰਖਦਿਆਂ ਰਚਨਾ ਸੰਪੂਰਨ ਕਰ ਸਕਦਾ ਹੈ। ਵਧੇਰੇ ਕਵੀਆਂ ਨੇ ਸਤਵਾਰਾ ਜਾਂ ਅਠਵਾਰਾ ਕਾਵਿ-ਰੂਪ ਦਾ ਅਰੰਭਕ ਬੰਦ ਐਤਵਾਰ ਵਾਲਾ ਰਖਿਆ ਹੈ। ਪਰ ਮੁਸਲਮਾਨ ਕਵੀ ਇਸ ਨੂੰ ਛਨਿਛਰਵਾਰ ਤੋਂ ਸ਼ੁਰੂ ਕਰਦੇ ਹਨ। ਇਹ ਕਾਵਿ-ਰੂਪ ਬੇਸ਼ੱਕ ਲੋਕ-ਕਾਵਿ ਵਜੋਂ ਅੱਜ ਵੀ ਗਾਇਆ ਜਾਂਦਾ ਹੈ, ਪਰ ਵਿਸ਼ਿਸ਼ਟ-ਕਾਵਿ ਦੇ ਨਵੀਨ ਰੂਪਾਂ ਵਿਚ ਇਹ ਪ੍ਰਚਲਤ ਨਹੀਂ ਹੈ।

ਸਤਵਾਰਾ ਕਾਵਿ-ਰੂਪ ਅਤੇ ਦਿਨਾਂ ਨਾਲ ਜੁੜੇ ਵਹਿਮ-ਭਰਮ
ਸਾਡੇ ਲੋਕ-ਵਿਸ਼ਵਾਸ਼ਾਂ ਵਿਚ ਦਿਨਾਂ ਨਾਲ ਕੁਝ ਵਹਿਮ-ਭਰਮ ਜੁੜੇ ਹੋਏ ਹਨ। ਇਹ ਵਹਿਮ-ਭਰਮ ਇਨ੍ਹਾਂ ਦਿਨਾਂ ਨਾਲ ਕਦੋਂ ਜੁੜਨੇ ਅਰੰਭ ਹੋਏ, ਇਸ ਦਾ ਪਤਾ ਨਹੀਂ। ਸ਼ਾਇਦ ਇਹ ਆਦਮ ਚੇਤਨਾ (ਮਨੁਖੀ ਚੇਤਨਾ) ਜਿੰਨੇ ਹੀ ਪੁਰਾਣੇ ਹਨ। ਇਸ ਤਰ੍ਹਾਂ ਲਗਦਾ ਹੈ ਕਿ ਕਿਸੇ ਮਨੁਖ ਨਾਲ ਜਿਸ ਦਿਨ ਬੁਰੀ ਘਟਨਾ ਵਾਪਰ ਗਈ, ਉਸ ਦਿਨ ਨਾਲ ਭੈੜੇਪਣ ਦੀ ਗੱਲ ਜੁੜ ਗਈ। ਜਿਸ ਦਿਨ ਕਿਸੇ ਨੂੰ ਕੋਈ ਖੁਸ਼ੀ ਦੀ ਖਬਰ ਮਿਲ ਗਈ, ਉਸ ਲਈ ਉਹ ਇਕ ਯਾਦਗਾਰੀ ਦਿਨ ਬਣ ਗਿਆ। ਸ਼ਾਇਦ ਇਸੇ ਤਰ੍ਹਾਂ ਲੋਕ-ਸਮੂਹ ਦੇ ਵਿਅਕਤੀਗਤ ਅਨੁਭਵ ਹੀ, ਮੰਦੇ-ਚੰਗੇ ਦੀ ਭਾਵਨਾ ਨਾਲ ਜੁੜ ਕੇ, ਇਨ੍ਹਾਂ ਦਿਨਾਂ ਨਾਲ ਸੰਬੰਧਤ ਹੋ ਗਏ।

ਆਮ ਤੌਰ ’ਤੇ ਵਹਿਮਾਂ-ਭਰਮਾਂ ਨੂੰ ਪੰਡਤਾਂ ਅਤੇ ਜੋਤਸ਼ੀਆਂ ਨਾਲ ਜੋੜਿਆ ਜਾਂਦਾ ਹੈ। ਪਰ ਇਹ ਕੇਵਲ ਇਨ੍ਹਾਂ ਨਾਲ ਹੀ ਜੁੜੇ ਹੋਏ ਨਹੀਂ ਹਨ, ਸਗੋਂ ਆਮ ਵਰਤੋਂ ਵਿਹਾਰ ਵਿਚ ਵੀ ਸ਼ੁਭ-ਅਸ਼ੁਭ ਦੇ ਖਿਆਲ ਅਤੇ ਵਹਿਮ-ਭਰਮ ਪਹਿਲਾਂ ਵੀ ਸਨ ਤੇ ਹੁਣ ਵੀ ਹਨ। ਜਿਵੇਂ, ਮੰਗਲਵਾਰ ਤੇ ਵੀਰਵਾਰ ਨੂੰ ਚੀਹੜਾ ਵਾਰ (ਸਖਤ ਜਾਂ ਅਸ਼ੁਭ) ਆਖਦੇ ਹਨ। ਐਤਵਾਰ ਅਤੇ ਬੁੱਧਵਾਰ ਨੂੰ ਸ਼ੁਭ ਗਿਣਿਆ ਜਾਂਦਾ ਹੈ। ਨਵਾਂ ਕੱਪੜਾ ਬੁੱਧਵਾਰ ਅਤੇ ਛਨਿਛਰਵਾਰ ਨੂੰ ਪਹਿਨਣਾ ਚੰਗਾ ਮੰਨਿਆ ਜਾਂਦਾ ਹੈ। ਨਵਾਂ ਗਹਿਣਾ ਐਤਵਾਰ ਨੂੰ ਪਹਿਨਿਆ ਜਾਂਦਾ ਹੈ। ਐਤਵਾਰ ਧੀ ਨੂੰ ਘਰੋਂ ਨਹੀਂ ਤੋਰਿਆ ਜਾਂਦਾ। ਮੰਗਲਵਾਰ ਔਰਤਾਂ ਸਿਰ ਨਹੀਂ ਨਹਾਉਂਦੀਆਂ।

ਪੰਜਾਬੀ ਲੋਕ-ਕਾਵਿ ਵਿਚ ਇਨ੍ਹਾਂ ਵਹਿਮਾਂ-ਭਰਮਾਂ ਨੂੰ ਅਧਾਰ ਬਣਾ ਕੇ ਸਿਰਜੇ ਹੋਏ ਬਹੁਤ ਸਾਰੇ ਸਤਵਾਰੇ ਮਿਲਦੇ ਹਨ, ਜਿਨ੍ਹਾਂ ਦੀ ਸਿਰਜਣਾ ਲੋਕ-ਸਮੂਹ ਦੁਆਰਾ ਪੀੜ੍ਹੀ-ਦਰ-ਪੀੜ੍ਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੋਤਿਸ਼ ਵਿਚ ਵੀ ਵਖ-ਵਖ ਦਿਨਾਂ ਦਾ ਸੰਬੰਧ ਵਖ-ਵਖ ਗ੍ਰਹਿਆਂ ਨਾਲ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਸ਼ੁਭ-ਅਸ਼ੁਭ ਪ੍ਰਭਾਵ ਦਿਨਾਂ ਅਤੇ ਮਨੁਖਾਂ ਨਾਲ ਜੋੜਿਆ ਜਾਂਦਾ ਹੈ। ਜੋਤਿਸ਼ ਵਿਚ ਗ੍ਰਹਿਆਂ ਅਤੇ ਦਿਨਾਂ ਦਾ ਸੰਬੰਧ ਇਸ ਤਰ੍ਹਾਂ ਮੰਨਿਆ ਜਾਂਦਾ ਹੈ:
ਐਤਵਾਰ: ਐਤਵਾਰ (Sun-day) ਦਾ ਸੰਬੰਧ ਸੂਰਜ ਨਾਲ ਜੋੜਿਆ ਜਾਂਦਾ ਹੈ। ਜਿਸ ਤਰ੍ਹਾਂ ਸੌਰ-ਮੰਡਲ ਦਾ ਮੁੱਖ ਗ੍ਰਹਿ ਸੂਰਜ ਹੈ, ਉਸੇ ਤਰ੍ਹਾਂ ਐਤਵਾਰ ਜਾਂ ਰਵੀਵਾਰ ਹਫਤੇ ਦਾ ਮੁੱਖ ਜਾਂ ਪਹਿਲਾ ਦਿਨ ਮੰਨਿਆ ਜਾਂਦਾ ਹੈ।
ਸੋਮਵਾਰ: ਸੋਮ/ਚੰਦਰਮਾ ਗ੍ਰਹਿ ਨਾਲ ਸੰਬੰਧਤ ਵਾਰ ਹੈ। ਅੰਗਰੇਜ਼ੀ ਵਿਚ ਇਸ ਨੂੰ ਮੂਨ-ਡੇ (moon-day) ਜਾਂ ਮੰਡੇ (Monday), ਭਾਵ ਚੰਦਰਮਾ ਦਾ ਦਿਨ ਕਿਹਾ ਜਾਂਦਾ ਹੈ।
ਮੰਗਲਵਾਰ: ਇਹ ਵਾਰ ਮੰਗਲ ਗ੍ਰਹਿ (Mars) ਨਾਲ ਸੰਬੰਧਤ ਹੈ।
ਬੁੱਧਵਾਰ: ਇਸ ਦਾ ਨਾਂ ਬੁੱਧ ਗ੍ਰਹਿ (Mercury) ’ਤੇ ਆਧਾਰਤ ਹੈ।
ਵੀਰਵਾਰ: ਇਹ ਨਾਂ ਬ੍ਰਹਿਸਪਤੀ ਗ੍ਰਹਿ (Jupiter) ਤੋਂ ਲਿਆ ਗਿਆ ਹੈ।
ਸ਼ੁੱਕਰਵਾਰ: ਇਸ ਵਾਰ ਦਾ ਨਾਂ ਸ਼ੁੱਕਰ ਗ੍ਰਹਿ (Venus) ਦੇ ਨਾਂ ’ਤੇ ਰਖਿਆ ਗਿਆ ਹੈ।
ਛਨਿਛਰਵਾਰ ਜਾਂ ਸ਼ਨੀਵਾਰ: ਇਹ ਨਾਂ ਸ਼ਨੀ ਗ੍ਰਹਿ (Saturn) ਤੋਂ ਲਿਆ ਗਿਆ ਹੈ।

ਪੰਜਾਬੀ ਸਾਹਿਤ ਵਿਚ ਸਤਵਾਰਾ ਕਾਵਿ-ਰੂਪ
ਪੰਜਾਬੀ ਸਾਹਿਤ ਵਿਚ ਸਤਵਾਰਾ ਕਾਵਿ-ਰੂਪ ਮੌਖਿਕ ਅਤੇ ਲਿਖਤ ਦੋਵਾਂ ਰੂਪਾਂ ਵਿਚ ਮਿਲਦਾ ਹੈ। ਇਸ ਕਾਵਿ-ਰੂਪ ਦੇ ਉਦਾਹਰਣ ਪੰਜਾਬੀ ਲੋਕ-ਕਾਵਿ ਵਿਚ ਵੀ ਮਿਲਦੇ ਹਨ:
ਸੋਮਵਾਰ ਨਾ ਜਾਈਂ ਪਹਾੜ
ਜਿੱਤੀ ਬਾਜ਼ੀ ਆਵੇਂ ਹਾਰ।
ਮੰਗਲਵਾਰ ਦੀ ਬੁਰੀ ਦਿਹਾੜ
ਸ਼ੁਰੂ ਕੰਮ ਨਾ ਚੜ੍ਹਦਾ ਪਾਰ।
ਬੁੱਧਵਾਰ ਨਾ ਉਭੇ ਜਾਈਏ
ਜੇ ਜਾਈਏ ਤਾਂ ਦੁਖ ਹੀ ਪਾਈਏ।
ਵੀਰਵਾਰ ਜੋ ਸਿਰ ਮੁਨਾਏ
ਕਾਲਖ ਆਪਣੇ ਮੱਥੇ ਲਾਏ।
ਸ਼ੁੱਕਰ ਜਿਹੜਾ ਖੇਡਣ ਜਾਏ
ਯਾ ਗੋਡਾ ਯਾ ਲੱਤ ਭਨਾਏ।
ਛਨਿਛਰ ਨੂੰ ਜੋ ਸ਼ਨੀ ਧਿਆਇ
ਸਭ ਬਲਾਅ ਉਸ ਦੀ ਟਲ ਜਾਏ।
ਐਤਵਾਰ ਨਾ ਲੰਘੀਂ ਪਾਰ
ਮਤੇ ਜਿੱਤਾਂ ਆਵੇਂ ਹਾਰ।

ਪੰਜਾਬੀ ਲੋਕ-ਕਾਵਿ ਵਿਚ ਪ੍ਰਚਲਤ ਉਪਰੋਕਤ ਸਤਵਾਰੇ ਵਿਚ ਦਿਨਾਂ ਅਨੁਸਾਰ ਮੰਦੇ-ਚੰਗੇ ਫਲ ਦਾ ਉਲੇਖ ਕੀਤਾ ਗਿਆ ਹੈ। ਚੰਗੇ ਫਲ ਨਾਲੋਂ ਵੀ ਮੰਦੇ ਫਲ ਦਾ ਉਲੇਖ ਵਧੇਰੇ ਹੈ। ਇਸ ਦੇ ਨਾਲ-ਨਾਲ ਪੰਜਾਬੀ ਲੋਕ-ਕਾਵਿ ਵਿਚ ਕੁਝ ਸਤਵਾਰੇ ਅਜਿਹੇ ਵੀ ਮਿਲਦੇ ਹਨ, ਜਿਨ੍ਹਾਂ ਵਿਚ ਹਰ ਦਿਨ/ਵਾਰ ਨਾਲ ਸੰਬੰਧਤ ਕਿਸੇ ਮੁੱਖ ਕੰਮ ਨੂੰ ਕਰਨ ਦੀ ਹਦਾਇਤ ਜਾਂ ਸਿਫਾਰਸ਼ ਕੀਤੀ ਗਈ ਹੈ:
ਸੋਮਵਾਰ ਸੀਸ਼ਾ ਉੱਠ ਤਕਣਾ,
ਮੰਗਲਵਾਰ ਨੂੰ ਲੌਂਗ ਫਕਣਾ।
ਬੁੱਧਵਾਰ ਨੂੰ ਮਿੱਠਾ ਚੱਟੀਂ,
ਵੀਰ ਨੂੰ ਛਾਹ ਚਾ ਗੱਟੀਂ।
ਸ਼ੁੱਕਰਵਾਰ ਉੱਠ ਮੱਖਣ ਖਾ,
ਸ਼ਨਿਚਰਵਾਰ ਲੂਣ ਮੂੰਹ ਲਾ।
ਐਤਵਾਰ ਨੂੰ ਖਾ ਲੈ ਪਾਨ,
ਹੋਸੀ ਤੇਰਾ ਸਦਾ ਕਲਿਆਨ।

ਲੋਕ-ਕਾਵਿ ਸਮੇਤ ਪੰਜਾਬੀ ਦੇ ਵਿਸ਼ਿਸ਼ਟ ਸਾਹਿਤ ਵਿਚ ਵੀ ਇਸ ਕਾਵਿ-ਰੂਪ ਦੇ ਅੰਤਰਗਤ ਸਾਹਿਤ ਲਿਖਿਆ ਮਿਲ ਜਾਂਦਾ ਹੈ। ਪੰਜਾਬੀ ਦੇ ਆਦਿ ਕਵੀ ਗੋਰਖਨਾਥ ਨੇ ਆਪਣੇ ਉਪਦੇਸ਼ਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਇਸ ਕਾਵਿ-ਰੂਪ ਨੂੰ ਵੀ ਅਪਣਾਇਆ। ਗੋਰਖਬਾਣੀ ਵਿਚ ‘ਸਪਤਵਾਰ’ ਨਾਮੀ ਇਕ ਰਚਨਾ ਮਿਲਦੀ ਹੈ। ਇਸ ਵਿਚ ਜੋਗਮਤ ਦੇ ਸਿਧਾਂਤਾਂ ਅਨੁਸਾਰ ਆਤਮਕ ਉਚਾਈ ਦੀ ਗੱਲ ਕੀਤੀ ਗਈ ਹੈ। ਇਥੇ ਜਿਕਰਜੋਗ ਹੈ ਕਿ ਇਸ ਸਤਵਾਰੇ ਵਿਚ ਜੋਗਮਤ ਦੀ ਆਤਮਕ ਉਚਾਈ ਨੂੰ ਦਰਸਾਉਂਦੇ ਸਿਧਾਂਤ ਗੁਰਬਾਣੀ ਨਾਲੋਂ ਭਿੰਨਤਾ ਰਖਦੇ ਹਨ, ਭਾਵੇਂ ਕਿ ਸ਼ਬਦਾਵਲੀ ਦੀ ਪਧਰ ’ਤੇ ਗੁਰਬਾਣੀ ਅਤੇ ਜੋਗਮਤ ਦੀ ਨੇੜਤਾ ਜਾਪਦੀ ਹੈ:
“ਸੋਮਵਾਰ ਮਨ ਧਰਿਵਾ ਸੁੰਨਿ। ਨਿਹਚਲ ਕਾਯਾ ਪਾਪ ਨਾ ਪੁੰਨਿ।
ਸਸਿਹਰ ਬਰਿਖੈ ਅੰਬਰ ਭਰੈ। ਤੌ ਸੋਮਵਾਰ ਗੁੰਣ ਇਤਾ ਕਰੈ॥੨॥
ਮੰਗਲ ਬਿਖਮੀ ਮਾਇਆ ਬੰਧਿ। ਚੰਦ ਸੂਰ ਦੋਔ ਸੰਮਿ ਕਰ ਸੰਧਿ।
ਜਰਾ ਮਰਣ ਬੰਚੌ ਭੌ ਕਾਲ। ਤੌ ਗੁਰ ਪਾਵੌ ਮੰਗਲਵਾਰ॥੩॥”

ਗੋਰਖਬਾਣੀ ਤੋਂ ਇਲਾਵਾ ਸੂਫੀ ਕਾਵਿ ਵਿਚ ਵੀ ਬੁਲ੍ਹੇ ਸ਼ਾਹ ਦਾ ਲਿਖਿਆ ‘ਅਠਵਾਰਾ’ ਪ੍ਰਾਪਤ ਹੁੰਦਾ ਹੈ:
“ਛਨਿਛਰ ਵਾਰ ਉਤਾਵਲੇ ਵੇਖ ਸਜਨ ਦੀ ਸੋ
ਅਸਾਂ ਮੁੜ ਘਰ ਫੇਰ ਨਾ ਆਵਣਾ ਜੋ ਹੋਣੀ ਹੋਗ ਸੋ ਹੋ।
ਵਾਹ ਵਾਹ ਛਨਿਛਰ ਵਾਰ ਵਹੀਲੇ
ਦੁੱਖ ਸਜਨ ਦੇ ਮੈਂ ਦਿਲ ਪੀਲੇ।
ਢੂੰਡਾਂ ਔਝੜ ਜੰਗਲ ਬੇਲੇ
ਅਧੜੀ ਰੈਨ ਕੁਵੱਲੜੇ ਵੇਲੇ।
ਬਿਰਹੋਂ ਘੇਰੀਆਂ॥੧॥....”

ਗੁਰੂ ਗ੍ਰੰਥ ਸਾਹਿਬ ਵਿਚ ਸਤਵਾਰਾ ਕਾਵਿ-ਰੂਪ
ਗੁਰੂ ਗ੍ਰੰਥ ਸਾਹਿਬ ਵਿਚ ਰੁੱਤਾਂ, ਮਹੀਨਿਆਂ, ਥਿਤਾਂ, ਵਾਰਾਂ, ਦਿਨ-ਰਾਤ, ਪਹਿਰਾਂ ਆਦਿ ਉਪਰ ਅਧਾਰਤ ਬਾਣੀਆਂ ਮਿਲਦੀਆਂ ਹਨ, ਜਿਵੇਂ:
- ਦੇਸੀ ਸਾਲ ਦੀਆਂ ੬ ਰੁਤਾਂ ’ਤੇ ਅਧਾਰਤ ‘ਰੁਤੀ।’
- ਬਾਰਾਂ ਮਹੀਨਿਆਂ ’ਤੇ ਅਧਾਰਤ ‘ਬਾਰਹ ਮਾਹਾ।’
- ਚੰਦਰਮਾ ਦੀ ਸਥਿਤੀ ਅਨੁਸਾਰ ਗਿਣੇ ਜਾਣ ਵਾਲੇ ਪਖਾਂ (ਵਦੀ ਤੇ ਸੁਦੀ) ਦੀਆਂ ਥਿਤਾਂ (ਤਰੀਕਾਂ) ’ਤੇ ਅਧਾਰਤ ‘ਥਿਤੀ।’
- ਹਫਤੇ ਦੇ ਸੱਤ ਦਿਨਾਂ ’ਤੇ ਅਧਾਰਤ ‘ਵਾਰ ਸਤ।’
- ਦਿਨ ਅਤੇ ਰਾਤ ’ਤੇ ਅਧਾਰਤ ‘ਦਿਨ ਰੈਣਿ।’
- ਦਿਨ ਜਾਂ ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ‘ਪਹਰੇ।’
ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
ਬਿਲਾਵਲੁ ਮਹਲਾ ੩
ਇਨ੍ਹਾਂ ਬਾਣੀਆਂ ਦੇ ਦੋ ਹੋਣ ਦਾ ਸੰਕੇਤ ਇਨ੍ਹਾਂ ਦੇ ਅਖੀਰ ਵਿਚ ਦਿੱਤੇ ਅੰਕਾਂ (॥੧੦॥੧॥ ਅਤੇ ॥੧੦॥੨॥) ਤੋਂ ਮਿਲਦਾ ਹੈ। ਇਸ ਦੇ ਨਾਲ-ਨਾਲ ਦੋਵੇਂ ਜੁੱਟਾਂ ਵਿਚ ‘ਰਹਾਉ’ ਦੇ ਪਦੇ ਵਖਰੇ-ਵਖਰੇ ਹਨ, ਜਿਸ ਕਾਰਣ ਇਨ੍ਹਾਂ ਦਾ ਕੇਂਦਰੀ ਭਾਵ ਵਖਰਾ-ਵਖਰਾ ਹੈ।
ਪਹਿਲੇ ਦਸ ਪਦਿਆਂ ਵਾਲੀ ਵਿਚਾਰ-ਅਧੀਨ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੪੧ ਉਪਰ ਦਰਜ ਹੈ। ‘ਰਹਾਉ’ ਵਾਲਾ ਇਕ ਪਦਾ ਇਨ੍ਹਾਂ ਦਸ ਪਦਿਆਂ ਤੋਂ ਵਖਰਾ ਹੈ।
ਇਸ ਬਾਣੀ ਦਾ ਅਰੰਭ ਐਤਵਾਰ ਤੋਂ ਕੀਤਾ ਗਿਆ ਹੈ। ਹਰ ਇਕ ‘ਵਾਰ’ ਦਾ ਉਲੇਖ ਇਕ-ਇਕ ਪਦੇ ਵਿਚ ਹੋਇਆ ਹੈ, ਪਰ ਬੁੱਧਵਾਰ ਲਈ ਦੋ ਪਦੇ ਵਰਤੇ ਗਏ ਹਨ। ਅੱਠ ਪਦਿਆਂ ਤੋਂ ਬਾਅਦ ਦੋ ਪਦੇ ਹੋਰ ਹਨ, ਜਿਨ੍ਹਾਂ ਵਿਚ ਪ੍ਰਭੂ ਦੀ ਸਰਬ-ਵਿਆਪਕਤਾ ਬਾਰੇ ਦੱਸਦਿਆਂ, ਗੁਰੂ, ਭਾਵ ਗੁਰ-ਸ਼ਬਦ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ।
ਇਸ ਬਾਣੀ ਵਿਚ ਲੋਕ ਕਾਵਿ-ਪਰੰਪਰਾ ਦੇ ਅਧਾਰ ’ਤੇ ਹਫਤੇ ਦੇ ਸੱਤ ਵਾਰਾਂ ਦੀ ਅਧਿਆਤਮਕ ਵਿਆਖਿਆ ਕੀਤੀ ਗਈ ਹੈ। ਲੋਕਾਂ ਦੇ ਮਨ ਅੰਦਰ ਅੰਧ-ਵਿਸ਼ਵਾਸਾਂ ਕਰਕੇ ਦਿਨਾਂ, ਵਾਰਾਂ, ਥਿਤਾਂ ਆਦਿ ਬਾਰੇ ਪਈਆਂ ਰੂੜ ਭਾਵਨਾਵਾਂ ਅਤੇ ਭਰਮਾਂ ਨੂੰ ਇਸ ਬਾਣੀ ਵਿਚ ਨਿਰ-ਅਧਾਰ ਦੱਸਿਆ ਹੈ। ਭਰਮਾਂ ਨਾਲ ਗ੍ਰਸੀ ਸੋਚ ਜਾਂ ਬਿਰਤੀ ਵਾਲਿਆਂ ਨੂੰ ਮੂਰਖ-ਗਵਾਰ ਕਿਹਾ ਹੈ। ਜੇਕਰ ਹਰ ਸਮੇਂ ਪਰਮਾਤਮਾ ਦਾ ਸਿਮਰਨ ਕੀਤਾ ਜਾਵੇ ਤਾਂ ਸਾਰੇ ਵਾਰ ਉੱਤਮ ਅਤੇ ਪਵਿੱਤਰ ਹਨ। ਇਸ ਲਈ ਗੁਰੂ ਸਾਹਿਬ ਨੇ ਸੰਸਾਰਕ ਪਰਪੰਚ ਵਿਚ ਮਗਨ ਹੋਏ ਮਨੁਖਾਂ ਨੂੰ ਭਰਮਾਂ ਵਿਚ ਫਸਣ ਦੀ ਥਾਂ ਨਾਮ-ਸਿਮਰਨ ਵਿਚ ਲੀਨ ਹੋਣ ਲਈ ਪ੍ਰੇਰਤ ਕੀਤਾ ਹੈ।
