ਹਰਿ ਜੀ ਦੁਆਰਾ ਲਿਖੀ ‘ਗੋਸਟਿ ਗੁਰੂ ਅਮਰਦਾਸ ਜੀ’ (ਰਚਨਾਕਾਲ ੧੬੮੩ ਈ.) ਅਨੁਸਾਰ ਇਕ ਦਿਨ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ (ਪੰਜਾਬ) ਵਿਖੇ ਬਿਰਾਜਮਾਨ ਸਨ। ਉਨ੍ਹਾਂ ਕੋਲ ਕੁਝ ‘ਰੱਬ ਦੇ ਪਿਆਰੇ’ (ਗੋਬਿੰਦ ਲੋਕ) ਆਏ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਕੋਈ ਕਹਿੰਦਾ ਹੈ ਕਿ ਦਿਨ ਨਾਰਦ ਦੇ ਪੁੱਤਰ ਹਨ। ਕੋਈ ਕਹਿੰਦਾ ਹੈ ਕਿ ਇਹ ਗ੍ਰਹਿ ਹਨ। ਤੁਸੀ ਦੱਸੋ ਕਿ ਇਹ ਕੀ ਹਨ? ਇਸ ਪ੍ਰਸ਼ਨ ਦੇ ਉੱਤਰ ਵਿਚ ਗੁਰੂ ਸਾਹਿਬ ਨੇ ਇਹ ਬਾਣੀ ਉਚਾਰਣ ਕੀਤੀ।
ਗਿ. ਕਿਰਪਾਲ ਸਿੰਘ ਅਨੁਸਾਰ ਕੁਝ ਸਿਖਾਂ ਨੇ ਗੁਰੂ ਅਮਰਦਾਸ ਸਾਹਿਬ ਨੂੰ ਬੇਨਤੀ ਕੀਤੀ ਕਿ ਅਜਿਹੀ ਬਾਣੀ ਉਚਾਰੋ, ਜਿਸ ਵਿਚ ਸੱਤੇ ਵਾਰ (ਦਿਨ) ਆ ਜਾਣ ਅਤੇ ਜਿਸ ਦੇ ਪੜ੍ਹਨ ਕਰਕੇ ਇਹ ਵਾਰ ਸਫਲ ਹੋ ਜਾਣ। ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ।
ਮਹੰਤ ਸਾਧੂ ਸਿੰਘ ਅਨੁਸਾਰ ਗੁਰੂ ਅਮਰਦਾਸ ਸਾਹਿਬ ਜਦੋਂ ਕੁਰੂਕਸ਼ੇਤਰ ਵਿਖੇ ਗਏ ਤਾਂ ਉਥੇ ਪੰਡਿਤ ਸਾਹੂ ਰਾਮ, ਪੰਡਿਤ ਰਾਮ ਚੰਦ ਅਤੇ ਖਟ ਦਰਸ਼ਨੀ ਸਾਧ-ਸੰਗਤ ਆ ਕੇ ਗੁਰੂ ਸਾਹਿਬ ਨੂੰ ਮਿਲੇ। ਉਨ੍ਹਾਂ ਪਰਥਾਇ ਗੁਰੂ ਸਾਹਿਬ ਨੇ ਇਹ ਬਾਣੀ ਉਚਾਰਣ ਕੀਤੀ।
ਗਿ. ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਅਨੁਸਾਰ ਇਕ ਵਾਰ ਕੁਝ ਸਿਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਬਹੁਤ ਸਾਰੇ ਲੋਕ ਵਹਿਮਾਂ-ਭਰਮਾਂ ਵਿਚ ਪੈ ਕੇ ਦਿਨਾਂ-ਵਾਰਾਂ ਅਨੁਸਾਰ ਇਹ ਵਿਚਾਰ ਕਰਦੇ ਹਨ ਕਿ ਇਸ ਦਿਨ ਇਹ ਕੰਮ ਕਰਨਾ ਚਾਹੀਦਾ ਹੈ। ਇਸ ਦਿਨ ਇਹ ਕੰਮ ਨਹੀਂ ਕਰਨਾ ਚਾਹੀਦਾ। ਆਪ ਜੀ ਕਿਰਪਾ ਕਰਕੇ ਦੱਸੋ ਕਿ ਦਿਨਾਂ ਦੀ ਵਿਚਾਰ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ? ਗੁਰੂ ਸਾਹਿਬ ਕਹਿਣ ਲੱਗੇ ਕਿ ਹੇ ਗੁਰਸਿਖੋ! ਸਾਰੇ ਦਿਨਾਂ ਵਿਚ ਪ੍ਰਭੂ ਨੂੰ ਚੇਤੇ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਹੀ ਜੀਵਨ ਦੀ ਸਫਲਤਾ ਹੈ। ਦਿਨਾਂ, ਥਿਤਾਂ ਦੀ ਵਿਚਾਰ ਕਰਨ ਵਾਲੇ ਲੋਕ ਭਰਮਾਂ ਵਿਚ ਹੀ ਪਏ ਰਹਿੰਦੇ ਹਨ। ਇਹ ਉਪਦੇਸ਼ ਬਖਸ਼ਦੇ ਹੋਏ ਗੁਰੂ ਸਾਹਿਬ ਨੇ ਇਸ ਬਾਣੀ ਦਾ ਉਚਾਰਣ ਕੀਤਾ।
ਇਨ੍ਹਾਂ ਸਾਰੀਆਂ ਉਥਾਨਕਾਵਾਂ ਤੋਂ ਇਹ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਕੇ ਇਕ ਪਰਮਾਤਮਾ ਨਾਲ ਜੋੜਨ ਲਈ ਇਸ ਬਾਣੀ ਦਾ ਉਚਾਰਣ ਕੀਤਾ। ਪਰ ਇਨ੍ਹਾਂ ਤੋਂ ਇਹ ਪਤਾ ਨਹੀਂ ਚੱਲਦਾ ਕਿ:
੧. ਇਸ ਬਾਣੀ ਦਾ ਉਚਾਰਣ ਕਦੋਂ ਹੋਇਆ?
੨. ਇਸ ਬਾਣੀ ਦਾ ਉਚਾਰਣ ਕਿਥੇ ਹੋਇਆ? ਕਿਉਂਕਿ ਹਰਿ ਜੀ ਰਚਿਤ ‘ਗੋਸਟਿ ਗੁਰੂ ਅਮਰਦਾਸ ਜੀ’ ਅਨੁਸਾਰ ਇਸ ਬਾਣੀ ਦਾ ਉਚਾਰਣ ਗੋਇੰਦਵਾਲ ਸਾਹਿਬ ਵਿਖੇ ਅਤੇ ਮਹੰਤ ਸਾਧੂ ਸਿੰਘ ਅਨੁਸਾਰ ਕੁਰੂਕਸ਼ੇਤਰ ਵਿਖੇ ਹੋਇਆ। ਬਾਕੀ ਉਥਾਨਕਾਵਾਂ ਵਿਚ ਕਿਸੇ ਵੀ ਸਥਾਨ ਦਾ ਉਲੇਖ ਹੀ ਨਹੀਂ ਕੀਤਾ ਹੋਇਆ।
੩. ਗੁਰੂ ਅਮਰਦਾਸ ਸਾਹਿਬ ਕੋਲ ਕਿਹੜੇ ਲੋਕ ਆਏ ਅਤੇ ਇਹ ਕਦੋਂ ਆਏ?
੪. ਪੰਡਤ ਸਾਹੂ ਰਾਮ ਅਤੇ ਰਾਮ ਚੰਦ ਕੌਣ ਸਨ ਅਤੇ ਕਿਥੋਂ ਦੇ ਰਹਿਣ ਵਾਲੇ ਸਨ?
ਇਸ ਪ੍ਰਕਾਰ ਇਸ ਬਾਣੀ ਦੇ ਉਚਾਰੇ ਜਾਣ ਦਾ ਪ੍ਰਸੰਗ ਤਾਂ ਸਪਸ਼ਟ ਹੋ ਜਾਂਦਾ ਹੈ ਪਰ ਉਚਾਰੇ ਜਾਣ ਦੇ ਸਮੇਂ ਅਤੇ ਸਥਾਨ ਦਾ ਸਪਸ਼ਟ ਪਤਾ ਨਹੀਂ ਚਲਦਾ।
ਇਸ ਬਾਰੇ ਹੋਰ ਖੋਜ ਕੀਤੇ ਜਾਣ ਦੀ ਲੋੜ ਹੈ।



