Guru Granth Sahib Logo
  
‘ਵਾਰ ਸਤ’ (ਵਾਰ ਸੱਤ) ਨੂੰ ਵਧੇਰੇ ਕਰਕੇ ‘ਸਤਵਾਰ’ ਜਾਂ ‘ਸਤਵਾਰਾ’ ਨਾਵਾਂ ਨਾਲ ਜਾਣਿਆ ਜਾਂਦਾ ਹੈ। ‘ਸਤਵਾਰਾ’ ਇਕ ਪੁਰਾਤਨ ਅਤੇ ਪ੍ਰਸਿੱਧ ਕਾਵਿ-ਰੂਪ ਹੈ। ਹਫਤੇ ਦੇ ਸਤ ਦਿਨਾਂ ਜਾਂ ਵਾਰਾਂ (ਸੋਮਵਾਰ, ਮੰਗਲਵਾਰ, ਬੁਧਵਾਰ ਆਦਿ) ਨੂੰ ਅਧਾਰ ਬਣਾ ਕੀਤੀ ਗਈ ਕਾਵਿ ਰਚਨਾ ਸਤਵਾਰਾ ਅਖਵਾਉਂਦੀ ਹੈ। ਇਸ ਕਾਵਿ-ਰੂਪ ਦਾ ਹਰ ਬੰਦ ਹਫਤੇ ਦੇ ਕਿਸੇ ਇਕ ਦਿਨ ਨਾਲ ਸ਼ੁਰੂ ਹੁੰਦਾ ਹੈ ਅਤੇ ਇਸ ਵਿਚ ਕਿਸੇ ਵਿਚਾਰ, ਭਾਵਨਾ, ਵਹਿਮ-ਭਰਮ, ਮਨੌਤ ਆਦਿ ਦਾ ਵਰਣਨ ਕੀਤਾ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਇਸ ਕਾਵਿ-ਰੂਪ ਲਈ ‘ਵਾਰ ਸਤ’ ਸ਼ਬਦ ਵਰਤਿਆ ਗਿਆ ਹੈ। ਭਗਤ ਕਬੀਰ ਜੀ (ਜਨਮ ੧੩੯੮ ਈ.) ਦੁਆਰਾ ਗਉੜੀ ਰਾਗ ਵਿਚ ਅਤੇ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਬਿਲਾਵਲ ਰਾਗ ਵਿਚ ਇਸ ਕਾਵਿ-ਰੂਪ ਦੇ ਅੰਤਰਗਤ ਬਾਣੀ ਉਚਾਰਣ ਕੀਤੀ ਗਈ ਹੈ।

ਸੂਫੀ ਕਵੀ ਬੁਲ੍ਹੇ ਸ਼ਾਹ ਨੇ ‘ਸਤਵਾਰੇ’ ਲਈ ‘ਅਠਵਾਰਾ’ ਸ਼ਬਦ ਵਰਤਿਆ ਹੈ। ਇਸ ਦਾ ਕਾਰਣ ਇਹ ਹੈ ਕਿ ਇਸ ਵਿਚ ਜੁੰਮੇ (ਸੁੱਕਰਵਾਰ) ਦਾ ਦੋ ਵਾਰ ਜਿਕਰ ਹੈ। ਗੁਰਦੇਵ ਸਿੰਘ ਅਨੁਸਾਰ ਇਸਲਾਮੀ ਜਗਤ ਵਿਚ ਜੁੰਮੇ ਦੀ ਵਿਸ਼ੇਸ਼ ਮਹੱਤਤਾ ਕਾਰਣ ‘ਸਤਵਾਰੇ’ ਕਾਵਿ-ਰੂਪ ਵਿਚ ਇਸ ਨੂੰ ਦੋ ਵਾਰ ਛੰਦਬੰਦ ਕੀਤਾ ਜਾਂਦਾ ਹੈ। ਇਸੇ ਕਾਰਣ ਇਸ ਨੂੰ ‘ਸਤਵਾਰਾ’ ਦੀ ਥਾਂ ‘ਅਠਵਾਰਾ’ ਕਿਹਾ ਜਾਂਦਾ ਹੈ। ਇਸ ਨੂੰ ‘ਸਤਵਾਰਾ’ ਕਾਵਿ-ਰੂਪ ਦਾ ਹੀ ਇਕ ਹੋਰ ਨਾਮ ਕਹਿ ਸਕਦੇ ਹਾਂ।
Bani Footnote ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ ੧੩੧
ਇਸ ਤਰ੍ਹਾਂ ਸਤਵਾਰਾ ਜਾਂ ਵਾਰ ਸਤ ਜਾਂ ਅਠਵਾਰਾ ਇਕ ਹੀ ਕਾਵਿ-ਰੂਪ ਦੇ ਵਖਰੇ-ਵਖਰੇ ਨਾਮ ਹਨ।

ਪੰਜਾਬੀ ਸਾਹਿਤ ਅਤੇ ਲੋਕ-ਸਾਹਿਤ ਵਿਚ ਵੀ ਇਹ ਕਾਵਿ-ਰੂਪ ਬਹੁਤ ਮਕਬੂਲ ਹੋਇਆ ਸੀ। ਇਸ ਕਾਵਿ-ਰੂਪ ਦੇ ਰਚੈਤਾ ਇਸ ਦੀ ਬਣਤਰ ਅਤੇ ਰੂਪ-ਵਿਧਾਨ ਵਿਚ ਖੁਲ੍ਹ ਲੈਂਦੇ ਰਹੇ ਹਨ। ਉਦਾਹਰਣ ਵਜੋਂ ਹਫਤੇ ਦੇ ਜਿਸ ਦਿਨ ਤੋਂ ਵੀ ਕਵੀ ਦਾ ਮਨ ਹੋਵੇ, ਆਪਣੀ ਰਚਨਾ ਸ਼ੁਰੂ ਕਰ ਸਕਦਾ ਹੈ ਅਤੇ ਦਿਨਾਂ ਦੀ ਗਿਣਤੀ ਅਤੇ ਕ੍ਰਮ ਨੂੰ ਠੀਕ ਰਖਦਿਆਂ ਰਚਨਾ ਸੰਪੂਰਨ ਕਰ ਸਕਦਾ ਹੈ। ਵਧੇਰੇ ਕਵੀਆਂ ਨੇ ਸਤਵਾਰਾ ਜਾਂ ਅਠਵਾਰਾ ਕਾਵਿ-ਰੂਪ ਦਾ ਅਰੰਭਕ ਬੰਦ ਐਤਵਾਰ ਵਾਲਾ ਰਖਿਆ ਹੈ। ਪਰ ਮੁਸਲਮਾਨ ਕਵੀ ਇਸ ਨੂੰ ਛਨਿਛਰਵਾਰ ਤੋਂ ਸ਼ੁਰੂ ਕਰਦੇ ਹਨ। ਇਹ ਕਾਵਿ-ਰੂਪ ਬੇਸ਼ੱਕ ਲੋਕ-ਕਾਵਿ ਵਜੋਂ ਅੱਜ ਵੀ ਗਾਇਆ ਜਾਂਦਾ ਹੈ, ਪਰ ਵਿਸ਼ਿਸ਼ਟ-ਕਾਵਿ ਦੇ ਨਵੀਨ ਰੂਪਾਂ ਵਿਚ ਇਹ ਪ੍ਰਚਲਤ ਨਹੀਂ ਹੈ।
Bani Footnote ਧਨਵੰਤ ਕੌਰ (ਸੰਪਾ.), ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪੰਨਾ ੧੨੭-੧੨੮


ਸਤਵਾਰਾ ਕਾਵਿ-ਰਪ ਅਤੇ ਦਿਨਾਂ ਨਾਲ ਜੁੜੇ ਵਹਿਮ-ਭਰਮ
ਸਾਡੇ ਲੋਕ-ਵਿਸ਼ਵਾਸ਼ਾਂ ਵਿਚ ਦਿਨਾਂ ਨਾਲ ਕੁਝ ਵਹਿਮ-ਭਰਮ ਜੁੜੇ ਹੋਏ ਹਨ। ਇਹ ਵਹਿਮ-ਭਰਮ ਇਨ੍ਹਾਂ ਦਿਨਾਂ ਨਾਲ ਕਦੋਂ ਜੁੜਨੇ ਅਰੰਭ ਹੋਏ, ਇਸ ਦਾ ਪਤਾ ਨਹੀਂ। ਸ਼ਾਇਦ ਇਹ ਆਦਮ ਚੇਤਨਾ (ਮਨੁਖੀ ਚੇਤਨਾ) ਜਿੰਨੇ ਹੀ ਪੁਰਾਣੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਮਨੁਖ ਨਾਲ ਜਿਸ ਦਿਨ ਬੁਰੀ ਘਟਨਾ ਵਾਪਰ ਗਈ, ਉਸ ਦਿਨ ਨਾਲ ਭੈੜੇਪਣ ਦੀ ਗੱਲ ਜੁੜ ਗਈ। ਜਿਸ ਦਿਨ ਕਿਸੇ ਨੂੰ ਕੋਈ ਖੁਸ਼ੀ ਦੀ ਖਬਰ ਮਿਲ ਗਈ, ਉਸ ਲਈ ਉਹ ਇਕ ਯਾਦਗਾਰੀ ਦਿਨ ਬਣ ਗਿਆ। ਸ਼ਾਇਦ ਇਸੇ ਤਰ੍ਹਾਂ ਲੋਕ-ਸਮੂਹ ਦੇ ਵਿਅਕਤੀਗਤ ਅਨੁਭਵ ਹੀ, ਮੰਦੇ-ਚੰਗੇ ਦੀ ਭਾਵਨਾ ਨਾਲ ਜੁੜ ਕੇ, ਇਨ੍ਹਾਂ ਦਿਨਾਂ ਨਾਲ ਸੰਬੰਧਤ ਹੋ ਗਏ।
Bani Footnote ਡਾ. ਮਹਿੰਦਰ ਕੌਰ ਗਿੱਲ, ਬਾਣੀ ਰੂਪ ਪ੍ਰਬੰਧ, ਪੰਨਾ ੩੪੯


ਆਮ ਤੌਰ ’ਤੇ ਵਹਿਮਾਂ-ਭਰਮਾਂ ਨੂੰ ਪੰਡਤਾਂ ਅਤੇ ਜੋਤਸ਼ੀਆਂ ਨਾਲ ਜੋੜਿਆ ਜਾਂਦਾ ਹੈ। ਪਰ ਇਹ ਕੇਵਲ ਇਨ੍ਹਾਂ ਨਾਲ ਹੀ ਜੁੜੇ ਹੋਏ ਨਹੀਂ ਹਨ, ਸਗੋਂ ਆਮ ਵਰਤੋਂ ਵਿਹਾਰ ਵਿਚ ਵੀ ਸ਼ੁਭ-ਅਸ਼ੁਭ ਦੇ ਖਿਆਲ ਅਤੇ ਵਹਿਮ-ਭਰਮ ਪਹਿਲਾਂ ਵੀ ਸਨ ਤੇ ਹੁਣ ਵੀ ਹਨ। ਜਿਵੇਂ, ਮੰਗਲਵਾਰ ਤੇ ਵੀਰਵਾਰ ਨੂੰ ਚੀਹੜਾ ਵਾਰ (ਸਖਤ ਜਾਂ ਅਸ਼ੁਭ) ਆਖਦੇ ਹਨ। ਐਤਵਾਰ ਅਤੇ ਬੁੱਧਵਾਰ ਨੂੰ ਸ਼ੁਭ ਗਿਣਿਆ ਜਾਂਦਾ ਹੈ। ਨਵਾਂ ਕੱਪੜਾ ਬੁੱਧਵਾਰ ਅਤੇ ਸ਼ਨੀਵਾਰ ਨੂੰ ਪਹਿਨਣਾ ਚੰਗਾ ਮੰਨਿਆ ਜਾਂਦਾ ਹੈ। ਨਵਾਂ ਗਹਿਣਾ ਐਤਵਾਰ ਨੂੰ ਪਹਿਨਿਆ ਜਾਂਦਾ ਹੈ। ਐਤਵਾਰ ਧੀ ਨੂੰ ਘਰੋਂ ਨਹੀਂ ਤੋਰਿਆ ਜਾਂਦਾ। ਮੰਗਲਵਾਰ ਔਰਤਾਂ ਸਿਰ ਨਹੀਂ ਨਹਾਉਂਦੀਆਂ।
Bani Footnote ਭਾਈ ਵੀਰ ਸਿੰਘ, ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪੰਜਵੀਂ, ਪੰਨਾ ੨੧੭੨


ਪੰਜਾਬੀ ਲੋਕ-ਕਾਵਿ ਵਿਚ ਇਨ੍ਹਾਂ ਵਹਿਮਾਂ-ਭਰਮਾਂ ਨੂੰ ਅਧਾਰ ਬਣਾ ਕੇ ਬਹੁਤ ਸਾਰੇ ਸਤਵਾਰੇ ਮਿਲਦੇ ਹਨ, ਜਿਨ੍ਹਾਂ ਦੀ ਸਿਰਜਣਾ ਲੋਕ-ਸਮੂਹ ਦੁਆਰਾ ਪੀੜ੍ਹੀ-ਦਰ- ਪੀੜ੍ਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੋਤਿਸ਼ ਵਿਚ ਵੀ ਵਖ-ਵਖ ਦਿਨਾਂ ਦਾ ਸੰਬੰਧ ਵਖ-ਵਖ ਗ੍ਰਹਿਆਂ ਨਾਲ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਸ਼ੁਭ-ਅਸ਼ੁਭ ਪ੍ਰਭਾਵ ਦਿਨਾਂ ਅਤੇ ਮਨੁਖਾਂ ਨਾਲ ਜੋੜਿਆ ਜਾਂਦਾ ਹੈ। ਜੋਤਿਸ਼ ਵਿਚ ਗ੍ਰਹਿਆਂ ਅਤੇ ਦਿਨਾਂ ਦਾ ਸੰਬੰਧ ਇਸ ਤਰ੍ਹਾਂ ਮੰਨਿਆ ਜਾਂਦਾ ਹੈ:

ਐਤਵਾਰ: ਐਤਵਾਰ (Sun-day) ਦਾ ਸੰਬੰਧ ਸੂਰਜ ਨਾਲ ਜੋੜਿਆ ਜਾਂਦਾ ਹੈ। ਜਿਸ ਤਰ੍ਹਾਂ ਸੌਰ-ਮੰਡਲ ਦਾ ਮੁੱਖ ਗ੍ਰਹਿ ਸੂਰਜ ਹੈ, ਉਸੇ ਤਰ੍ਹਾਂ ਐਤਵਾਰ ਜਾਂ ਰਵੀਵਾਰ ਹਫਤੇ ਦਾ ਮੁੱਖ ਜਾਂ ਪਹਿਲਾ ਦਿਨ ਮੰਨਿਆ ਜਾਂਦਾ ਹੈ।
ਸੋਮਵਾਰ: ਸੋਮ/ਚੰਦਰਮਾ ਗ੍ਰਹਿ ਨਾਲ ਸੰਬੰਧਤ ਵਾਰ ਹੈ। ਅੰਗਰੇਜ਼ੀ ਵਿਚ ਇਸ ਨੂੰ ਮੂਨ-ਡੇ (moon-day) ਜਾਂ ਮੰਡੇ (Monday), ਭਾਵ ਚੰਦਰਮਾ ਦਾ ਦਿਨ ਕਿਹਾ ਜਾਂਦਾ ਹੈ।
ਮੰਗਲਵਾਰ: ਇਹ ਵਾਰ ਮੰਗਲ ਗ੍ਰਹਿ (Mars) ਨਾਲ ਸੰਬੰਧਤ ਹੈ।
ਬੁੱਧਵਾਰ: ਇਸ ਦਾ ਨਾਂ ਬੁੱਧ ਗ੍ਰਹਿ (Mercury) ’ਤੇ ਆਧਾਰਤ ਹੈ ।
ਵੀਰਵਾਰ: ਇਹ ਨਾਂ ਬ੍ਰਹਿਸਪਤੀ ਗ੍ਰਹਿ (Jupiter) ਤੋਂ ਲਿਆ ਗਿਆ ਹੈ।
ਸ਼ੁੱਕਰਵਾਰ: ਇਸ ਵਾਰ ਦਾ ਨਾਂ ਸ਼ੁੱਕਰ ਗ੍ਰਹਿ (Venus) ਦੇ ਨਾਂ ’ਤੇ ਰਖਿਆ ਗਿਆ ਹੈ ।
ਛਨਿਛਰਵਾਰ ਜਾਂ ਸ਼ਨੀਵਾਰ : ਇਹ ਨਾਂ ਸ਼ਨੀ ਗ੍ਰਹਿ (Saturn) ਤੋਂ ਲਿਆ ਗਿਆ ਹੈ।
Bani Footnote ਡਾ. ਬਲਜਿੰਦਰ ਕੌਰ ਜੋਸ਼ੀ, ਵਾਰਸਤ: ਬਾਣੀ ਰੂਪ ਤੇ ਅਰਥ ਅਧਿਐਨ, ਖੋਜ ਪਤ੍ਰਿਕਾ: ਬਾਣੀ ਕਾਵਿ-ਰੂਪ ਵਿਸ਼ੇਸ਼ ਅੰਕ, ਪ੍ਰੋ. ਅੰਮ੍ਰਿਤਪਾਲ ਕੌਰ (ਸੰਪਾ.), ਪੰਨਾ ੧੪੭-੧੪੮


ਪੰਜਾਬੀ ਸਾਹਿਤ ਵਿਚ ਸਤਵਾਰਾ ਕਾਵਿ-ਰੂਪ
ਪੰਜਾਬੀ ਸਾਹਿਤ ਵਿਚ ਸਤਵਾਰਾ ਕਾਵਿ-ਰੂਪ ਮੌਖਿਕ ਅਤੇ ਲਿਖਤ ਦੋਵਾਂ ਰੂਪਾਂ ਵਿਚ ਮਿਲਦਾ ਹੈ। ਇਸ ਕਾਵਿ-ਰੂਪ ਦੇ ਉਦਾਹਰਣ ਪੰਜਾਬੀ ਲੋਕ-ਕਾਵਿ ਵਿਚ ਵੀ ਮਿਲਦੇ ਹਨ:
ਸੋਮਵਾਰ ਨਾ ਜਾਈਂ ਪਹਾੜ
ਜਿੱਤੀ ਬਾਜ਼ੀ ਆਵੇਂ ਹਾਰ।
ਮੰਗਲਵਾਰ ਦੀ ਬੁਰੀ ਦਿਹਾੜ
ਸ਼ੁਰੂ ਕੰਮ ਨਾ ਚੜ੍ਹਦਾ ਪਾਰ।
ਬੁੱਧਵਾਰ ਨਾ ਉਭੇ ਜਾਈਏ
ਜੇ ਜਾਈਏ ਤਾਂ ਦੁਖ ਹੀ ਪਾਈਏ।
ਵੀਰਵਾਰ ਜੋ ਸਿਰ ਮੁਨਾਏ
ਕਾਲਖ ਆਪਣੇ ਮੱਥੇ ਲਾਏ।
ਸ਼ੁੱਕਰ ਜਿਹੜਾ ਖੇਡਣ ਜਾਏ
ਯਾ ਗੋਡਾ ਯਾ ਲੱਤ ਭਨਾਏ।
ਛਨਿਛਰ ਨੂੰ ਜੋ ਸ਼ਨੀ ਧਿਆਇ
ਸਭ ਬਲਾਅ ਉਸ ਦੀ ਟਲ ਜਾਏ।
ਐਤਵਾਰ ਨਾ ਲੰਘੀਂ ਪਾਰ
ਮਤੇ ਜਿੱਤਾਂ ਆਵੇਂ ਹਾਰ।
Bani Footnote ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ੧ ਤੇ ੨, ਪੰਨਾ ੨੫੪


ਪੰਜਾਬੀ ਲੋਕ-ਕਾਵਿ ਵਿਚ ਪ੍ਰਚਲਤ ਉਪਰੋਕਤ ਸਤਵਾਰੇ ਵਿਚ ਦਿਨਾਂ ਅਨੁਸਾਰ ਮੰਦੇ-ਚੰਗੇ ਫਲ ਦਾ ਜਿਕਰ ਕੀਤਾ ਗਿਆ ਹੈ। ਚੰਗੇ ਫਲ ਨਾਲੋਂ ਵੀ ਮੰਦੇ ਫਲ ਦਾ ਉਲੇਖ ਵਧੇਰੇ ਹੈ। ਇਸ ਦੇ ਨਾਲ-ਨਾਲ ਪੰਜਾਬੀ ਲੋਕ-ਕਾਵਿ ਵਿਚ ਕੁਝ ਸਤਵਾਰੇ ਅਜਿਹੇ ਵੀ ਮਿਲਦੇ ਹਨ, ਜਿਨ੍ਹਾਂ ਵਿਚ ਹਰ ਦਿਨ/ਵਾਰ ਨਾਲ ਸੰਬੰਧਤ ਕਿਸੇ ਮੁੱਖ ਕੰਮ ਨੂੰ ਕਰਨ ਦੀ ਹਦਾਇਤ ਜਾਂ ਸਿਫਾਰਸ਼ ਕੀਤੀ ਗਈ ਹੁੰਦੀ ਹੈ:
ਸੋਮਵਾਰ ਸੀਸ਼ਾ ਉੱਠ ਤਕਣਾ,
ਮੰਗਲਵਾਰ ਨੂੰ ਲੌਂਗ ਫਕਣਾ।
ਬੁੱਧਵਾਰ ਨੂੰ ਮਿੱਠਾ ਚੱਟੀਂ,
ਵੀਰ ਨੂੰ ਛਾਹ ਚਾ ਗੱਟੀਂ।
ਸ਼ੁਕਰਵਾਰ ਉੱਠ ਮੱਖਣ ਖਾ,
ਸ਼ਨਿਚਰਵਾਰ ਲੂਣ ਮੂੰਹ ਲਾ।
ਐਤਵਾਰ ਨੂੰ ਖਾ ਲੈ ਪਾਨ,
ਹੋਸੀ ਤੇਰਾ ਸਦਾ ਕਲਿਆਨ।
Bani Footnote ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ੧ ਤੇ ੨, ਪੰਨਾ ੨੫੪


ਲੋਕ-ਕਾਵਿ ਸਮੇਤ ਪੰਜਾਬੀ ਦੇ ਵਿਸ਼ਿਸ਼ਟ ਸਾਹਿਤ ਵਿਚ ਵੀ ਇਸ ਕਾਵਿ-ਰੂਪ ਦੇ ਅੰਤਰਗਤ ਸਾਹਿਤ ਲਿਖਿਆ ਮਿਲ ਜਾਂਦਾ ਹੈ। ਪੰਜਾਬੀ ਦੇ ਆਦਿ ਕਵੀ ਗੋਰਖਨਾਥ ਨੇ ਆਪਣੇ ਉਪਦੇਸ਼ਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਇਸ ਕਾਵਿ-ਰੂਪ ਨੂੰ ਵੀ ਅਪਣਾਇਆ। ਗੋਰਖਬਾਣੀ ਵਿਚ ‘ਸਪਤਵਾਰ’ ਨਾਮੀ ਇਕ ਰਚਨਾ ਮਿਲਦੀ ਹੈ। ਇਸ ਵਿਚ ਜੋਗਮਤ ਦੇ ਸਿਧਾਂਤਾਂ ਅਨੁਸਾਰ ਆਤਮਕ ਉਚਾਈ ਦੀ ਗੱਲ ਕੀਤੀ ਗਈ ਹੈ। ਇਥੇ ਜਿਕਰਜੋਗ ਹੈ ਕਿ ਇਸ ਸਤਵਾਰੇ ਵਿਚ ਜੋਗਮਤ ਦੀ ਆਤਮਕ ਉਚਾਈ ਨੂੰ ਦਰਸਾਂਉਦੇ ਸਿਧਾਂਤ ਗੁਰਬਾਣੀ ਨਾਲੋਂ ਭਿੰਨਤਾ ਰਖਦੇ ਹਨ, ਭਾਵੇਂ ਕਿ ਸ਼ਬਦਾਵਲੀ ਦੀ ਪਧਰ ’ਤੇ ਗੁਰਬਾਣੀ ਅਤੇ ਜੋਗਮਤ ਦੀ ਨੇੜਤਾ ਜਾਪਦੀ ਹੈ:
“ਸੋਮਵਾਰ ਮਨ ਧਰਿਵਾ ਸੁੰਨਿ। ਨਿਹਚਲ ਕਾਯਾ ਪਾਪ ਨਾ ਪੁੰਨਿ।
ਸਸਿਹਰ ਬਰਿਖੈ ਅੰਬਰ ਭਰੈ। ਤੌ ਸੋਮਵਾਰ ਗੁੰਣ ਇਤਾ ਕਰੈ॥੨॥
ਮੰਗਲ ਬਿਖਮੀ ਮਾਇਆ ਬੰਧਿ। ਚੰਦ ਸੂਰ ਦੋਔ ਸੰਮਿ ਕਰ ਸੰਧਿ।
ਜਰਾ ਮਰਣ ਬੰਚੌ ਭੌ ਕਾਲ। ਤੌ ਗੁਰ ਪਾਵੌ ਮੰਗਲਵਾਰ॥੩॥”
Bani Footnote ਉਜਾਗਰ ਸਿੰਘ ਸਹਿਗਲ, ਗੋਰਖਬਾਣੀ (ਲਿਪੀਅੰਤਰਣ ਵਿਆਖਿਆ ਤੇ ਸੰਪਾਦਨ), ਪੰਨਾ ੨੦੬


ਗੋਰਖਬਾਣੀ ਤੋਂ ਇਲਾਵਾ ਸੂਫੀ ਕਾਵਿ ਵਿਚ ਵੀ ਬੁਲ੍ਹੇ ਸ਼ਾਹ ਦਾ ਲਿਖਿਆ ‘ਅਠਵਾਰਾ’ ਪ੍ਰਾਪਤ ਹੁੰਦਾ ਹੈ:
“ਛਨਿਛਰ ਵਾਰ ਉਤਾਵਲੇ ਵੇਖ ਸਜਨ ਦੀ ਸੋ
ਅਸਾਂ ਮੁੜ ਘਰ ਫੇਰ ਨਾ ਆਵਣਾ ਜੋ ਹੋਣੀ ਹੋਗ ਸੋ ਹੋ।
ਵਾਹ ਵਾਹ ਛਨਿਛਰ ਵਾਰ ਵਹੀਲੇ
ਦੁੱਖ ਸਜਨ ਦੇ ਮੈਂ ਦਿਲ ਪੀਲੇ।
ਢੂੰਡਾਂ ਔਝੜ ਜੰਗਲ ਬੇਲੇ
ਅਧੜੀ ਰੈਨ ਕੁਵੱਲੜੇ ਵੇਲੇ।
ਬਿਰਹੋਂ ਘੇਰੀਆਂ॥੧॥....”
Bani Footnote ਡਾ. ਜੀਤ ਸਿੰਘ ਸੀਤਲ, ਬੁਲ੍ਹੇ ਸ਼ਾਹ: ਜੀਵਨ ਤੇ ਰਚਨਾ, ਪੰਨਾ ੯੦; https://www.punjabi-kavita.com/AthwaraBabaBullheShah.php


ਗੁਰੂ ਗ੍ਰੰਥ ਸਾਹਿਬ ਵਿਚ ਸਤਵਾਰਾ ਕਾਵਿ-ਰੂਪ
ਗੁਰੂ ਗ੍ਰੰਥ ਸਾਹਿਬ ਵਿਚ ਰੁੱਤਾਂ, ਮਹੀਨਿਆਂ, ਥਿਤਾਂ, ਵਾਰਾਂ, ਦਿਨ-ਰਾਤ, ਪਹਿਰਾਂ ਆਦਿ ਉਪਰ ਅਧਾਰਤ ਬਾਣੀਆਂ ਮਿਲਦੀਆਂ ਹਨ, ਜਿਵੇਂ:

  • ਦੇਸੀ ਸਾਲ ਦੀਆਂ ੬ ਰੁਤਾਂ ’ਤੇ ਅਧਾਰਤ ‘ਰੁਤੀ।’

  • ਬਾਰਾਂ ਮਹੀਨਿਆਂ ’ਤੇ ਅਧਾਰਤ ‘ਬਾਰਹ ਮਾਹਾ।’

  • ਚੰਦਰਮਾ ਦੀ ਸਥਿਤੀ ਅਨੁਸਾਰ ਗਿਣੇ ਜਾਣ ਵਾਲੇ ਪਖਾਂ (ਵਦੀ ਤੇ ਸੁਦੀ) ਦੀਆਂ ਥਿਤਾਂ (ਤਰੀਕਾਂ) ’ਤੇ ਅਧਾਰਤ ‘ਥਿਤੀ।’

  • ਹਫਤੇ ਦੇ ਸੱਤ ਦਿਨਾਂ ’ਤੇ ਅਧਾਰਤ ‘ਵਾਰ ਸਤ।’

  • ਦਿਨ ਅਤੇ ਰਾਤ ’ਤੇ ਅਧਾਰਤ ‘ਦਿਨ ਰੈਣਿ।’

  • ਦਿਨ ਜਾਂ ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ‘ਪਹਰੇ।’

ਵਾਰ ਸਤ ਜਾਂ ਸਤਵਾਰਾ ਕਾਵਿ-ਰੂਪ ਨਾਲ ਸੰਬੰਧਤ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਬਾਣੀਆਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਭਗਤ ਕਬੀਰ ਜੀ ਦੀ ਵਿਚਾਰ ਅਧੀਨ ਬਾਣੀ ਦਾ ਸਿਰਲੇਖ ‘ਵਾਰ ਕਬੀਰ ਜੀਉ ਕੇ ੭’ ਹੈ। ਗੁਰੂ ਅਮਰਦਾਸ ਸਾਹਿਬ ਦੁਆਰਾ ‘ਵਾਰ ਸਤ ਘਰੁ ੧੦’ ਸਿਰਲੇਖ ਹੇਠ ਉਚਾਰਣ ਕੀਤੀਆਂ ਦੋ ਬਾਣੀਆਂ ਮਿਲਦੀਆਂ ਹਨ। ਇਹ ਬਾਣੀਆਂ ਦਸ-ਦਸ ਪਦਿਆਂ ਦੇ ਦੋ ਜੁੱਟਾਂ ਵਿਚ ਹਨ।

ਭਗਤ ਕਬੀਰ ਜੀ ਦੁਆਰਾ ਰਾਗ ਗਉੜੀ ਵਿਚ ਉਚਾਰਣ ਕੀਤੀ ਵਿਚਾਰ ਅਧੀਨ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੪-੩੪੫ ਉਪਰ ਦਰਜ ਹੈ। ਇਸ ਦੇ ਅਠ ਪਦੇ ਹਨ। ਰਹਾਉ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਬੰਦ ਇਸ ਬਾਣੀ ਦੇ ਅਰੰਭ ਵਿਚ ਹੈ। ਇਸ ਵਿਚ ਪ੍ਰਭੂ ਦੇ ਗੁਣ-ਗਾਉਣ ਨੂੰ ਦ੍ਰਿੜ੍ਹ ਕਰਾਇਆ ਗਿਆ ਹੈ।

ਇਸ ਤੋਂ ਬਾਅਦ ‘ਆਦਿਤ
Bani Footnote ਇਸ ਬਾਣੀ ਵਿਚ ਆਏ ਹਫਤੇ ਦੇ ਦਿਨ ਅਜੋਕੀ ਵਰਤੋਂ ਨਾਲੋਂ ਕੁਝ ਨਿਵੇਕਲੇ ਹਨ। ਜਿਵੇਂ, ਆਦਿਤ (ਐਤਵਾਰ), ਬ੍ਰਿਹਸਪਤਿ (ਵੀਰਵਾਰ), ਸੁਕ੍ਰਿਤ (ਸ਼ੁੱਕਰਵਾਰ) ਤੇ ਥਾਵਰ (ਛਨਿਛਰਵਾਰ)।
’ ਭਾਵ, ਐਤਵਾਰ ਤੋਂ ਸ਼ੁਰੂ ਕਰ ਕੇ ਕ੍ਰਮਵਾਰ ਹਫਤੇ ਦੇ ਦਿਨਾਂ ਵਾਲੇ ਸੱਤ ਪਦੇ ਹਨ। ਇਨ੍ਹਾਂ ਵਿਚ ਭਗਤ ਕਬੀਰ ਜੀ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਗਏ ਹਨ। ਅੰਤਲੇ (ਅੱਠਵੇਂ) ਪਦੇ ਵਿਚ ਦਰਸਾਇਆ ਗਿਆ ਹੈ ਕਿ ਜਦੋਂ ਤਕ ਜਗਿਆਸੂ ਦੇ ਹਿਰਦੇ ਵਿਚ ਇਕ ਵਿਆਪਕ-ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੇ ਓਟ-ਆਸਰੇ ਦੀ ਝਾਕ ਹੈ, ਉਦੋਂ ਤਕ ਉਸ ਨੂੰ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਦਾ ਅਹਿਸਾਸ ਨਹੀਂ ਹੋਵੇਗਾ। ਦੂਜੇ ਪਾਸੇ, ਜਦੋਂ ਕਿਸੇ ਜਗਿਆਸੂ ਦਾ ਪ੍ਰੇਮ ਹਰ ਥਾਂ ਵਿਆਪਕ ਹੋ ਰਹੇ ਪ੍ਰਭੂ ਨਾਲ ਪੈ ਜਾਂਦਾ ਹੈ, ਉਦੋਂ ਉਹ ਨਿਰਮਲ ਹੋ ਜਾਂਦਾ ਹੈ ਤੇ ਉਸ ਦੇ ਕੀਤੇ ਮਾੜੇ ਕਰਮਾਂ ਦੀ ਮੈਲ ਲਹਿ ਜਾਂਦੀ ਹੈ। ਇਸ ਲਈ ਜਗਿਆਸੂ ਨੂੰ ਦਿਨਾਂ ਨਾਲ ਜੁੜੇ ਵਹਿਮਾਂ-ਭਰਮਾਂ ਨੂੰ ਨਾ ਵਿਚਾਰ ਕੇ ਪ੍ਰਭੂ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ। ਸਮੁੱਚੇ ਰੂਪ ਵਿਚ ਇਹ ਬਾਣੀ ਦਿਨਾਂ ਦੇ ਚੰਗੇ-ਮੰਦੇ ਭਾਵ ਦੀ ਥਾਂ ਪ੍ਰਭੂ ਦੇ ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ।