ਸਵੱਈਆ ਭਾਰਤੀ ਕਾਵਿ-ਪਰੰਪਰਾ ਵਿਚ ਵਰਤਿਆ ਜਾਣ ਵਾਲਾ ਇਕ ਪ੍ਰਾਚੀਨ ਅਤੇ ਮਹੱਤਵਪੂਰਨ ਛੰਦ ਹੈ। ਇਹ ਅੱਖਰਾਂ ਦੀ ਗਿਣਤੀ ਅਧਾਰਤ ਛੰਦ ਵਰਣਿਕ ਅਤੇ ਮਾਤਰਾਵਾਂ ਦੀ ਗਿਣਤੀ ਅਧਾਰਤ ਛੰਦ ਮਾਤ੍ਰਿਕ, ਦੋਵਾਂ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ। ਪਰ ਸੰਸਕ੍ਰਿਤ ਸਾਹਿਤ ਵਿਚ ਕੇਵਲ ਵਰਣਿਕ ਸਵੱਈਏ ਹੀ ਮਿਲਦੇ ਹਨ। ਬਾਅਦ ਵਿਚ ਹਿੰਦੀ, ਪੰਜਾਬੀ, ਬ੍ਰਜ ਆਦਿ ਭਾਸ਼ਾਵਾਂ ਦੇ ਸਾਹਿਤ ਵਿਚ ਇਸ ਦੇ ਵਰਣਿਕ ਤੇ ਮਾਤ੍ਰਿਕ ਦੋਵੇਂ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ। ਵਰਣਿਕ ਸਵੱਈਏ ਵਿਚ ਪ੍ਰਤੀ ਚਰਣ ਆਮ ਤੌਰ ’ਤੇ ੨੨ ਤੋਂ ੨੬ ਵਰਣ ਹੁੰਦੇ ਹਨ। ਜਦਕਿ ਮਾਤ੍ਰਿਕ ਸਵੱਈਏ ਵਿਚ ਪ੍ਰਤੀ ਚਰਣ ਮਾਤਰਾਵਾਂ ਦੀ ਗਿਣਤੀ ੨੬ ਤੋਂ ੪੬ ਤਕ ਮਿਲਦੀ ਹੈ।
ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਗੁਰੁ ਛੰਦ ਦਿਵਾਕਰ’ ਵਿਚ ਇਸ ਛੰਦ ਦੇ ੩੪ ਰੂਪਾਂ ਦੀ ਚਰਚਾ ਕੀਤੀ ਗਈ ਹੈ। ਵਖ-ਵਖ ਵਿਦਵਾਨਾਂ ਨੇ ਇਸ ਛੰਦ ਦੇ ੪੦ ਤੋਂ ਵੀ ਵਧ ਰੂਪ ਦਰਸਾਏ ਹਨ। ਸਿਖ-ਸਾਹਿਤ ਦੇ ਬਹੁਤ ਸਾਰੇ ਕਾਵਿਕ ਗ੍ਰੰਥਾਂ (ਦਸਮ ਗ੍ਰੰਥ, ਕਬਿੱਤ ਸਵੱਈਏ ਭਾਈ ਗੁਰਦਾਸ, ਗੁਰਬਿਲਾਸ ਪਾਤਸ਼ਾਹੀ ੬, ਗੁਰਬਿਲਾਸ ਪਾਤਸ਼ਾਹੀ ੧੦, ਭਾਈ ਸੰਤੋਖ ਸਿੰਘ ਰਚਿਤ ਗੁਰਪ੍ਰਤਾਪ ਸੂਰਜ ਗ੍ਰੰਥ ਆਦਿ) ਅਤੇ ਤੁਲਸੀ ਦਾਸ, ਰਸਖਾਨ, ਕੇਸ਼ਵ ਦਾਸ, ਮਤੀਰਾਮ, ਪਦਮਾਕਰ, ਘਨਾਨੰਦ ਆਦਿ ਕਵੀਆਂ ਦੀਆਂ ਰਚਨਾਵਾਂ ਵਿਚ ਇਸ ਛੰਦ ਦੀ ਵਰਤੋਂ ਹੋਈ ਹੈ। ਉਦਾਹਰਣ ਵਜੋਂ ਹੇਠ ਲਿਖੇ ਸਵੱਈਏ ਦੇਖੇ ਜਾ ਸਕਦੇ ਹਨ:
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ।
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ।
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ। -ਦਸਮ ਗ੍ਰੰਥ, ਉਕਤਿ ਬਿਲਾਸ, ਅਧਿਆਇ ੮, ਪਦਾ ੨੩੧
ਕਬ ਲਾਗੈ ਮਸਤਕ ਚਰਨਨ ਰਜ, ਦਰਸ ਦਯਾਲੁ ਦ੍ਰਿਗਨ ਕਬ ਪੇਖੋਂ।
ਅੰਮ੍ਰਿਤ ਬਚਨ ਸੁਨੋ ਕਬ ਸ੍ਰਵਨਨਿ, ਕਬ ਰਸਨਾ ਬੇਨਤੀ ਬਿਸੇਖੋਂ।
ਕਬ ਤਨਿ ਕਰੌਂ ਡੰਡੌਤ ਬੰਦਨਾ, ਪਰਿ ਪਰਿ ਪਗਨਿ ਕ੍ਰਿਪਾ ਪੁਨ ਰੇਖੋਂ।
ਪ੍ਰੇਮ ਭਕਿ ਸੁ ਪ੍ਰਤੱਛ ਪ੍ਰਾਨਪਤਿ, ਗ੍ਯਾਨ ਧ੍ਯਾਨ ਜੀਵਨ ਪਦ ਲੇਖੋਂ। -ਭਾਈ ਗੁਰਦਾਸ ਜੀ
ਵਰਦੰਤ ਕੀ ਪੰਗਤ ਕੁੰਦਕਲੀ, ਅਧਰਾਧਰ ਪੱਲਵ ਖੋਲਨ ਕੀ।
ਚਪਲਾ ਚਮਕੈਂ ਘਨ ਬੀਚ ਜਗੈਂ, ਛਬੀ ਮੋਤਿਨ ਮਾਲ ਅਮੋਲਨ ਕੀ।
ਘੁੰਘਰਾਰਿ ਲਟੈਂ ਲਟਕੈਂ ਮੁਖ ਉਪਰਿ, ਕੁੰਡਲ ਲੋਲ ਕਪੋਲਨ ਕੀ।
ਨਿਵਛਾਵਰਿ ਪ੍ਰਾਨ ਕਰੈਂ ਤੁਲਸੀ, ਬਲਿ ਜਾਉਂ ਲਲਾ ਇਨ ਬੋਲਨ ਕੀ।੫। -ਤੁਲਸੀ ਦਾਸ
ਮਾਨੁਸ਼ ਹੋ ਤੌ ਵਹੀ ਰਸਖਾਨਿ ਬਸੌ ਬ੍ਰਜ ਗੋਕੁਲ ਗਾਂਵ ਕੇ ਗ੍ਵਾਰਨ।
ਜੋ ਪਸੁ ਹੌ ਤੋ ਕਹਾ ਬਸੁ ਮੇਰੋ ਚਰੌ ਨਿਤ ਨੰਦ ਕੀ ਧੇਨੁ ਮੰਝਾਰਨ।
ਪਾਹਨ ਹੌ ਤੋ ਵਹੀ ਗਿਰਿ ਕੋ ਜੋ ਧਰ੍ਯੋ ਕਰ ਛਤ੍ਰ ਪੁਰੰਦਰ ਧਾਰਨ।
ਜੋ ਖਗ ਹੌ ਬਸੇਰੋ ਕਰੌ ਮਿਲਿ ਕਾਲਿੰਦੀ-ਕੂਲ-ਕਦੰਬ ਕੀ ਡਾਰਨ॥੧॥ -ਰਸਖਾਨ
ਸਵੱਈਏ ਸ੍ਰੀ ਮੁਖਵਾਕ ਮਹਲਾ ੫
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੩੮੫ ਤੋਂ ੧੪੦੯ ਤਕ ‘ਸਵਯੇ/ਸਵਈਏ’
ਸਵਈਏ ਮਹਲੇ ਪਹਿਲੇ ਕੇ ੧
ਸਵਈਏ ਮਹਲੇ ਦੂਜੇ ਕੇ ੨
ਸਵਈਏ ਮਹਲੇ ਤੀਜੇ ਕੇ ੩
ਸਵਈਏ ਮਹਲੇ ਚਉਥੇ ਕੇ ੪
ਸਵਈਏ ਮਹਲੇ ਪੰਜਵੇ ਕੇ ੫
ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤੀ ‘ਸਵਯੇ ਸ੍ਰੀ ਮੁਖਬਾਕੵ ਮਹਲਾ ੫’ ਸਿਰਲੇਖ ਵਾਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੮੫ ਤੋਂ ੧੩੮੯ ਤਕ ਦਰਜ ਹੈ। ਇਸ ਵਿਚ ਵੀਹ ਸਵੱਈਏ ਸ਼ਾਮਲ ਹਨ। ਇਨ੍ਹਾਂ ਸਵੱਈਆਂ ਦੇ ਦੋ ਜੁੱਟ ਹਨ। ਪਹਿਲੇ ਜੁੱਟ ਵਿਚ ਨੌਂ ਅਤੇ ਦੂਜੇ ਜੁੱਟ ਵਿਚ ਗਿਆਰਾਂ ਸਵੱਈਏ ਹਨ। ਇਨ੍ਹਾਂ ਦੋਵਾਂ ਜੁੱਟਾਂ ਦੇ ਸਵੱਈਆਂ ਵਿਚ ਤੁਕਾਂ ਦੀ ਗਿਣਤੀ ਸਮਾਨ ਨਹੀਂ ਹੈ। ਇਨ੍ਹਾਂ ਵਿਚ ਚਾਰ ਤੋਂ ਲੈ ਕੇ ਅਠ ਤੁਕਾਂ ਤਕ ਦੇ ਸਵੱਈਏ ਹਨ।
ਡਾ. ਰਤਨ ਸਿੰਘ ਜੱਗੀ ਅਨੁਸਾਰ ਪਹਿਲੇ ਅਤੇ ਦੂਜੇ, ਦੋਵਾਂ ਜੁੱਟਾਂ ਦੇ ਸਵੱਈਆਂ ਵਿਚ, ਸਵੱਈਏ ਦੇ ਛੰਦ-ਸ਼ਾਸਤਰੀ ਨਿਯਮਾਂ ਦੀ ਪਾਲਣਾ ਪੂਰੀ ਤਰ੍ਹਾਂ ਨਹੀਂ ਹੋਈ।
ਪਹਿਲੇ ਜੁੱਟ ਦੇ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪਰਮਾਤਮਾ ਦੀ ਉਸਤਤਿ ਕੀਤੀ ਗਈ ਹੈ। ਪਰਮਾਤਮਾ ਦੀ ਸਰਬ-ਵਿਆਪਕਤਾ ਨੂੰ ਦਰਸਾਉਂਦਿਆਂ ਹੋਇਆਂ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਇਹ ਵਿਚਾਰ ਵੀ ਦ੍ਰਿੜ ਕਰਵਾਇਆ ਗਿਆ ਹੈ ਕਿ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਸਦਕਾ ਸੁਖਾਂ ਦੀ ਪ੍ਰਾਪਤੀ ਅਤੇ ਪਾਪਾਂ ਦਾ ਨਾਸ ਹੁੰਦਾ ਹੈ। ਜਿਨ੍ਹਾਂ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਗਿਆਨ ਦਾ ਦੀਪਕ ਕਿਹਾ ਗਿਆ ਹੈ।
ਦੂਜੇ ਜੁੱਟ ਦੇ ਸਵੱਈਆਂ ਵਿਚ ਮਨੁਖ ਨੂੰ ਉਸ ਦੀ ਅਲਪੱਗਤਾ ਦਾ ਅਹਿਸਾਸ ਕਰਾਇਆ ਗਿਆ ਹੈ। ਮਨੁਖ ਸੰਸਾਰ ਦੇ ਫੋਕਟ ਰੁਝੇਵਿਆਂ ਕਾਰਣ ਆਪਣੇ ਅਸਲ ਕਾਰਜ ਤੇ ਮਕਸਦ ਤੋਂ ਭਟਕ ਜਾਂਦਾ ਹੈ। ਉਸ ਦਾ ਅਸਲ ਕਾਰਜ ਪ੍ਰਭੂ ਦੇ ਨਾਮ ਦਾ ਸਿਮਰਨ ਤੇ ਮਕਸਦ ਪ੍ਰਭੂ ਦਾ ਮਿਲਾਪ (ਅਨੁਭਵ) ਹੈ।



