
ਸੰਸਕ੍ਰਿਤ ਵਿਚ ਦੇਵਨਾਗਰੀ ਲਿਪੀ ਦੇ ਇਕ ਅੱਖਰ ’ਤੇ ਅਧਾਰਤ: ਏਕਾਕਸ਼ਰੀ।
ਸਿਧ ਮਾਤ੍ਰਿਕਾ ਲਿਪੀ ਦੇ ਚੌਂਤੀ ਅੱਖਰਾਂ ’ਤੇ ਅਧਾਰਤ: ਚੌਂਤੀਸੀ (ਕੰਨ ਪਾਟੇ ਨਾਥਾਂ ਦੀ ਕਵਿਤਾ)।
ਹਿੰਦੀ ਵਿਚ ਦੇਵਨਾਗਰੀ ਲਿਪੀ ਦੇ ਬਵੰਜਾ ਅੱਖਰਾਂ ’ਤੇ ਅਧਾਰਤ: ਬਾਵਨ-ਅੱਖਰੀ।
ਫਾਰਸੀ-ਅਰਬੀ ਦੇ ਤੀਹ ਅੱਖਰਾਂ ’ਤੇ ਅਧਾਰਤ: ਸੀਹਰਫੀ।
ਪੰਜਾਬੀ ਵਿਚ ਜਿਥੇ ਦੂਜੀਆਂ ਕਾਵਿ-ਪਰੰਪਰਾਵਾਂ ਵਿਚੋਂ ਸੀਹਰਫੀ, ਚੌਂਤੀਸਾ, ਬਾਵਨ-ਅਖਰੀ ਆਦਿ ਲਿਪੀ ਅਧਾਰਤ ਕਾਵਿ-ਰੂਪ ਆਏ, ਉਥੇ ਇਸ ਦੀ ਆਪਣੀ ਲਿਪੀ (ਗੁਰਮੁਖੀ) ਅਧਾਰਤ ਪੱਟੀ ਜਾਂ ਪੈਂਤੀ ਅੱਖਰੀ ਆਦਿ ਮੌਲਿਕ ਕਾਵਿ-ਰੂਪ ਵੀ ਪ੍ਰਚਲਤ ਹੋਏ। ਪਿਆਰਾ ਸਿੰਘ ਪਦਮ ਨੇ ਇਨ੍ਹਾਂ ਰਚਨਾਵਾਂ ਦਾ ਪਿਛੋਕੜ ਸਿਧ ਮਾਤ੍ਰਿਕਾ ਲਿਪੀ ਨਾਲ ਜੋੜਿਆ ਹੈ।

ਪੁਰਾਣੇ ਸਮਿਆਂ ਵਿਚ ਵਿਦਿਆਰਥੀ ਸਕੂਲ ਵਿਚ ਲਿਪੀ ਦੇ ਅੱਖਰ, ਮੁਹਾਰਨੀ ਆਦਿ ਲਿਖਣ ਅਤੇ ਉਸ ਦਾ ਵਾਰ-ਵਾਰ ਅਭਿਆਸ ਕਰਨ ਲਈ ਫੱਟੀ ਅਥਵਾ ਲੱਕੜ ਦੀ ਤਖਤੀ ਦੀ ਵਰਤੋਂ ਕਰਦੇ ਸਨ। ਇਸ ਨੂੰ ‘ਪੱਟੀ’ ਵੀ ਕਿਹਾ ਜਾਂਦਾ ਸੀ। ਸ਼ਾਇਦ ਇਸੇ ਅਧਾਰ ’ਤੇ ਬਾਅਦ ਵਿਚ ਅਜਿਹੀ ਕਾਵਿ-ਰਚਨਾ ਨੂੰ ਪੱਟੀ ਕਿਹਾ ਜਾਣ ਲੱਗਾ, ਜਿਸ ਵਿਚ ਉਸ ਸਮੇਂ ਪ੍ਰਚਲਤ ਲਿਪੀ ਦੇ ਅੱਖਰਾਂ ਨੂੰ ਕ੍ਰਮ ਅਨੁਸਾਰ ਵਰਤ ਕੇ ਕਿਸੇ ਵਿਸ਼ੇ ਦੀ ਵਿਆਖਿਆ ਕੀਤੀ ਗਈ ਹੁੰਦੀ ਸੀ।
ਗੁਰੂ ਗ੍ਰੰਥ ਸਾਹਿਬ ਵਿਚ ਵੀ ਲਿਪੀ ਅਧਾਰਤ ਕਾਵਿ-ਰੂਪਾਂ ਵਿਚ ਉਚਾਰਣ ਕੀਤੀਆਂ ਬਾਣੀਆਂ

ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਲਿਪੀ ਅਧਾਰਤ ਕਾਵਿ-ਰਚਨਾਵਾਂ ਲਿਖੀਆਂ ਜਾਂਦੀਆਂ ਸਨ। ਗੁਰੂ ਸਾਹਿਬ ਨੇ ਇਸ ਕਾਵਿ-ਪਰੰਪਰਾ ਨੂੰ ਅੱਗੇ ਤੋਰਦੇ ਹੋਏ ਉਸ ਸਮੇਂ ਦੇ ਪ੍ਰਚਲਤ ਅੱਖਰਾਂ ਨੂੰ ਅਧਾਰ ਬਣਾ ਕੇ ਪੱਟੀ ਬਾਣੀ ਦਾ ਉਚਾਰਣ ਕੀਤਾ। ਉਨ੍ਹਾਂ ਪ੍ਰਚਲਤ ਅੱਖਰਾਂ ਦੇ ਵਿਕਾਸ ਵਿਚ ਗੁਰੂ ਸਾਹਿਬਾਨ ਵੱਲੋਂ ਪਾਏ ਯੋਗਦਾਨ ਸਦਕਾ ਇਸ ਲਿਪੀ ਨੂੰ ‘ਗੁਰਮੁਖੀ’ ਕਿਹਾ ਜਾਣ ਲੱਗਾ।
ਇਥੇ, ਗੁਰਮੁਖੀ ਲਿਪੀ ਦੀ ਭੂਮਿਕਾ ਨੂੰ ਵੀ ਸਮਝਣਾ ਪ੍ਰਸੰਗਕ ਹੋਵੇਗਾ। ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਵਾਲੇ ਅਨੁਸਾਰ

ਪੰਜਾਬੀ ਵਿਚ ੧੦੦ ਕੁ ਪੈਂਤੀ ਅੱਖਰੀਆਂ ਜਾਂ ਪੱਟੀਆਂ ਲਿਖੀਆਂ ਮਿਲਦੀਆਂ ਹਨ।

ਗੁਰੂ ਨਾਨਕ ਸਾਹਿਬ ਦੁਆਰਾ ਆਸਾ ਰਾਗ ਵਿਚ ‘ਪਟੀ ਲਿਖੀ’ ਸਿਰਲੇਖ ਅਧੀਨ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੩੨-੪੩੪ ਉਪਰ ਦਰਜ ਹੈ। ਇਸ ਵਿਚ ਦੋ-ਦੋ ਤੁਕਾਂ ਦੇ ਪੈਂਤੀ ਪਦੇ ਹਨ। ‘ਰਹਾਉ’ ਦਾ ਇਕ ਪਦਾ ਇਨ੍ਹਾਂ ਤੋਂ ਵਖਰਾ ਹੈ।
ਪੱਟੀ ਬਾਣੀ ਦਾ ਅੱਖਰ-ਕ੍ਰਮ
ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਪੱਟੀ ਬਾਣੀ ਵਿਚ ਵਰਤਿਆ ਅੱਖਰ-ਕ੍ਰਮ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਅਜੋਕੀ ਤਰਤੀਬ ਨਾਲੋਂ ਕੁਝ ਵਖਰਾ ਹੈ। ਉਦਾਹਰਣ ਵਜੋਂ ਗੁਰਮੁਖੀ ਅੱਖਰ-ਕ੍ਰਮ ਦੀ ਵਰਤਮਾਨ ਤਰਤੀਬ ਅਨੁਸਾਰ ‘ੳ, ਅ, ੲ’ ਸਵਰ-ਵਾਹਕ ਪਹਿਲਾਂ ਆਉਂਦੇ ਹਨ, ਪਰ ‘ਪੱਟੀ’ ਬਾਣੀ ਵਿਚ ‘ੳ’ ਤੋਂ ਪਹਿਲਾਂ ‘ਸ’ ਅਤੇ ‘ੲ’ ਰਖੇ ਗਏ ਹਨ। ‘ਅ’ ਸਾਰੇ ਅੱਖਰਾਂ ਤੋਂ ਅਖੀਰ ਵਿਚ ਆਇਆ ਹੈ:
ਸ | ੲ | ੳ | ||
ਙ | ਕ | ਖ | ਗ | ਘ |
ਚ | ਛ | ਜ | ਝ | ਞ |
ਟ | ਠ | ਡ | ਢ | ਣ |
ਤ | ਥ | ਦ | ਧ | ਨ |
ਪ | ਫ | ਬ | ਭ | ਮ |
ਯ | ਰ | ਲ | ਵ | ੜ |
ਹ | ਅ |
ਇਸ ਪ੍ਰਕਾਰ ਗੁਰਮੁਖੀ ਲਿਪੀ ਦੇ ਮੌਜੂਦਾ ਅੱਖਰ-ਕ੍ਰਮ ਨਾਲੋਂ ਇਸ ਬਾਣੀ ਦੇ ਅੱਖਰ-ਕ੍ਰਮ ਦੀ ਤਰਤੀਬ ਵਿਚ ਨਿਮਨਲਿਖਤ ਛੇ ਅੱਖਰਾਂ ਦਾ ਅੰਤਰ ਦਿਖਾਈ ਦਿੰਦਾ ਹੈ:
ਅੱਖਰ | ਮੌਜੂਦਾ ਤਰਤੀਬ | ‘ਪੱਟੀ’ ਬਾਣੀ ਵਿਚਲੀ ਤਰਤੀਬ |
ਸ | ਚੌਥਾ ਅੱਖਰ | ਪਹਿਲਾ ਅੱਖਰ |
ੲ | ਤੀਜਾ ਅੱਖਰ | ਦੂਜਾ ਅੱਖਰ |
ੳ | ਪਹਿਲਾ ਅੱਖਰ | ਤੀਜਾ ਅੱਖਰ |
ਙ | ਦਸਵਾਂ ਅੱਖਰ | ਚੌਥਾ ਅੱਖਰ |
ਹ | ਪੰਜਵਾਂ ਅੱਖਰ | ਚੌਤੀਵਾਂ ਅੱਖਰ |
ਅ | ਦੂਜਾ ਅੱਖਰ | ਪੈਂਤੀਵਾਂ ਅੱਖਰ |
ਅੱਖਰ-ਕ੍ਰਮ ਦੀ ਇਸ ਭਿੰਨਤਾ ਦੇ ਅਧਾਰ ’ਤੇ ਡਾ. ਰਤਨ ਸਿੰਘ ਜੱਗੀ ਇਹ ਧਾਰਨਾ ਪੇਸ਼ ਕਰਦੇ ਹਨ ਕਿ ਇਸ ਤੋਂ ਇੰਨਾ ਤਾਂ ਸਪਸ਼ਟ ਹੈ ਕਿ ਇਸ ਬਾਣੀ ਦੇ ਰਚੇ ਜਾਣ ਤਕ ਗੁਰਮੁਖੀ ਲਿਪੀ ਦਾ ਵਰਤਮਾਨ ਅੱਖਰ-ਕ੍ਰਮ ਨਿਸ਼ਚਤ ਨਹੀਂ ਹੋਇਆ ਸੀ।


ਅੱਖਰਾਂ ’ਤੇ ਅਧਾਰਤ ਬਾਣੀਆਂ (ਪਟੀ ਮਹਲਾ ੧ ਅਤੇ ਪਟੀ ਮਹਲਾ ੩) ਵਿਚ ‘ਸ, ੲ, ੳ, ਙ’ ਧੁਨੀਆਂ ਪਹਿਲਾਂ ਆਈਆਂ ਹਨ। ਇਨ੍ਹਾਂ ਤੋਂ ਬਾਅਦ ‘ਡਕਵੀਆਂ’ ਅਤੇ ‘ਅੰਤਮ ਵਰਗੀ’ ਧੁਨੀਆਂ ਆਈਆਂ ਹਨ। ਇਨ੍ਹਾਂ ਦੋਵਾਂ ਧੁਨੀ-ਸਮੂਹਾਂ ਤੋਂ ਬਾਅਦ ਕ੍ਰਮਵਾਰ ‘ੜ’ ਅਤੇ ‘ਹ’ ਧੁਨੀਆਂ ਰਖੀਆਂ ਗਈਆਂ ਹਨ। ਡਾ. ਗੋਬਿੰਦਨਾਥ ਰਾਜਗੁਰੂ ਅਨੁਸਾਰ ‘ਸ, ਧ, ਙ’ ਕ੍ਰਮ ਸਾਡੀਆਂ ਅਨੇਕ ਲਿਪੀਆਂ ਵਿਚ ਮਿਲਦਾ ਹੈ । ਗੁਰੂ ਨਾਨਕ ਸਾਹਿਬ ਦੀ ਬਾਣੀ ‘ਓਅੰਕਾਰ’ ਵਿਚ ਵੀ ਵਰਣਾਂ ਦਾ ਕ੍ਰਮ ‘ਸ, ਧ, ਙ’ ਹੀ ਹੈ।

ਪੱਟੀ ਬਾਣੀ ਦੇ ਅੱਖਰਾਂ ਦਾ ਉਚਾਰਣ/ਬਣਤਰ
ਅੱਖਰ-ਕ੍ਰਮ ਸਮੇਤ ਪੱਟੀ ਬਾਣੀ ਦੇ ਅੱਖਰਾਂ ਦਾ ਉਚਾਰਣ/ਬਣਤਰ ਵੀ ਆਪਣੇ ਵੱਲ ਧਿਆਨ ਖਿੱਚਦੀ ਹੈ। ਇਨ੍ਹਾਂ ਅੱਖਰਾਂ ਵਿਚੋਂ ‘ੲ’ ਤੋਂ ਇਲਾਵਾ ਬਾਕੀ ਸਾਰੇ ਅੱਖਰਾਂ ਦੀ ਵਰਤੋਂ ‘ਐ’ ਅੰਤਕ ਰੂਪ ਵਿਚ ਹੋਈ ਹੈ, ਜਿਵੇਂ: ਸਸੈ, ਗਗੈ, ਦਦੈ, ਧਧੈ ਆਦਿ। ਇਥੇ ਇਹ ਵਿਸ਼ੇਸ਼ ਤੌਰ ’ਤੇ ਜਿਕਰਜੋਗ ਹੈ ਕਿ ਇਹ ਨਾ ਤਾਂ ਅੱਖਰਾਂ ਦੇ ਨਾਂ ਹਨ ਅਤੇ ਨਾ ਹੀ ਇਨ੍ਹਾਂ ਦੇ ਉਚਾਰਣ, ਬਲਕਿ ਇਹ ਇਨ੍ਹਾਂ ਅੱਖਰਾਂ ਦੇ ਵਿਆਕਰਣਕ ਰੂਪਾਂਤਰਣ ਹਨ। ਗੁਰਬਾਣੀ ਦੀ ਲਿਖਣ ਨੇਮਾਂਵਲੀ (ਗੁਰਬਾਣੀ ਵਿਆਕਰਣ) ਅਨੁਸਾਰ ‘ਆ’ ਅੰਤਕ ਸ਼ਬਦਾਂ ਦਾ ਕਰਣ ਕਾਰਕੀ ਰੂਪ ‘ਐ’ ਅੰਤਕ ਹੁੰਦਾ ਹੈ। ਜਦਕਿ ‘ਈ’ ਅੰਤਕ ਸ਼ਬਦਾਂ, ਜਿਵੇਂ ਕਿ ‘ਈਵੜੀ/ਈੜੀ’ ਦਾ ‘ਈ’ ਅੰਤਕ ਹੀ ਰਹਿੰਦਾ ਹੈ। ਇਸੇ ਕਾਰਣ ਬਾਕੀ ਦੇ ਸਾਰੇ ਅੱਖਰ ‘ਐ’ ਅੰਤਕ ਹਨ ਅਤੇ ਕੇਵਲ ‘ਈਵੜੀ/ਈੜੀ’ ਹੀ ‘ਈ’ ਅੰਤਕ ਰੂਪ ਵਿਚ ਆਈ ਹੈ। ਕਰਣ-ਕਾਰਕੀ ਰੂਪ ਵਿਚ ਸਸੈ, ਗਗੈ ਆਦਿ ਦੇ ਅਰਥ ਬਣਦੇ ਹਨ: ਸੱਸੇ ਦੁਆਰਾ, ਗੱਗੇ ਦੁਆਰਾ; ਭਾਵ, ‘ਸੱਸੇ’ ਅੱਖਰ ਦੁਆਰਾ ਉਪਦੇਸ਼, ਗੱਗੇ ਅੱਖਰ ਦੁਆਰਾ ਉਪਦੇਸ਼ ਆਦਿ।
ਲਿਪੀ ਅਧਾਰਤ ਰਚਨਾਵਾਂ ਅਤੇ ਪੱਟੀ ਬਾਣੀ
ਲਿਪੀ ਅਧਾਰਤ ਰਚਨਾਵਾਂ ਦਾ ਇਹ ਕਾਵਿਕ ਲੱਛਣ ਹੁੰਦਾ ਹੈ ਕਿ ਇਨ੍ਹਾਂ ਵਿਚ ਆਮ ਕਰ ਕੇ ਅੱਖਰ ਵਿਸ਼ੇਸ਼ ਤੋਂ ਬਾਅਦ ਆਉਣ ਵਾਲਾ ਸ਼ਬਦ ਵੀ ਉਸੇ ਹੀ ਅੱਖਰ ਨਾਲ ਅਰੰਭ ਹੁੰਦਾ ਹੈ। ਉਦਾਹਰਣ ਵਜੋਂ ਭਗਤ ਕਬੀਰ ਜੀ ਦੁਆਰਾ ਉਚਾਰਣ ਕੀਤੀ ‘ਬਾਵਨ ਅਖਰੀ’ ਨੂੰ ਦੇਖਿਆ ਜਾ ਸਕਦਾ ਹੈ:
ਗਗਾ ਗੁਰ ਕੇ ਬਚਨ ਪਛਾਨਾ ॥ ਦੂਜੀ ਬਾਤ ਨਾ ਧਰਈ ਕਾਨਾ ॥ -ਗੁਰੂ ਗ੍ਰੰਥ ਸਾਹਿਬ ੩੪੦
ਇਸੇ ਪ੍ਰਕਾਰ ਸੂਫੀ ਕਵੀ ਸੁਲਤਾਨ ਬਾਹੂ ਦੁਆਰਾ ਰਚਿਤ ਸੀਹਰਫੀ ਦਾ ਵੀ ਨਿਮਨਲਿਖਤ ਬੰਦ ਦੇਖ ਸਕਦੇ ਹਾਂ:
ਮੀਮ ਮੁਰਸ਼ਦ ਵਾਂਗ ਸੁਨਿਆਰੇ ਹੋਵੇ, ਜਿਹੜਾ ਘੱਤ ਕੁਠਾਲੀ ਗਾਲੇ ਹੂ।
ਪਾ ਕੁਠਾਲੀ ਬਾਹਰ ਕੱਢੇ, ਬੁੰਦੇ ਘੜੇ ਜਾਂ ਵਾਲੇ ਹੂ।
ਪੱਟੀ ਬਾਣੀ ਦੇ ਪਦਿਆਂ ਵਿਚ ਵੀ ਅੱਖਰ ਵਿਸ਼ੇਸ਼ ਤੋਂ ਬਾਅਦ ਆਉਣ ਵਾਲਾ ਸ਼ਬਦ ਜਿਆਦਾਤਰ ਉਸੇ ਹੀ ਅੱਖਰ ਨਾਲ ਅਰੰਭ ਹੋ ਰਿਹਾ ਹੈ:
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥ -ਗੁਰੂ ਗ੍ਰੰਥ ਸਾਹਿਬ ੪੩੨
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥ -ਗੁਰੂ ਗ੍ਰੰਥ ਸਾਹਿਬ ੪੩੨
ਪਰ ਇਸ ਬਾਣੀ ਦੇ ਪੰਜ ਅੱਖਰਾਂ ‘ੲ, ਞ, ਣ, ਯ, ੜ’ ਨਾਲ ਆਏ ਸ਼ਬਦ ਕੁਝ ਨਿਵੇਕਲੇ ਜਾਪਦੇ ਹਨ। ਕਿਉਂਕਿ ਇਥੇ ‘ੲ’ ਨਾਲ ‘ਆਦਿ,’ ‘ਞ’ ਨਾਲ ‘ਨਦਰਿ,’ ‘ਣ’ ਨਾਲ ‘ਰਵਤੁ,’ ‘ਯ’ ਨਾਲ ‘ਜਨਮ’ ਅਤੇ ‘ੜ’ ਨਾਲ ‘ਰਾੜਿ’ ਸ਼ਬਦ ਜੋੜਿਆ ਗਿਆ ਹੈ। ਇਸ ਵਰਤੋਂ ਦੇ ਪਿਛੋਕੜ ਵਿਚ ਧੁਨੀ ਨੇੜਤਾ ਅਤੇ ਧੁਨੀ ਵਟਾਂਦਰੇ ਦੇ ਨਿਯਮ ਕਾਰਜਸ਼ੀਲ ਕਹੇ ਜਾ ਸਕਦੇ ਹਨ, ਕਿਉਂਕਿ:
- ੧.‘ੲ’ ਤੇ ‘ਅ’ ਦੋਵੇਂ ਸਵਰ ਹਨ ਅਤੇ ਇਹ ਧੁਨੀਆਂ ਵੀ ਪਰਸਪਰ ਸਾਂਝ ਰਖਦੀਆ ਹਨ। ਪੰਜਾਬੀ ਬੋਲਚਾਲ ਵਿਚ ‘ੲ’ ਅਤੇ ‘ਅ’ ਦਾ ਵਟਾਂਦਰਾ ਵੀ ਆਮ ਤੌਰ ’ਤੇ ਕੁਝ ਸ਼ਬਦਾਂ ਵਿਚ ਦੇਖਣ ਨੂੰ ਮਿਲਦਾ ਹੈ। ਜਿਵੇਂ, ਇਸ਼ਨਾਨ ਤੇ ਅਸ਼ਨਾਨ।
- ੨.‘ਞ’ ਤੇ ‘ਨ’ ਦੋਵੇਂ ਨਾਸਕੀ ਧੁਨੀਆਂ ਹਨ। ਆਮ ਬੋਲਚਾਲ ਵਿਚ ਵੀ ਇਨ੍ਹਾ ਧੁਨੀਆਂ ਦਾ ਪਰਸਪਰ ਵਟਾਂਦਰਾ ਦੇਖਿਆ ਜਾ ਸਕਦਾ ਹੈ। ਜਿਵੇਂ ਕਿ ਜੰਞ ਤੇ ਜੰਨ।
- ੩.ਗੁਰਬਾਣੀ ਅਤੇ ਪੰਜਾਬੀ ਭਾਸ਼ਾਈ ਮੁਹਾਵਰੇ ਵਿਚ ‘ਯ’ ਧੁਨੀ ਕਈ ਵਾਰ ‘ਜ’ ਧੁਨੀ ਵਿਚ ਬਦਲ ਜਾਂਦੀ ਹੈ। ਜਿਵੇਂ, ਯੋਗੀ ਤੋਂ ਜੋਗੀ।
- ੪.‘ੜ’ ਅਤੇ ‘ਰ’ ਦੋਵੇਂ ਧੁਨੀਆਂ ਵੀ ਅਤਿ-ਨਜਦੀਕੀ ਰੂਪ ਵਿਚ ਵਿਚਰਦੀਆਂ ਹਨ ਅਤੇ ਕਈ ਵਾਰ ‘ੜ’ ਧੁਨੀ ‘ਰ’ ਧੁਨੀ ਵਿਚ ਬਦਲ ਜਾਂਦੀ ਹੈ। ਜਿਵੇਂ, ਕੁਝ ਇਲਾਕਿਆ ਵਿਚ ਘੋੜਾ ਨੂੰ ਘੋਰਾ ਵੀ ਬੋਲਿਆ ਜਾਂਦਾ ਹੈ।
- ੫. ਇਸੇ ਪ੍ਰਕਾਰ ਗੁਰਬਾਣੀ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ‘ਣ’ ਅਤੇ ‘ਰ’ ਦੋਵੇਂ ਧੁਨੀਆਂ ਵੀ ਅਤਿ-ਨਜਦੀਕੀ ਰੂਪ ਵਿਚ ਵਿਚਰਦੀਆਂ ਹਨ। ਇਸ ਬਾਣੀ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਅਤੇ ਭਗਤ ਕਬੀਰ ਜੀ ਦੁਆਰਾ ਉਚਾਰਣ ਕੀਤੀਆਂ ‘ਬਾਵਨ ਅਖਰੀ’ ਬਾਣੀਆਂ ਵਿਚ ਵੀ ‘ਣ’ ਨਾਲ ‘ਰ’ ਧੁਨੀ ਵਾਲੇ ਸ਼ਬਦ ਜੋੜੇ ਗਏ ਹਨ:
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ -ਗੁਰੂ ਗ੍ਰੰਥ ਸਾਹਿਬ ੨੫੬
ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥ -ਗੁਰੂ ਗ੍ਰੰਥ ਸਾਹਿਬ ੩੪੧
ਇਥੇ ਇਕ ਗੱਲ ਹੋਰ ਵੀ ਧਿਆਨ ਦੀ ਮੰਗ ਕਰਦੀ ਹੈ ਕਿ ਅਜੋਕੀ ਪੰਜਾਬੀ ਵਿਚ ਇਨ੍ਹਾਂ ਪੰਜ ਅੱਖਰਾਂ (ੲ, ਞ, ਣ, ਯ, ੜ) ਵਿਚੋਂ ਤਿੰਨ ਅੱਖਰਾਂ (ਞ, ਣ, ੜ) ਦੀ ਵਰਤੋਂ ਸ਼ਬਦਾਂ ਦੀ ਅਰੰਭਕ ਸਥਿਤੀ ਵਿਚ ਨਹੀਂ ਹੁੰਦੀ। ਮੌਜੂਦਾ ਸਮੇਂ ਵਿਚ ਪ੍ਰਕਾਸ਼ਤ ਹੋ ਰਹੇ ਗੁਰਮੁਖੀ ਅੱਖਰ-ਬੋਧਾਂ ਵਿਚ ਇਨ੍ਹਾਂ ਤਿੰਨ ਅੱਖਰਾਂ ਦੇ ਨਾਲ ‘ਙ’ ਅਖਰ ਨੂੰ ਵੀ ਖਾਲੀ ਕਰਾਰ ਦੇ ਕੇ ਛੱਡ ਦਿੱਤਾ ਜਾਂਦਾ ਹੈ। ਜਦਕਿ ਗੁਰਬਾਣੀ ਵਿਚ ਇਨ੍ਹਾਂ ਅਖਰਾਂ ਦੀ ਸ਼ਬਦ ਦੇ ਅਰੰਭ ਵਿਚ ਵਰਤੋਂ ਹੋਈ ਮਿਲਦੀ ਹੈ:
ਙੰਙਾ ਙਿਆਨੁ ਨਹੀ ਮੁਖ ਬਾਤਉ ॥ -ਗੁਰੂ ਗ੍ਰੰਥ ਸਾਹਿਬ, ੨੫੧
ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥ -ਗੁਰੂ ਗ੍ਰੰਥ ਸਾਹਿਬ ੨੫੫
ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥ -ਗੁਰੂ ਗ੍ਰੰਥ ਸਾਹਿਬ ੯੩੪
ੜਾੜਾ ਗੁਰਮੁਖਿ ੜਾੜਿ ਮਿਟਾਈ ॥ -ਗੁਰੂ ਗ੍ਰੰਥ ਸਾਹਿਬ ੨੬੦
ਪੱਟੀ ਬਾਣੀ ਦਾ ਵਿਸ਼ਾ
ਇਸ ਬਾਣੀ ਵਿਚ ਗੁਰੂ ਨਾਨਕ ਸਾਹਿਬ ਦੁਆਰਾ ਅੱਖਰ-ਭੇਦ ਦੀ ਸੋਝੀ ਬਖਸ਼ਦਿਆਂ ਪਰਮਾਤਮਾ ਦੀ ਉਸਤਤਿ ਕੀਤੀ ਗਈ ਹੈ ਤੇ ਉਸ ਦੀ ਪ੍ਰਾਪਤੀ ਉੱਤੇ ਬਲ ਦਿੱਤਾ ਗਿਆ ਹੈ। ਰਵਾਇਤ ਅਨੁਸਾਰ ਇਹ ਬਾਣੀ ਪਾਂਧੇ/ਪੰਡਿਤ ਨੂੰ ਸੰਬੋਧਤ ਹੈ। ਪਰ ਇਸ ਬਾਣੀ ਵਿਚ ਦਿੱਤੇ ਉਪਦੇਸ਼ ਕੇਵਲ ਪਾਂਧੇ/ਪੰਡਿਤ ਤਕ ਹੀ ਸੀਮਤ ਨਹੀਂ ਹਨ, ਬਲਕਿ ਇਹ ਸਾਰੇ ਮਨੁਖਾਂ ਲਈ ਹਨ। ‘ਰਹਾਉ’ ਵਾਲੇ ਬੰਦ ਵਿਚ ਮਨੁਖੀ ਮਨ ਨੂੰ ਸੇਧ ਦਿੱਤੀ ਗਈ ਹੈ ਕਿ ਉਹ ਆਪਣੇ-ਆਪ ਨੂੰ ਪੜ੍ਹਿਆ-ਲਿਖਿਆ ਸਮਝ ਕੇ ਭੁੱਲਿਆ ਫਿਰਦਾ ਹੈ। ਅਸਲ ਵਿਚ ਪੜ੍ਹਿਆ ਉਹ ਤਾਂ ਹੀ ਮੰਨਿਆ ਜਾਵੇਗਾ ਜੇਕਰ ਉਹ ਚੰਗੇ ਕਰਮਾਂ ਰਾਹੀਂ ਆਪਣੇ ਜੀਵਨ ਨੂੰ ਸਵਾਰ ਕੇ ਜੀਵਨ-ਮੁਕਤ ਹੋ ਸਕੇਗਾ।