Guru Granth Sahib Logo
  
ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਜੀਵਨ-ਕਾਲ ਵਿਚ ਹੀ ਭਾਈ ਲਹਣਾ ਜੀ (ਬਾਅਦ ਵਿਚ ਗੁਰੂ ਅੰਗਦ ਸਾਹਿਬ) ਨੂੰ ਗੁਰਤਾ-ਗੱਦੀ ਸੌਂਪਣ ਦਾ ਵਰਨਣ ਕੀਤਾ ਗਿਆ ਹੈ। ਇਸ ਵਿਚ ਉਪਦੇਸ਼ ਹੈ ਕਿ ਪ੍ਰਭੂ ਜਿਸ ਦਾ ਨਾਮ ਉੱਘਾ ਕਰ ਦਿੰਦਾ ਹੈ, ਉਸ ਦੇ ਬਚਨ ਅਮੋਲ ਹੁੰਦੇ ਹਨ। ਦੈਵੀ-ਗੁਣਾਂ ਦਾ ਸੱਚੇ-ਨਾਮ ਨਾਲ ਗੂੜ੍ਹਾ ਸੰਬੰਧ ਹੈ। ਜਿਸ ਨੂੰ ਇਨ੍ਹਾਂ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਨੂੰ ਪਰਮਗਤੀ ਪ੍ਰਾਪਤ ਹੋ ਜਾਂਦੀ ਹੈ।
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ਸਤਿਗੁਰ ਪ੍ਰਸਾਦਿ

ਨਾਉ ਕਰਤਾ ਕਾਦਰੁ ਕਰੇ   ਕਿਉ ਬੋਲੁ ਹੋਵੈ ਜੋਖੀਵਦੈ
ਦੇ ਗੁਨਾ   ਸਤਿ ਭੈਣ ਭਰਾਵ ਹੈ   ਪਾਰੰਗਤਿ ਦਾਨੁ ਪੜੀਵਦੈ
ਨਾਨਕਿ ਰਾਜੁ ਚਲਾਇਆ   ਸਚੁ ਕੋਟੁ ਸਤਾਣੀ ਨੀਵ ਦੈ
ਲਹਣੇ ਧਰਿਓਨੁ ਛਤੁ ਸਿਰਿ   ਕਰਿ ਸਿਫਤੀ ਅੰਮ੍ਰਿਤੁ ਪੀਵਦੈ
ਮਤਿ  ਗੁਰ ਆਤਮ ਦੇਵ ਦੀ   ਖੜਗਿ ਜੋਰਿ ਪਰਾਕੁਇ ਜੀਅ ਦੈ
ਗੁਰਿ  ਚੇਲੇ ਰਹਰਾਸਿ ਕੀਈ   ਨਾਨਕਿ ਸਲਾਮਤਿ ਥੀਵਦੈ
ਸਹਿ ਟਿਕਾ ਦਿਤੋਸੁ ਜੀਵਦੈ ॥੧॥
-ਗੁਰੂ ਗ੍ਰੰਥ ਸਾਹਿਬ ੯੬੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰਿਆਈ ਮਿਲਣ ਉਪਰੰਤ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਹਿਤ ਆਉਣ ਵਾਲੀ ਸੰਗਤ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਆਪ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਪ੍ਰਸੰਨ ਕੀਤਾ? ਤਾਂ ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਆਪਣੀਆਂ ਹੁਕਮ ਮੰਨਣ ਅਤੇ ਸਮਰਪਣ ਭਾਵ ਦੀਆਂ ਸਾਖੀਆਂ ਸੁਣਾਈਆਂ ਤੇ ਆਖਿਆ ਕਿ ਸ਼ਾਇਦ ਇਨ੍ਹਾਂ ਗੱਲਾਂ ਕਾਰਣ ਗੁਰੂ ਨਾਨਕ ਸਾਹਿਬ ਪ੍ਰਸੰਨ ਹੋਏ ਹੋਣਗੇ।

ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬਾਨ ਨਿਮਰਤਾ, ਸਮਰਪਣ ਅਤੇ ਹੁਕਮ ਮੰਨਣ ’ਤੇ ਬਲ ਦਿੰਦੇ ਸਨ ਤੇ ਕਿਸੇ ਵੀ ਤਰ੍ਹਾਂ ਦੀ ਸੂਖਮ ਤੋਂ ਸੂਖਮ ਹਉਮੈ ਨੂੰ ਪਛਾਣ ਲੈਂਦੇ ਸਨ। ਪਰ ਉਹ ਕਿਸੇ ਨੂੰ ਵੀ ਮਿਥਿਹਾਸਕ ਪਾਤਰਾਂ ਵਾਂਗ ਬੇਕਿਰਕ ਸਰਾਪ ਨਹੀਂ ਦਿੰਦੇ ਸਨ, ਜਿਸ ਦਾ ਪਛਤਾਵਾ ਨਾ ਹੋ ਸਕੇ। ਉਹ ਗਲਤੀ ਦਾ ਅਹਿਸਾਸ ਕਰਾਉਂਦੇ ਸਨ, ਪਛਤਾਵੇ ਉਪਰੰਤ ਬਖ਼ਸ਼ ਦਿੰਦੇ ਸਨ ਤੇ ਗਲੇ ਲਾ ਲੈਂਦੇ ਸਨ। ਗੁਰ-ਇਤਿਹਾਸ ਵਿਚ ਪਛਤਾਵੇ ਉਪਰੰਤ ਬਖ਼ਸ਼ੇ ਗਏ ਸਿਖਾਂ ਦੀਆਂ ਅਣਗਿਣਤ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨ। ਪਰ ਇਨ੍ਹਾਂ ਵਿਚੋਂ ਭਾਈ ਸਤਾ ਤੇ ਬਲਵੰਡ ਨਾਮਕ ਸਿਖਾਂ ਦੀ ਕਥਾ ਬੇਮਿਸਾਲ ਹੈ।

ਭਾਈ ਸਤਾ ਤੇ ਬਲਵੰਡ ਕੀਰਤਨ ਦੀ ਸੇਵਾ ਲਈ ਗੁਰੂ ਘਰ ਵਿਚ ਆਏ ਤੇ ਗੁਰੂ ਘਰ ਤੋਂ ਮਿਲਦੇ ਸੋਭਾ ਸਤਿਕਾਰ ਨੂੰ ਗੁਰੂ ਦੀ ਅਪਾਰ ਕਿਰਪਾ ਸਮਝਣ ਦੀ ਬਜਾਏ ਆਪਣਾ ਹੱਕ ਸਮਝ ਬੈਠੇ। ਅਹੰਕਾਰ ਵੱਸ ਗੁਰੂ ਅੱਗੇ ਬੋਲ-ਕੁਬੋਲ ਬੋਲ ਬੈਠੇ। ਇਥੋਂ ਤਕ ਕਿ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋ ਕੇ ਚੌਥੇ, ਤੀਜੇ, ਦੂਜੇ ਤੇ ਪਹਿਲੇ ਪਾਤਸ਼ਾਹ ਤਕ ਵੀ ਬੋਲ-ਕੁਬੋਲ ਰੋਕ ਨਾ ਸਕੇ, ਜਿਸ ਕਾਰਣ ਗੁਰੂ ਦੀ ਫਿਟਕਾਰ ਦੇ ਸ਼ਿਕਾਰ ਹੋਏ। ਜਿਵੇਂ ਬੋਲ-ਕੁਬੋਲ ਬੋਲਦੇ ਪੰਜਵੇਂ ਪਾਤਸ਼ਾਹ ਤੋਂ ਪਹਿਲੇ ਤਕ ਪੁੱਜੇ ਸਨ, ਉਸੇ ਤਰ੍ਹਾਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਦੀ ਅਸਲੀਅਤ ਤੋਂ ਜਾਣੂ ਹੋਣ ਉਪਰੰਤ ਗੁਰੂ ਦੀ ਅਜ਼ਮਤ ਤੋਂ ਵਾਕਿਫ ਹੋਏ। ਉਨ੍ਹਾਂ ਭੁਲ ਬਖਸ਼ਾਈ ਅਤੇ ਬਖ਼ਸ਼ੇ ਗਏ। ਬਖ਼ਸ਼ੇ ਵੀ ਇੰਨੇ ਗਏ ਕਿ ਉਨ੍ਹਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਕੇ ਬਾਣੀ ਹੋ ਗਏ।

ਗੁਰੂ ਨਾਨਕ ਸਾਹਿਬ ਸੱਚ ਦੇ ਪ੍ਰਚਾਰ ਅਤੇ ਪਸਾਰ ਲਈ ਚਾਰ ਉਦਾਸੀਆਂ ’ਤੇ ਗਏ। ਇਨ੍ਹਾਂ ਉਦਾਸੀਆਂ ਦੌਰਾਨ ਵਖ-ਵਖ ਥਾਈਂ ਅਤੇ ਵਖ-ਵਖ ਲੋਕਾਂ ਨਾਲ ਹੋਏ ਵਾਦ, ਵਿਵਾਦ ਅਤੇ ਸੰਵਾਦ ਰਾਹੀਂ ਉਨ੍ਹਾਂ ਨੇ ਵਿਸ਼ਵ ਦ੍ਰਿਸ਼ਟੀ ਨੂੰ ਅਸਰ ਅੰਦਾਜ਼ ਕੀਤਾ, ਜਿਸ ਕਰਕੇ ਉਨ੍ਹਾਂ ਦੇ ਨਾਮ, ਸੋਚ ਅਤੇ ਸੱਚ ਦਾ ਜ਼ਿਕਰ ਹੋਣ ਲੱਗਾ। ਗੁਰੂ ਨਾਨਕ ਸਾਹਿਬ ਜਗਤ ਪ੍ਰਸਿੱਧ ਹੋ ਚੁੱਕੇ ਸਨ। ਇਸ ਲਈ ਗੁਰੂ-ਜੋਤਿ ਦੇ ਵਾਰਸ ਬਣਨ ਉਪਰੰਤ ਭਾਈ ਲਹਣਾ ਜੀ ਦੀ ਪ੍ਰਸਿੱਧੀ ਵੀ ਚਾਰੇ ਪਾਸੇ ਫੈਲ ਗਈ।

ਭਾਈ ਸਤਾ ਤੇ ਬਲਵੰਡ ਆਪਣੀ ਵਾਰ ਦੀ ਅਰੰਭਕ ਪਉੜੀ ਦੀ ਪਹਿਲੀ ਤੁਕ ਵਿਚ ਆਪਣੀ ਭੁੱਲ ਦਾ ਅਹਿਸਾਸ ਕਰਦੇ ਹੋਏ ਕਹਿੰਦੇ ਹਨ ਕਿ ਜਿਨ੍ਹਾਂ ਦਾ ਨਾਮ ਵਾਹਿਗੁਰੂ ਨੇ ਖ਼ੁਦ ਬੁਲੰਦ ਕੀਤਾ ਹੋਵੇ, ਉਨ੍ਹਾਂ ਦੇ ਬੋਲ ਕਿਵੇਂ ਤੋਲੇ ਅਰਥਾਤ ਸਮਝੇ ਜਾ ਸਕਦੇ ਹਨ। ਇਸ ਕਥਨ ਵਿਚ ਉਹ ਗੁਰੂ ਦੇ ਬਚਨਾਂ ਦੀ ਗੰਭੀਰਤਾ ਸਮਝਣ ਤੋਂ ਆਪਣੀ ਇਨਸਾਨੀ ਅਸਮਰਥਾ ਵੀ ਪ੍ਰਗਟ ਕਰਦੇ ਹਨ।

ਭਾਈ ਸਤਾ ਤੇ ਬਲਵੰਡ ਨੂੰ ਹੁਣ ਸੋਝੀ ਹੋ ਗਈ ਕਿ ਆਰਥਕ ਦਾਨ ਦੀ ਬਜਾਏ ਜਿਨ੍ਹਾਂ ਨੂੰ ਸੱਚ ਸਰੂਪ ਦੈਵੀ ਗੁਣਾਂ ਦੇ ਦਾਨ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਸੰਸਾਰਕ ਮੁਸ਼ਕਲਾਂ ਤੇ ਕਠਨਾਈਆਂ ਵਿਚੋਂ ਸੁਰਖ਼ਰੂ ਹੋ ਕੇ ਪਾਰ ਲੰਘਦੇ ਹਨ। ਹੁਣ ਉਨ੍ਹਾਂ ਨੂੰ ਸਮਝ ਪੈ ਗਈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਕਾਇਮ ਕੀਤਾ ਹੈ, ਉਸ ਦੇ ਕਿਲ੍ਹੇ ਦੀ ਉਸਾਰੀ ਸੱਚ ਦੀਆਂ ਮਜ਼ਬੂਤ ਨੀਹਾਂ ਉੱਤੇ ਹੋਈ ਹੈ।

ਗੁਰੂ ਨਾਨਕ ਪਾਤਸ਼ਾਹ ਦੇ ਜਿਸ ਰਾਜ ਵੱਲ ਇਥੇ ਸੰਕੇਤ ਕੀਤਾ ਗਿਆ ਹੈ, ਉਸ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਈਂ ਹੋਈ ਹੈ। ਇਤਿਹਾਸ ਵਿਚ ਪ੍ਰਚਲਤ ਰਾਜ-ਪ੍ਰਬੰਧ ਦੀ, ਬਾਣੀ ਵਿਚ ਵਾਰ-ਵਾਰ ਨਿਖੇਧੀ ਕੀਤੀ ਗਈ ਹੈ। ਪਰ ਗੁਰੂ ਨਾਨਕ ਸਾਹਿਬ ਦਾ ਰਾਜ ਸੱਚ ਦਾ ਰਾਜ ਹੈ ਤੇ ਸੱਚ ਹੀ ਇਨਸਾਫ਼ ਦਾ ਅਧਾਰ ਹੈ। ਜਿਸ ਸਮਾਜ ਵਿਚ ਸੱਚ ਦੀ ਬਜਾਏ ਸ਼ਖਸੀ ਰਾਜ ਹੁੰਦਾ ਹੈ, ਉਥੇ ਇਨਸਾਫ ਨਹੀਂ ਹੁੰਦਾ ਤੇ ਇਨਸਾਫ ਵਿਹੂਣੇ ਸਮਾਜ ਆਪਣੇ ਪਤਨ ਵੱਲ ਵੱਧ ਰਹੇ ਹੁੰਦੇ ਹਨ। ਅਜਿਹੇ ਸਮਾਜ ਵਿਚ ਚੌਧਰ, ਹੈਂਕੜ, ਧੌਂਸ, ਧੱਕਾ, ਜ਼ੋਰ, ਜਬਰ ਅਤੇ ਜ਼ੁਲਮ ਪ੍ਰਧਾਨ ਹੁੰਦਾ ਹੈ। ਅਜਿਹੇ ਸਮਾਜ ਵਿਚ ਅਮੀਰ, ਗਰੀਬ, ਮਾਲਕ, ਮਜ਼ਦੂਰ, ਜ਼ਮੀਨੇ ਤੇ ਬੇਜ਼ਮੀਨੇ ਵਿਚ ਪਾੜਾ ਏਨਾ ਵਧ ਜਾਂਦਾ ਹੈ ਕਿ ਮੇਟਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਲਈ ਕੋਈ ਥਾਂ ਨਹੀਂ ਰਹਿੰਦੀ। ਇਸ ਕਰਕੇ ਗਰੂ ਨਾਨਕ ਨੇ ਜਿਸ ਰਾਜ ਦਾ ਜਿਕਰ ਕੀਤਾ ਹੈ, ਉਹ ਸੱਚ ਦਾ ਰਾਜ ਹੈ ਤੇ ਸੱਚ ਦਾ ਅੰਦਾਜ਼ ਹਮੇਸ਼ਾ ਹਲੀਮੀ ਅਤੇ ਮਿਹਰਬਾਨੀ ਵਾਲਾ ਹੁੰਦਾ ਹੈ, ਜਿਸ ਵਿਚ ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਹੁੰਦਾ ਹੈ। ਗੁਰੂ ਅਰਜਨ ਸਾਹਿਬ ਦਾ ਫੁਰਮਾਨ ਹੈ: ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਏਹੁ ਹੋਆ ਹਲੇਮੀ ਰਾਜੁ ਜੀਉ॥

ਭਾਈ ਸਤਾ ਤੇ ਬਲਵੰਡ ਅੱਗੇ ਆਖਦੇ ਹਨ ਕਿ ਜਿਸ ਭਾਈ ਲਹਣੇ ਨੇ ਪਾਰਬ੍ਰਹਮ ਦੀ ਸਿਫ਼ਤ ਦਾ ਅੰਮ੍ਰਿਤ ਰਸ ਪ੍ਰਾਪਤ ਕੀਤਾ, ਗੁਰੂ ਨਾਨਕ ਪਾਤਸ਼ਾਹ ਨੇ ਉਸੇ ਦੇ ਸਿਰ ਉੱਤੇ ਗੁਰਿਆਈ ਦਾ ਛਤਰ ਧਰਿਆ। ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਪਾਰਬ੍ਰਹਮ ਦਾ ਆਦੇਸ਼ ਅਰਥਾਤ ਮਤ ਦ੍ਰਿੜ ਕਰਵਾਇਆ, ਉਸ ਦਾ ਪਸਾਰ ਕਰਨ ਹਿਤ ‘ਗਿਆਨ-ਖੜਗ’ ਵੀ ਬਖ਼ਸ਼ ਦਿੱਤਾ। ਖੜਗ ਕਿਰਪਾਨ ਨੂੰ ਕਹਿੰਦੇ ਹਨ, ਜਿਸ ਵਿਚ ਸੱਚ-ਝੂਠ ਦਾ ਨਿਤਾਰਾ ਕਰਨ ਵਾਲੇ ਬਲਵਾਨ ਆਤਮ-ਬੋਧ ਅਤੇ ਇਨਸਾਫ ਦਾ ਸੰਕੇਤ ਹੈ। ਇਥੇ ਖੜਗ ਵੀ ਗੁਰੂ ਨਾਨਕ ਸਾਹਿਬ ਦੇ ਚਲਾਏ ਰਾਜ ਦਾ ਸੰਕੇਤ ਹੈ ਤੇ ਇਸੇ ਖੜਗ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਮਾਜ ਦਾ ਆਦਰਸ਼ ਦੱਸਿਆ, ਜਿਸ ਦੀ ਵਿਆਖਿਆ ਪ੍ਰੋ. ਪੂਰਨ ਸਿੰਘ ਨੇ ਇਸ ਤਰ੍ਹਾਂ ਕੀਤੀ ਹੈ: Kirpan is a gift from the Guru. It is not an instrument of offence or defence; it is mind made intense by the love of the Guru. The Sikh is to have a sword-like mind. It is the visible sign of an intensely sensitive soul.

ਗੁਰੂ-ਚੇਲੇ ਦੀ ਪਰੰਪਰਾ ਵਿਚ ਆਮ ਤੌਰ ’ਤੇ ਗੁਰੂ ਦੇ ਪਰਲੋਕ ਗਮਨ ਉਪਰੰਤ ਹੀ ਕੋਈ ਚੇਲਾ ਗੁਰਗੱਦੀ ’ਤੇ ਬਿਰਾਜਮਾਨ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ-ਕਾਲ ਵਿਚ ਹੀ ਆਪਣੇ ਪਰਮ ਸਿਖ ਭਾਈ ਲਹਣੇ ਨਾਲ ਗੁਰਮਤਿ ਦੇ ਮਰਮ ਅਤੇ ਮਰਿਆਦਾ ਦੀ ਵਿਚਾਰ ਕਰਕੇ, ਖ਼ੁਦ ਗੁਰਿਆਈ ਬਖ਼ਸ਼ ਕੇ ਨਮਸ਼ਕਾਰ ਕੀਤੀ। ਭਾਈ ਗੁਰਦਾਸ ਜੀ ਵੀ ਆਪਣੀ ਪਹਿਲੀ ਵਾਰ ਵਿਚ ਇਸ ਬਾਰੇ ਵਰਨਣ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਜਗਤ ਵਿਚ ਨਿਰਮਲ ਪੰਥ ਚਲਾਇਆ ਅਤੇ ਆਪਣੇ ਹੁੰਦੇ ਹੀ ਭਾਈ ਲਹਣਾ ਜੀ ਦੇ ਸਿਰ ’ਤੇ ਗੁਰਆਈ ਦਾ ਛਤਰ ਝੁਲਾਅ ਦਿੱਤਾ। ਉਨ੍ਹਾਂ ਆਪਣੇ ਅੰਦਰ ਜਗੀ ਹੋਈ ਰੱਬੀ ਜੋਤ ਨੂੰ ਭਾਈ ਲਹਣੇ ਦੀ ਜੋਤ ਵਿਚ ਇਸ ਤਰ੍ਹਾਂ ਸਮੋ ਦਿੱਤਾ ਅਤੇ ਉਸ ਨਾਲ ਇਕ ਰੂਪ ਹੋ ਗਏ:

ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੋ ਆਇਆ।
ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ।
ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾ ਦੇ ਦੁਖ ਸਬਾਇਆ।
ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।
ਕਾਇਆ ਪਲਟਿ ਸਰੂਪ ਬਣਾਇਆ ॥੪੫॥ -ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੫

ਗੁਰਿਆਈ ਦੇ ਇਸ ਮਰਮ ਅਤੇ ਮਰਿਆਦਾ ਤੋਂ ਸਾਬਤ ਹੁੰਦਾ ਹੈ ਕਿ ਗੁਰਮਤਿ ਮਾਰਗ ਗੁਰੂ ਅੱਗੇ ਸਮਰਪਣ ਦਾ ਮਾਰਗ ਹੈ, ਜਿਸ ਕਰਕੇ ਭਾਈ ਸਤਾ ਤੇ ਬਲਵੰਡ ਨੇ ਵੀ ਦਾਨ ਦੇ ਦਾਅਵੇ ਵਾਲਾ ਰਾਹ ਛੱਡ ਦਿੱਤਾ ਅਤੇ ਗੁਰੂ ਅੱਗੇ ਸਮਰਪਤ ਹੋ ਕੇ ਗੁਰੂ-ਉਸਤਤਿ ਦਾ ਰਾਹ ਚੁਣਿਆ ਹੈ।
Tags