

ਪੁਰਾਣੇ ਜਮਾਨੇ ਵਿਚ ਵਪਾਰੀ ਆਪਣਾ ਸਮਾਨ ਊਠਾਂ ’ਤੇ ਲੱਦ ਕੇ ਦੂਰ-ਦੂਰਾਡੇ ਵੇਚਣ ਲਈ ਜਾਂਦੇ ਸਨ। ਇਹ ਵਪਾਰੀ ਸਫਰ ਦੀਆਂ ਮੁਸ਼ਕਲਾਂ ਨਾਲ ਜੂਝਦੇ ਹੋਏ ਪ੍ਰਦੇਸਾਂ ਵਿਚ ਘੁੰਮਦੇ ਰਹਿੰਦੇ ਸਨ। ਆਪਣੀ ਥਕਾਵਟ ਉਤਾਰਨ ਅਤੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਇਹ ਗੀਤ ਗਾਇਆ ਕਰਦੇ ਸਨ। ਇਨ੍ਹਾਂ ਗੀਤਾਂ ਵਿਚ ਪਰਦੇਸ ਦੀ ਲੰਮੀ ਯਾਤਰਾ ਅਤੇ ਮਾਰੂਥਲਾਂ ਦੀ ਤਪਸ਼ ਦਾ ਕਰੁਣਾਮਈ ਵਰਣਨ ਹੁੰਦਾ ਸੀ। ਵਪਾਰੀਆਂ ਦੇ ਆਪਣੇ ਸੱਜਣਾਂ-ਮਿੱਤਰਾਂ ਅਤੇ ਪਰਵਾਰ ਤੋਂ ਦੂਰ ਰਹਿਣ ਕਾਰਣ ਇਨ੍ਹਾਂ ਗੀਤਾਂ ਵਿਚ ਬਿਰਹਾ ਦੀ ਕਸਕ ਅਤੇ ਵੈਰਾਗ ਦੀ ਸੁਰ ਵੀ ਗੂੰਜਦੀ ਸੀ। ਇਨ੍ਹਾਂ ਗੀਤਾਂ ਨੂੰ ‘ਕਰਹਲੇ’ ਕਿਹਾ ਜਾਂਦਾ ਸੀ। ਸਮੇਂ ਦੇ ਨਾਲ ਇਹ ਗੀਤ ਇਕ ਨਿਵੇਕਲੇ ਕਾਵਿ-ਰੂਪ ਵਜੋਂ ਸਥਾਪਤ ਹੋ ਗਏ। ਮਾਰੂਥਲ ਦੇ ਇਲਾਕੇ ਵਿਚ ਕਰਹਲੇ ਗਾਉਣ ਦੀ ਪ੍ਰਥਾ ਹੁਣ ਤਕ ਰਹੀ ਹੈ।

ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਵੀ ਕਰਹਲੇ ਸਿਰਲੇਖ ਹੇਠ ਬਾਣੀ ਦਾ ਉਚਾਰਣ ਕੀਤਾ ਗਿਆ ਹੈ। ਗੁਰੂ ਸਾਹਿਬ ਦੁਆਰਾ ਗਉੜੀ ਰਾਗ ਵਿਚ ਉਚਾਰਣ ਕੀਤੇ ਦੋ ਕਰਹਲੇ (ਅਸਟਪਦੀਆਂ) ਗੁਰੂ ਗ੍ਰੰਥ ਸਾਹਿਬ ਦੇ ਪੰਨਾ ੨੩੪-੨੩੫ ਉਪਰ ਦਰਜ ਹਨ। ਇਨ੍ਹਾਂ ਵਿਚ ੧੦-੧੦ ਪਦੇ ਹਨ ਅਤੇ ਹਰੇਕ ਪਦੇ ਦੀਆਂ ਦੋ-ਦੋ ਤੁਕਾਂ ਹਨ। ‘ਰਹਾਉ’ ਦਾ ਇਕ-ਇਕ ਪਦਾ ਇਨ੍ਹਾਂ ਤੋਂ ਵਖਰਾ ਹੈ।
ਕਰਹਲੇ ਕਾਵਿ-ਰੂਪ ਵਿਚ ਪਰਦੇਸ ਅਤੇ ਪਰਦੇਸ ਦੀਆਂ ਮੁਸ਼ਕਲਾਂ, ਭਟਕਣਾਵਾਂ ਆਦਿ ਦਾ ਵਿਸ਼ੇਸ਼ ਉਲੇਖ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਕਾਰਣ ਪਰਦੇਸ ਵਿਚ ਵਿਚਰਦੇ ਵਪਾਰੀ ਦੇ ਮਨ ਵਿਚ ਘਰ-ਪਰਵਾਰ ਨੂੰ ਮਿਲਣ ਦੀ ਤਾਂਘ ਅੰਗੜਾਈਆਂ ਲੈਂਦੀ ਹੈ। ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀ ਇਸ ਬਾਣੀ ਦੀਆਂ ਪਹਿਲੀਆਂ ਤੁਕਾਂ ਵਿਚ ਵੀ ਅਜਿਹਾ ਹੀ ਭਾਵ ਸਮਾਇਆ ਹੋਇਆ ਹੈ: ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥ ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥ -ਗੁਰੂ ਗ੍ਰੰਥ ਸਾਹਿਬ ੨੩੪
ਇਸ ਬਾਣੀ ਵਿਚ ਊਠਾਂ ਦੇ ਲਛਣਾਂ, ਸੁਭਾਅ ਅਤੇ ਨਿਤ ਦੇਸ-ਪ੍ਰਦੇਸ ਵਿਚ ਭ੍ਰਮਣ ਨੂੰ ਬੇਮੁਹਾਰ ਤੇ ਸਦਾ ਭਟਕਦੇ ਰਹਿਣ ਵਾਲੇ ਮਨੁਖੀ ਮਨ ਲਈ ਰੂਪਕ ਵਜੋਂ ਵਰਤਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਹਾਥੀ, ਖੋਤੇ ਆਦਿ ਪਸ਼ੂਆਂ ਦੇ ਟਾਕਰੇ ਊਠ ਵਧੇਰੇ ਸਫਾਈ ਪਸੰਦ ਜਾਨਵਰ ਹੈ।

ਊਠ ਦੀ ਦੂਜੀ ਵਿਸ਼ੇਸ਼ਤਾ ਇਸ ਦਾ ਚੰਚਲ ਤੇ ਚਤਰ ਹੋਣਾ ਹੈ। ਪ੍ਰੰਤੂ ਚੰਚਲਤਾ ਤੇ ਚਤਰਤਾ ਜਗਿਆਸੂ ਲਈ ਲਾਭਦਾਇਕ ਨਹੀਂ, ਕਿਉਂਕਿ ਇਹ ਉਸ ਦੀ ਪ੍ਰਭੂ-ਪ੍ਰਾਪਤੀ ਦੀ ਮੰਜਲ ਦੇ ਰਸਤੇ ਵਿਚ ਰੋੜੇ ਅਟਕਾਉਂਦੀਆਂ ਹਨ। ਸੋ, ਜਗਿਆਸੂ ਲਈ ਇਨ੍ਹਾਂ ਦਾ ਤਿਆਗ ਕਰਨਾ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਜਰੂਰੀ ਹੈ: ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥ ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤਕਾਲਿ ॥ -ਗੁਰੂ ਗ੍ਰੰਥ ਸਾਹਿਬ ੨੩੫

ਗਿ. ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਊਠ ਦੇ ਬੇਮੁਹਾਰੇਪਨ ਨੂੰ ਮਨੁਖੀ ਮਨ ਨਾਲ ਜੋੜਦਿਆਂ ਲਿਖਿਆ ਹੈ ਕਿ ਇਸ ਬਾਣੀ ਵਿਚ ਗੁਰੂ ਸਾਹਿਬ ਬੇਮੁਹਾਰੇ ਊਠ ਵਾਂਗ ਵਿਚਰਨ ਵਾਲੇ ਮਨ ਨੂੰ ਸ਼ੁਭ ਸਿਖਿਆ ਦਿੰਦੇ ਹਨ ਕਿ ਹੇ ਮਨਾ! ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉੱਦਮ ਕਰ।

ਹੇ ਮੇਰੇ ਮਨ! ਗੁਰ-ਸ਼ਬਦ ਰਾਹੀਂ ਆਪਣੇ ਅੰਦਰ ਹੀ ਪ੍ਰਭੂ ਦਾ ਅਨੁਭਵ ਕਰ, ਉਹ ਤੇਰੇ ਅੰਦਰ ਹੀ ਵਸਦਾ ਹੈ। ਦਿਆਲੂ ਪ੍ਰਭੂ ਨੇ ਜਿਸ ਵੀ ਮਨੁਖ ’ਤੇ ਮਿਹਰ ਕੀਤੀ ਹੈ, ਉਸ ਨੂੰ ਗੁਰ-ਸ਼ਬਦ ਰਾਹੀਂ ਸਾਰੀਆਂ ਬਰਕਤਾਂ ਦਾ ਖਜਾਨਾ, ਆਪਣਾ ਨਾਮ, ਉਸ ਦੇ ਅੰਦਰ ਹੀ ਦਿਖਾ ਦਿੱਤਾ ਹੈ।
ਪ੍ਰੋ. ਸਾਹਿਬ ਸਿੰਘ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਅਨੁਸਾਰ ਇਸ ਬਾਣੀ ਵਿਚ ਗੁਰੂ ਸਾਹਿਬ ਦੁਆਰਾ ਮਨ ਨੂੰ ਵਾਰ-ਵਾਰ ਕਰਹਲਾ ਆਖ ਕੇ ਪ੍ਰੇਰਨਾ ਦਿੱਤੀ ਗਈ ਹੈ ਕਿ ਉਹ ਚੜ੍ਹਦੀ ਕਲਾ ਵਿਚ ਰਹਿੰਦਿਆਂ, ਜੀਵਨ ਮਨੋਰਥ ਦੀ ਪ੍ਰਾਪਤੀ ਲਈ ਸਦਾ ਤਤਪਰ ਰਹੇ।

