Guru Granth Sahib Logo
  
‘ਵਣਜਾਰਾ’ ਦਾ ਸ਼ਾਬਦਕ ਅਰਥ ਹੈ: ਵਣਜ-ਵਪਾਰ ਕਰਨ ਵਾਲਾ ਵਪਾਰੀ। ਆਮ ਕਰ ਕੇ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਵਿਚ ਘੁੰਮ-ਫਿਰ ਕੇ ਔਰਤਾਂ ਦੇ ਹਾਰ-ਸ਼ਿੰਗਾਰ ਦਾ ਸਮਾਨ ਵੇਚਣ ਵਾਲੇ ਵਿਅਕਤੀ ਨੂੰ ਵਣਜਾਰਾ ਕਿਹਾ ਜਾਂਦਾ ਹੈ। ਵੀਹਵੀਂ ਸਦੀ ਦੇ ਅੰਤ ਤਕ ਗਲੀਆਂ ਆਦਿ ਵਿਚ ਵਣਜਾਰੇ ਆਮ ਹੀ ਦੇਖੇ ਜਾਂਦੇ ਸਨ, ਪਰ ਹੁਣ ਇਹ ਕਿੱਤਾ ਅਤੇ ਇਸ ਨਾਲ ਜੁੜੇ ਹੋਏ ਲੋਕ ਲਗਭਗ ਅਲੋਪ ਹੀ ਹੋ ਚੁੱਕੇ ਹਨ। ਜਦੋਂ ਵਣਜਾਰੇ ਸੌਦਾ ਲੱਦ ਕੇ ਵੇਚਣ ਲਈ ਜਾਂਦੇ ਸਨ ਤਾਂ ਰਾਹ ਵਿਚ ਮਨੋਰੰਜਨ ਲਈ ਗੀਤ ਗਾਉਂਦੇ ਸਨ। ਇਨ੍ਹਾਂ ਗੀਤਾਂ ਦੀ ਤਰਜ ’ਤੇ ਹੀ ਵਣਜਾਰਾ ਲੋਕ ਕਾਵਿ-ਰੂਪ ਹੋਂਦ ਵਿਚ ਆਇਆ ਜਾਪਦਾ ਹੈ।

ਗੁਰਮਤਿ ਅਨੁਸਾਰ ਮਨੁਖ ਦਾ ਜਨਮ ਪ੍ਰਭੂ ਦੇ ਨਾਮ ਦਾ ਵਣਜ, ਭਾਵ ਸਿਮਰਨ ਕਰਦਿਆਂ ਪ੍ਰਭੂ ਦੀ ਪ੍ਰਾਪਤੀ ਲਈ ਹੋਇਆ ਹੈ। ਇਸ ਪ੍ਰਾਪਤੀ ਲਈ ਮਨੁਖ ਦਾ ਰਾਹ ਦਸੇਰਾ ਗੁਰ-ਸ਼ਬਦ, ਭਾਵ ਗੁਰਬਾਣੀ ਹੈ। ਗੁਰਬਾਣੀ ਮਨੁਖ ਨੂੰ ਪ੍ਰਭੂ ਪ੍ਰਾਪਤੀ ਲਈ ਪ੍ਰੇਰਦੀ ਹੈ। ਬਹੁਤ ਸਾਰੇ ਕਾਵਿ-ਰੂਪ ਜਾਂ ਲੋਕ ਕਾਵਿ-ਰੂਪ (ਪਹਰੇ, ਰੁਤੀ, ਥਿਤੀ, ਅਲਾਹਣੀ, ਘੋੜੀਆਂ ਆਦਿ) ਗੁਰਬਾਣੀ ਉਚਾਰਣ ਦਾ ਮਾਧਿਅਮ ਬਣੇ ਹਨ। ਇਨ੍ਹਾਂ ਕਾਵਿ-ਰੂਪਾਂ ਵਿਚੋਂ ‘ਵਣਜਾਰਾ’ ਵੀ ਇਕ ਅਜਿਹਾ ਹੀ ਲੋਕ ਕਾਵਿ-ਰੂਪ ਹੈ। ਪਿਆਰਾ ਸਿੰਘ ਪਦਮ ਦਾ ਵਿਚਾਰ ਹੈ ਕਿ ਵਣਜਾਰਿਆਂ ਦੇ ਗੀਤਾਂ ਦੀ ਤਰਜ ਨੂੰ ਲੈ ਕੇ ਹੀ ‘ਵਣਜਾਰਾ’ ਸਿਰਲੇਖ ਵਾਲੀ ਇਹ ਬਾਣੀ ਉਚਾਰੀ ਗਈ ਹੈ।
Bani Footnote ਪਿਆਰਾ ਸਿੰਘ ਪਦਮ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਪੰਨਾ ੨੫੯-੨੬੦


ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਸਿਰੀਰਾਗੁ ਵਿਚ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੧-੮੨ ਉਪਰ ਦਰਜ ਹੈ। ਇਸ ਵਿਚ ਪੰਜ-ਪੰਜ ਤੁਕਾਂ ਦੇ ਛੇ ਪਦੇ ਹਨ। ਹਰ ਪਦੇ ਨਾਲ ਦੋ ਤੁਕਾਂ ਵਾਲਾ ‘ਰਹਾਉ’ ਦਾ ਇਕ-ਇਕ ਪਦਾ ਵਖਰਾ ਹੈ।

ਇਸ ਬਾਣੀ ਵਿਚ ਜਗਿਆਸੂ ਨੂੰ ਪਿਆਰ ਨਾਲ ‘ਵਣਜਾਰਿਆ ਮਿਤ੍ਰਾ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਸ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਇਸ ਸੰਸਾਰ ਵਿਚ ਪ੍ਰਭੂ ਦੇ ਨਾਮ ਦਾ ਵਣਜ ਕਰਨ ਲਈ ਆਇਆ ਹੈ। ਇਸ ਸੱਚੇ ਵਣਜ ਦੀ ਸੋਝੀ ਬਖਸ਼ ਕੇ ਇਸ ਨੂੰ ਵਿਹਾਝਣ ਦਾ ਉਪਦੇਸ਼ ਕੀਤਾ ਗਿਆ ਹੈ, ਤਾਂ ਕਿ ਦਰਗਾਹ ਵਿਚ ਉਸ ਦਾ ਮੁਖ ਉੱਜਲਾ ਹੋਵੇ ਅਤੇ ਆਵਾ-ਗਵਣ ਦਾ ਗੇੜ ਕੱਟਿਆ ਜਾਵੇ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਓਰਾ, ਭਾਗ ੧, ਪੰਨਾ ੬੩


‘ਵਣਜਾਰਾ’ ਸੰਬੋਧਨ ‘ਪਹਰੇ’
Bani Footnote ‘ਪਹਰੇ’ ਬਾਣੀ ਲਈ ਲਿੰਕ: ਪਹਰੇ
ਬਾਣੀ ਵਿਚ ਵੀ ਆਉਂਦਾ ਹੈ। ਇਸ ਅਧਾਰ ’ਤੇ ਇਹ ਸੰਬੋਧਨੀ ਢੰਗ ‘ਪਹਰੇ’ ਬਾਣੀ ਨਾਲ ਮੇਲ ਖਾਂਦਾ ਹੈ। ਲੋਕ-ਗੀਤਾਂ ਦੀ ਧਾਰਨਾ ’ਤੇ ਅਧਾਰਤ ਹੋਣ ਕਾਰਣ ‘ਵਣਜਾਰਾ’ ਬਾਣੀ ਨੂੰ ਜਨ-ਜੀਵਨ ਨਾਲ ਸੰਬੰਧਤ ਕੀਤਾ ਜਾ ਸਕਦਾ ਹੈ। ਇਸ ਬਾਣੀ ਦੀ ਭਾਸ਼ਾ ਉਸ ਵੇਲੇ ਦੀ ਲੋਕ-ਸੂਝ ਅਨੁਰੂਪ ਹੈ। ਇਸ ਵਿਚ ਦਰਸਾਇਆ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਆਪ ਹੀ ਸੰਚਾਲਨ ਕਰਦਾ ਅਤੇ ਆਪ ਹੀ ਮਾਇਆਵੀ ਪ੍ਰ੍ਰਪੰਚ ਵਿਚ ਉਲਝਾਉਂਦਾ ਹੈ। ਗੁਰੂ ਦੀ ਸ਼ਰਣ ਵਿਚ ਜਾਣ ਵਾਲੇ ਜਗਿਆਸੂਆਂ ਦਾ ਮਨ ਆਤਮਕ ਚਾਨਣ ਨਾਲ ਰੁਸ਼ਨਾਇਆ ਰਹਿੰਦਾ ਹੈ। ਪ੍ਰਭੂ ਦੇ ਨਾਮ ਨੂੰ ਜਪਣ ਵਾਲਾ ਜਗਿਆਸੂ ਜੀਵਨ ਵਿਚ ਸਦਾ ਸਫਲ ਰਹਿੰਦਾ ਹੈ।
Bani Footnote ਡਾ. ਰਤਨ ਸਿੰਘ ਜੱਗੀ, ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪਹਿਲੀ, ਪੰਨਾ ੨੭੬