Guru Granth Sahib Logo
  
ਗੁਰੂ ਅਰਜਨ ਸਾਹਿਬ ਦੁਆਰਾ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੩ ਉਪਰ ‘ਗੁਣਵੰਤੀ’ ਸਿਰਲੇਖ ਅਧੀਨ ਦਰਜ ਹੈ। ਇਸ ਸ਼ਬਦ ਦਾ ਤੇਰਾਂ ਤੁਕਾਂ ਦਾ ਇਕ ਹੀ ਬੰਦ ਹੈ। ਇਸ ਤੋਂ ਪਹਿਲਾਂ (ਪੰਨਾ ੭੬੨ ਉਪਰ) ਗੁਰੂ ਨਾਨਕ ਸਾਹਿਬ ਵਲੋਂ ‘ਕੁਚਜੀ’
Bani Footnote ਗੁਰੂ ਗ੍ਰੰਥ ਸਾਹਿਬ ਵਿਚ ਬੱਚੇ-ਮਾਪੇ, ਮਿਤਰ-ਮਿਤਰ, ਭਗਤ-ਪ੍ਰਭੂ ਆਦਿ ਅਨੇਕ ਸੰਬੰਧ-ਮਾਡਲਾਂ ਤੋਂ ਇਲਾਵਾ ਮਨੁਖ ਨੂੰ ਇਕ ਇਸਤਰੀ (ਜੀਵ-ਇਸਤਰੀ ਜਾਂ ਜਗਿਆਸੂ) ਅਤੇ ਪ੍ਰਭੂ ਨੂੰ ਪਤੀ ਦੇ ਰੂਪ ਵਿਚ ਵੀ ਦਰਸਾਇਆ ਗਿਆ ਹੈ। ਪੰਜਾਬੀ ਸਮਾਜ ਅਤੇ ਸਭਿਆਚਾਰ ਵਿਚ ਜਿਹੜੀ ਇਸਤਰੀ ਘਰੇਲੂ ਕੰਮਕਾਜ ਤੇ ਵਰਤੋਂ-ਵਿਹਾਰ ਵਿਚ ਨਿਪੁੰਨ ਨਹੀਂ ਹੁੰਦੀ, ਉਸ ਨੂੰ ‘ਕੁਚਜੀ’ ਆਖਿਆ ਜਾਂਦਾ ਹੈ। ਇਸ ਸਬਦ ਵਿਚ, ਪ੍ਰਭੂ ਤੋਂ ਵਿਛੜੇ ਹੋਏ ਜਗਿਆਸੂ ਨੂੰ ਕੁਚਜੀ ਕਿਹਾ ਗਿਆ ਹੈ।
ਤੇ ‘ਸੁਚਜੀ’
Bani Footnote ਗੁਰੂ ਗ੍ਰੰਥ ਸਾਹਿਬ ਵਿਚ ਬੱਚੇ-ਮਾਪੇ, ਮਿਤਰ-ਮਿਤਰ, ਭਗਤ-ਪ੍ਰਭੂ ਆਦਿ ਅਨੇਕ ਸੰਬੰਧ-ਮਾਡਲਾਂ ਤੋਂ ਇਲਾਵਾ ਮਨੁਖ ਨੂੰ ਇਕ ਇਸਤਰੀ (ਜੀਵ-ਇਸਤਰੀ ਜਾਂ ਜਗਿਆਸੂ) ਅਤੇ ਪ੍ਰਭੂ ਨੂੰ ਪਤੀ ਦੇ ਰੂਪ ਵਿਚ ਵੀ ਦਰਸਾਇਆ ਗਿਆ ਹੈ। ਪੰਜਾਬੀ ਸਮਾਜ ਅਤੇ ਸਭਿਆਚਾਰ ਵਿਚ ਜਿਹੜੀ ਇਸਤਰੀ ਘਰੇਲੂ ਕੰਮਕਾਜ ਤੇ ਵਰਤੋਂ-ਵਿਹਾਰ ਵਿਚ ਨਿਪੁੰਨ ਹੁੰਦੀ ਹੈ, ਉਸ ਨੂੰ ‘ਸੁਚਜੀ’ ਆਖਿਆ ਜਾਂਦਾ ਹੈ। ਇਸ ਸਬਦ ਵਿਚ, ਪ੍ਰਭੂ ਨਾਲ ਜੁੜੇ ਹੋਏ ਜਗਿਆਸੂ ਨੂੰ ਸੁਚਜੀ ਕਿਹਾ ਗਿਆ ਹੈ।
ਸਿਰਲੇਖਾਂ ਹੇਠ ਉਚਾਰੇ ਗਏ ਦੋ ਹੋਰ ਸ਼ਬਦ ਦਰਜ ਹਨ। ਇਸ ਲੜੀ ਦਾ ਇਹ ਤੀਜਾ ਸ਼ਬਦ ਹੋਣ ਕਰਕੇ ਇਸ ਦੇ ਅੰਤ ਵਿਚ ॥੩॥ ਅੰਕ ਲਿਖਿਆ ਹੈ।

ਧੁਰ ਕੀ ਬਾਣੀ ਦੇ ਸੰਦੇਸ਼ ਨੂੰ ਜਨ-ਸਧਾਰਣ ਤਕ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਵਿਚ ਸੰਬੋਧਨ, ਪ੍ਰਸ਼ਨ-ਉਤਰ ਜਾਂ ਸੰਵਾਦ ਆਦਿ ਵਿਭਿੰਨ ਜੁਗਤਾਂ ਦੀ ਵਰਤੋਂ ਹੋਈ ਹੈ। ‘ਗੁਣਵੰਤੀ’ ਵਿਚ ਸੰਵਾਦ-ਜੁਗਤ ਅਪਣਾਈ ਗਈ ਹੈ। ਇਸ ਰਾਹੀਂ ਜਗਿਆਸੂ ਨੂੰ ਨਿਮਰਤਾ ਵਿਚ ਰਹਿਣ, ਗੁਰਸਿਖਾਂ ਤੋਂ ਸ਼ੁਭ ਗੁਣ ਗ੍ਰਹਿਣ ਕਰਨ, ਆਪਾ-ਭਾਵ ਤਿਆਗਣ ਅਤੇ ਆਪਣੇ ਮਨ ਦੀ ਮਤਿ ਦਾ ਤਿਆਗ ਕਰ ਕੇ ਸਦਾ ਗੁਰੂ ਹੁਕਮ ਅਨੁਸਾਰੀ ਕਾਰ ਕਮਾਉਣ ਦਾ ਵੱਲ ਸਿਖਾਇਆ ਹੈ। ਇਨ੍ਹਾਂ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੀ ਜੀਵ-ਇਸਤਰੀ ਹੀ ‘ਗੁਣਵੰਤੀ’ ਹੈ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਪੰਨਾ ੪੨


ਇਸ ਸ਼ਬਦ ਦਾ ਸਿਰਲੇਖ ‘ਗੁਣਵੰਤੀ’ ਭਾਵੇਂ (ਇਸਤਰੀ-ਵਾਚਕ) ਹੈ ਅਤੇ ਵਰਣਨ ਇਕ ਗੁਣਵਾਨ ਸਿਖ ਜਾਂ ਜਗਿਆਸੂ (ਪੁਰਖ-ਵਾਚਕ) ਦਾ ਹੈ ਪਰ ਇਸ ਵਿਚਲਾ ਸੰਦੇਸ਼ ਮਰਦ ਤੇ ਇਸਤਰੀ, ਸਾਰੇ ਜਗਿਆਸੂਆਂ ਲਈ ਹੈ।

ਗੁਣਵੰਤੀ ਇਕ ਕਾਵਿ-ਰੂਪ ਵਜੋਂ
‘ਗੁਣਵੰਤੀ’ ਲੋਕ-ਸਾਹਿਤ ਦਾ ਇਕ ਕਾਵਿ-ਰੂਪ ਹੈ। ਪਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਪੰਜਾਬੀ ਲੋਕ ਸਾਹਿਤ ਵਿਚੋਂ ਇਸ ਵੰਨਗੀ ਦੀ ਕੋਈ ਹੋਰ ਰਚਨਾ ਪ੍ਰਾਪਤ ਨਹੀਂ ਹੁੰਦੀ। ਇਸ ਨੂੰ ਲੋਕ-ਸਾਹਿਤ ਦਾ ਕਾਵਿ-ਰੂਪ ਮੰਨੇ ਜਾਣ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਵਿਚ ਕੁਚਜੀ, ਸੁਚਜੀ, ਪਹਰੇ, ਬਾਰਹ ਮਾਹਾ ਆਦਿ ਵਰਗੇ ਲੋਕ ਸਾਹਿਤਕ ਕਾਵਿ-ਰੂਪਾਂ ਦੇ ਸਮਾਨਾਂਤਰ ਇਸ ਦਾ ਵਰਤਿਆ ਜਾਣਾ ਹੈ। ਇਸ ਸ਼ਬਦ ਵਿਚ ਲਹਿੰਦੀ ਸ਼ਬਦਾਵਲੀ ਦੀ ਵਰਤੋ ਇਸ ਕਾਵਿ-ਰੂਪ ਦੇ ਲਹਿੰਦੇ ਪੰਜਾਬ ਵਿਚ ਹਰਮਨ ਪਿਆਰਾ ਹੋਣ ਵਲ ਵੀ ਸੰਕੇਤ ਕਰਦੀ ਹੈ।

ਇਸ ਵਿਚਲਾ ਜਗਿਆਸੂ (ਗੁਣਵੰਤੀ) ਆਪਣੇ ਪ੍ਰਭੂ ਨੂੰ ਮਿਲਣ ਲਈ ਸੱਚੇ ਦਿਲੋਂ ਇੱਛਕ ਹੈ। ਉਹ ਆਪਣਾ ਮਨ ਅਜਿਹੇ ਗੁਰਸਿਖ ਨੂੰ ਅਰਪਣ ਕਰਨ ਲਈ ਤਿਆਰ ਹੈ ਜੋ ਉਸ ਨੂੰ ਪ੍ਰਭੂ-ਮਿਲਾਪ ਦਾ ਮਾਰਗ ਦਰਸਾ ਸਕੇ। ਇਹ ਭਾਵਨਾਤਮਕ ਪ੍ਰਗਟਾਵਾ ਇਸ ਕਾਵਿ-ਰੂਪ ਨੂੰ ਪ੍ਰਗੀਤਕ-ਕਾਵਿ ਵਜੋਂ ਸਥਾਪਤ ਕਰਦਾ ਹੈ।
Bani Footnote ਡਾ. ਕੁਲਦੀਪ ਸਿੰਘ ਧੀਰ, ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ-ਰੂਪਾਕਾਰ, ਪੰਨਾ ੩੦-੩੧