Guru Granth Sahib Logo
  
ਇਸ ਬਾਣੀ ਦੇ ਉਚਾਰਣ ਸੰਬੰਧੀ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਸੰਤ ਕਿਰਪਾਲ ਸਿੰਘ ਰਚਿਤ ਸੰਪਰਦਾਈ ਸਟੀਕ ਵਿਚਲੀ ਉਥਾਨਕਾ ਤੋਂ ਸਿਰਫ ਇਹ ਪਤਾ ਲੱਗਦਾ ਹੈ ਕਿ ਸਿਖਾਂ ਵੱਲੋਂ ਪੁੱਛੇ ਗਏ ਇਕ ਸਵਾਲ ਕਿ ਥਿਤਾਂ (ਤਿਥਾਂ) ਵਿਚੋਂ ਕਿਸ ਥਿਤ ਦਾ ਜਾਂ ਕਿਸ ਦੇਵੀ-ਦੇਵਤੇ ਦਾ ਪੂਜਨ ਕਰਨਾ ਚਾਹੀਦਾ ਹੈ? ਗੁਰੂ ਸਾਹਿਬ ਨੇ ਕਿਹਾ ਕਿ ਇਕ ਪਰਮੇਸ਼ਰ (ਆਤਮਦੇਵ) ਦਾ ਹੀ ਪੂਜਨ ਕਰਨਾ ਚਾਹੀਦਾ ਹੈ।
Bani Footnote ਸੰਤ ਕਿਰਪਾਲ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਭਾਗ ਤੀਜਾ, ਪੰਨਾ ੬੮੨
ਪਰੰਤੂ ਇਸ ਸਵਾਲ ਨਾਲ ਕਿਸੇ ਵਿਸ਼ੇਸ਼ ਸਿਖ ਜਾਂ ਸਵਾਲ ਪੁੱਛੇ ਜਾਣ ਦੇ ਸਮੇਂ ਅਤੇ ਸਥਾਨ ਦਾ ਵੇਰਵਾ ਪ੍ਰਾਪਤ ਨਹੀਂ ਹੁੰਦਾ।

ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ ਥਿਤੀ ਬਾਣੀ ਕਿਸ ਪਰਥਾਇ (ਬਾਬਤ) ਰਚੀ ਗਈ, ਇਸ ਬਾਰੇ ਕੋਈ ਉਥਾਨਕਾ ਨਹੀਂ ਮਿਲਦੀ। ਇਸ ਤਰ੍ਹਾਂ ਲੱਗਦਾ ਹੈ ਕਿ ਥਿਤਾਂ ਨਾਲ ਕੁਝ ਮਾਨਤਾਵਾਂ ਜੁੜੀਆਂ ਹੋਈਆਂ ਸਨ, ਇਸ ਕਾਰਣ ਗੁਰੂ ਅਰਜਨ ਸਾਹਿਬ ਨੇ ਹਰ ਥਿਤ ਨਾਲ ਸੰਬੰਧਤ ਬਾਣੀ ਰਚੀ ਤਾਂ ਕਿ ਗੁਰਸਿਖ ਇਨ੍ਹਾਂ ਤੋਂ ਉੱਚੇ ਉਠ ਕੇ ਇਕ ਪ੍ਰਭੂ ਦੀ ਉਪਾਸ਼ਨਾ ਨੂੰ ਮਨ ਵਿਚ ਧਾਰਨ।
Bani Footnote ਭਾਈ ਵੀਰ ਸਿੰਘ, ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਬਲਬੀਰ ਸਿੰਘ (ਸੰਪਾ.) ਪੋਥੀ ਚਉਥੀ, ਪੰਨਾ ੧੭੭੯


ਇਸ ਪ੍ਰਕਾਰ ਇਸ ਬਾਣੀ ਵਿਚੋਂ ਇਹ ਸੰਦੇਸ਼ ਪ੍ਰਾਪਤ ਹੁੰਦਾ ਹੈ ਕਿ ਸਿਖਾਂ ਲਈ ਥਿਤ-ਵਾਰ, ਸ਼ਗਨ-ਅਪਸ਼ਗਨ ਦੀ ਕੋਈ ਮਾਨਤਾ ਨਹੀਂ। ਉਨ੍ਹਾਂ ਲਈ ਪ੍ਰਭੂ ਦਾ ਓਟ-ਆਸਰਾ ਹੀ ਸਭ ਕੁਝ ਹੈ:
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥ -ਗੁਰੂ ਗ੍ਰੰਥ ਸਾਹਿਬ ੧੧੧੦