ਸ਼ਬਦ ੧
ਰਾਗ ਮਾਰੂ ਕਾਫੀ
ਮਾਰੂ ਕਾਫੀ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੩੧ ਮਿਸ਼ਰਤ ਰਾਗਾਂ ਵਿਚੋਂ ਇਕ ਹੈ।
ਗੁਰੂ ਗ੍ਰੰਥ ਸਾਹਿਬ ਵਿਚ ੩੧ ਮੁੱਖ ਰਾਗ ਅਤੇ ੩੧ ਮਿਸ਼ਰਤ ਰਾਗ ਹਨ।
ਇਸ ਰਾਗ ਦੇ ਸਿਰਲੇਖ ਹੇਠ ਕੇਵਲ ਗੁਰੂ ਨਾਨਕ ਸਾਹਿਬ ਦੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੦੧੪ ਤੋਂ ੧੦੧੬ ਤਕ ਦਰਜ ਹਨ।
ਹਿੰਦੁਸਤਾਨੀ ਸੰਗੀਤ ਪਰੰਪਰਾ ਵਿਚ ਇਹ ਰਾਗ ਪ੍ਰਚਲਤ ਨਹੀਂ ਹੈ।
ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਨਾ ੧੧੬
ਸੋ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੁਆਰਾ ਹੀ ਸਿਰਜਿਆ ਗਿਆ ਹੈ।
ਇਹ ਰਾਗ, ਮਾਰੂ ਅਤੇ ਕਾਫੀ ਰਾਗਾਂ ਦੇ ਮਿਸ਼ਰਣ ਤੋਂ ਬਣਿਆ ਹੈ ਅਤੇ ਇਹ ਮਾਰੂ ਰਾਗ ਦਾ ਹੀ ਇਕ ਪ੍ਰਕਾਰ ਹੈ। ਰਾਗ ਨਿਰਣਾਇਕ ਕਮੇਟੀ ਅਨੁਸਾਰ ਮਿਸ਼ਰਤ ਰਾਗ ਆਪਣੇ ਸਿਰਲੇਖ ਵਿਚਲੇ ਪਹਿਲੇ ਰਾਗ ਦੇ ਆਰੋਹ ਤੇ ਦੂਜੇ ਰਾਗ ਦੇ ਅਵਰੋਹ ਦਾ ਸੁਮੇਲ ਹੁੰਦਾ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਤੀਜਾ, ਪੰਨਾ ੩੦੫
ਇਸ ਪ੍ਰਕਾਰ ਮਾਰੂ ਕਾਫੀ ਰਾਗ ਦੇ ਗਾਇਨ ਵੇਲੇ ਆਰੋਹ ਵਿਚ ਮਾਰੂ ਅਤੇ ਅਵਰੋਹ ਵਿਚ ਕਾਫੀ ਰਾਗ ਦੀਆਂ ਸੁਰਾਂ ਦਾ ਅਜਿਹਾ ਮਿਸ਼ਰਣ ਕੀਤਾ ਜਾਂਦਾ ਹੈ ਕਿ ਇਹ ਭਿੰਨ-ਭਿੰਨ ਹੁੰਦਿਆਂ ਵੀ ਇਕਸਾਰਤਾ ਦਾ ਪ੍ਰਭਾਵ ਸਿਰਜਦੀਆਂ ਹਨ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੩੪
ਮਾਰੂ ਕਾਫੀ ਰਾਗ ਵਿਚਲਾ ਪਹਿਲਾ ਰਾਗ, ਮਾਰੂ ਹੈ। ਪ੍ਰੋ. ਕਰਤਾਰ ਸਿੰਘ ਅਨੁਸਾਰ ਮਾਰੂ ਰਾਗ ਕੇਵਲ ਗੁਰਮਤਿ ਸੰਗੀਤ ਵਿਚ ਹੀ ਪ੍ਰਚਾਰ ਵਿਚ ਹੈ, ਬਾਕੀ ਹੋਰ ਕਿਸੇ ਸੰਗੀਤਕ ਪਰੰਪਰਾ ਵਿਚ ਸੁਣਨ ਨੂੰ ਨਹੀਂ ਮਿਲਦਾ। ਇਹ ਖਮਾਜ ਥਾਟ ਵਿਚੋਂ ਉਪਜਿਆ ਰਾਗ ਹੈ। ਇਸ ਨੂੰ ਪ੍ਰਾਣੀ ਦੇ ਅਕਾਲ ਚਲਾਣੇ ਸਮੇ ਗਾਉਣ ਦੀ ਵੀ ਰਵਾਇਤ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਤੀਜਾ, ਪੰਨਾ ੨੮੪
ਮਾਰੂ ਰਾਗ ਨੂੰ ਹਿੰਦੁਸਤਾਨੀ ਸੰਗੀਤ ਦੇ ਹਨੂਮਾਨ ਮਤ ਅਨੁਸਾਰ ਮਾਲਕੌਂਸ ਦਾ ਪੁੱਤਰ, ਭਰਤ ਮਤ ਅਨੁਸਾਰ ਹਿੰਡੋਲ ਦਾ ਪੁੱਤਰ ਅਤੇ ਸ਼ਿਵ ਮਤ ਅਨੁਸਾਰ ਸ੍ਰੀਰਾਗ ਦਾ ਪੁੱਤਰ ਮੰਨਿਆ ਗਿਆ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੩੦
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਵੀ ਇਸ ਰਾਗ ਨੁੰ ਮਾਲਕੌਂਸ ਦਾ ਪੁੱਤਰ ਦਰਸਾਇਆ ਗਿਆ ਹੈ:
ਮਾਰੂ ਮਸਤਅੰਗ ਮੇਵਾਰਾ॥ ਪ੍ਰਬਲ ਚੰਡ ਕਉਸਕ ਉਭਾਰਾ॥
ਖਉਖਟ ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥੧॥ -ਗੁਰੂ ਗ੍ਰੰਥ ਸਾਹਿਬ ੧੪੩੦
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਾਰੂ ਸ਼ਾੜਵ ਜਾਤੀ ਦਾ ਰਾਗ ਹੈ। ਇਸ ਵਿਚ ਪੰਚਮ ਵਰਜਿਤ ਹੈ। ਸ਼ੜਜ, ਗੰਧਾਰ, ਧੈਵਤ ਅਤੇ ਨਿਸ਼ਾਦ ਸ਼ੁਧ, ਰਿਸ਼ਭ ਕੋਮਲ ਅਤੇ ਮਧਿਅਮ ਤੀਬਰ ਲਗਦਾ ਹੈ। ਗੰਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੯੬੬
ਮਾਰੂ ਕਾਫੀ ਰਾਗ ਵਿਚਲਾ ਦੂਜਾ ਰਾਗ, ਕਾਫੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਾਫੀ
ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਨੂੰ ਕਾਫੀ ਥਾਟ ਦੀ ਸੰਪੂਰਨ ਰਾਗਣੀ ਮੰਨਦਿਆਂ ਇਸ ਦੇ ਸਰੂਪ ਸੰਬੰਧੀ ਲਿਖਿਆ ਹੈ ਕਿ ਇਸ ਵਿਚ ਗੰਧਾਰ ਸ਼ੁਧ ਅਤੇ ਕੋਮਲ, ਦੋਵੇਂ ਲਗਦੇ ਹਨ। ਨਿਸ਼ਾਦ ਕੋਮਲ ਅਤੇ ਬਾਕੀ ਸਾਰੇ ਸੁਰ ਸ਼ੁਧ ਹਨ। ਪੰਚਮ ਵਾਦੀ ਅਤੇ ਸ਼ੜਜ ਸੰਵਾਦੀ ਹੈ। ਇਸ ਦੇ ਗਾਉਣ ਦਾ ਸਮਾਂ ਦਿਨ ਦਾ ਚਉਥਾ ਪਹਿਰ ਹੈ। ਕੁਝ ਵਿਦਵਾਨਾਂ ਨੇ ਕਾਫੀ ਨੂੰ ਧਮਾਰ ਦਾ ਨਾਮ ਦਿਤਾ ਹੈ। ਇਸ ਦਾ ਆਰੋਹ: ਸਾ ਰੇ ਗਾ ਮਾ ਪਾ ਧਾ ਨੀ (ਕੋਮਲ) ਸਾਂ ਅਤੇ ਅਵਰੋਹ: ਸਾਂ ਨੀ (ਕੋਮਲ) ਧਾ ਪਾ ਮਾ ਗਾ (ਕੋਮਲ) ਰੇ ਸਾ, ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਾਫੀ ਵਖਰੀ ਨਹੀਂ ਲਿਖੀ ਗਈ। ਰਾਗ ਆਸਾ, ਤਿਲੰਗ, ਸੂਹੀ ਅਤੇ ਮਾਰੂ ਨਾਲ ਮਿਲਾ ਕੇ ਲਿਖੀ ਗਈ ਹੈ। -ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੩੧੯; ਪਰ ਰਾਗਾਂ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਹਵਾਲਿਆਂ ਦੇ ਆਧਾਰ ’ਤੇ ਬਾਕੀ ਰਾਗਾਂ ਵਾਂਗ, ਇਸ ਨੂੰ ਵੀ ਇਥੇ ਰਾਗ ਹੀ ਲਿਖਿਆ ਜਾ ਰਿਹਾ ਹੈ।
ਰਾਗ ਸੁਤੰਤਰ ਰੂਪ ਵਿਚ ਨਹੀਂ ਮਿਲਦਾ। ਇਹ ਆਸਾ, ਤਿਲੰਗ, ਸੂਹੀ ਅਤੇ ਮਾਰੂ ਰਾਗਾਂ ਨਾਲ ਮਿਲਾ ਕੇ ਲਿਖਿਆ ਮਿਲਦਾ ਹੈ, ਜਿਵੇਂ: ਆਸਾ ਕਾਫੀ, ਤਿਲੰਗ ਕਾਫੀ, ਸੂਹੀ ਕਾਫੀ ਅਤੇ ਮਾਰੂ ਕਾਫੀ।
ਕਾਫੀ ਰਾਗ ਹਿੰਦੁਸਤਾਨੀ ਸੰਗੀਤ ਦਾ ਬਹੁਤ ਹੀ ਪ੍ਰਸਿਧ ਅਤੇ ਪ੍ਰਚਲਤ ਰਾਗ ਹੈ। ਇਹ ਹਿੰਦੁਸਤਾਨੀ ਸੰਗੀਤ ਦੇ ਕਾਫੀ ਥਾਟ ਤੋਂ ਉਤਪੰਨ ਹੋਇਆ ਹੈ। ਇਸ ਵਿਚ ਗੰਧਾਰ ਨਿਸ਼ਾਦ ਕੋਮਲ ਹੋਰ ਸਵਰ ਸ਼ੁਧ ਹਨ। ਇਹ ਰਾਗ ਹਰ ਸਮੇਂ ਗਾਇਆ ਜਾਂਦਾ ਹੈ, ਪਰ ਸਵੇਰ ਦੇ ਸੰਧੀ ਪ੍ਰਕਾਸ਼ ਸਮੇਂ ਇਸ ਰਾਗ ਨੂੰ ਗਾਉਣ ਦੀ ਮਨਾਹੀ ਹੈ। ਇਹ ਰਾਗ ਵਿਸ਼ੇਸ਼ ਕਰਕੇ ਠੁਮਰੀ ਅਤੇ ਟੱਪਾ ਗਾਇਨ ਸ਼ੈਲੀ ਲਈ ਬਹੁਤ ਮਕਬੂਲ ਮੰਨਿਆ ਜਾਂਦਾ ਹੈ। ਫੱਗਣ ਦੇ ਮਹੀਨੇ ਹੋਲੀ ਦੇ ਤਿਉਹਾਰ ਵਿਚ ‘ਹੋਰੀ ਗਾਇਨ’
‘ਹੋਰੀ ਗਾਇਨ’ ਹਿੰਦੂਆਂ ਦੇ ਤਿਉਹਾਰ ਹੋਲੀ ਨਾਲ ਸੰਬੰਧਤ ਹੈ। ਹਿੰਦੁਸਤਾਨ ਵਿਚ ਰੁੱਤਾਂ ਅਤੇ ਪੂਰਵਾਂ ਦਾ ਸੁਆਗਤ ਕਰਨ ਅਤੇ ਇਨ੍ਹਾਂ ਨੂੰ ਮਨਾਉਣ ਦੀ ਸੰਗੀਤਕ ਪਰੰਪਰਾ ਰਹੀ ਹੈ। ਇਸੇ ਪਰੰਪਰਾ ਦੇ ਅੰਤਰਗਤ ਬਸੰਤ ਰੁੱਤ ਤੋਂ ਬਾਅਦ ਆਉਣ ਵਾਲੇ ਮਹੀਨੇ ਫੱਗਣ ਵਿਚ ਫਾਗ ਜਾਂ ਹੋਰੀ ਗਾਇਨ ਦੀ ਪਰੰਪਰਾ ਸਥਾਪਤ ਹੋਈ। -ਡਾ. ਰੇਖਾ ਸ਼ਾਹ, ਹੋਲੀ ਗਾਇਨ ਸ਼ੈਲੀ, ਸਮਾਜਿਕ ਵਿਗਿਆਨ ਪੱਤਰ, ਅੰਕ ੫੮, ਡਾ. ਜਸਬੀਰ ਕੌਰ (ਸੰਪਾ.) ਪੰਨਾ ੨੫੬; ਹਿੰਦੁਸਤਾਨੀ ਸੰਗੀਤ ਦੇ ਅੰਤਰਗਤ ਹੋਲੀ ਨੂੰ ਧਮਾਰ ਸ਼ੈਲੀ ਵਿਚ ਗਾਇਨ ਕਰਨ ਦੀ ਧਾਰਨਾ ਪਾਈ ਜਾਂਦੀ ਹੈ। ਧਮਾਰ ਤਾਲ ਵਿਚ ਇਸ ਦਾ ਗਾਇਨ ਹੋਣ ਕਾਰਨ ਇਸ ਨੂੰ ਧਮਾਰ ਕਿਹਾ ਜਾਂਦਾ ਹੈ। ਹਿੰਦੁਸਤਾਨੀ ਸੰਗੀਤ ਵਿਚ ਧਮਾਰ ਗੀਤਾਂ ਵਿਚ ਕ੍ਰਿਸ਼ਨ ਅਤੇ ਗੋਪੀਆਂ ਦੀਆਂ ਹੋਲੀ ਲੀਲ੍ਹਾਵਾਂ ਦਾ ਵਰਣਨ ਹੋਣ ਕਾਰਨ ਇਸ ਨੂੰ ‘ਹੋਲੀ ਦਾ ਗੀਤ’ ਵੀ ਕਹਿੰਦੇ ਹਨ। -ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਨਾ ੧੪੪
ਵੀ ਜਿਆਦਾਤਰ ਇਸੇ ਰਾਗ ਵਿਚ ਗਾਇਆ ਜਾਂਦਾ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਤੀਜਾ, ਪੰਨਾ ੧੨੭-੧੨੮
ਥਾਟ-ਉਪਥਾਟ ਪਧਤੀ ਵਿਚ ਮਾਰੂ ਕਾਫੀ ਰਾਗ ਦੀ ਰਚਨਾ ਖਮਾਜ ਅਤੇ ਕਾਫੀ ਥਾਟਾਂ ਤੋਂ ਮੰਨੀ ਗਈ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਤੀਜਾ, ਪੰਨਾ ੨੮੪
ਪ੍ਰੋ. ਤਾਰਾ ਸਿੰਘ ਅਨੁਸਾਰ ਮਾਰੂ ਕਾਫੀ ਰਾਗ ਦੀ ਰਚਨਾ ਵਿਦਵਾਨਾਂ ਨੇ ਕਾਫੀ ਥਾਟ ਦੇ ਅੰਤਰਗਤ ਮੰਨੀ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿਚ ਦੋਵੇਂ ਗੰਧਾਰ, ਦੋਵੇਂ ਮਧਿਅਮ, ਦੋਵੇਂ ਨਿਸ਼ਾਦ ਅਤੇ ਹੋਰ ਸੁਰ ਸ਼ੁਧ ਲਗਦੇ ਹਨ। ਇਸ ਰਾਗ ਵਿਚ ਖਮਾਜ ਅਤੇ ਕਾਫੀ ਰਾਗਾਂ ਦੀ ਰੰਗਤ ਦਿਸ਼ਟੀਗੋਚਰ ਹੁੰਦੀ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੩੪
ਰਾਗ ਨਿਰਣਾਇਕ ਕਮੇਟੀ
ਪ੍ਰਿੰ. ਸੁਖਵੰਤ ਸਿੰਘ (ਸੰਪਾ), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੧੪੭
ਵਲੋਂ ਮਾਰੂ ਕਾਫੀ ਰਾਗ ਦਾ ਜੋ ਸਰੂਪ ਪ੍ਰਵਾਣਤ ਕੀਤਾ ਗਿਆ ਹੈ, ਉਹ ਹੇਠ ਲਿਖੇ ਅਨੁਸਾਰ ਹੈ:
ਰਾਗ ਮਾਰੂ ਕਾਫੀ ਦਾ ਸਰੂਪ
ਥਾਟ: ਖਮਾਜ-ਕਾਫੀ (ਉਪਥਾਟ)।
ਸਵਰ: ਦੋਵੇਂ ਗਾ, ਦੋਵੇਂ ਮਾ, ਦੋਵੇਂ ਨੀ ਅਤੇ ਹੋਰ ਸੁਰ ਸ਼ੁਧ।
ਵਰਜਿਤ ਸਵਰ: ਕੋਈ ਨਹੀਂ।
ਜਾਤੀ: ਸੰਪੂਰਨ-ਸੰਪੂਰਨ।
ਵਾਦੀ: ਪੰਚਮ।
ਸੰਵਾਦੀ: ਸ਼ੜਜ।
ਆਰੋਹ: ਸਾ ਗਾ ਮਾ ਪਾ, ਪਾ ਮਾ (ਤੀਵਰ) ਪਾ, ਧਾ ਮਾ ਪਾ, ਧਾ ਸਾ (ਤਾਰ ਸਪਤਕ) ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਧਾ ਪਾ, ਧਾ ਪਾ ਗਾ (ਕੋਮਲ) ਰੇ, ਪਾ ਗਾ (ਕੋਮਲ) ਰੇ ਨੀ (ਕੋਮਲ ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਸਾ ਗਾ ਮਾ ਪਾ, ਪਾ ਧਾ ਗਾ ਮਾ (ਤੀਵਰ) ਪਾ, ਪਾ ਮਾ (ਤੀਵਰ) ਪਾ, ਨੀ (ਕੋਮਲ) ਧਾ ਪਾ, ਮਾ ਪਾ ਗਾ (ਕੋਮਲ) ਰੇ ਸਾ।
ਗਾਇਨ ਸਮਾਂ
ਰਾਤ ਦਾ ਦੂਜਾ ਪਹਿਰ।
ਸ਼ਬਦ ੨-੩
ਰਾਗ ਮਾਰੂ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਮਾਰੂ ਰਾਗ ਨੂੰ ਤਰਤੀਬ ਅਨੁਸਾਰ ਇੱਕੀਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੮੯ ਤੋਂ ੧੧੦੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੬੫, ਗੁਰੂ ਅੰਗਦ ਸਾਹਿਬ ਦਾ ੧, ਗੁਰੂ ਅਮਰਦਾਸ ਸਾਹਿਬ ਦੇ ੭੫, ਗੁਰੂ ਰਾਮਦਾਸ ਸਾਹਿਬ ਦੇ ੧੩, ਗੁਰੂ ਅਰਜਨ ਸਾਹਿਬ ਦੇ ੧੪੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੧, ਭਗਤ ਰਵਿਦਾਸ ਜੀ ਦੇ ੨ ਅਤੇ ਭਗਤ ਨਾਮਦੇਵ ਜੀ ਤੇ ਭਗਤ ਜੈਦੇਵ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੧੦
‘ਮਾਰੂ’ ਸ਼ਬਦ ਦਾ ਇਕ ਅਰਥ, ਬੰਜਰ ਜਮੀਨ, ਮਾਰੂਥਲ ਜਾਂ ਰੇਤਲਾ ਇਲਾਕਾ ਹੈ। ਸ਼ਾਇਦ ਇਸੇ ਕਰਕੇ ਮਾਰੂ ਰਾਗ ਨੂੰ ਮਾਰੂਥਲਾਂ ਦਾ ਰਾਗ ਮੰਨਿਆ ਗਿਆ ਹੈ।
ਸੰਪਾ. ਡਾ.ਜਸਵੀਰ ਕੌਰ, ਸਿਮ੍ਰਤੀ ਗ੍ਰੰਥ, ਕੀਰਤਨ ਵਿਸ਼ੇਸ਼ ਅੰਕ, ਪੰਨਾ ੧੨
ਗੁਰੂ ਨਾਨਕ ਸਾਹਿਬ ਵੀ ਆਪਣੀ ਬਾਣੀ ਵਿਚ ਮਾਰੂ ਸ਼ਬਦ ਦੀ ਵਰਤੋਂ ਇਨ੍ਹਾਂ ਅਰਥਾਂ ਵਿਚ ਕਰਦੇ ਹੋਏ ਫਰਮਾਉਂਦੇ ਹਨ:
ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁਖ॥ -ਗੁਰੂ ਗ੍ਰੰਥ ਸਾਹਿਬ ੧੪੮
ਭਾਈ ਕਾਨ੍ਹ ਸਿੰਘ ਨਾਭਾ ਮਾਰੂ ਰਾਗ ਨੂੰ ਜੋਸ਼-ਭਾਵਨਾ ਨਾਲ ਜੋੜਦੇ ਹੋਏ ਲਿਖਦੇ ਹਨ ਕਿ ਮਾਰੂ ਰਾਗ ਦਾ ਅਰਥ ਹੈ, ਜਿਸ ਦੇ ਪ੍ਰਭਾਵ ਨਾਲ ਜੋਧੇ ਮਰ ਮਿਟਣ ਲਈ ਤਿਆਰ ਹੋ ਜਾਣ। ਇਸੇ ਲਈ, ਕਈ ਮਾਰੂ ਰਾਗ ਨੂੰ ਜੁਧ ਦਾ ਖਾਸ ਰਾਗ ਮੰਨਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ, ਚੰਡੀ ਦੀ ਵਾਰ ਸਟੀਕ, ਪੰਨਾ ੧੯
ਉਹ ਚੰਡੀ ਦੀ ਵਾਰ (ਪਉੜੀ ੧੬) ਦੀ ਤੁਕ ‘ਉੱਮਲ ਲਥੇ ਜੋਧੇ ਮਾਰੂ ਵਜਿਆ’ ਦਾ ਹਵਾਲਾ ਦੇ ਕੇ ਮਾਰੂ ਦੇ ਅਰਥ ‘ਜੰਗੀ ਨਗਾਰਾ, ਉਚੀ ਧੁਨੀ ਵਾਲਾ ਧੌਂਸਾ’ ਵੀ ਕਰਦੇ ਹਨ
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੯੬੬
ਪਰ ਇਨ੍ਹਾਂ ਦੋਵਾਂ ਹੀ ਅਰਥਾਂ ਵਿਚ ਮਾਰੂ ਦਾ ਸੰਬੰਧ ਜੁਧ ਨਾਲ ਹੀ ਜੁੜਦਾ ਹੈ।
ਮਾਰੂ ਰਾਗ ਦਾ ਪ੍ਰਭਾਵ ਅਜਿਹਾ ਹੈ ਕਿ ਜਦੋਂ ਇਸ ਰਾਗ ਦੀ ਧੁਨੀ ਵੱਜਦੀ ਹੈ, ਤਾਂ ਕਾਇਰਤਾ ਨੱਸ ਜਾਂਦੀ ਹੈ: ਸੁਣ ਕੇ ਸੁਧ ਨਾ ਰਹੇ ਕਾਇਰ ਕੀ, ਜਬ ਬਾਜੈ ਧੁਨ ਮਾਰੂ।
ਪ੍ਰਿੰ. ਸੁਖੰਵਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਗੁਰੂ ਅਰਜਨ ਸਾਹਿਬ ਵਲੋਂ ਭਗਤ ਕਬੀਰ ਜੀ ਦੇ ਜੋਸ਼-ਭਾਵਨਾ ਨਾਲ ਭਰਪੂਰ ਸਲੋਕ, “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ (ਗੁਰੂ ਗ੍ਰੰਥ ਸਾਹਿਬ ੧੧੦੫)” ਨੂੰ ਮਾਰੂ ਰਾਗ ਦੀ ਬਾਣੀ ਵਿਚ ਦਰਜ ਕਰਨ ਪਿਛੇ ਵੀ ਇਸ ਰਾਗ ਦੀ ਜੋਸ਼ ਭਰੀ ਤਾਸੀਰ ਹੀ ਪ੍ਰਤੀਤ ਹੁੰਦੀ ਹੈ।
ਗੁਰਮਤਿ ਸੰਗੀਤ ਵਿਚ ਪ੍ਰਚਲਤ ਮਾਰੂ ਰਾਗ ਦਾ ਇਕ ਆਪਣਾ ਵਖਰਾ ਹੀ ਸਰੂਪ ਅਤੇ ਪ੍ਰਭਾਵ ਹੈ। ਵਿਦਵਾਨਾਂ
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੯੬੬; ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਨ, ਭਾਗ ਦੂਜਾ, ਪੰਨਾ ੧੪੨; ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੨੭੮; ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਅਨੁਸਾਰ ਮਾਰੂ ਰਾਗ ਜੋਸ਼ ਦੇ ਨਾਲ-ਨਾਲ ਵੈਰਾਗ ਦਾ ਵੀ ਰਾਗ ਹੈ। ਇਸੇ ਲਈ, ਇਸ ਰਾਗ ਨੂੰ ਜੁਧ ਵੇਲੇ ਅਤੇ ਪ੍ਰਾਣੀ ਦੇ ਅਕਾਲ ਚਲਾਣੇ ਸਮੇਂ ਗਾਇਆ ਜਾਂਦਾ ਹੈ। ਜੀਵ ਦੇ ਮ੍ਰਿਤਕ-ਸੰਸਕਾਰ ਸਮੇਂ ਇਸ ਰਾਗ ਵਿਚ ਸ਼ਬਦ ਗਾਇਨ ਦੀ ਪ੍ਰਥਾ ਬਹੁਤ ਪੁਰਾਤਨ ਮੰਨੀ ਜਾਂਦੀ ਹੈ।
ਪ੍ਰਿੰ. ਸੁਖੰਵਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਇਸ ਰਾਗ ਦੀਆਂ ਸੁਰਾਂ ਨਾਲ ਵੈਰਾਗਮਈ ਵਾਤਾਵਰਣ ਬਣ ਜਾਂਦਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਅਤੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸੀਸ ਦੇ ਸਸਕਾਰ ਸਮੇਂ ਮਾਰੂ ਰਾਗ ਨੂੰ ਗਾਏ ਜਾਣ ਦੇ ਹਵਾਲੇ ਮਿਲਦੇ ਹਨ। ਉਦਾਹਰਣ ਵਜੋਂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਸਸਕਾਰ ਸਮੇਂ ਦਾ ਵਰਨਣ ਇਸ ਪ੍ਰਕਾਰ ਹੋਇਆ ਹੈ:
ਸ਼ਬਦ ਰਬਾਬੀ ਗਾਵਨ ਗਾਵੈਂ। ਮਾਰੂ ਅਰ ਵਡਹੰਸ ਸੁਨਾਵੈ॥
ਡਾ. ਕਿਰਪਾਲ ਸਿੰਘ (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ-ਬਿਰਤਾਂਤ, (ਭਾਗ-ਪੰਜਵਾਂ), ਕ੍ਰਿਤ ਮਹਾਂਕਵੀ ਭਾਈ ਸੰਤੋਖ ਸਿੰਘ, ਪੰਨਾ ੭੮੨
ਨਿਹੰਗ ਸਿੰਘਾਂ ਦੇ ਬੋਲਿਆਂ ਵਿਚ ‘ਮਾਰੂ ਗਾਉਣਾ’ ਦਾ ਅਰਥ ਰੋਣਾ, ਦੁਖ ਦੀ ਪੁਕਾਰ ਕਰਨਾ ਆਦਿ ਹੈ।
ਗਤਕਾ ਮਾਸਟਰ ਮਨਜੀਤ ਸਿੰਘ, ਸ਼ਸਤਰਨਾਮਾ, ਪੰਨਾ ੧੭੮
ਇਸੇ ਲਈ ਰੋਣ, ਕੁਰਲਾਉਣ, ਸਿਆਪੇ ਕਰਨ ਆਦਿ ਨੂੰ ‘ਮਾਰੂ ਗਾਉਣਾ’ ਵੀ ਕਿਹਾ ਜਾਂਦਾ ਹੈ। ਪ੍ਰਾਣੀ ਦੇ ਚਲਾਣੇ ਵੇਲੇ ਮਾਰੂ ਰਾਗ ਦੇ ਵੈਰਾਗਮਈ ਸ਼ਬਦ ਪੜ੍ਹਨ ਦੀ ਰਵਾਇਤ ਤੋਂ ਹੀ ਨਿਹੰਗ ਸਿੰਘਾਂ ਨੇ ਰੋਣ ਕੁਰਲਾਉਣ ਲਈ ‘ਮਾਰੂ ਗਾਉਣਾ’ ਮੁਹਾਵਰਾ ਘੜ੍ਹ ਲਿਆ ਜਾਪਦਾ ਹੈ।
ਮਾਰੂ ਰਾਗ ਬੜਾ ਪ੍ਰਸਿਧ ਅਤੇ ਪੁਰਾਤਨ ਰਾਗ ਹੈ। ਇਸ ਰਾਗ ਨੂੰ ਕਈ ਨਾਂਵਾਂ, ਜਿਵੇਂ ਮਾਲਵ, ਮਾਰੁਵ, ਮਾਰੁਵਾ, ਮਾਰਵਿਕਾ ਆਦਿ ਨਾਲ ਪੁਕਾਰਿਆ ਜਾਂਦਾ ਅਤੇ ਭਿੰਨ-ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੨੭
ਗੁਰੂ ਗ੍ਰੰਥ ਸਾਹਿਬ ਵਿਚ ਮਾਰੂ ਰਾਗ ਦੇ ਅੰਤਰਗਤ ਦੋ ਹੋਰ ਪ੍ਰਕਾਰਾਂ, ਮਾਰੂ ਕਾਫ਼ੀ ਅਤੇ ਮਾਰੂ ਦਖਣੀ ਵਿਚ ਵੀ ਬਾਣੀ ਦਰਜ ਹੈ।
ਮਾਰੂ ਰਾਗ ਨੂੰ ਹਿੰਦੁਸਤਾਨੀ ਸੰਗੀਤ ਦੇ ਹਨੂਮਾਨ ਮਤ ਅਨੁਸਾਰ ਮਾਲਕੌਂਸ ਦਾ ਪੁੱਤਰ, ਭਰਤ ਮਤ ਅਨੁਸਾਰ ਹਿੰਡੋਲ ਦਾ ਪੁੱਤਰ ਅਤੇ ਸ਼ਿਵ ਮਤ ਅਨੁਸਾਰ ਸ੍ਰੀਰਾਗ ਦਾ ਪੁੱਤਰ ਮੰਨਿਆ ਗਿਆ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੩੦
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ' ਵਿਚ ਵੀ ਇਸ ਰਾਗ ਨੁੰ ਮਾਲਕੌਂਸ ਦਾ ਪੁੱਤਰ ਦਰਸਾਇਆ ਗਿਆ ਹੈ:
ਮਾਰੂ ਮਸਤਅੰਗ ਮੇਵਾਰਾ॥ ਪ੍ਰਬਲਚੰਡ ਕਉਸਕ ਉਭਾਰਾ॥
ਖਉਖਟ ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥੧॥ -ਗੁਰੂ ਗ੍ਰੰਥ ਸਾਹਿਬ ੧੪੩੦
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਾਰੂ ਸ਼ਾੜਵ ਜਾਤੀ ਦਾ ਰਾਗ ਹੈ। ਇਸ ਵਿਚ ਪੰਚਮ ਵਰਜਿਤ ਹੈ। ਸ਼ੜਜ, ਗੰਧਾਰ, ਧੈਵਤ ਅਤੇ ਨਿਸ਼ਾਦ ਸ਼ੁਧ, ਰਿਸ਼ਭ ਕੋਮਲ ਅਤੇ ਮਧਿਅਮ ਤੀਬਰ ਲਗਦਾ ਹੈ। ਗੰਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੯੬੬
ਪ੍ਰੋ. ਤਾਰਾ ਸਿੰਘ ਨੇ ਮਾਰੂ ਰਾਗ ਦੇ ਤਿੰਨ ਪ੍ਰਕਾਰ ਦਰਸਾਏ ਹਨ: ਇਕ ਮਾਰਵਾ ਥਾਟ ਦਾ, ਦੂਜਾ ਬਿਲਾਵਲ ਥਾਟ ਦਾ ਅਤੇ ਤੀਜਾ ਖਮਾਜ ਥਾਟ ਦਾ। ਪਹਿਲੇ ਪ੍ਰਕਾਰ ਵਿਚ ਸਾ ਅਤੇ ਰੇ ਕੋਮਲ, ਮਾ ਤੀਵਰ, ਪਾ ਵਰਜਿਤ ਅਤੇ ਹੋਰ ਸਾਰੇ ਸੁਰ ਸ਼ੁਧ ਲਗਦੇ ਹਨ। ਦੂਜੇ ਪ੍ਰਕਾਰ ਵਿਚ ਸਾਰੇ ਸੁਰ ਸ਼ੁਧ ਲਗਦੇ ਹਨ। ਇਸ ਦਾ ਵਾਦੀ ਸੁਰ ਗਾ ਅਤੇ ਸੰਵਾਦੀ ਨੀ ਹੈ, ਇਸ ਦੀ ਜਾਤੀ ਔੜਵ-ਸੰਪੂਰਨ ਹੈ। ਤੀਜੇ ਪ੍ਰਕਾਰ ਵਿਚ ਦੋਵੇਂ ਨੀ ਅਤੇ ਹੋਰ ਸੁਰ ਸ਼ੁਧ ਲਗਦੇ ਹਨ। ਇਸ ਦੇ ਆਰੋਹ ਵਿਚ ਰੇ ਅਤੇ ਧਾ ਸੁਰ ਵਰਜਿਤ ਕਰਨ ਦੀ ਪ੍ਰਥਾ ਹੈ ਅਤੇ ਅਵਰੋਹ ਵਿਚ ਸੱਤ ਸੁਰ ਵਰਤੇ ਜਾਂਦੇ ਹਨ। ਇਸ ਦੀ ਜਾਤੀ ਔੜਵ-ਸੰਪੂਰਨ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੩੦
ਡਾ. ਗੁਰਨਾਮ ਸਿੰਘ ਨੇ ਵੀ ਮਾਰੂ ਰਾਗ ਦੇ ਤਿੰਨ ਸਰੂਪ ਦਰਸਾਏ ਹਨ। ਪਹਿਲੇ ਸਰੂਪ ਅਨੁਸਾਰ ਮਾਰਵਾ ਨੂੰ ਹੀ ਮਾਰੂ ਰਾਗ ਮੰਨਿਆ ਹੈ। ਦੂਜਾ ਸਰੂਪ ਖਮਾਜ ਥਾਟ ਤੋਂ ਅਤੇ ਤੀਸਰਾ ਬਿਲਾਵਲ ਥਾਟ ਤੋਂ ਮੰਨਿਆ ਹੈ। ਸਰਦਾਰ ਗਿਆਨ ਸਿੰਘ ਐਬਟਾਬਾਦ ਅਤੇ ਭਾਈ ਅਵਤਾਰ ਸਿੰਘ ਤੇ ਗੁਰਚਰਨ ਸਿੰਘ ਨੇ ਮਾਰੂ ਰਾਗ ਨੂੰ ਖਮਾਜ ਥਾਟ ਦਾ ਰਾਗ ਮੰਨਿਆ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੧੪੩
ਇਸ ਤਰ੍ਹਾਂ ਮਾਰੂ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਮੱਤ ਹਨ। ਪਰ ਇਥੇ ਇਸ ਰਾਗ ਦਾ ਉਹੀ ਸਰੂਪ ਦਿਤਾ ਜਾ ਰਿਹਾ ਹੈ, ਜਿਹੜਾ ਕਿ ਰਾਗ ਨਿਰਣਾਇਕ ਕਮੇਟੀ
ਪ੍ਰਿੰ. ਸੁਖੰਵਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਵਲੋਂ ਪ੍ਰਵਾਣਤ ਕੀਤਾ ਗਿਆ ਹੈ:
ਰਾਗ ਮਾਰੂ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਮਧਿਅਮ, ਦੋਵੇਂ ਧੈਵਤ, ਦੋਵੇਂ ਨਿਸ਼ਾਦ, ਹੋਰ ਸਭ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਗੰਧਾਰ।
ਸੰਵਾਦੀ: ਨਿਸ਼ਾਦ।
ਆਰੋਹ: ਸਾ ਗਾ ਮਾ ਪਾ, ਧਾ ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ ਧਾ (ਕੋਮਲ) ਪਾ, ਮਾ ਗਾ ਰੇ ਸਾ।
ਮੁੱਖ ਅੰਗ (ਪਕੜ): ਪਾ ਪਾ ਨੀ (ਕੋਮਲ) ਧਾ ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ ਧਾ (ਕੋਮਲ) ਪਾ, ਪਾ ਧਾ ਪਾ ਗਾ, ਰੇ, ਗਾ ਰੇ ਸਾ।
ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।