Guru Granth Sahib Logo
  
ਰਾਮਕਲੀ ਕੀ ਵਾਰ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਉਚਾਰਣ ਕੀਤੀ ਹੋਈ ਇਕ ਇਤਿਹਾਸਕ ਵਾਰ ਹੈ। ਰਾਇ ਬਲਵੰਡ ਜੀ (੧੫੨੮-੧੬੨੦ ਈ.) ਅਤੇ ਸਤਾ ਡੂਮ ਜੀ (੧੫੩੦-੧੬੧੨ ਈ.)
Bani Footnote ਇਹ ਮਿਤੀਆਂ ਭਾਈ ਬੇਅੰਤ ਸਿੰਘ ਕਲੇਰਾਂ ਦੀ ਪੁਸਤਕ ‘ਤਵਾਰੀਖ ਚਾਰ ਸਿੱਖ’ ਵਿਚੋਂ ਲਈਆਂ ਗਈਆਂ ਹਨ।
ਵੱਲੋਂ ਉਚਾਰਣ ਕੀਤੀ ਇਹ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ਵਿਚੋਂ, ਬਸੰਤ ਕੀ ਵਾਰ (੩ ਪਉੜੀਆਂ) ਤੋਂ ਬਾਅਦ, ਸਭ ਤੋਂ ਛੋਟੀ ਵਾਰ ਹੈ।
Bani Footnote ਇਨ੍ਹਾਂ ਦੋਵਾਂ ਵਾਰਾਂ ਵਿਚ ਕੇਵਲ ਪਉੜੀਆਂ ਹੀ ਹਨ। ਇਨ੍ਹਾਂ ਵਿਚ ਕੋਈ ਸਲੋਕ ਦਰਜ ਨਹੀਂ ਹੈ। ਬਾਕੀ ਸਾਰੀਆਂ ਵਾਰਾਂ ਵਿਚ ਪਉੜੀਆਂ ਦੇ ਨਾਲ ਵਖ-ਵਖ ਗੁਰੂ ਸਾਹਿਬਾਨ ਦੇ ਸਲੋਕ ਵੀ ਸ਼ਾਮਲ ਹਨ।
ਇਸ ਦੀਆਂ ਕੁਲ ੮ ਪਉੜੀਆਂ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼, ਪੰਨਾ ੫੫੦) ਅਨੁਸਾਰ ਰਾਵਲਪਿੰਡੀ (ਪਾਕਿਸਤਾਨ) ਭਾਈ ਬੂਟਾ ਸਿੰਘ ਦੀ ਧਰਮਸ਼ਾਲਾ ਵਿਚ ਮੌਜੂਦ ਗੁਰੂ ਗ੍ਰੰਥ ਸਾਹਿਬ ਦੀ ਇਕ ਹੱਥ-ਲਿਖਤ ਬੀੜ ਵਿਚ ਇਸ ਵਾਰ ਦੀਆਂ ਦਸ ਪਉੜੀਆਂ ਹਨ। ਪਰ ਉਨ੍ਹਾਂ ਨੇ ਵਾਧੂ ਪਉੜੀਆਂ ਦਾ ਪਾਠ ਨਹੀਂ ਦਿੱਤਾ। ਸਰਦਾਰ ਜੀ. ਬੀ. ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ, ਪੰਨਾ ੨੧੩-੨੧੪) ਨੇ ਰਾਵਲਪਿੰਡੀ ਵਿਚ ਭਾਈ ਪੈਂਹਦਾ ਸਾਹਿਬ ਦੀ ਧਰਮਸਾਲਾ ਵਿਚਲੀ ਇਕ ਬੀੜ ਬਾਰੇ ਲਿਖਦਿਆਂ ਇਸ ਵਾਰ ਵਿਚਲੀਆਂ ਵਾਧੂ ਪਉੜੀਆਂ (੯ ਅਤੇ ੧੦) ਦਾ ਪਾਠ ਦਿੱਤਾ ਹੈ, ਜੋ ਇਸ ਤਰ੍ਹਾਂ ਹੈ: ਪੰਚਾਇਣ ਕਾਇਆਂ ਪਲਟਿ ਥਾਏਂ ਛੇਵੇਂ ਕੀਉਨ ਨਿਵਾਸ। ਉਤਰਿਆ ਅਉਤਾਰ ਲੈ ਬਾਲ ਰੂਪੀ ਸਭ ਗੁਣ ਤਾਸ। ਪਿਛੇ ਕੁਦਰਤਿ ਘਤਿੳਨਿ ਧਰਿ ਤੱਕ ਤੋਲਿਓਨੁ ਅਕਾਸ। ਦਿਨਸ ਚੜ੍ਹਾਇਉਨੁ ਰਾਤਿ ਘਤਿ ਕੁਦਰਤ ਕੀੳਨੁ ਪਰਗਾਸ। ਆਇ ਵਾਉ ਨਾ ਡੋਲਈ ਪਰਬਤ ਜਿਵੇਂ ਕੳਲਾਸੁ। ਨਾਨਕ ਅੰਗਦ ਅਮਰਦਾਸ ਗੁਰੂ ਅਰਜਨ ਤੂੰ ਰਾਮਦਾਸ। ਪੰਚਾਇਣ ਕਾਯਾਂ ਪਲਟਿ ਥਾਇ ਛੇਵੀ ਕੀਉ ਨਿਵਾਸ॥੯॥ ਅੰਬਰ ਧਰਤਿ ਵਿਛੋੜਿਉਨ ਸੁਵੰਨੀ ਖਿਵੈ ਚੰਦੋਆ। ਬਾਬੈ ਤੂੰ ਵਡਿਆਇੳਨੁ ਵਿਣ ਥਮਾਂ ਗਗਨ ਖਲੋਆ। ਚਉਦਿਹ ਰਤਨ ਨਿਕਾਲਿੳਨੁ ਕਲਿ ਅੰਦਰ ਚਾਨਣ ਹੋਆ। ਅਗੇ ਡੁਬੀ ਜਾਂਦੀ ਸੀ ਮੇਦਨੀ, ਦੇ ਹਥੀ ਆਪ ਖਲੋਆ। ਨਾਨਕ ਅੰਗਦ ਅਮਰ ਗੁਰ ਅਰਜਨ ਭੀ ਆਪੇ ਹੋਆ। ਪੰਚਾਇਣ ਆਪੇ ਵਰਤਿਆ, ਛਿਆ ਪੁਰਖ ਭੀ ਆਪੇ ਹੋਆ॥੧੦॥ ਇਨ੍ਹਾਂ ਪਉੜੀਆਂ ਬਾਰੇ ਸਰਦਾਰ ਜੀ. ਬੀ. ਸਿੰਘ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਹ ਭਾਈ ਸਤਾ ਜੀ ਅਤੇ ਬਲਵੰਡ ਜੀ ਜਾਂ ਉਨ੍ਹਾਂ ਦੀ ਔਲਾਦ ਵਿਚੋਂ ਕਿਸੇ ਨੇ ਬਾਅਦ ਵਿਚ ਰਚੀਆਂ ਹੋ ਸਕਦੀਆਂ ਹਨ। ਜੀ. ਬੀ. ਸਿੰਘ ਦਾ ਇਹ ਸ਼ੱਕ ਦਰੁਸਤ ਜਾਪਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਾ ਬੀੜ ਵਿਚ ਇਨ੍ਹਾਂ ਪਉੜੀਆਂ ਦਾ ਨਾ ਹੋਣਾ ਇਹੀ ਦੱਸਦਾ ਹੈ ਕਿ ਇਹ ਦੋਵੇਂ ਪਉੜੀਆਂ ਕਿਸੇ ਦੁਆਰਾ ਬਾਅਦ ਵਿਚ ਹੀ ਰਚੀਆਂ ਗਈਆਂ ਹਨ। ਇਨ੍ਹਾਂ ਦੀ ਰਚਨਾ ਜਦੋਂ ਵੀ ਹੋਈ ਹੋਵੇ, ਗੁਰੂ ਅਰਜਨ ਸਾਹਿਬ ਦੁਆਰਾ ਇਨ੍ਹਾਂ ਨੂੰ ਆਦਿ ਗ੍ਰੰਥ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨਾ ਉਚਿਤ ਨਹੀਂ ਮੰਨਿਆ ਗਿਆ ਹੋਵੇਗਾ।
ਇਹ ਵਾਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੬੬-੯੬੮ ਉਪਰ ਦਰਜ ਹੈ।

ਇਸ ਵਾਰ ਵਿਚ ਵਖ-ਵਖ ਗੁਰੂ ਸਾਹਿਬਾਨ ਦੇ ਗੁਰੂ ਪਦਵੀ ਲਈ ‘ਟਿੱਕੇ’ (ਨਿਸ਼ਚਿਤ ਕੀਤੇ) ਜਾਣ ਦਾ ਵਰਨਣ ਹੈ। ਇਸ ਵਿਚ ਦੋ ਵਾਰ ‘ਟਿਕਾ’ ਅਤੇ ਇਕ ਵਾਰ ‘ਟਿਕਿਓਨੁ’ ਸ਼ਬਦ ਆਇਆ ਹੈ। ਕਿਹਾ ਜਾਂਦਾ ਹੈ ਕਿ ਰਚੇ ਜਾਣ ਤੋਂ ਬਾਅਦ ਇਹ ਵਾਰ ਗੁਰ-ਗੱਦੀ ਦੇ ਉਤਰਾਧਿਕਾਰੀਆਂ ਨੂੰ ਗੁਰੂ ਟਿੱਕੇ ਜਾਣ ਸਮੇਂ ਪੜ੍ਹੀ ਜਾਂਦੀ ਰਹੀ ਹੈ।
Bani Footnote ਜੋਗਿੰਦਰ ਸਿੰਘ ਤਲਵਾੜਾ, ਸਟੀਕ ਰਾਮਕਲੀ ਕੀ ਵਾਰ ਅਤੇ ਬਸੰਤ ਕੀ ਵਾਰ ਮਹਲੁ ੫, ਪੰਨਾ ੬੯
ਇਨ੍ਹਾਂ ਕਾਰਣਾਂ ਕਰਕੇ ਵਿਦਵਾਨਾਂ ਨੇ ਇਸ ਵਾਰ ਨੂੰ ‘ਟਿੱਕੇ ਦੀ ਵਾਰ’ ਵੀ ਕਿਹਾ ਹੈ।

ਇਹ ਵਾਰ ਪੁਰਾਤਨ ਭਾਸ਼ਾ ਦਾ ਸੁੰਦਰ ਨਮੂਨਾ ਪੇਸ਼ ਕਰਦੀ ਹੈ। ਇਸ ਦੀ ਸ਼ਬਦਾਵਲੀ ਬੜੀ ਵਿਲੱਖਣ ਹੈ। ਇਸ ਉੱਤੇ ਪੱਛਮੀ ਪੰਜਾਬੀ ਦਾ ਕਾਫੀ ਪ੍ਰਭਾਵ ਦਿਸਦਾ ਹੈ। ਇਸ ਦੇ ਭਾਸ਼ਾਈ ਅਧਿਐਨ ਨਾਲ ਉਸ ਸਮੇਂ ਦੇ ਆਮ ਜੀਵਨ ਵਿਚ ਪ੍ਰਚਲਤ ਅਤੇ ਭੱਟਾਂ ਤੇ ਮਰਾਸੀਆਂ
Bani Footnote ਇਕ ਪਛੜੀ ਜਾਤੀ, ਜਿਨ੍ਹਾਂ ਦਾ ਕੰਮ ਗਾਣਾ-ਵਜਾਣਾ ਹੈ। ਪਹਿਲਿਆਂ ਵਿਚ ਡੂਮ ਵਿਆਹ-ਸ਼ਾਦੀ ਅਤੇ ਮੌਤ ਦੇ ਸੰਦੇਸ਼ ਇਕ ਘਰ ਤੋਂ ਦੂਜੇ ਘਰ ਤੇ ਇਕ ਪਿੰਡ ਤੋਂ ਦੂਜੇ ਪਿੰਡ ਪਹੁੰਚਾਉਂਦੇ ਸਨ ਅਤੇ ਲਾਗ ਲਿਆ ਕਰਦੇ ਸਨ। ਕਈ ਡੂਮ ਰੱਸੀਆਂ ਵਟ ਕੇ ਅਤੇ ਘਾਹ ਦੀਆਂ ਪੱਤੀਆਂ ਤੋਂ ਫੂਹੜੀਆਂ, ਪੱਖੀਆਂ ਆਦਿ ਬਣਾ ਕੇ ਪੇਟ ਪਾਲਦੇ ਹਨ। ਡੂਮ ਮੁਸਲਮਾਨ ਹੁੰਦੇ ਹਨ ਤੇ ਇਨ੍ਹਾਂ ਨੂੰ ਮਿਰਾਸੀ ਵੀ ਕਿਹਾ ਜਾਂਦਾ ਸੀ, ਦੇਸ਼ ਵੰਡ ਪਿਛੋਂ ਬਹੁਤੇ ਡੂਮ ਪਾਕਿਸਤਾਨ ਚਲੇ ਗਏ ਹਨ। ਮਹਾਨ ਕੋਸ਼ ਅਨੁਸਾਰ ਸੰਸਕ੍ਰਿਤ ਵਿਚ ਡਮ, ਡੋਮ ਅਤੇ ਡੋਂਬ ਤਿੰਨ ਸ਼ਬਦ ਸੰਕੀਰਣ ਜਾਤੀ ਦੀ ਇਕ ਨੀਚ ਜਾਤੀ ਲਈ ਆਏ ਹਨ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇਂ ਉਨ੍ਹਾਂ ਦਾ ਇਕ ਸਾਥੀ ਮਰਦਾਨਾ, ਜਾਤ ਦਾ ਡੂਮ ਸੀ। ਗੁਰੂ ਗ੍ਰੰਥ ਸਾਹਿਬ ਵਿਚ ‘ਰਾਮਕਲੀ ਕੀ ਵਾਰ’ ਦੇ ਕਰਤਾ ਸਤਾ ਬਲਵੰਡ ਜਾਤ ਦੇ ਡੂਮ ਹੀ ਸਨ। -ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਛੇਵੀਂ, ਪੰਨਾ ੧੪੫੯
ਦੁਆਰਾ ਵਰਤੀ ਜਾਂਦੀ ਭਾਸ਼ਾ ਦਾ ਬੋਧ ਹੁੰਦਾ ਹੈ। ਇਸ ਪਖੋਂ ਇਹ ਵਾਰ ਉਸ ਵੇਲੇ ਦੀ ਭਾਸ਼ਾ ਤੇ ਸ਼ਬਦਾਵਲੀ ਦੇ ਸੁੰਦਰ ਨਮੂਨੇ ਸਾਂਭੀ ਬੈਠੀ ਹੈ।