Guru Granth Sahib Logo
  
ਰਾਗ ਬਸੰਤ ਹਿੰਡੋਲ
ਬਸੰਤ ਹਿੰਡੋਲ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੩੧ ਮਿਸ਼ਰਤ ਰਾਗਾਂ ਵਿਚੋਂ ਇਕ ਹੈ।
Bani Footnote ਗੁਰੂ ਗ੍ਰੰਥ ਸਾਹਿਬ ਵਿਚ ੩੧ ਮੁੱਖ ਰਾਗ ਅਤੇ ੩੧ ਮਿਸ਼ਰਤ ਰਾਗ ਹਨ।
ਇਹ ਬਸੰਤ ਅਤੇ ਹਿੰਡੋਲ ਦੋ ਰਾਗਾਂ ਦੇ ਮਿਸ਼ਰਣ ਤੋਂ ਬਣਿਆ, ਬਸੰਤ ਰਾਗ ਦਾ ਇਕ ਪ੍ਰਕਾਰ ਹੈ। ਰਾਗ ਨਿਰਣਾਇਕ ਕਮੇਟੀ ਅਨੁਸਾਰ ਮਿਸ਼ਰਤ ਰਾਗ ਆਪਣੇ ਸਿਰਲੇਖ ਵਿਚਲੇ ਪਹਿਲੇ ਰਾਗ ਦੇ ਆਰੋਹ ਤੇ ਦੂਜੇ ਰਾਗ ਦੇ ਅਵਰੋਹ ਦਾ ਸੁਮੇਲ ਹੁੰਦਾ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਤੀਜਾ, ਪੰਨਾ ੩੦੫
ਇਸ ਪ੍ਰਕਾਰ ਬਸੰਤ ਹਿੰਡੋਲ ਦੇ ਗਾਇਨ ਵੇਲੇ ਆਰੋਹ ਵਿਚ ਬਸੰਤ ਅਤੇ ਅਵਰੋਹ ਵਿਚ ਹਿੰਡੋਲ ਰਾਗ ਦੀਆਂ ਸੁਰਾਂ ਦਾ ਅਜਿਹਾ ਮਿਸ਼ਰਣ ਕੀਤਾ ਜਾਂਦਾ ਹੈ ਕਿ ਇਹ ਭਿੰਨ ਭਿੰਨ ਹੁੰਦਿਆਂ ਵੀ ਇਕਸਾਰਤਾ ਦਾ ਪ੍ਰਭਾਵ ਉਘਾੜਦੀਆਂ ਹਨ।

ਬਸੰਤ ਹਿੰਡੋਲ ਮਿਸ਼ਰਤ ਰਾਗ ਦਾ ਉਲੇਖ ਸਿਰਫ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਪ੍ਰਾਪਤ ਹੁੰਦਾ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਇਕ ਭਗਤ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਖ-ਵਖ ਪੰਨਿਆਂ ’ਤੇ ਦਰਜ ਹੈ। ਇਸ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ੫, ਗੁਰੂ ਅਮਰਦਾਸ ਸਾਹਿਬ ਦਾ ੧, ਗੁਰੂ ਰਾਮਦਾਸ ਸਾਹਿਬ ਦੇ ੬, ਗੁਰੂ ਅਰਜਨ ਸਾਹਿਬ ਦੇ ੩, ਗੁਰੂ ਤੇਗਬਹਾਦਰ ਸਾਹਿਬ ਦੇ ੫ ਅਤੇ ਭਗਤ ਕਬੀਰ ਜੀ ਦਾ ਇਕ ਸ਼ਬਦ ਸ਼ਾਮਲ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਤੀਜਾ, ਪੰਨਾ ੩੦੪-੩੦੫


ਬਸੰਤ ਰਾਗ ਵਾਂਗ ਹੀ ਹਿੰਡੋਲ ਰਾਗ ਵੀ ਹਿੰਦੁਸਤਾਨੀ ਸੰਗੀਤ ਦੇ ਪੁਰਾਣੇ ਰਾਗਾਂ ਵਿਚ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਰਾਗ ਸੁਤੰਤਰ ਰੂਪ ਵਿਚ ਨਹੀਂ ਆਇਆ, ਇਹ ਬਸੰਤ ਰਾਗ ਨਾਲ ਮਿਸ਼ਰਤ ਰੂਪ ਵਿਚ ਹੀ ਆਇਆ ਹੈ। ਰਾਗ-ਰਾਗਣੀ ਵਰਗੀਕਰਣ
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੭੮
ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਹਿੰਡੋਲ ਨੂੰ ਵੀ ਰਾਗ ਹੀ ਮੰਨਿਆ ਗਿਆ ਹੈ:
ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ॥ -ਗੁਰੂ ਗ੍ਰੰਥ ਸਾਹਿਬ ੧੪੩੦

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹਿੰਡੋਲ ਕਲਿਆਣ ਥਾਟ ਦਾ ਰਾਗ ਹੈ। ਇਸ ਦੀ ਜਾਤੀ ਔੜਵ, ਰਿਸ਼ਭ ਤੇ ਪੰਚਮ ਵਰਜਤ, ਧੈਵਤ ਵਾਦੀ ਅਤੇ ਗੰਧਾਰ ਸੰਵਾਦੀ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੭੪
ਡਾ. ਚਰਨ ਸਿੰਘ ਨੇ ਇਸ ਰਾਗ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟਾਏ ਹਨ: “ਜਿਸ ਰਾਗ ਨੂੰ ਸੁਣ ਕਿ ਦੇਵਤਿਆਂ ਦਾ ਚਿਤ ਸੁਖ ਰੂਪੀ ਹਿੰਡੋਲੇ ਵਿਚ ਝੂਲੇ, ਉਸ ਦਾ ਨਾਉਂ ਹਿੰਡੋਲ ਹੈ।”
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੭੯


ਬੇਸ਼ਕ ਬਸੰਤ ਰਾਗ ਨੂੰ ਮਾਰਵਾ, ਪੂਰਬੀ, ਖਮਾਜ, ਕਲਿਆਣ ਤੇ ਕਾਫੀ ਥਾਟਾਂ ਨਾਲ ਜੋੜਿਆ ਜਾਂਦਾ ਹੈ ਅਤੇ ਹਿੰਡੋਲ ਰਾਗ ਨੂੰ ਕਲਿਆਣ ਥਾਟ ਨਾਲ ਸੰਬੰਧਤ ਕੀਤਾ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਦੇ ਮਿਸ਼ਰਣ ਤੋਂ ਬਣੇ ਬਸੰਤ ਹਿੰਡੋਲ ਰਾਗ ਦੀ ਸਿਰਜਣਾ ਥਾਟ-ਉਪਥਾਟ ਪਧਤੀ ਅਨੁਸਾਰ ਪੂਰਵੀ ਅਤੇ ਮਾਰਵਾ ਥਾਟ ਤੋਂ ਹੋਈ ਹੈ। ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੧੬੬
ਵਲੋਂ ਪ੍ਰਵਾਣਤ ਇਸ ਰਾਗ ਦਾ ਸਰੂਪ ਹੇਠ ਲਿਖੇ ਅਨੁਸਾਰ ਹੈ:

ਰਾਗ ਬਸੰਤ ਹਿੰਡੋਲ ਦਾ ਸਰੂਪ
ਥਾਟ: ਪੂਰਵੀ-ਮਾਰਵਾ (ਉਪਥਾਟ)।
ਸਵਰ: ਦੋਵੇਂ ਮਧਿਅਮ ਹੋਰ ਸਭ ਸ਼ੁਧ।
ਵਰਜਤ ਸਵਰ: ਰਿਸ਼ਭ।
ਜਾਤੀ: ਵਕਰ ਸ਼ਾੜਵ-ਔੜਵ।
ਵਾਦੀ: ਮਧਿਅਮ।
ਸੰਵਾਦੀ: ਸ਼ੜਜ।
ਆਰੋਹ: ਸਾ ਗਾ ਮਾ, ਪਾ ਧਾ ਮਾ, ਗਾ ਮਾ ਧਾ ਨੀ ਸਾ (ਤਾਰ ਸਪਤਕ)।
ਅਵਰੋਹ: ਸਾਂ (ਤਾਰ ਸਪਤਕ) ਨੀ ਧਾ, ਮਾ (ਤੀਵਰ) ਗਾ ਸਾ।
ਮੁਖ ਅੰਗ (ਪਕੜ): ਸਾ ਗਾ ਮਾ, ਧਾ ਪਾ ਮਾ, ਨੀ ਧਾ ਮਾ (ਤੀਵਰ) ਗਾ, ਮਾ (ਤੀਵਰ) ਗਾ ਸਾ।

ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ ਤੇ ਬਸੰਤ ਰੁੱਤ ਵਿਚ ਹਰ ਸਮੇਂ।
Bani Footnote ਸ. ਗਿਆਨ ਸਿੰਘ ਐਬਟਾਬਾਦ ਨੇ ਗੁਰਬਾਣੀ ਸੰਗੀਤ ਭਾਗ ਪਹਿਲਾ ਪੁਸਤਕ ਵਿਚ ਇਸ ਰਾਗ ਦਾ ਸਮਾਂ ਰਾਤ ਦਾ ਚੌਥਾ ਪਹਿਰ ਜਾਂ ਬਸੰਤ ਰੁੱਤ ਵਿਚ ਹਰ ਸਮੇਂ ਮੰਨਿਆ ਹੈ।


ਰਾਗ ਬਸੰਤ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਬਸੰਤ ਰਾਗ ਨੂੰ ਤਰਤੀਬ ਅਨੁਸਾਰ ਪੱਚੀਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੬੮ ਤੋਂ ੧੧੯੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੯, ਗੁਰੂ ਅਮਰਦਾਸ ਸਾਹਿਬ ਦੇ ੨੦, ਗੁਰੂ ਰਾਮਦਾਸ ਸਾਹਿਬ ਦੇ ੮, ਗੁਰੂ ਅਰਜਨ ਸਾਹਿਬ ਦੇ ੨੬, ਗੁਰੂ ਤੇਗਬਹਾਦਰ ਸਾਹਿਬ ਦੇ ੫, ਭਗਤ ਕਬੀਰ ਜੀ ਦੇ ੮, ਭਗਤ ਨਾਮਦੇਵ ਜੀ ਦੇ ੩ ਅਤੇ ਭਗਤ ਰਾਮਾਨੰਦ ਜੀ ਤੇ ਭਗਤ ਰਵਿਦਾਸ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ਪਹਿਲਾ, ਪੰਨਾ ੧੦੩-੧੧੦


ਅਰੰਭ ਤੋਂ ਮਨੁਖ ਦਾ ਪ੍ਰਕਿਰਤੀ ਨਾਲ ਅਟੁਟ ਸੰਬੰਧ ਹੋਣ ਕਰਕੇ, ਕੁਦਰਤ ਦੀਆਂ ਰੰਗੀਨੀਆਂ ਮਨੁਖ ਨੂੰ ਖੇੜਾ ਪ੍ਰਦਾਨ ਕਰਦੀਆਂ ਹਨ। ਮਨੁਖੀ ਜੀਵਨ ਦੇ ਵਿਕਾਸ ਵਿਚ ਮਾਹ, ਥਿਤ, ਵਾਰ, ਰੁੱਤਾਂ ਆਦਿ ਦਾ ਮਹਤਵਪੂਰਨ ਸਥਾਨ ਹੈ। ਭਾਰਤ ਦੀ ਪ੍ਰਕਿਰਤਕ ਸਥਿਤੀ ਅਨੁਸਾਰ ਸਾਵਣ-ਭਾਦੋਂ ਵਿਚ ਬੱਦਲਾਂ ਦਾ ਗਰਜਣਾ ਤੇ ਰਿਮ-ਝਿਮ ਮੀਂਹ ਦਾ ਵਰਸਣਾ, ਚੇਤ-ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਅਕਾਸ਼ ਦਾ ਮਉਲਣਾ, ਇਹ ਸਭ ਮਨੁਖ ਨੂੰ ਖੇੜਾ ਵੀ ਪ੍ਰਦਾਨ ਕਰਦੇ ਹਨ ਅਤੇ ਕਾਦਰ ਦੀ ਯਾਦ ਵਿਚ ਵੀ ਜੋੜਦੇ ਹਨ।

ਬਸੰਤ ਰੁੱਤ ਨੂੰ ਸਾਰੀਆਂ ਰੁੱਤਾਂ ਵਿਚੋਂ ਉਤਮ ਸਵਿਕਾਰਦਿਆਂ, ਇਸ ਨੂੰ ‘ਰਿਤੂ ਰਾਜ’ ਦਾ ਦਰਜਾ ਦਿਤਾ ਜਾਂਦਾ ਹੈ। ਜਿਥੇ ਬਸੰਤ ਰੁੱਤ ਵਿਚ ਚਾਰੇ ਪਾਸੇ ਉਤਸ਼ਾਹ ਹੁੰਦਾ ਹੈ, ਉਥੇ ਬਸੰਤ ਰਾਗ ਨੂੰ ਗਾਉਣ ਨਾਲ ਵੀ ਮਨ ਵਿਚ ਉਤਸ਼ਾਹ ਪੈਦਾ ਹੁੰਦਾ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ: ਮਉਲੀ ਧਰਤੀ ਮਉਲਿਆ ਅਕਾਸੁ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੭੭


ਬਸੰਤ ਰਾਗ ਪੁਰਾਤਨ, ਪ੍ਰਸਿਧ ਅਤੇ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਸ ਦੀ ਚਾਲ ਬੜੀ ਠਰ੍ਹੰਮੇ ਵਾਲੀ ਹੈ।
Bani Footnote ਵੀ. ਐਸ. ਨਿਗਮ, ਸੰਗੀਤ ਕੌਮੁਦੀ, ਭਾਗ ਚੌਥਾ, ਪੰਨਾ ੧੨੧
ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤਕ ਭਾਰਤੀ ਸੰਗੀਤ ਦੇ ਲਗਭਗ ਸਾਰੇ ਹੀ ਗ੍ਰੰਥਕਾਰਾਂ ਨੇ ਇਸ ਰਾਗ ਦਾ ਵਰਣਨ ਕੀਤਾ ਹੈ। ਇਹ ਇਕ ਰੁੱਤ-ਕਾਲੀਨ ਰਾਗ ਹੈ। ਬਸੰਤ ਰੁੱਤ ਦੇ ਉਮਾਹ ਅਤੇ ਉਤਸ਼ਾਹ ਜਾਂ ਹੁਲਾਸ ਨੂੰ ਪ੍ਰਗਟਾਉਣ ਲਈ ਇਸ ਰਾਗ ਨੂੰ ਅਧਾਰ ਬਣਾਇਆ ਜਾਂਦਾ ਹੈ। ਗੁਰਮਤਿ ਸੰਗੀਤ ਵਿਚ, ਬਸੰਤ ਰੁੱਤ ਦੇ ਖੇੜੇ ਨੂੰ ਅਧਿਆਤਮਕ ਅਨੰਦ ਦੇ ਅਨੁਭਵ ਨਾਲ ਜੋੜ ਕੇ, ਇਸ ਰਾਗ ਨੂੰ ਨਿਵੇਕਲਾ ਸਥਾਨ ਪ੍ਰਦਾਨ ਕੀਤਾ ਗਿਆ ਹੈ।

ਬਸੰਤ ਰਾਗ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਇਕ ਵਾਕਿਆ ਜੁੜਿਆ ਹੋਇਆ ਹੈ। ਇਕ ਵਾਰ ਬਸੰਤ ਰੁੱਤ ਵਿਚ ਆਪ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ। ਆਪ ਜੀ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਰਾਗੀ ਭਾਈ ਪ੍ਰੇਮ ਸਿੰਘ ਜੀ ਦੀ ਸੰਗੀਤਕ ਮੁਹਾਰਤ ਬਾਰੇ ਮਹਿਮਾ ਸੁਣ ਰਖੀ ਸੀ। ਆਪ ਜੀ ਨੇ ਰਾਗੀ ਜੀ ਨੂੰ ਬਸੰਤ ਰਾਗ ਵਿਚ ਕੀਰਤਨ ਸਰਵਣ ਕਰਾਉਣ ਲਈ ਬੇਨਤੀ ਕੀਤੀ। ਰਾਗੀ ਜੀ ਨੇ ਅਗਲੇ ਦਿਨ ਕੀਰਤਨ ਕਰਨ ਦੀ ਰਜ਼ਾਮੰਦੀ ਪ੍ਰਗਟਾਈ ਅਤੇ ਕਿਹਾ ਕਿ ਕੀਰਤਨ ਸੁਣਨ ਸਮੇਂ ਸਾਰੀ ਸੰਗਤ ਸਫ਼ੈਦ ਬਸਤਰ ਧਾਰਨ ਕਰ ਕੇ ਆਵੇ। ਅਗਲੇ ਦਿਨ ਮਹਾਰਾਜੇ ਸਮੇਤ ਸਾਰੇ ਅਧਿਕਾਰੀ ਅੱਖਾਂ ਮੂੰਦੀ ਕੀਰਤਨ ਦਾ ਅਨੰਦ ਮਾਣਦੇ ਰਹੇ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਇਹ ਵੇਖ ਕੇ ਸਾਰੇ ਹੈਰਾਨ ਹੋ ਗਏ ਕਿ ਸਭਨਾਂ ਦੇ ਬਸਤਰ ਸਫ਼ੈਦ ਦੀ ਥਾਂ ਬਸੰਤੀ ਰੰਗ ਦੇ ਪ੍ਰਤੀਤ ਹੋ ਰਹੇ ਸਨ।
Bani Footnote ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਤ ਸੋਵੀਨਰ, ਪੰਨਾ ੧੬੨-੧੬੩


ਇਸ ਰਾਗ ਦੀਆਂ ਬੰਦਸ਼ਾਂ ਜਾਂ ਗੀਤਾਂ ਵਿਚ ਜਿਆਦਾਤਰ ਬਸੰਤ ਰੁੱਤ ਦਾ ਹੀ ਵਰਣਨ ਮਿਲਦਾ ਹੈ। ਇਸੇ ਕਰਕੇ ਗੁਣੀ-ਜਨ ਬਸੰਤ ਰੁੱਤ ਵਿਚ ਕਿਸੇ ਵੀ ਸਮੇਂ ਇਸ ਰਾਗ ਦਾ ਗਾਇਨ ਕਰ ਲੈਂਦੇ ਹਨ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੨੪੭
ਗੁਰਮਤਿ ਸੰਗੀਤ ਪਰੰਪਰਾ ਵਿਚ ਬਸੰਤ ਰੁੱਤ ਸਮੇਂ ਮਾਘੀ ਤੋਂ ਲੈ ਕੇ ਹੋਲੇ-ਮਹੱਲੇ ਤਕ ਹਰ ਕੀਰਤਨ ਚੌਂਕੀ
Bani Footnote ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ, ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤਕ ਹੋਣ ਵਾਲੇ ਕੀਰਤਨ ਨੂੰ ਵਖ-ਵਖ ਸਮਿਆਂ ਵਿਚ ਵੰਡ ਕੇ ਕੀਰਤਨ ਚੌਂਕੀਆਂ (ਰਾਗੀਆਂ ਦੁਆਰਾ ਇਕ ਬੈਠਕ ਵਿਚ ਕੀਤੇ ਕੀਰਤਨ) ਦਾ ਨਾਂ ਦਿਤਾ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼, ਪੰਨਾ ੪੬੩) ਅਨੁਸਾਰ ਇਨ੍ਹਾਂ ਚੌਂਕੀਆਂ ਦੀ ਗਿਣਤੀ ਚਾਰ ਹੈ: ੧. ਅਮ੍ਰਿਤ ਵੇਲੇ ‘ਆਸਾ ਦੀ ਵਾਰ ਦੀ ਚੌਂਕੀ’ ੨. ਸਵਾ ਪਹਿਰ ਦਿਨ ਚੜ੍ਹੇ ‘ਚਰਨਕਵਲ ਦੀ ਚੌਂਕੀ’ ੩. ਸੰਝ ਵੇਲੇ ‘ਸੋਦਰ ਦੀ ਚੌਂਕੀ’ ੪. ਚਾਰ ਘੜੀ ਰਾਤ ਬੀਤਣ ‘ਤੇ ‘ਕਲਯਾਨ ਦੀ ਚੌਂਕੀ’। ਪਰ ਡਾ. ਜਸਵੰਤ ਸਿੰਘ ਨੇਕੀ (ਅਰਦਾਸ, ਪੰਨਾ ੨੨੧) ਨੇ ਇਨ੍ਹਾਂ ਚੌਂਕੀਆਂ ਵਿਚ ਸੂਰਜ ਚੜ੍ਹਦੇ ਸਾਰ ਅਰੰਭ ਹੋਣ ਵਾਲੀ ‘ਬਿਲਾਵਲ ਦੀ ਚੌਂਕੀ’ ਦਾ ਵੀ ਉਲੇਖ ਕੀਤਾ ਹੈ।
ਵਿਚ ਬਸੰਤ ਰਾਗ ਨੂੰ ਗਾਏ ਜਾਣ ਦੀ ਮਰਿਯਾਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਸੁਤੰਤਰ ਰੂਪ ਵਿਚ ਵੀ ਆਉਂਦਾ ਹੈ ਅਤੇ ਰਾਗ ਹਿੰਡੋਲ ਨਾਲ ਜੁੜ ਕੇ ਮਿਸ਼ਰਤ ਰੂਪ ਵਿਚ ਵੀ ਆਉਂਦਾ ਹੈ। ਹਿੰਦੁਸਤਾਨੀ ਸੰਗੀਤ ਵਿਚ ਬਸੰਤ ਰਾਗ ਸਦੀਆਂ ਪੁਰਾਣਾ ਤੇ ਬਹੁਤ ਪਸੰਦੀਦਾ ਮੰਨਿਆ ਗਿਆ। ਰਾਗ-ਰਾਗਣੀ ਪਧਤੀ ਨੂੰ ਮਾਨਤਾ ਦੇਣ ਵਾਲੇ ਵਿਦਵਾਨਾਂ ਨੇ ਬਸੰਤ ਰਾਗ ਬਾਰੇ ਭਿੰਨ-ਭਿੰਨ ਵੀਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਇਸ ਵਰਗੀਕਰਣ ਵਿਚ ਸ਼ਿਵ ਮਤ ਤੇ ਕਾਲੀ ਨਾਥ ਮਤ ਨੇ ਇਸ ਨੂੰ ਰਾਗ ਮੰਨਿਆ ਹੈ। ਭਾਈ ਵੀਰ ਸਿੰਘ ਦਾ ਵਿਚਾਰ ਹੈ ਕਿ ਗੁਰਮਤਿ ਸੰਗੀਤ ਵਿਚ ਇਹ ਹਿੰਡੋਲ ਰਾਗ ਦਾ ਪੁੱਤਰ ਹੈ। ਉਨ੍ਹਾਂ ਅਨੁਸਾਰ ਇਹ ਹਿੰਡੋਲ ਤੇ ਮਾਲਕੌਂਸ ਰਾਗਾਂ ਦੇ ਮੇਲ ਤੋਂ ਬਣਦਾ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੬੭
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਵੀ ਇਸ ਨੂੰ ਹਿੰਡੋਲ ਰਾਗ ਦੇ ਅਠ ਪੁੱਤਰਾਂ ਵਿਚੋਂ ਇਕ ਦਰਸਾਇਆ ਗਿਆ ਹੈ: ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ॥...ਸਰਸਬਾਨ ਅਉ ਆਹਿ ਬਿਨੋਦਾ॥ ਗਾਵਹਿ ਸਰਸ ਬਸੰਤ ਕਮੋਦਾ॥ -ਗੁਰੂ ਗ੍ਰੰਥ ਸਾਹਿਬ ੧੪੩੦

ਬਸੰਤ ਰਾਗ ਦੇ ਸਰੂਪ ਬਾਰੇ ਵਿਦਵਾਨਾਂ ਦੇ ਵਿਚਾਰਾਂ ਵਿਚ ਵਖਰਤਾ ਹੈ। ਕਿਸੇ ਨੇ ਇਸ ਨੂੰ ਮਾਰਵਾ ਥਾਟ ਦਾ ਅਤੇ ਕਿਸੇ ਨੇ ਪੂਰਬੀ ਥਾਟ ਦਾ ਰਾਗ ਮੰਨਿਆ ਹੈ। ਭਾਈ ਅਵਤਾਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਅਨੁਸਾਰ ਇਸ ਰਾਗ ਨੂੰ ਕਲਿਆਣ, ਮਾਰਵਾ, ਪੂਰਬੀ, ਖਮਾਜ ਅਤੇ ਕਾਫ਼ੀ ਅੰਗਾਂ ਤੋਂ ਗਾਇਆ ਜਾਂਦਾ ਹੈ। ਕਾਫ਼ੀ ਅੰਗ ਤੋਂ ਗਾਏ ਜਾਣ ਵਾਲੇ ਬਸੰਤ ਰਾਗ ਨੂੰ ‘ਬੁੱਢਾ ਬਸੰਤ’ ਵੀ ਕਿਹਾ ਜਾਂਦਾ ਹੈ, ਜਿਸ ਨੂੰ ਪੁਰਾਣੇ ਰਾਗੀ ਸਿੰਘ ਗਾਉਂਦੇ ਸਨ। ਇਹ ਰਾਗ ਅਜਕਲ੍ਹ ਪ੍ਰਚਲਤ ਨਹੀਂ ਹੈ।
Bani Footnote ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਪੰਨਾ ੬੬੬ ਤੋਂ ੭੩੭


ਪ੍ਰੋ. ਤਾਰਾ ਸਿੰਘ ਨੇ ਪੂਰਬੀ ਥਾਟ ਦੇ ਦੋਵੇਂ ਮਧਿਅਮ ਪ੍ਰਯੋਗ ਹੋਣ ਵਾਲੇ ਬਸੰਤ ਰਾਗ ਦਾ ਹੀ ਵਰਣਨ ਕੀਤਾ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੬੬
ਸਰਦਾਰ ਗਿਆਨ ਸਿੰਘ ਐਬਟਾਬਾਦ ਨੇ ਬਸੰਤ ਰਾਗ ਦੇ ਦੋ ਸਰੂਪ ਦਿਤੇ ਹਨ। ਇਕ ਪੂਰਬੀ ਥਾਟ ਦਾ ਅਤੇ ਦੂਸਰਾ ਮਾਰਵਾ ਥਾਟ ਦਾ। ਪ੍ਰੋ. ਕਰਤਾਰ ਸਿੰਘ
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਤੀਜਾ, ਪੰਨਾ ੩੦੨
ਦਾ ਵਿਚਾਰ ਹੈ ਕਿ ਹਿੰਦੁਸਤਾਨੀ ਸੰਗੀਤ ਵਿਚ ਇਹ ਰਾਗ ਪੂਰਬੀ ਥਾਟ ਦਾ ਪ੍ਰਚਲਤ ਹੈ ਪਰ ਗੁਰਮਤਿ ਸੰਗੀਤ ਵਿਚ ਬਿਲਾਵਲ ਥਾਟ ਦਾ ਹੀ ਪ੍ਰਵਾਣਤ ਹੈ।

ਇਥੇ ਬਸੰਤ ਰਾਗ ਦਾ ਉਹੀ ਸਰੂਪ ਦਿਤਾ ਜਾ ਰਿਹਾ ਹੈ, ਜੋ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਚ ਗਾਇਆ ਜਾਂਦਾ ਰਿਹਾ ਹੈ ਅਤੇ ਚੇਤੰਨ ਕੀਰਤਨੀਏ ਹੁਣ ਵੀ ਗਾਉਂਦੇ ਹਨ।
Bani Footnote ਵਿਸਥਾਰ ਲਈ ਵੇਖੋ: ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੨੪੯
ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੧੬੬
ਵਲੋਂ ਵੀ ਇਸੇ ਹੀ ਸਰੂਪ ਨੂੰ ਮਾਨਤਾ ਦਿਤੀ ਗਈ ਹੈ, ਜੋ ਹੇਠ ਲਿਖੇ ਅਨੁਸਾਰ ਹੈ:

ਰਾਗ ਬਸੰਤ ਦਾ ਸਰੂਪ
ਥਾਟ: ਬਿਲਾਵਲ।
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਰਿਸ਼ਭ ਤੇ ਪੰਚਮ (ਆਰੋਹ ਵਿਚ)।
ਵਾਦੀ: ਸ਼ੜਜ (ਤਾਰ ਸਪਤਕ)।
ਸੰਵਾਦੀ: ਮਧਿਅਮ।
ਜਾਤੀ: ਔਵੜ-ਸੰਪੂਰਨ।
ਆਰੋਹ: ਸਾ ਰੇ, ਮਾ, ਧਾ ਨੀ ਸਾ।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ ਮਾ, ਗਾ ਰੇ ਸਾ (ਤਾਰ ਸਪਤਕ)।
ਮੁਖ ਅੰਗ (ਪਕੜ): ਗਾ ਮਾ ਧਾ ਨੀ ਸਾ (ਤਾਰ ਸਪਤਕ), ਸਾ (ਤਾਰ ਸਪਤਕ) ਨੀ ਧਾ ਨੀ ਧਾ ਪਾ ਮਾ, ਗਾ ਰੇ ਸਾ।

ਗਾਇਨ ਸਮਾਂ
ਦਿਨ ਦਾ ਦੂਜਾ ਪਹਿਰ, ਬਸੰਤ ਰੁੱਤ ਵਿਚ ਹਰ ਸਮੇਂ।
Bani Footnote ਸ. ਗਿਆਨ ਸਿੰਘ ਐਬਟਾਬਾਦ ਨੇ ਗੁਰਬਾਣੀ ਸੰਗੀਤ ਭਾਗ ਪਹਿਲਾ ਪੁਸਤਕ ਵਿਚ ਇਸ ਰਾਗ ਦਾ ਸਮਾਂ ਰਾਤ ਦਾ ਚੌਥਾ ਪਹਿਰ ਜਾਂ ਬਸੰਤ ਰੁੱਤ ਵਿਚ ਹਰ ਸਮੇਂ ਮੰਨਿਆ ਹੈ।