ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਬਸੰਤ ਰਾਗ ਨੂੰ ਤਰਤੀਬ ਅਨੁਸਾਰ ਪੱਚੀਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੬੮ ਤੋਂ ੧੧੯੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੯, ਗੁਰੂ ਅਮਰਦਾਸ ਸਾਹਿਬ ਦੇ ੨੦, ਗੁਰੂ ਰਾਮਦਾਸ ਸਾਹਿਬ ਦੇ ੮, ਗੁਰੂ ਅਰਜਨ ਸਾਹਿਬ ਦੇ ੨੬, ਗੁਰੂ ਤੇਗਬਹਾਦਰ ਸਾਹਿਬ ਦੇ ੫, ਭਗਤ ਕਬੀਰ ਜੀ ਦੇ ੮, ਭਗਤ ਨਾਮਦੇਵ ਜੀ ਦੇ ੩ ਅਤੇ ਭਗਤ ਰਾਮਾਨੰਦ ਜੀ ਤੇ ਭਗਤ ਰਵਿਦਾਸ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
ਅਰੰਭ ਤੋਂ ਮਨੁਖ ਦਾ ਪ੍ਰਕਿਰਤੀ ਨਾਲ ਅਟੁਟ ਸੰਬੰਧ ਹੋਣ ਕਰਕੇ, ਕੁਦਰਤ ਦੀਆਂ ਰੰਗੀਨੀਆਂ ਮਨੁਖ ਨੂੰ ਖੇੜਾ ਪ੍ਰਦਾਨ ਕਰਦੀਆਂ ਹਨ। ਮਨੁਖੀ ਜੀਵਨ ਦੇ ਵਿਕਾਸ ਵਿਚ ਮਾਹ, ਥਿਤ, ਵਾਰ, ਰੁੱਤਾਂ ਆਦਿ ਦਾ ਮਹਤਵਪੂਰਨ ਸਥਾਨ ਹੈ। ਭਾਰਤ ਦੀ ਪ੍ਰਕਿਰਤਕ ਸਥਿਤੀ ਅਨੁਸਾਰ ਸਾਵਣ-ਭਾਦੋਂ ਵਿਚ ਬੱਦਲਾਂ ਦਾ ਗਰਜਣਾ ਤੇ ਰਿਮ-ਝਿਮ ਮੀਂਹ ਦਾ ਵਰਸਣਾ, ਚੇਤ-ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਅਕਾਸ਼ ਦਾ ਮਉਲਣਾ, ਇਹ ਸਭ ਮਨੁਖ ਨੂੰ ਖੇੜਾ ਵੀ ਪ੍ਰਦਾਨ ਕਰਦੇ ਹਨ ਅਤੇ ਕਾਦਰ ਦੀ ਯਾਦ ਵਿਚ ਵੀ ਜੋੜਦੇ ਹਨ।
ਬਸੰਤ ਰੁੱਤ ਨੂੰ ਸਾਰੀਆਂ ਰੁੱਤਾਂ ਵਿਚੋਂ ਉਤਮ ਸਵਿਕਾਰਦਿਆਂ, ਇਸ ਨੂੰ ‘ਰਿਤੂ ਰਾਜ’ ਦਾ ਦਰਜਾ ਦਿਤਾ ਜਾਂਦਾ ਹੈ। ਜਿਥੇ ਬਸੰਤ ਰੁੱਤ ਵਿਚ ਚਾਰੇ ਪਾਸੇ ਉਤਸ਼ਾਹ ਹੁੰਦਾ ਹੈ, ਉਥੇ ਬਸੰਤ ਰਾਗ ਨੂੰ ਗਾਉਣ ਨਾਲ ਵੀ ਮਨ ਵਿਚ ਉਤਸ਼ਾਹ ਪੈਦਾ ਹੁੰਦਾ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ: ਮਉਲੀ ਧਰਤੀ ਮਉਲਿਆ ਅਕਾਸੁ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥
ਬਸੰਤ ਰਾਗ ਪੁਰਾਤਨ, ਪ੍ਰਸਿਧ ਅਤੇ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਸ ਦੀ ਚਾਲ ਬੜੀ ਠਰ੍ਹੰਮੇ ਵਾਲੀ ਹੈ।
ਬਸੰਤ ਰਾਗ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਇਕ ਵਾਕਿਆ ਜੁੜਿਆ ਹੋਇਆ ਹੈ। ਇਕ ਵਾਰ ਬਸੰਤ ਰੁੱਤ ਵਿਚ ਆਪ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ। ਆਪ ਜੀ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਰਾਗੀ ਭਾਈ ਪ੍ਰੇਮ ਸਿੰਘ ਜੀ ਦੀ ਸੰਗੀਤਕ ਮੁਹਾਰਤ ਬਾਰੇ ਮਹਿਮਾ ਸੁਣ ਰਖੀ ਸੀ। ਆਪ ਜੀ ਨੇ ਰਾਗੀ ਜੀ ਨੂੰ ਬਸੰਤ ਰਾਗ ਵਿਚ ਕੀਰਤਨ ਸਰਵਣ ਕਰਾਉਣ ਲਈ ਬੇਨਤੀ ਕੀਤੀ। ਰਾਗੀ ਜੀ ਨੇ ਅਗਲੇ ਦਿਨ ਕੀਰਤਨ ਕਰਨ ਦੀ ਰਜ਼ਾਮੰਦੀ ਪ੍ਰਗਟਾਈ ਅਤੇ ਕਿਹਾ ਕਿ ਕੀਰਤਨ ਸੁਣਨ ਸਮੇਂ ਸਾਰੀ ਸੰਗਤ ਸਫ਼ੈਦ ਬਸਤਰ ਧਾਰਨ ਕਰ ਕੇ ਆਵੇ। ਅਗਲੇ ਦਿਨ ਮਹਾਰਾਜੇ ਸਮੇਤ ਸਾਰੇ ਅਧਿਕਾਰੀ ਅੱਖਾਂ ਮੂੰਦੀ ਕੀਰਤਨ ਦਾ ਅਨੰਦ ਮਾਣਦੇ ਰਹੇ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਇਹ ਵੇਖ ਕੇ ਸਾਰੇ ਹੈਰਾਨ ਹੋ ਗਏ ਕਿ ਸਭਨਾਂ ਦੇ ਬਸਤਰ ਸਫ਼ੈਦ ਦੀ ਥਾਂ ਬਸੰਤੀ ਰੰਗ ਦੇ ਪ੍ਰਤੀਤ ਹੋ ਰਹੇ ਸਨ।
ਇਸ ਰਾਗ ਦੀਆਂ ਬੰਦਸ਼ਾਂ ਜਾਂ ਗੀਤਾਂ ਵਿਚ ਜਿਆਦਾਤਰ ਬਸੰਤ ਰੁੱਤ ਦਾ ਹੀ ਵਰਣਨ ਮਿਲਦਾ ਹੈ। ਇਸੇ ਕਰਕੇ ਗੁਣੀ-ਜਨ ਬਸੰਤ ਰੁੱਤ ਵਿਚ ਕਿਸੇ ਵੀ ਸਮੇਂ ਇਸ ਰਾਗ ਦਾ ਗਾਇਨ ਕਰ ਲੈਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਸੁਤੰਤਰ ਰੂਪ ਵਿਚ ਵੀ ਆਉਂਦਾ ਹੈ ਅਤੇ ਰਾਗ ਹਿੰਡੋਲ ਨਾਲ ਜੁੜ ਕੇ ਮਿਸ਼ਰਤ ਰੂਪ ਵਿਚ ਵੀ ਆਉਂਦਾ ਹੈ। ਹਿੰਦੁਸਤਾਨੀ ਸੰਗੀਤ ਵਿਚ ਬਸੰਤ ਰਾਗ ਸਦੀਆਂ ਪੁਰਾਣਾ ਤੇ ਬਹੁਤ ਪਸੰਦੀਦਾ ਮੰਨਿਆ ਗਿਆ। ਰਾਗ-ਰਾਗਣੀ ਪਧਤੀ ਨੂੰ ਮਾਨਤਾ ਦੇਣ ਵਾਲੇ ਵਿਦਵਾਨਾਂ ਨੇ ਬਸੰਤ ਰਾਗ ਬਾਰੇ ਭਿੰਨ-ਭਿੰਨ ਵੀਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਇਸ ਵਰਗੀਕਰਣ ਵਿਚ ਸ਼ਿਵ ਮਤ ਤੇ ਕਾਲੀ ਨਾਥ ਮਤ ਨੇ ਇਸ ਨੂੰ ਰਾਗ ਮੰਨਿਆ ਹੈ। ਭਾਈ ਵੀਰ ਸਿੰਘ ਦਾ ਵਿਚਾਰ ਹੈ ਕਿ ਗੁਰਮਤਿ ਸੰਗੀਤ ਵਿਚ ਇਹ ਹਿੰਡੋਲ ਰਾਗ ਦਾ ਪੁੱਤਰ ਹੈ। ਉਨ੍ਹਾਂ ਅਨੁਸਾਰ ਇਹ ਹਿੰਡੋਲ ਤੇ ਮਾਲਕੌਂਸ ਰਾਗਾਂ ਦੇ ਮੇਲ ਤੋਂ ਬਣਦਾ ਹੈ।
ਬਸੰਤ ਰਾਗ ਦੇ ਸਰੂਪ ਬਾਰੇ ਵਿਦਵਾਨਾਂ ਦੇ ਵਿਚਾਰਾਂ ਵਿਚ ਵਖਰਤਾ ਹੈ। ਕਿਸੇ ਨੇ ਇਸ ਨੂੰ ਮਾਰਵਾ ਥਾਟ ਦਾ ਅਤੇ ਕਿਸੇ ਨੇ ਪੂਰਬੀ ਥਾਟ ਦਾ ਰਾਗ ਮੰਨਿਆ ਹੈ। ਭਾਈ ਅਵਤਾਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਅਨੁਸਾਰ ਇਸ ਰਾਗ ਨੂੰ ਕਲਿਆਣ, ਮਾਰਵਾ, ਪੂਰਬੀ, ਖਮਾਜ ਅਤੇ ਕਾਫ਼ੀ ਅੰਗਾਂ ਤੋਂ ਗਾਇਆ ਜਾਂਦਾ ਹੈ। ਕਾਫ਼ੀ ਅੰਗ ਤੋਂ ਗਾਏ ਜਾਣ ਵਾਲੇ ਬਸੰਤ ਰਾਗ ਨੂੰ ‘ਬੁੱਢਾ ਬਸੰਤ’ ਵੀ ਕਿਹਾ ਜਾਂਦਾ ਹੈ, ਜਿਸ ਨੂੰ ਪੁਰਾਣੇ ਰਾਗੀ ਸਿੰਘ ਗਾਉਂਦੇ ਸਨ। ਇਹ ਰਾਗ ਅਜਕਲ੍ਹ ਪ੍ਰਚਲਤ ਨਹੀਂ ਹੈ।
ਪ੍ਰੋ. ਤਾਰਾ ਸਿੰਘ ਨੇ ਪੂਰਬੀ ਥਾਟ ਦੇ ਦੋਵੇਂ ਮਧਿਅਮ ਪ੍ਰਯੋਗ ਹੋਣ ਵਾਲੇ ਬਸੰਤ ਰਾਗ ਦਾ ਹੀ ਵਰਣਨ ਕੀਤਾ ਹੈ।
ਇਥੇ ਬਸੰਤ ਰਾਗ ਦਾ ਉਹੀ ਸਰੂਪ ਦਿਤਾ ਜਾ ਰਿਹਾ ਹੈ, ਜੋ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਚ ਗਾਇਆ ਜਾਂਦਾ ਰਿਹਾ ਹੈ ਅਤੇ ਚੇਤੰਨ ਕੀਰਤਨੀਏ ਹੁਣ ਵੀ ਗਾਉਂਦੇ ਹਨ।
ਰਾਗ ਬਸੰਤ ਦਾ ਸਰੂਪ
ਥਾਟ: ਬਿਲਾਵਲ।
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਰਿਸ਼ਭ ਤੇ ਪੰਚਮ (ਆਰੋਹ ਵਿਚ)।
ਵਾਦੀ: ਸ਼ੜਜ (ਤਾਰ ਸਪਤਕ)।
ਸੰਵਾਦੀ: ਮਧਿਅਮ।
ਜਾਤੀ: ਔਵੜ-ਸੰਪੂਰਨ।
ਆਰੋਹ: ਸਾ ਰੇ, ਮਾ, ਧਾ ਨੀ ਸਾ।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ ਮਾ, ਗਾ ਰੇ ਸਾ (ਤਾਰ ਸਪਤਕ)।
ਮੁੱਖ ਅੰਗ (ਪਕੜ): ਗਾ ਮਾ ਧਾ ਨੀ ਸਾ (ਤਾਰ ਸਪਤਕ), ਸਾ (ਤਾਰ ਸਪਤਕ) ਨੀ ਧਾ ਨੀ ਧਾ ਪਾ ਮਾ, ਗਾ ਰੇ ਸਾ।
ਗਾਇਨ ਸਮਾਂ
ਦਿਨ ਦਾ ਦੂਜਾ ਪਹਿਰ, ਬਸੰਤ ਰੁੱਤ ਵਿਚ ਹਰ ਸਮੇਂ।



