ਰਾਗ ਰਾਮਕਲੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਰਾਮਕਲੀ ਰਾਗ ਨੂੰ ਤਰਤੀਬ ਅਨੁਸਾਰ ਅਠਾਰ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ, ਚਾਰ ਭਗਤ ਸਾਹਿਬਾਨ ਅਤੇ ਤਿੰਨ ਗੁਰਸਿਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੭੬ ਤੋਂ ੯੭੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੬੬, ਗੁਰੂ ਅੰਗਦ ਸਾਹਿਬ ਦੇ ੭, ਗੁਰੂ ਅਮਰਦਾਸ ਸਾਹਿਬ ਦੇ ੯੧, ਗੁਰੂ ਰਾਮਦਾਸ ਸਾਹਿਬ ਦੇ ੬, ਗੁਰੂ ਅਰਜਨ ਸਾਹਿਬ ਦੇ ੧੬੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੨, ਭਗਤ ਨਾਮਦੇਵ ਜੀ ਦੇ ੪ ਅਤੇ ਭਗਤ ਰਵਿਦਾਸ ਜੀ ਤੇ ਭਗਤ ਬੇਣੀ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੧੦
ਬਾਬਾ ਸੁੰਦਰ ਜੀ ਵੱਲੋਂ ਉਚਾਰਣ ਕੀਤੀ ਬਾਣੀ ‘ਸਦੁ’ ਅਤੇ ਭਾਈ ਬਲਵੰਡ ਜੀ ਤੇ ਭਾਈ ਸਤਾ ਜੀ ਵੱਲੋਂ ਉਚਾਰਣ ਕੀਤੀ ‘ਰਾਮਕਲੀ ਕੀ ਵਾਰ’ ਵੀ ਇਸੇ ਹੀ ਰਾਗ ਵਿਚ ਦਰਜ ਹਨ। ਗੁਰੂ ਨਾਨਕ ਸਾਹਿਬ ਨੇ ‘ਸਿਧ ਗੋਸਟਿ’ ਤੇ ‘ਓਅੰਕਾਰ’ ਅਤੇ ਗੁਰੂ ਅਮਰਦਾਸ ਸਾਹਿਬ ਨੇ ‘ਅਨੰਦੁ’ ਬਾਣੀਆਂ ਦਾ ਉਚਾਰਣ ਵੀ ਇਸੇ ਹੀ ਰਾਗ ਵਿਚ ਕੀਤਾ ਹੈ।
ਰਾਮਕਲੀ ਬਹੁਤ ਪੁਰਾਣਾ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਲਈ ਰਾਮਕ੍ਰਿਤੀ, ਰਾਮਕ੍ਰਿਯਾ, ਰਾਮਗਿਰੀ, ਰਾਮਕਰੀ, ਰਾਮਕੇਲੀ ਆਦਿ ਨਾਂਵਾਂ ਦੀ ਵਰਤੋਂ ਕੀਤੀ ਵੀ ਮਿਲਦੀ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੫੫-੫੬
ਸਵੇਰ ਵੇਲੇ ਦੇ ਰਾਗਾਂ ਵਿਚ ਇਸ ਦਾ ਮਹੱਤਵਪੂਰਨ ਸਥਾਨ ਹੈ। ਇਹ ਕਰੁਣਾ ਦਾ ਰਾਗ ਹੈ। ਇਸ ਰਾਗ ਨੂੰ ਨਾਥ-ਜੋਗੀਆਂ
ਨਾਥ ਪੰਥ ਜਾਂ ਸੰਪਰਦਾਇ ਹਿੰਦੂ ਧਰਮ ਦੀ ਸ਼ੈਵ ਪਰੰਪਰਾ ਤੋਂ ਉਤਪੰਨ ਹੋਈ ਹੈ। ਇਹ ਜੋਗ ਪਰੰਪਰਾ ਦੀਆਂ ਮੁੱਖ ਸੰਪਰਦਾਵਾਂ ਵਿਚੋਂ ਇਕ ਹੈ। ‘ਨਾਥ’ (ਸ਼ਾਬਦਕ ਅਰਥ, ਸੁਆਮੀ) ਸ਼ਬਦ ਦੀ ਵਰਤੋਂ ਜੋਗੀਆਂ ਦੇ ਮੁੱਖ ਮਹੰਤ ਲਈ ਵੀ ਕੀਤੀ ਜਾਂਦੀ ਹੈ, ਜਿਸ ਅੱਗੇ ਸਾਰੇ ਜੋਗੀ ਆਪਣਾ ਸੀਸ ਝੁਕਾਉਂਦੇ ਹਨ। ਜੋਗੀ ਹਿੰਦੂ ਧਰਮ ਦੇ ਤਿੰਨ ਪ੍ਰਮੁੱਖ ਦੇਵਤਿਆਂ ਵਿਚੋਂ ਇਕ ਦੇਵਤੇ ਸ਼ਿਵ ਨੂੰ ਆਪਣਾ ਇਸ਼ਟ (ਆਦਿ ਨਾਥ) ਮੰਨਦੇ ਹਨ। ਇਸ ਸੰਪਰਦਾਇ ਦੇ ਮੋਢੀ ਮਤਸਯੰਦਰਨਾਥ ਜਾਂ ਮਛਿੰਦਰਨਾਥ ਦਸਵੀਂ ਸਦੀ ਦੇ ਅਰੰਭ ਵੇਲੇ ਹੋਏ ਹਨ। ਗਿਆਰ੍ਹਵੀਂ ਸਦੀ ਦੇ ਅਰੰਭ ਵਿਚ ਉਨ੍ਹਾਂ ਦੇ ਚੇਲੇ ਗੋਰਖਨਾਥ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ। ਨਾਥ ਪੰਥ ਮੁੱਖ ਤੌਰ ’ਤੇ ਸ਼ੈਵ ਮਤ, ਬੁੱਧ ਮਤ, ਹਠ ਜੋਗ ਅਤੇ ਤਾਂਤਰਿਕ ਜੋਗ ਦੇ ਸਿਧਾਂਤਾਂ ਦੇ ਮੇਲ ਤੋਂ ਬਣਿਆ ਹੈ। ਨਾਥ ਪਰੰਪਰਾ ਵਿਚ ਨੌਂ ਮੁੱਖ ਨਾਥ (ਜੋਗੀ) ਮੰਨੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਨ੍ਹਾਂ ਦਾ ਜਿਕਰ ਹੋਇਆ ਹੈ, ਜਿਵੇਂ: ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥ -ਗੁਰੂ ਗ੍ਰੰਥ ਸਾਹਿਬ ੧੩੯੦
ਨੇ ਵਿਸ਼ੇਸ਼ ਰੂਪ ਵਿਚ ਅਪਣਾਇਆ ਹੈ। ਬਾਣੀਕਾਰਾਂ ਨੇ ਵੀ ਨਾਥ-ਜੋਗੀਆਂ ਜਾਂ ਸਿਧਾਂ
ਭਾਰਤੀ ਧਾਰਮਕ ਪਰੰਪਰਾਵਾਂ ਵਿਚ ‘ਸਿਧ’ ਸ਼ਬਦ ਵਿਆਪਕ ਤੌਰ ’ਤੇ ਵਰਤਿਆ ਜਾਂਦਾ ਹੈ, ਜਿਸ ਦਾ ਸ਼ਾਬਦਕ ਅਰਥ ਹੈ, ਇਕ ਗਿਆਨਵਾਨ ਜਾਂ ਪੁੱਗਿਆ ਹੋਇਆ ਜੋਗੀ। ਇਹ ਉਨ੍ਹਾਂ ਚੁਰਾਸੀ ਪੁੱਗੇ ਹੋਏ ਜੋਗੀਆਂ ਦਾ ਵੀ ਸੰਕੇਤਕ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਅੱਠ ਸਿਧੀਆਂ (ਅਸਾਧਾਰਣ ਸਰੀਰਕ ਅਤੇ ਅਧਿਆਤਮਕ ਯੋਗਤਾਵਾਂ) ਸਨ।
ਨਾਲ ਵਾਰਤਾਲਾਪ ਰਚਾਉਣ ਵੇਲੇ ਉਚਾਰਣ ਕੀਤੀ ਬਾਣੀ, ਜਿਆਦਾਤਰ ਇਸੇ ਹੀ ਰਾਗ ਵਿਚ ਉਚਾਰੀ ਹੈ। ਇਸ ਪਖੋਂ ਗੁਰੂ ਨਾਨਕ ਸਾਹਿਬ ਵੱਲੋਂ ਇਸ ਰਾਗ ਵਿਚ ਉਚਾਰਣ ਕੀਤੀ ਬਾਣੀ ‘ਸਿਧ ਗੋਸਟਿ’ ਨੂੰ ਦੇਖ ਸਕਦੇ ਹਾਂ।
ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨਾਲੋਂ ਜਿਆਦਾ ਸ਼ਬਦ ਦੀ ਪ੍ਰਧਾਨਤਾ ਹੈ। ਰਾਗ ਇਕ ਸਾਧਨ ਹੈ, ਜਿਸ ਨੇ ਰਮਤ-ਰਾਮ ਨੂੰ ਹਿਰਦੇ ਵਿਚ ਵਸਾਉਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦਾ ਜਿਕਰ ਕਰਦੇ ਹੋਏ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਜੇਕਰ ਇਸ ਰਾਗ ਦੇ ਗਾਇਨ ਰਾਹੀਂ ਵਿਆਪਕ-ਪ੍ਰਭੂ ਮਨ ਵਿਚ ਵਸ ਜਾਵੇ ਤਾਂ ਹੀ ਅਸਲ ਸਾਜ-ਸਿੰਗਾਰ ਹੋਇਆ ਜਾਣੋ: ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥ -ਗੁਰੂ ਗ੍ਰੰਥ ਸਾਹਿਬ ੯੫੦
ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦੇ ਅੰਤਰਗਤ ‘ਰਾਮਕਲੀ ਦਖਣੀ’ ਨਾਮ ਦਾ ਰਾਗ ਵੀ ਦਰਜ ਹੈ। ਇਹ ਰਾਗ ਕੇਵਲ ਗੁਰਮਤਿ ਸੰਗੀਤ ਵਿਚ ਹੀ ਪ੍ਰਾਪਤ ਹੁੰਦਾ ਹੈ। ਹਿੰਦੁਸਤਾਨੀ ਜਾਂ ਕਰਨਾਟਕੀ (ਦੱਖਣੀ) ਸੰਗੀਤ ਵਿਚ ਇਹ ਰਾਗ ਨਹੀਂ ਮਿਲਦਾ।
ਰਾਮਕਲੀ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਵਿਚਾਰ ਹਨ। ਹਿੰਦੁਸਤਾਨੀ ਸੰਗੀਤ ਦੇ ਭਰਤ ਮਤ ਵਿਚ ਇਸ ਨੂੰ ਹਿੰਡੋਲ ਰਾਗ ਦੀ ਰਾਗਣੀ ਅਤੇ ਹਨੂਮਾਨ ਮਤ ਵਿਚ ਸ੍ਰੀਰਾਗ ਦੀ ਰਾਗਣੀ ਮੰਨਿਆ ਗਿਆ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੫੭
ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਨੂੰ ਭੈਰਵ ਥਾਟ ਦੀ ਔੜਵ-ਸੰਪੂਰਨ ਰਾਗਣੀ ਮੰਨਿਆ ਹੈ।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੦੩੪
ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਨੇ ਰਾਮਕਲੀ ਦੇ ਤਿੰਨ ਵਖ-ਵਖ ਪ੍ਰਕਾਰਾਂ ਦਾ ਜਿਕਰ ਕੀਤਾ ਹੈ। ਪਹਿਲਾ, ਔੜਵ-ਸੰਪੂਰਨ, ਜਿਸ ਵਿਚ ਨੀ ਕੋਮਲ ਤੇ ਮਾ ਸ਼ੁਧ ਲੱਗਦੇ ਹਨ। ਦੂਜੇ ਵਿਚ ਦੋਵੇਂ ਨੀ ਲੱਗਦੇ ਹਨ। ਤੀਜੇ ਪ੍ਰਕਾਰ ਵਿਚ ਦੋਵੇਂ ਮਾ ਤੇ ਦੋਵੇਂ ਨੀ ਲੱਗਦੇ ਹਨ। ਪਾ ਵਾਦੀ ਤੇ ਸਾ ਸੰਵਾਦੀ ਹੈ।
ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ ਦੂਜਾ, ਪੰਨਾ ੫੨੫
ਇਹ ਤੀਜਾ ਪ੍ਰਕਾਰ ਹੀ ਵਧੇਰੇ ਪ੍ਰਚਲਤ ਹੈ। ਸ. ਗਿਆਨ ਸਿੰਘ ਐਬਟਾਬਾਦ, ਡਾ. ਗੁਰਨਾਮ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਜਿਹੜਾ ਸਰੂਪ ਦਰਸਾਇਆ ਹੈ, ਉਹ ਹੇਠ ਲਿਖੇ ਅਨੁਸਾਰ ਹੈ:
ਰਾਗ ਰਾਮਕਲੀ ਦਾ ਸਰੂਪ
ਥਾਟ: ਭੈਰਵ।
ਸਵਰ: ਰੇ ਤੇ ਧਾ ਕੋਮਲ, ਦੋਵੇਂ ਮਾ, ਦੋਵੇਂ ਨੀ, ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ (ਕੁਝ ਵਿਦਵਾਨ ਸੰਪੂਰਨ-ਸੰਪੂਰਨ ਵੀ ਮੰਨਦੇ ਹਨ)।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ, ਗਾ ਮਾ ਪਾ, ਧਾ (ਕੋਮਲ) ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ), ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਧਾ (ਕੋਮਲ) ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ) ਸਾ।
ਸ. ਗਿਆਨ ਸਿੰਘ ਐਬਟਾਬਾਦ, ਗੁਰਬਾਣੀ ਸੰਗੀਤ, ਭਾਗ ਪਹਿਲਾ, ਪੰਨਾ ੧੮੧; ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਨਾ ੧੧੧; ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੫੫
ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ।