ਇਹ ਬਾਣੀ ਗੁਰੂ ਅਮਰਦਾਸ ਸਾਹਿਬ ਦੇ ਪੜਪੋਤੇ ਬਾਬਾ ਸੁੰਦਰ ਜੀ ਦੁਆਰਾ ਰਾਮਕਲੀ ਰਾਗ ਵਿਚ ਉਚਾਰਣ ਕੀਤੀ ਹੋਈ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੨੩-੯੨੪ ਉਪਰ ਦਰਜ ਹੈ। ਇਸ ਦੇ ਛੇ ਪਦੇ ਹਨ ਅਤੇ ਹਰ ਪਦੇ ਦੀਆਂ ਛੇ ਤੁਕਾਂ ਹਨ। ਇਹ ‘ਸੱਦ’ ਕਾਵਿ-ਰੂਪ ਵਿਚ ਉਚਾਰੀ ਗਈ ਹੈ।
ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਵੱਲੋਂ ਆਪਣੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਕੀਤੀ ਜਾਣ ਵਾਲੀ ਕਿਰਿਆ ਅਤੇ ਪਰਵਾਰ ਤੇ ਗੁਰਸਿਖਾਂ ਨੂੰ ਭਾਣਾ ਮੰਨਣ ਦੀ ਤਾਕੀਦ ਦਾ ਵਰਣਨ ਹੈ। ਇਸ ਬਾਣੀ ਤੋਂ ਜਿਥੇ ਅਧਿਆਤਮਕ ਅਤੇ ਸਮਾਜਕ ਸੇਧ ਮਿਲਦੀ ਹੈ, ਉਥੇ ਇਤਿਹਾਸਕ ਤੱਥਾਂ ਦੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ।
ਪਹਿਲਾ ਇਤਿਹਾਸਕ ਤੱਥ ਇਹ ਹੈ ਕਿ ਬਾਬਾ ਮੋਹਰੀ ਜੀ (ਜਨਮ ੧੫੩੯ ਈ.) ਗੁਰੂ ਅਮਰਦਾਸ ਸਾਹਿਬ ਦੀ ਆਗਿਆ ਅਨੁਸਾਰ ਗੁਰੂ ਰਾਮਦਾਸ ਸਾਹਿਬ ਅੱਗੇ ਸਿਰ ਨਿਵਾ ਕੇ ਗੁਰੂ-ਪਿਤਾ ਦੇ ਸਨਮੁਖ ਹੋ ਗਏ। ਦੂਜਾ, ਬਾਬਾ ਸੁੰਦਰ ਜੀ ਦੁਆਰਾ ਗੁਰੂ ਅਮਰਦਾਸ ਸਾਹਿਬ ਦੇ ਅੰਤਮ ਉਪਦੇਸ਼ ਨੂੰ ਕਲਮਬੰਦ ਕਰਨਾ ਵੀ ਸਿਖ ਸੰਗਤਾਂ ਲਈ ਇਕ ਇਤਿਹਾਸਕ ਵਸੀਅਤ ਹੈ। ਅਜਿਹੇ ਹੋਰ ਤੱਥ ਵੀ ਇਸ ਬਾਣੀ ਵਿਚੋਂ ਪ੍ਰਾਪਤ ਹੁੰਦੇ ਹਨ।
ਇਸ ਬਾਣੀ ਦਾ ਅਧਿਐਨ ਕਰਨ ’ਤੇ ਪਤਾ ਲੱਗਦਾ ਹੈ ਕਿ ਇਸ ਵਿਚ ਪਿੰਡ ਭਰਾਉਣੇ, ਕਿਰਿਆ ਕਰਨੀ, ਦੀਵਾ ਕਰਨਾ, ਫੁੱਲ ਪ੍ਰਵਾਹ ਕਰਨੇ ਆਦਿ ਫਜੂਲ ਰਸਮਾਂ ਦਾ ਵਿਰੋਧ ਹੈ।
ਸੱਦ ਪੰਜਾਬੀ ਕਾਵਿ-ਰੂਪ ਵਜੋਂ
ਵਿਦਵਾਨਾਂ ਨੇ ਸੱਦ ਸ਼ਬਦ ਦੇ ਅਰਥ ਸੱਦਾ, ਸ਼ਬਦ, ਅਵਾਜ, ਹਾਕ, ਪੁਕਾਰ, ਗੁਹਾਰ, ਲੰਮੀ ਹੇਕ ਵਾਲਾ ਛੰਦ, ਸ਼ੋਕ ਗੀਤ, ਮੌਤ ਦਾ ਬੁਲਾਵਾ, ਉਪਦੇਸ਼ ਆਦਿ ਕੀਤੇ ਹਨ। ਪੰਜਾਬੀ ਸਭਿਆਚਾਰਕ ਸੰਦਰਭ ਵਿਚ ਸੱਦ ਤੋਂ ਭਾਵ ਕਿਸੇ ਦਾ ਆਪਣੇ ਪਿਆਰੇ ਨੂੰ ਉੱਚੀ ਅਵਾਜ ਵਿਚ ਪੁਕਾਰਨਾ ਜਾਂ ਸੱਦਣਾ ਹੈ। ਪੰਜਾਬ ਦੇ ਪਿੰਡਾਂ ਵਿਚ ਵਿਆਹ-ਸ਼ਾਦੀ ਜਾਂ ਹੋਰਨਾਂ ਸਮਾਗਮਾਂ ’ਤੇ ਆਪਣੇ ਭਾਈਚਾਰੇ ਜਾਂ ਸਨੇਹੀਆਂ ਲਈ ਬੁਲਾਵਾ ਭੇਜਣ ਨੂੰ ਵੀ ‘ਸੱਦਾ ਦੇਣਾ’ ਕਿਹਾ ਜਾਂਦਾ ਹੈ। ਕਾਵਿ-ਰੂਪ ਦੇ ਪਧਰ ’ਤੇ ਇਸ ਵਿਚ ਲੰਮੀ ਹੇਕ ਤੇ ਉੱਚੀ ਅਵਾਜ ਵਿਚ ਪੁਕਾਰ, ਸੱਦਾ, ਬੁਲਾਵਾ ਆਦਿ ਹੁੰਦਾ ਹੈ। ਇਹ ਪੁਕਾਰ, ਕਿਉਂਕਿ ਆਪਣੇ ਕਿਸੇ ਵਿਛੜੇ ਪਿਆਰੇ ਲਈ ਹੁੰਦੀ ਹੈ, ਇਸ ਲਈ ਇਸ ਵਿਚ ਕਰੁਣਾ ਰਸ ਦੀ ਪ੍ਰਧਾਨਤਾ ਹੁੰਦੀ ਹੈ।
ਸੱਦ ਪੰਜਾਬੀ ਦਾ ਮੌਲਿਕ ਕਾਵਿ-ਰੂਪ ਹੈ। ਪੰਜਾਬੀ ਵਿਚ ਸੱਸੀ, ਮਿਰਜੇ ਆਦਿ ਦੀਆਂ ਸੱਦਾਂ ਬੇਹੱਦ ਲੋਕ-ਪ੍ਰਿਅ ਹਨ। ਪੀਲੂ (ਅਨੁਮਾਨਤ ੧੫੫੦-੧੬੫੦) ਦਾ ਪ੍ਰਸਿੱਧ ਕਿੱਸਾ ‘ਮਿਰਜ਼ਾ-ਸਾਹਿਬਾ’ ਵੀ ਸੱਦ ਕਾਵਿ-ਰੂਪ ਵਿਚ ਹੈ। ਬਾਬਾ ਸੁੰਦਰ ਜੀ ਵੱਲੋਂ ਵੀ ਇਸ ਕਾਵਿ-ਰੂਪ ਦੀ ਵਰਤੋਂ ਕਰਨਾ, ਸਿਧ ਕਰਦਾ ਹੈ ਕਿ ਇਹ ਕਾਵਿ-ਰੂਪ ਉਨ੍ਹਾਂ ਦੇ ਸਮੇਂ ਵੀ ਪ੍ਰਚਲਤ ਸੀ। ਇਸ ਕਾਵਿ-ਰੂਪ ਦੀ ਲੋਕ-ਪ੍ਰਿਅਤਾ ਅਤੇ ਇਸ ਬਾਣੀ ਦੇ ਮੂਲ ਭਾਵ ਕਾਰਣ ਹੀ ਉਨ੍ਹਾਂ ਨੇ ਇਸ ਬਾਣੀ ਨੂੰ ਸੱਦ ਕਾਵਿ-ਰੂਪ ਵਿਚ ਉਚਾਰਿਆ ਜਾਪਦਾ ਹੈ।
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਇਸ ਕਾਵਿ-ਰੂਪ ਨੂੰ ਗਾਉਣ ਵੇਲੇ ਖੱਬਾ ਹੱਥ ਕੰਨ ਉਪਰ ਰਖ ਕੇ ਅਤੇ ਸੱਜਾ ਹੱਥ ਫੈਲਾਅ ਕੇ ਲੰਮੀ ਹੇਕ ਕੱਢੀ ਜਾਂਦੀ ਹੈ। ਇਸ ਕਾਵਿ-ਰੂਪ ਲਈ ਕੋਈ ਖਾਸ ਛੰਦ ਨਿਸ਼ਚਤ ਨਹੀਂ ਹੈ। ਇਸੇ ਲਈ ਸੱਦਾਂ ਭਿੰਨ-ਭਿੰਨ ਛੰਦਾਂ ਵਿਚ ਰਚੀਆਂ ਮਿਲਦੀਆਂ ਹਨ। ਮਿਰਜੇ ਦੀ ਸੱਦ ‘ਦੋਹਰੇ’ ਵਿਚ ਹੈ, ਜਦੋਂ ਕਿ ਬਾਬਾ ਸੁੰਦਰ ਜੀ ਦੀ ਇਹ ਸੱਦ ‘ਹੁਲਾਸ’ ਛੰਦ ਵਿਚ ਹੈ।
ਸਿਖ ਪਰੰਪਰਾ ਵਿਚ ਪ੍ਰਸਿੱਧ ਇਕ ਸੱਦ, ‘ਲੱਖੀ ਜੰਗਲ ਖਾਲਸਾ’ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੰਜਾਬ ਦੇ ਮਾਲਵਾ ਖੇਤਰ ਵਿਚ ਆਉਣ ਨਾਲ ਸੰਬੰਧਤ ਹੈ। ਇਹ ‘ਦਸਮ ਗ੍ਰੰਥ’
ਲੱਖੀ ਜੰਗਲ ਖਾਲਸਾ, ਆਇ ਦੀਦਾਰ ਲਗੋ ਨੇ॥
ਸੁਣ ਕੈ ਸੱਦ ਮਾਹੀ ਦਾ, ਮੇਂਹੀ ਪਾਣੀ ਘਾਹੁ ਮਤੋ ਨੇ॥
ਕਿਸੇ ਨਾਲ ਨ ਰਲੀਆ ਕਾਈ, ਕੋਈ ਸਉਕ ਪਿਯੋ ਨੇ॥
ਗਿਆ ਫਿਰਾਕ, ਮਿਲਿਆ ਮਿਤ ਮਾਹੀ, ਤਾਹੀ ਸ਼ੁਕਰ ਕਿਤੋ ਨੇ॥
ਪੀਲੂ ਦੁਆਰਾ ਰਚਿਤ ਸੱਦ ਵਿਚ ਸਾਹਿਬਾ ਆਪਣੇ ਪ੍ਰੇਮੀ ਮਿਰਜ਼ੇ ਨਾਲ ਘਰੋਂ ਭੱਜਣ ਉਪਰੰਤ ਉਸ ਨੂੰ ਨਿਹੋਰਾ ਦਿੰਦੀ ਹੈ ਕਿ ਉਸ ਦੀ ਘੋੜੀ, ਜਿਸ ਉਪਰ ਉਹ ਸਵਾਰ ਹਨ, ਬਹੁਤ ਕਮਜੋਰ ਹੈ। ਜੇਕਰ ਉਸ ਦੇ (ਮਿਰਜ਼ੇ ਦੇ) ਘਰ ਚੰਗੀ ਘੋੜੀ ਨਹੀਂ ਸੀ ਤਾਂ ਕਿਸੇ ਹੋਰ ਕੋਲੋਂ ਮੰਗ ਲਿਆਉਂਦਾ, ਕਿਉਂਕਿ ਸਾਹਿਬਾਂ ਦੇ ਭਰਾ ਖੀਵੇ ਖਾਨ ਦੇ ਤਾਕਤਵਰ ਘੋੜੇ ਉਨ੍ਹਾਂ ਨੂੰ ਭੱਜ ਕੇ ਜਾਣ ਨਹੀਂ ਦੇਣਗੇ:
ਮਾੜੀ ਤੇਰੀ ਟੀਰਕੀ, ਮਿਰਜ਼ਿਆ ਲਿਆਇਆ ਕਿਧਰੋਂ ਟੋਰ।
ਸੁੱਕਾ ਇਹਦਾ ਚੌਖਟਾ, ਕਾਵਾਂ ਖਾਧੀ ਕੰਗਰੋੜ।
ਜੇ ਘਰ ਨ ਸੀ ਤੇਰੇ ਬਾਪ ਦੇ, ਮੰਗ ਲਿਆਉਂਦੋ ਹੋਰ।
ਘੋੜੇ ਖੀਵੇ ਖਾਨ ਦੇ, ਬੜੇ ਮੁਰਾਤਿਬ ਖੋਰ।
ਭੱਜਿਆਂ ਨੂੰ ਜਾਣ ਨ ਦੇਣਗੇ, ਉੱਧਲ ਗਈਆਂ ਦੇ ਚੋਰ।
ਸੱਦ ਅਤੇ ਅਲਾਹਣੀ ਕਾਵਿ-ਰੂਪ: ਅੰਤਰ ਤੇ ਸਮਾਨਤਾਵਾਂ
ਸੱਦ ਤੇ ਅਲਾਹਣੀ ਦੋਵੇਂ ਮੌਤ ਨਾਲ ਸੰਬੰਧਤ ਪੰਜਾਬੀ ਦੇ ਮੌਲਿਕ ਕਾਵਿ-ਰੂਪ ਹਨ। ਅਲਾਹਣੀ ਜਿਥੇ ਸਿਧੇ ਤੌਰ ’ਤੇ ਮੌਤ ਨਾਲ ਸੰਬੰਧਤ ਕਾਵਿ-ਰੂਪ ਹੈ, ਉਥੇ ਸੱਦ ਸ਼ੁਰੂ ਵਿਚ ਉਨ੍ਹਾਂ ਗੀਤਾਂ ਨੂੰ ਕਿਹਾ ਜਾਂਦਾ ਸੀ, ਜਿਨ੍ਹਾਂ ਵਿਚ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਸੰਬੋਧਨ ਕਰ ਕੇ ਮਨ ਦੀ ਕੋਈ ਵੇਦਨਾ ਜਾਂ ਭਾਵ ਪਰਗਟ ਕਰਦਾ ਸੀ। ਬਾਅਦ ਵਿਚ ਇਹ ਕਾਵਿ-ਰੂਪ ਕਿਸੇ ਮਰ ਗਏ ਪਿਆਰੇ ਦੇ ਵੈਰਾਗ ਵਿਚ ਪ੍ਰਗਟਾਏ ਭਾਵਾਂ ਲਈ ਵਰਤਿਆ ਜਾਣ ਲੱਗਾ।
ਸੱਦਾਂ ਤੇ ਅਲਾਹਣੀਆਂ ਵਿਚ ਇਸ ਪਖੋਂ ਸਮਾਨਤਾ ਹੈ ਕਿ ਦੋਵਾਂ ਵਿਚ ਕਿਸੇ ਵਿਅਕਤੀ ਦੀ ਮੌਤ ਮਗਰੋਂ ਉਸ ਦੇ ਗੁਣਾਂ ਦਾ ਜਸ ਤੇ ਸੰਸਾਰ ਦੀ ਅਸਥਿਰਤਾ ਦਾ ਉਲੇਖ ਹੁੰਦਾ ਹੈ। ਸੋਗੀ ਵਾਤਾਵਰਣ ਨੂੰ ਕਰੁਣਾ ਭਰੇ ਸ਼ਬਦਾਂ ਵਿਚ ਵਿਅਕਤ ਕੀਤਾ ਜਾਂਦਾ ਹੈ।
ਇਨ੍ਹਾਂ ਦੋਵਾਂ ਵਿਚ ਬੁਨਿਆਦੀ ਅੰਤਰ ਇਹ ਹੈ ਕਿ ਅਲਾਹਣੀ ਕਿਸੇ ਮ੍ਰਿਤਕ ਦੇ ਸੋਗ ਵੇਲੇ ਪਾਈ, ਭਾਵ ਅਲਾਪੀ ਜਾਂਦੀ ਹੈ, ਪਰ ਸੱਦ ਕਿਸੇ ਵੇਲੇ ਵੀ ਗਾਈ ਜਾ ਸਕਦੀ ਹੈ।
ਸੱਦ ਕਾਵਿ-ਰੂਪ ਅਲਾਹਣੀ ਨਾਲੋਂ ਵਧੇਰੇ ਸੂਖਮ ਤੇ ਨਿਰਮਲ ਹੈ। ਅਲਾਹਣੀ ਵਿਚ ਭਾਵਾਂ ਦਾ ਪ੍ਰਗਟਾਅ ਵਿਕਾਰ ਦੀ ਸੀਮਾ (ਰੋਣ-ਪਿੱਟਣ) ਉੱਤੇ ਜਾ ਪੁੱਜਦਾ ਹੈ ਪਰ ਸੱਦ ਵਿਚ ਇਹ ਸੰਤੁਲਤ ਰਹਿੰਦਾ ਹੈ।
ਸਭ ਤੋਂ ਵਿਸ਼ੇਸ਼ ਗੱਲ ਜੋ ਸੱਦ ਨੂੰ ਅਲਾਹਣੀ ਤੋਂ ਨਿਖੇੜਦੀ ਹੈ, ਉਹ ਇਸ ਦੀ ਗਾਇਨ ਸ਼ੈਲੀ ਹੈ। ਸੱਦ ਹਮੇਸ਼ਾ ਲੰਬੀ ਹੇਕ ਵਿਚ ਗਾਈ ਜਾਂਦੀ ਹੈ। ਇਸ ਦੇ ਗਾਏ ਜਾਣ ਸਮੇਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਕੋਈ ਵੈਰਾਗ ਵਿਚ ਕਿਸੇ ਵਿਛੜੇ ਸੰਬੰਧੀ ਜਾਂ ਪਿਆਰੇ ਨੂੰ ਅਵਾਜ ਦੇ ਕੇ ਯਾਦ ਕਰ ਰਿਹਾ ਹੋਵੇ। ਅਲਾਹਣੀ ਉੱਚੀ ਤੇ ਤਿਖੀ ਸੁਰ ਵਿਚ, ਛਾਤੀ ਅਤੇ ਸਿਰ ਪਿਟਦਿਆਂ ਅਲਾਪੀ ਜਾਂਦੀ ਹੈ।
‘ਸਦੁ’ ਬਾਣੀ ਦਾ ਸੰਖੇਪ ਭਾਵ
ਗੁਰੂ ਅਮਰਦਾਸ ਸਾਹਿਬ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਇਹ ਸਰੀਰ ਛੱਡ ਕੇ ਪਰਮ ਜੋਤਿ ਵਿਚ ਲੀਨ ਹੋਣ ਦਾ ਸੁਭਾਗ ਅਵਸਰ ਆ ਜੁੜਿਆ ਹੈ, ਤਾਂ ਉਨ੍ਹਾਂ ਨੇ ਆਪਣੇ ਸਿਖ ਪਰਵਾਰ ਨੂੰ ਬੁਲਾਵਾ ਭੇਜਿਆ ਅਤੇ ਆਪਣੇ ਚਲਾਣੇ ਦਾ ਸੁਨੇਹਾ ਸੁਣਾਇਆ। ਇਸ ਨਾਲ ਸਾਰੇ ਸਨੇਹੀਆਂ ਵਿਚ ਸ਼ੋਕ ਦੀ ਲਹਿਰ ਦੌੜ ਜਾਣੀ ਸੁਭਾਵਕ ਸੀ। ਗੁਰੂ ਸਾਹਿਬ ਨੇ ਇਸ ਨੂੰ ਅਨੁਭਵ ਕਰ ਕੇ ਉਨ੍ਹਾਂ ਨੂੰ ਇਸ ਸੰਬੰਧੀ ਗੁਰਮਤਿ-ਉਪਦੇਸ਼ ਕੀਤਾ, ਜਿਹੜਾ ਬਾਬਾ ਸੁੰਦਰ ਜੀ ਨੇ ‘ਸਦੁ’ ਬਾਣੀ ਦੇ ਰੂਪ ਵਿਚ ਉਚਾਰਿਆ। ਇਸ ਦਾ ਸਾਰੰਸ਼ ਇਸ ਪ੍ਰਕਾਰ ਹੈ:
ਸਤਿਗੁਰੂ ਨੂੰ ਆਪਣੇ ਮਾਲਕ ਅਕਾਲ-ਪੁਰਖ ਵੱਲੋਂ ਸਦੀਵੀ ਮਿਲਾਪ ਦਾ ਸੱਦਾ ਆ ਗਿਆ ਹੈ। ਉਨ੍ਹਾਂ ਨੂੰ ਅਕਾਲ-ਪੁਰਖ ਦਾ ਇਹ ਭਾਣਾ ਚੰਗਾ ਲੱਗਾ ਹੈ। ਕਿਉਂਕਿ ਅਕਾਲ-ਪੁਰਖ ਨੂੰ ਵੀ ਉਹੀ ਵਿਅਕਤੀ ਪਿਆਰਾ ਲੱਗਦਾ ਹੈ, ਜਿਸ ਨੂੰ ਉਸ ਦਾ ਭਾਣਾ ਚੰਗਾ ਲੱਗੇ।
ਅਕਾਲ-ਪੁਰਖ ਨਾਲ ਸਦੀਵੀ ਮਿਲਾਪ ਸ਼ਬਦ ਦੁਆਰਾ ਹੁੰਦਾ ਹੈ ਅਤੇ ਗੁਰੂ ਅਮਰਦਾਸ ਸਾਹਿਬ ਸ਼ਬਦ ਵਿਚ ਸਮਾ ਰਹੇ ਹਨ। ਸ਼ਬਦ ਦਾ ਸਦੀਵੀ ਮਿਲਾਪ ਹੀ ਪਰਮ ਪਦਵੀ ਦੀ ਪ੍ਰਾਪਤੀ ਹੈ, ਜੋ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੀ ਕਿਰਪਾ ਦੁਆਰਾ ਪ੍ਰਾਪਤ ਹੋਈ ਹੈ।
ਗੁਰੂ ਅਮਰਦਾਸ ਸਾਹਿਬ ਨੇ ਸਿਖਾਂ ਨੂੰ ਉਪਦੇਸ਼ ਦਿੱਤਾ ਕਿ ਉਨ੍ਹਾਂ ਦੇ ਸਰੀਰ ਛੱਡਣ ਸਮੇਂ ਅਤੇ ਇਸ ਤੋਂ ਬਾਅਦ ਰੋਣਾ-ਧੋਣਾ ਨਹੀਂ। ਜੋ ਅਜਿਹਾ ਕਰੇਗਾ, ਉਹ ਉਨ੍ਹਾਂ ਦਾ ਪਿਆਰਾ ਨਹੀਂ ਹੋਵੇਗਾ। ਕਿਉਂਕਿ ਇਹ ਸਰੀਰ ਤਾਂ ਹਰੇਕ ਨੇ ਹੀ ਛੱਡਣਾ ਹੈ। ਇਹ ਸਮਾਂ ਉਨ੍ਹਾਂ ਲਈ ਖੁਸ਼ੀ ਦਾ ਮੌਕਾ ਹੈ, ਕਿਉਂਕਿ ਅਕਾਲ-ਪੁਰਖ ਉਨ੍ਹਾਂ ਨੂੰ ਆਪਣੇ ਗਲ ਲਾ ਕੇ ਸਦੀਵੀ ਮਿਲਾਪ ਬਖਸ਼ਣ ਲੱਗੇ ਹਨ। ਇਸ ਕਰਕੇ ਉਨ੍ਹਾਂ ਦੇ ਸਿਖਾਂ ਨੂੰ ਵੀ ਇਸ ਸਮੇਂ ਖੁਸ਼ ਹੋਣਾ ਚਾਹੀਦਾ ਹੈ।
ਗੁਰੂ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੇ ਸਰੀਰ ਛੱਡਣ ਪਿਛੋਂ ਗੁਰਬਾਣੀ ਦਾ ਕੀਰਤਨ ਕਰਨਾ। ਗੁਰਸਿਖਾਂ ਨੂੰ ਸੱਦਾ ਦੇਣਾ ਕਿ ਉਹ ਆ ਕੇ ਪ੍ਰਭੂ ਦੀ ਸਿਫਤਿ-ਸਾਲਾਹ ਕਰਨ। ਅਜਿਹਾ ਕਰਨਾ ਹੀ ਗੁਰਮਤਿ ਹੈ। ਹੋਰ ਕਿਸੇ ਪੁਰਾਣ ਆਦਿ ਨੂੰ ਪੜ੍ਹਨ ਦੀ ਲੋੜ ਨਹੀਂ। ਸਾਧ-ਸੰਗਤ ਹਰੀ ਦਾ ਪਾਵਨ ਸਰੋਵਰ ਹੈ, ਜਿਸ ਵਿਚ ਜੁੜ ਕੇ ਮਨੁਖ ਪਵਿੱਤਰ ਹੋ ਜਾਂਦਾ ਹੈ ਤੇ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸ ਲਈ ਦੀਵਾ ਕਰਨਾ, ਪਿੰਡ ਭਰਾਉਣੇ, ਕਿਰਿਆ ਕਰਨੀ, ਫੁੱਲ ਪ੍ਰਵਾਹੁਣੇ ਆਦਿ ਰਸਮਾਂ ਫਜੂਲ ਹੁੰਦੀਆਂ ਹਨ। ਸੋ ਸਾਧ-ਸੰਗਤ ਵਿਚ ਇਕਾਗਰ ਮਨ ਨਾਲ ਪ੍ਰਭੂ-ਨਾਮ ਦਾ ਸਿਮਰਨ, ਕਥਾ-ਕੀਰਤਨ ਕਰਨਾ, ਪਿਆਰ ਨਾਲ ਹਰੀ ਦੀ ਸਿਫਤਿ-ਸਾਲਾਹ ਆਦਿ ਕਰਨੀ ਮਾਨੋ ਇਕ ਸੁੰਦਰ ਬੇਬਾਣ ਹੈ, ਜੋ ਗੁਰੂ ਦੇ ਮਨ ਨੂੰ ਭਾਉਂਦਾ ਹੈ। ਇਸ ਨਾਲ ਲੋਕ-ਪਰਲੋਕ ਵਿਚ ਸੋਭਾ ਮਿਲਦੀ ਹੈ, ਮੁਖ ਉੱਜਲਾ ਹੁੰਦਾ ਹੈ। ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ ਅਤੇ ਅਕਾਲ-ਪੁਰਖ ਵਿਚ ਸਦੀਵੀ ਲੀਨਤਾ ਹੋ ਜਾਂਦੀ ਹੈ।
ਇਸ ਸਮੇਂ ਗੁਰੂ ਅਮਰਦਾਸ ਸਾਹਿਬ ਨੇ ਸਰਬੱਤ ਸੰਗਤ ਪ੍ਰਤੀ ਬਚਨ ਕੀਤਾ ਕਿ ਉਨ੍ਹਾਂ ਦੀ ਥਾਵੇਂ ਹੁਣ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਸੰਗਤਾਂ ਦੀ ਅਗਵਾਈ ਕਰਨਗੇ ਤੇ ਗੁਰਿਆਈ ਦੀ ਜਿੰਮੇਵਾਰੀ ਨਿਭਾਉਣਗੇ। ਗੁਰੂ ਸਾਹਿਬ ਨੇ ਆਪਣੀ ਮੌਜੂਦਗੀ ਵਿਚ ਉਨ੍ਹਾਂ ਨੂੰ ਗੁਰਗੱਦ ’ਤੇ ਬਿਰਾਜਮਾਨ ਕੀਤਾ ਅਤੇ ਆਪ ਉਨ੍ਹਾਂ ਦੀ ਪ੍ਰਕਰਮਾ ਕਰ ਕੇ ਮੱਥਾ ਟੇਕਿਆ। ਇਸ ਤੋਂ ਬਾਅਦ ਬਾਬਾ ਮੋਹਰੀ ਜੀ ਅਤੇ ਸਾਰੀ ਸੰਗਤ ਨੇ ਉਠ ਕੇ ਗੁਰੂ ਰਾਮਦਾਸ ਸਾਹਿਬ ਅੱਗੇ ਮੱਥਾ ਟੇਕਿਆ। ਨਿਰਬਾਣ ਕੀਰਤਨ ਅਰੰਭ ਹੋ ਗਿਆ ਅਤੇ ਇਸ ਤਰ੍ਹਾਂ ਸਿਫਤਿ-ਸਾਲਾਹ ਰੂਪੀ ਰੱਬੀ ਰੰਗ ਦਾ ਬੇਬਾਣ ਤਿਆਰ ਹੋ ਗਿਆ। ਗੁਰੂ ਸਾਹਿਬ ਨੇ ਚਿੱਟੀ ਚਾਦਰ ਉਪਰ ਲੈ ਲਈ ਅਤੇ ਸ਼ਬਦ-ਸਮਾਧੀ ਵਿਚ ਲੀਨ ਹੋ ਗਏ।
‘ਸਦੁ’ ਬਾਣੀ ਵਿਚ ਆਏ ਕੁਝ ਵਿਸ਼ੇਸ਼ ਸ਼ਬਦ ਅਤੇ ਉਨ੍ਹਾਂ ਦਾ ਭਾਵ
(੧) ਕੇਸੋ ਗੋਪਾਲ ਪੰਡਿਤ (ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥)
ਹਿੰਦੂ-ਮਤ ਅਨੁਸਾਰ ਪੰਡਿਤ ਦੀ ਲੋੜ ਸਾਰੀ ਜਿੰਦਗੀ ਵਿਚ ਦੋ ਵਾਰੀ ਪੈਂਦੀ ਹੈ। ਵਿਆਹ ਅਤੇ ਮੌਤ ਸਮੇਂ, ਕਿਉਂਕਿ ਹਿੰਦੂ ਦਾ ਵਿਆਹ ਅਤੇ ਮਰਨਾ ਪੰਡਿਤ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਥਾਵਾਂ ’ਤੇ ਅਕਾਲ ਪੁਰਖ ਦੇ ਪੰਡਿਤਾਂ, ਭਾਵ ਗੁਰਮੁਖਾਂ-ਸਤਸੰਗੀਆਂ ਦਾ ਵਿਚੋਲਾਪਨ ਦੱਸਿਆ ਹੈ। ਮਰਨ ਵੇਲੇ ਦਾ ਜਿਕਰ ਇਸ ‘ਸਦੁ’ ਬਾਣੀ ਵਿਚ ਹੈ ਅਤੇ ‘ਆਤਮਕ ਵਿਆਹ’ ਦਾ ਜਿਕਰ ਇਸ ਪ੍ਰਕਾਰ ਮਿਲਦਾ ਹੈ: ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ॥ -ਗੁਰੂ ਗ੍ਰੰਥ ਸਾਹਿਬ ੭੭੩
ਕੁਝ ਲੋਕ ਇਸ ਬਾਣੀ ਦੀ ਤੁਕ ‘ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥’ ਵਿਚ ਆਏ ਸ਼ਬਦਾਂ ‘ਕੇਸੋ ਗੋਪਾਲ ਪੰਡਿਤ’ ਦਾ ਭਾਵ ਕੇਸੋ ਗੋਪਾਲ ਨਾਮੀ ਕਿਸੇ ਖਾਸ ਪੰਡਿਤ ਤੋਂ ਲੈਂਦੇ ਹਨ। ਪ੍ਰੰਤੂ ਇਸ ਤੁਕ ਵਿਚ ‘ਗੋਪਾਲ’ ਅਤੇ ‘ਪੰਡਿਤ’ ਦੋਵਾਂ ਸ਼ਬਦਾਂ ਦਾ ਅੰਤਲਾ ਅੱਖਰ ਮੁਕਤਾ (ਔਂਕੜ ਬਿਨਾਂ) ਹੈ। ਜੇ ‘ਕੇਸੋ ਗੋਪਾਲ’ ਨਾਮੀ ਕਿਸੇ ਖਾਸ ਪੰਡਿਤ ਨੂੰ ਸੱਦੇ ਜਾਣ ਬਾਰੇ ਹਿਦਾਇਤ ਕੀਤੀ ਹੁੰਦੀ ਤਾਂ ਇਨਾਂ ਦੋਵਾਂ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਔਂਕੜ ‘ਗੋਪਾਲੁ,’ ‘ਪੰਡਿਤੁ’ ਲੱਗਾ ਹੁੰਦਾ, ਪਰ ਅਜਿਹਾ ਨਹੀਂ ਹੈ। ਫਿਰ ਜੇ ‘ਕੇਸੋ ਗੋਪਾਲ’ ਨਾਮੀ ਕਿਸੇ ਖਾਸ ਪੰਡਿਤ ਵੱਲੋਂ ‘ਪੁਰਾਣ’ ਪੜ੍ਹੇ ਜਾਣ ਵੱਲ ਇਸ਼ਾਰਾ ਹੁੰਦਾ ਤਾਂ ਇਕ-ਵਚਨੀ ਕਿਰਿਆ ‘ਪੜੈ’ ਹੋਣੀ ਸੀ, ਪਰ ਇਸ ਤੁਕ ਵਿਚ ਕਿਰਿਆ ਬਹੁ-ਵਚਨੀ ‘ਪੜਹਿ’ ਹੈ। ਇਨ੍ਹਾਂ ਤੱਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਵਿਰੋਧੀਆਂ ਵੱਲੋਂ ਕੀਤੇ ਮਨਘੜਤ ਅਰਥ ਗਲਤ ਹਨ। ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਵਲੀ ਅਨੁਸਾਰ ਇਸ ਤੁਕ ਦੇ ਅਰਥ, ਸ਼ਬਦਾਂ ਦੀ ਬਣਤਰ ਦੇ ਅਧਾਰ ਉੱਤੇ ਇਉਂ ਬਣਦੇ ਹਨ: ਕੇਸੋ ਗੋਪਾਲ = ਕੇਸਵ ਗੋਪਾਲ, ਭਾਵ ਪ੍ਰਭੂ ਦੇ (ਸੰਬੰਧ ਕਾਰਕ, ਇਕ ਵਚਨ, ਪੁਲਿੰਗ ਨਾਂਵ), ਪੰਡਿਤ = ਪੰਡਿਤਾਂ ਨੂੰ (ਕਰਮ ਕਾਰਕ, ਬਹੁ ਵਚਨ, ਪੁਲਿੰਗ ਨਾਂਵ), ਪੜਹਿ = ਪੜ੍ਹਨ (ਅਨ ਪੁਰਖ, ਬਹੁ ਵਚਨ, ਕਿਰਿਆ, ਸੰਭਾਵ ਭਵਿੱਖਤ ਕਾਲ)। ਕੇਸਵ ਗੋਪਾਲ ਦੇ ਪੰਡਿਤਾਂ, ਭਾਵ ਆਤਮ-ਰਸੀ ਗੁਰਸਿਖਾਂ, ਨੂੰ ਸੱਦਣਾ ਕਰਿਓ, ਤਾਂ ਜੋ ਉਹ ਹਰਿ-ਹਰਿ ਕਥਾ ਪੜ੍ਹਨ, ਭਾਵ ਹਰਿ ਜਸ ਕਰਨ, ਇਹ ‘ਹਰਿ ਹਰਿ ਕਥਾ’ ਹੀ ‘ਪੁਰਾਣ-ਪਾਠ’ ਹੈ, ਭਾਵ ਹੋਰ ਕਿਸੇ ਪੁਰਾਣ ਆਦਿ ਦੇ ਪੜ੍ਹੇ ਜਾਣ ਦੀ ਲੋੜ ਨਹੀਂ।
ਗਿ. ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਉਪੋਰਕਤ ਤੁਕ ਦੇ ਅਰਥ ਇਸ ਪ੍ਰਕਾਰ ਕੀਤੇ ਹਨ: ਐਸੇ ਪੰਡਿਤਾਂ ਨੂੰ ਸੱਦਣਾ, ਜੋ ਤੱਤ ਦੇ ਗਿਆਤਾ ਹਨ: ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ (ਗੁਰੂ ਗ੍ਰੰਥ ਸਾਹਿਬ ੧੨੬੧)। ਪ੍ਰਭੂ ਨੂੰ ਬੇਨਤੀਆਂ ਨਾਲ ਬੁਲਾਉਣਾ ਹੀ ਪੰਡਿਤਾਂ ਨੂੰ ਸੱਦਣਾ ਹੈ। ਪਾਪਾਂ ਨੂੰ ਹਰਣ ਵਾਲੇ ਹਰੀ-ਪ੍ਰਭੂ ਦੀ ਕਥਾ ਪੜ੍ਹਨੀ ਹੀ ਪੁਰਾਣ ਹੈ: ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥...ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥ -ਗੁਰੂ ਗ੍ਰੰਥ ਸਾਹਿਬ ੪੯੦
(੨) ਪਿੰਡ-ਪੱਤਲ, ਕਿਰਿਆ ਅਤੇ ਹਰਿ ਸਰ (ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥)
ਹਿੰਦੂ ਮਤ ਵਿਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਿਰਤਕ ਵਿਅਕਤੀ ਨੂੰ ਇਸ ਦੁਨੀਆ ਤੋਂ ਜਮ-ਲੋਕ ਤਕ ਜਾਣ ਲਈ ਇਕ ਸਾਲ ਦਾ ਸਮਾਂ ਲੱਗਦਾ ਹੈ। ਇਸ ਯਾਤਰਾ ਦੌਰਾਨ ਉਸ ਦੇ ਖਾਣ ਲਈ ‘ਪਿੰਡ’ ਅਰਪਣ ਕੀਤੇ ਜਾਂਦੇ ਹਨ। ਇਹ ਆਮ ਤੌਰ ’ਤੇ ਗੋਲ ਪਿੰਨੀਆਂ ਦੀ ਸ਼ਕਲ ਦੇ ਜੌਆਂ ਜਾਂ ਚੌਲਾਂ ਦੇ ਆਟੇ ਦੇ ਬਣਾਏ ਜਾਂਦੇ ਹਨ। ਇਨ੍ਹਾਂ ਨੂੰ ਪੱਤਿਆਂ ਜਾਂ ਪੱਤਲਾਂ ਉਪਰ ਰਖ ਕੇ ਪਾਣੀ ਵਿਚ ਤਾਰ ਦਿੱਤਾ ਜਾਂਦਾ ਹੈ। ਇਸ ਕਿਰਿਆ ਨੂੰ ਪਿੰਡ-ਦਾਨ ਕਿਹਾ ਜਾਂਦਾ ਹੈ। ਵਿਅਕਤੀ ਦੀ ਮੌਤ ਦੇ ਪਹਿਲੇ ਸਾਲ ਕੀਤਾ ਪਿੰਡ-ਦਾਨ ਜਮ-ਲੋਕ ਦੀ ਯਾਤਰਾ ਲਈ ਸਹਾਈ ਹੁੰਦਾ ਹੈ। ਦੂਜੇ ਸਾਲ ਕੀਤਾ ਪਿੰਡ-ਦਾਨ ਜਮ-ਲੋਕ ਦੇ ਨਿਵਾਸ ਸਮੇਂ ਕੰਮ ਆਉਂਦਾ ਹੈ।
ਪਿੰਡ-ਦਾਨ ਸਮੇਤ ਮਰ ਚੁੱਕੇ ਪ੍ਰਾਣੀ ਨਮਿਤ ਕੀਤੇ ਕੁਝ ਕਰਮਾਂ ਦੇ ਸਮੂਹ ਨੂੰ ਕਿਰਿਆ ਆਖਦੇ ਹਨ। ਗੁਰਬਖ਼ਸ਼ ਸਿੰਘ ਗੁਲਸ਼ਨ ਅਨੁਸਾਰ ਬਿਪਰ ਰੀਤ ਅਨੁਸਾਰ ਪ੍ਰਾਣੀ ਦੀ ਗਤੀ ਨੂੰ ਮੁੱਖ ਰਖਦਿਆਂ ਉਸ ਦੇ ਪੁੱਤਰ ਵੱਲੋਂ ਅਚਾਰੀਆ/ਬ੍ਰਾਹਮਣ ਕੋਲੋਂ ਕਰਵਾਏ ਕਰਮ, ਪੁਰਾਣ ਦਾ ਪਾਠ, ਤਿਲਾਂਜਲੀ, ਪਿੰਡ-ਦਾਨ, ਗੰਗਾ ਵਿਚ ਫੁੱਲ ਪਾਉਣੇ ਆਦਿ ਕਿਰਿਆ ਦਾ ਹਿੱਸਾ ਹਨ। ਜਿਸ ਦਿਨ ਪੁਰਾਣ ਦੇ ਪਾਠ ਦੀ ਸਮਾਪਤੀ ਕਰ ਕੇ ਅਚਾਰੀਆ/ਬ੍ਰਾਹਮਣ ਨੂੰ ਦਾਨ ਆਦਿ ਦਿੰਦੇ ਹਨ, ਉਸ ਦਿਨ ਪ੍ਰਾਣੀ ਦੀ ਕਿਰਿਆ ਹੋਈ ਮੰਨੀ ਜਾਂਦੀ ਹੈ। ਭਾਈ ਗੁਰਦਾਸ ਜੀ ਵਰਣਨ ਕਰਦੇ ਹਨ ਕਿ ਭਰਮ ਵਿਚ ਭੁੱਲੇ ਲੋਕ ਪਿੱਤਰਾਂ ਵਾਸਤੇ ਤੇਰਾਂ ਪਦ (ਛਤਰੀ, ਜੋੜਾ, ਬਸਤਰ, ਛਾਪ, ਕਮੰਡਲ, ਆਸਣ, ਰਸੋਈ ਦੇ ਪੰਜ ਭਾਂਡੇ, ਸੋਟੀ, ਤਸ਼ਟਾ, ਕੱਚਾ ਅੰਨ, ਪੱਕਾ ਅੰਨ, ਨਕਦੀ ਤੇ ਜਨੇਊ) ਦਾਨ ਕਰਦੇ ਹਨ: ਤੇਰਹ ਪਦ ਕਰਿ ਜਗ ਵਿਚਿ ਪਿਤਰ ਕਰਮ ਕਰਿ ਭਰਮਿ ਭੁਲਾਇਆ। -ਵਾਰ ੭ ਪਉੜੀ ੧੩
‘ਸਦੁ’ ਬਾਣੀ ਅਨੁਸਾਰ ਗੁਰਮਤਿ ਵਿਚ ਅਜਿਹੇ ਕਰਮ-ਕਾਂਡ ਪ੍ਰਵਾਨ ਨਹੀਂ ਹਨ। ਗੁਰੂ ਸਾਹਿਬ ਸਾਧ-ਸੰਗਤ ਨੂੰ ਅਜਿਹੀ ਕਿਸੇ ਵੀ ਕਿਰਿਆ ਤੋਂ ਉੱਚਾ ਸਮਝਦੇ ਹਨ। ਕਿਉਂਕਿ ਸਾਧ-ਸੰਗਤ ਹੀ ਉਹ ਪਾਵਨ ਅਸਥਾਨ ਹੈ, ਜਿਥੇ ਪ੍ਰਭੂ ਦੀ ਸਿਫਤਿ-ਸਾਲਾਹ ਕਰ ਕੇ ਮਨੁਖ ਪਵਿੱਤਰ ਹੁੰਦਾ ਅਤੇ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਦਾ ਕਥਨ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਵਾਲੇ ਮਨੁਖ ਨੂੰ ਕੋਈ ਕਰਮ-ਕਾਂਡ ਕਰਨ ਦੀ ਲੋੜ ਨਹੀਂ। ਪ੍ਰਭੂ ਦੇ ਸੱਚੇ ਨਾਮ ਨੂੰ ਜਪਣਾ ਹੀ ਸਭ ਕੁਝ ਹੈ, ਲੋਕ-ਪਰਲੋਕ ਵਿਚ ਇਹੀ ਮਨੁਖ ਦਾ ਅਸਲ ਆਸਰਾ ਹੈ: ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥ -ਗੁਰੂ ਗ੍ਰੰਥ ਸਾਹਿਬ ੩੫੮
‘ਸਦੁ’ ਬਾਣੀ ਦੀ ਤੁਕ ਵਿਚਲੇ ‘ਹਰਿ ਸਰਿ’ ਨੂੰ ਕਈ ਵਾਰ ਗੰਗਾ ਨਦੀ ਸਮਝ ਲਿਆ ਜਾਂਦਾ ਹੈ। ਸਰੂਪ ਦਾਸ ਭੱਲਾ ਦੁਆਰਾ ਲਿਖੇ ‘ਮਹਿਮਾ ਪ੍ਰਕਾਸ਼’ ਵਿਚ ਵੀ ਅਜਿਹਾ ਹੀ ਜਿਕਰ ਹੈ ਕਿ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤਿ ਸਮਾਉਣ ਸਮੇਂ, ਬਾਬਾ ਮੋਹਰੀ ਜੀ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਆਪ ਜੀ ਦੇ ਪਿਛੋਂ ਕੀ ਮਰਿਆਦਾ ਕੀਤੀ ਜਾਵੇ? ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਕਰਮ-ਕਾਂਡ ਦੀ ਲੋੜ ਨਹੀਂ। ਫਿਰ ਵੀ ਜਗ ਦੀ ਮਰਿਆਦਾ ਰਖਣ ਲਈ ਫੁੱਲ (ਅਸਥੀਆਂ) ਗੰਗਾ ਭੇਜ ਦੇਣੇ। ਇਸ ਸੰਬੰਧੀ ਗਿ. ਸੋਹਣ ਸਿੰਘ ਸੀਤਲ ਦਾ ਵਿਚਾਰ ਹੈ ਕਿ ਇਹ ਸਰੂਪ ਦਾਸ ਭੱਲਾ ਦਾ ਭੁਲੇਖਾ ਹੈ (ਜਾਂ ਉਸ ਉਪਰ ਪਏ ਸਨਾਤਨੀ ਮਤ ਦਾ ਪ੍ਰਭਾਵ ਹੈ), ਜਿਹੜਾ ਸੁੰਦਰ ਜੀ ਦੀ ਇਸ ਬਾਣੀ ਦੀ ਉਪਰੋਕਤ ਤੁਕ ਨੂੰ ਨਾ ਸਮਝਣ ਕਾਰਣ ਲੱਗਾ ਹੈ।
ਗਿ. ਗੁਰਬਚਨ ਸਿੰਘ ਭਿੰਡਰਾਂਵਾਲਿਆਂ ਅਨੁਸਾਰ ‘ਹਰਿ ਸਰਿ’ ਦਾ ਭਾਵ ਸਤਿਸੰਗਤ ਹੈ। ਸੰਗਤ ਦੀ ਪ੍ਰਾਪਤੀ ਹੀ ਸਾਡੇ ਲਈ ਫੁੱਲ ਪਾਉਣੇ ਹਨ: ਹਰਿ ਸਰਿ ਵਾਸਾ ਪਾਵਣਿਆ (ਗੁਰੂ ਗ੍ਰੰਥ ਸਾਹਿਬ ੧੨੯)। ਇਨ੍ਹਾਂ ਤੁਕਾਂ ਅਨੁਸਾਰ ‘ਹਰਿ ਸਰਿ’ ਗੰਗਾ ਨਦੀ ਨਹੀਂ, ਸਗੋਂ ਸਤਿਸੰਗਤ ਅਤੇ ਹਰੀ ਦਾ ਨਾਮ ਹੈ। ਬਾਣੀ ਵਿਚ ਗੰਗਾ ਨਦੀ ਲਈ ਗੰਗਾ, ਜਾਹਰਨਵੀ, ਸੁਰਸਰੀ ਆਦਿ ਨਾਮ ਵਰਤੇ ਗਏ ਹਨ। ਹਿੰਦੂ ਸ਼ਾਸਤਰਾਂ ਵਿਚ ਵੀ ਗੰਗਾ ਲਈ ‘ਹਰਿ ਸਰਿ’ ਸ਼ਬਦ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਹੇ ਪ੍ਰਭੂ! ਤੇਰੀ ਸਿਫਤਿ-ਸਾਲਾਹ ਕਰਨੀ ਹੀ ਸਾਡੇ ਲਈ ਗੰਗਾ ਤੇ ਕਾਂਸ਼ੀ ਜਾਣਾ ਹੈ: ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥ -ਗੁਰੂ ਗ੍ਰੰਥ ਸਾਹਿਬ ੩੫੮
ਕਈ ਲੋਕ ‘ਹਰਿ ਸਰਿ’ ਦਾ ਅਰਥ ਦਰਬਾਰ ਸਾਹਿਬ ਦਾ ਸਰੋਵਰ ਸਮਝਦੇ ਹਨ ਅਤੇ ਚੋਰੀ-ਛੁਪੇ ਸਰੋਵਰ ਵਿਚ ਫੁੱਲ ਪਾਉਂਦੇ ਹਨ। ਕਈ ਲੋਕ ਮਿਰਤਕ ਦੇ ਮੱਥੇ ਦੀ ਅਸਥੀ ਪੀਹ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਚੌਂਕੀ ਜਾਂ ਪੀੜ੍ਹਾ ਸਾਹਿਬ ਦੇ ਚਰਨਾਂ (ਪਾਵਿਆਂ) ਵਿਚ ਪਾਉਂਦੇ ਸਨ। ਪਰ ਇਹ ਗੁਰਮਤਿ ਅਨੁਸਾਰ ਨਹੀਂ। ਗੁਰਮਤਿ ਅਨੁਸਾਰ ਸਾਧ-ਸੰਗਤ ਕਰਨੀ ਤੇ ਪ੍ਰਭੂ ਦਾ ਨਾਮ ਜਪਣਾ ਹੀ ਸਭ ਕੁਝ ਹੈ।
‘ਸਿੱਖ ਰਹਿਤ ਮਰਯਾਦਾ’ ਵਿਚ ਵੀ ਇਸ ਬਾਰੇ ਸਪਸ਼ਟ ਤਾਕੀਦ ਕੀਤੀ ਹੈ ਕਿ ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਦੇਹ ਦੀ ਸਾਰੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਮੀਨ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਕਰਨ ਵਾਲੇ ਸਥਾਨ ’ਤੇ ਮਿਰਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ। ਇਸ ਤੋਂ ਇਲਾਵਾ ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ, ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿਚ ਜਾ ਕੇ ਪਾਉਣੇ ਮਨਮਤ ਹੈ।
(੩) ਤਿਲਕ/ਨੀਸਾਣ (ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥)
ਕੁਝ ਸਿਖ ਸਰੋਤਾਂ ਵਿਚ ਗੁਰੂ ਸਾਹਿਬਾਨ ਵੱਲੋਂ ਗੁਰਿਆਈ ਦੀ ਰਸਮ ਵੇਲੇ ਪੰਜ ਪੈਸੇ ਅਤੇ ਨਾਰੀਅਲ ਰਖ ਕੇ ਮਥਾ ਟੇਕਣ, ਕੇਸਰ ਦਾ ਤਿਲਕ ਦੇਣ/ਲਾਉਣ, ਸੇਲ੍ਹੀ-ਟੋਪੀ ਆਦਿ ਦਾ ਜਿਕਰ ਮਿਲਦਾ ਹੈ। ਗੁਰਿਆਈ ਦੀ ਰਸਮ ਵੇਲੇ ਇਨ੍ਹਾਂ ਚੀਜਾਂ ਦਾ ਜਿਕਰ ਲੇਖਕਾਂ ਦੀ ਸਨਾਤਨੀ ਪ੍ਰਭਾਵ ਵਾਲੀ ਮਾਨਸਿਕਤਾ ਹੀ ਕਹੀ ਜਾ ਸਕਦੀ ਹੈ। ਗੁਰਮਤਿ ਅਨੁਸਾਰ ਗੁਰਿਆਈ ਦਾ ਸਦੀਵੀ ਨਿਸ਼ਾਨ/ਚਿੰਨ੍ਹ ਗੁਰਬਾਣੀ (ਗੁਰ-ਸ਼ਬਦ) ਹੀ ਹੈ। ਇਸ ਲਈ ਸਦੁ ਬਾਣੀ ਦੀ ਉਪਰੋਕਤ ਤੁਕ ਵਿਚ ਬਾਬਾ ਸੁੰਦਰ ਜੀ ਗੁਰ-ਸ਼ਬਦ ਰੂਪੀ ਸੱਚੇ ਨਿਸ਼ਾਨ/ਤਿਲਕ ਦੀ ਹੀ ਗੱਲ ਕਰ ਰਹੇ ਹਨ।
ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੇ ਗੁਰਿਆਈ ਦੇਣ ਦੇ ਪੁਰਾਤਨ ਢੰਗ ਬਾਰੇ ਦੱਸਿਆ ਹੈ। ਉਨ੍ਹਾਂ ਅਨੁਸਾਰ ਗੁਰਿਆਈ ਦੇਣ ਸਮੇਂ ਗੁਰੂ ਸਾਹਿਬਾਨ ਆਪਣੇ ਉੱਤਰਾਧਿਕਾਰੀ ਨੂੰ ਗੁਰਬਾਣੀ ਦੀ ਪੋਥੀ ਸੰਭਾਲ ਕੇ ਨਮਸਕਾਰ ਕਰ ਦਿਆ ਕਰਦੇ ਸਨ। ਇਹੀ ਕਾਰਣ ਸੀ ਕਿ ਜੋ ਵੀ ਅਖੌਤੀ ਗੁਰੂ (ਪ੍ਰਿਥੀਚੰਦ, ਮਿਹਰਵਾਨ, ਧੀਰਮੱਲ, ਰਾਮਰਾਇ ਆਦਿ) ਬਣਨ ਦੀ ਕੋਸ਼ਿਸ਼ ਕਰਦੇ ਰਹੇ, ਉਹ ਆਪਣੇ ਕੋਲ ਗੁਰਬਾਣੀ ਦੀ ਪੋਥੀ ਹੋਣ ਦੀ ਗੱਲ ਵੀ ਕਰਦੇ ਰਹੇ ਸਨ। ਕਿਸੇ ਬ੍ਰਾਹਮਣ ਵੱਲੋਂ ਗੁਰਿਆਈ ਦੇਣ ਸਮੇਂ ਤਿਲਕ, ਪੰਜ ਪੈਸੇ ਅਤੇ ਨਾਰੀਅਲ ਦਿੱਤੇ ਜਾਣ ਵਾਲੀ ਬਣਾਈ ਹੋਈ ਕਹਾਣੀ ਦੀ ਕੋਈ ਧਾਰਮਕ ਜਾਂ ਅਧਿਆਤਮਕ ਮਹਾਨਤਾ ਸਿੱਧ ਨਹੀਂ ਹੁੰਦੀ। ਇਹ ਗੱਲ ਪੱਕੀ ਹੈ ਕਿ ਗੁਰੂ ਸਾਹਿਬਾਨ ਸਮੇਂ ਗੁਰਿਆਈ ਦਾ ਚਿੰਨ੍ਹ ਕੇਵਲ ਗੁਰਬਾਣੀ ਭੰਡਾਰ ਸੀ। ਪੁਰਾਤਨ ਜਨਮਸਾਖੀ (ਪੰਨਾ ੧੩੭) ਅਨੁਸਾਰ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦੇਣ ਵੇਲੇ ਗੁਰਬਾਣੀ ਦੀ ਪੋਥੀ ਬਖਸ਼ਿਸ਼ ਕੀਤੀ: ਤਿਤ ਮਹਲਿ ਸ਼ਬਦੁ ਹੋਆ ਸੋ ਪੋਥੀ ਜੁ ਥਾਨਿ ਗੁਰ ਅੰਗਦ ਜੋਗ ਮਿਲੀ।
ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੇ ਆਪਣੀ ਗੱਲ ਦੀ ਪੁਸ਼ਟੀ ਲਈ ਭਾਈ ਕੁਸ਼ਲ ਦਾਸ ਦਾ ਹਵਾਲਾ ਵੀ ਦਿੱਤਾ ਹੈ:
ਅੰਗਦ ਅੰਕ ਲਗਾਇ, ਕਾਨ ਮੰਤ੍ਰ ਦੀਯੋ। ਪੋਥੀ ਮਾਲਾ ਬਖਸਿ, ਥਾਪਿ ਸਤਿਗੁਰ ਕੀਯੋ।
ਭਾਈ ਸਤਾ ਤੇ ਭਾਈ ਬਲਵੰਡ ਦੁਆਰਾ ਉਚਾਰਣ ਕੀਤੀ ਰਾਮਕਲੀ ਕੀ ਵਾਰ ਵਿਚ ਵੀ ਟਿਕਾ/ਟਿਕਿਓਨ ਸ਼ਬਦ ਆਏ ਹਨ:
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥ -ਗੁਰੂ ਗ੍ਰੰਥ ਸਾਹਿਬ ੯੬੭
ਸਹਿ ਟਿਕਾ ਦਿਤੋਸੁ ਜੀਵਦੈ ॥ -ਗੁਰੂ ਗ੍ਰੰਥ ਸਾਹਿਬ ੯੬੬
ਇਥੇ ਵੀ ‘ਟਿੱਕਣਾ’ (ਟਿਕਿਓਨੁ) ਤੋਂ ਭਾਵ ‘ਗੁਰੂ ਪਦਵੀ ਲਈ ਟਿੱਕਣਾ ਜਾਂ ਨਿਸ਼ਚਿਤ ਕਰਨਾ’ ਹੈ ਅਤੇ ‘ਟਿੱਕਾ ਦੇਣ’ (ਟਿਕਾ ਦਿਤੋਸੁ) ਤੋਂ ਭਾਵ ਕਿਸੇ ਚੰਦਨ ਆਦਿ ਦਾ ਟਿੱਕਾ ਲਾਉਣ ਤੋਂ ਨਹੀਂ, ਬਲਕਿ ‘ਸ਼ਬਦ ਨੀਸ਼ਾਨ’ ਦੇਣ ਤੋਂ ਹੈ, ਜਿਸ ਦਾ ਜਿਕਰ ਬਾਬਾ ਸੁੰਦਰ ਜੀ ਕਰ ਰਹੇ ਹਨ।
ਗੁਰੂ ਅਰਜਨ ਸਾਹਿਬ ਨੂੰ ਵੀ ਜਦੋਂ ਗੁਰਿਆਈ ਪ੍ਰਾਪਤ ਹੋਈ ਤਾਂ ਗੁਰੂ ਰਾਮਦਾਸ ਸਾਹਿਬ ਨੇ ਉਨ੍ਹਾਂ ਨੂੰ ਗੁਰ-ਸ਼ਬਦ ਦਾ ਅਨਮੋਲ ਖਜਾਨਾ ਵਿਰਾਸਤ ਵਿਚ ਦਿੱਤਾ: ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥ -ਗੁਰੂ ਗ੍ਰੰਥ ਸਾਹਿਬ ੧੮੬
ਗੁਰਮਤਿ ਵਿਚ ਜੋਗੀਆਂ, ਸੰਨਿਆਸੀਆਂ ਜਾਂ ਵੈਸ਼ਨਵਾਂ ਆਦਿ ਵਾਂਗ ਸਰੀਰ ਦੇ ਵਖ-ਵਖ ਅੰਗਾਂ (ਹਿਰਦੇ, ਨਾਭੀ, ਬਾਹਾਂ, ਮੱਥੇ ਆਦਿ) ਉਪਰ ਚੰਦਨ, ਕੇਸਰ, ਭਸਮ ਆਦਿ ਦੇ ਤਿਲਕ ਲਾਉਣ ਦਾ ਵਿਧਾਨ ਨਹੀਂ ਹੈ। ਭਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਦੇ ਬਾਰਾਂ ਪੰਥਾਂ ਦੇ ਬਾਰਾਂ ਹੀ ਤਿਲਕ ਮਿਟਾ ਕੇ ਗੁਰ-ਸ਼ਬਦ ਨੂੰ ਗੁਰਮੁਖਾਂ ਦੇ ਨਿਸ਼ਾਨ (ਚਿੰਨ੍ਹ) ਵਜੋਂ ਚੜ੍ਹਾਇਆ: ਬਾਰਹ ਤਿਲਕ ਮਿਟਾਇਕੈ ਗੁਰਮੁਖਿ ਤਿਲਕੁ ਨੀਸਾਣੁ ਚੜਾਇਆ। -ਵਾਰ ੭, ਪਉੜੀ ੧੨
ਭਾਈ ਗੁਰਦਾਸ ਜੀ ਅਨੁਸਾਰ ਸਿਖ ਦੇ ਮੱਥੇ ’ਤੇ ਗੁਰ-ਸੰਗਤ ਦੀ ਧੂੜ, ਭਾਵ ਨਿਮਰਤਾ ਹੀ ਉਹ ਤਿਲਕ ਹੈ, ਜਿਹੜਾ ਉਸ ਦੇ ਮੁਖ-ਮਸਤਕ ਨੂੰ ਸੋਭਨੀਕ ਬਣਾਉਂਦਾ ਹੈ: ਚਰਣ ਸਰਣਿ ਮਸਤਕੁ ਧਰਨਿ ਚਰਨ ਰੇਣ ਮੁਖਿ ਤਿਲਕ ਸੁਹੰਦੇ। -ਵਾਰ ੬, ਪਉੜੀ ੭
ਇਸ ਪ੍ਰਕਾਰ ‘ਸਦੁ’ ਬਾਣੀ ਵਿਚ ਵੀ ਤਿਲਕੁ/ਨੀਸਾਣੁ ਦਾ ਭਾਵ ਕੇਸਰ ਜਾਂ ਚੰਦਨ ਆਦਿ ਦਾ ਤਿਲਕ ਲਗਾਉਣ ਤੋਂ ਨਹੀਂ, ਸਗੋਂ ਗੁਰ-ਸ਼ਬਦ ਤੋਂ ਹੀ ਹੈ।
(੪) ਬਾਬਾ ਮੋਹਰੀ ਜੀ (ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥)
ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਦੇ ਛੋਟੇ ਪੁੱਤਰ ਸਨ। ਆਪ ਜੀ ਦਾ ਜਨਮ ਮਾਤਾ ਮਨਸਾ ਦੇਵੀ ਜੀ ਦੀ ਕੁਖ ਤੋਂ ੧੫੩੯ ਈ. ਵਿਚ ਪਿੰਡ ਬਾਸਰਕੇ ਗਿੱਲਾਂ (ਅੰਮ੍ਰਿਤਸਰ, ਪੰਜਾਬ) ਵਿਚ ਹੋਇਆ। ਉਪਰੋਕਤ ਤੁਕ ਵਿਚੋਂ ਸੰਕੇਤ ਮਿਲਦਾ ਹੈ ਕਿ ਬਾਬਾ ਮੋਹਰੀ ਜੀ ਨੇ ਹੀ ਸਭ ਤੋਂ ਪਹਿਲਾਂ ਗੁਰੂ-ਪਿਤਾ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਨੂੰ ਗੁਰੂ ਪ੍ਰਵਾਨ ਕੀਤਾ।
ਬਾਬਾ ਮੋਹਰੀ ਜੀ ਦੇ ਵਡੇ ਭਰਾ ਬਾਬਾ ਮੋਹਨ ਜੀ ਨੇ ਗੁਰੂ-ਪਿਤਾ ਦੇ ਹੁਕਮ ਨੂੰ ਨਹੀਂ ਮੰਨਿਆ। ਗੁਰਬਿਲਾਸ ਪਾਤਸ਼ਾਹੀ ੬ ਵਿਚ ਵੀ ਜਿਕਰ ਆਉਂਦਾ ਹੈ ਕਿ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਦੱਸਿਆ ਕਿ ਜਦੋਂ ਪਿਤਾ ਜੀ (ਗੁਰੂ ਅਮਰਦਾਸ ਸਾਹਿਬ) ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਿਆਈ ਦਿੱਤੀ, ਤਾਂ ਸਾਨੂੰ ਬੁਲਾਇਆ। ਮੋਹਰੀ ਜੀ ਨੇ ਜਾ ਕੇ ਗੁਰੂ ਰਾਮਦਾਸ ਸਾਹਿਬ ਨੂੰ ਮੱਥਾ ਟੇਕਿਆ, ਪਰ ਮੈਂ ਨਾ ਟੇਕਿਆ। ਇਸ ਪਰਥਾਏ ਬਾਬਾ ਸੁੰਦਰ ਜੀ ਨੇ ਵੀ ਗੁਰੂ ਅਰਜਨ ਸਾਹਿਬ ਨੂੰ ਦੱਸਿਆ: ਰਾਮਦਾਸ ਕੋ ਤਿਲਕ ਜਸ, ਅਮਰਦਾਸ ਗੁਰ ਦੀਨ। ਮੋਹਰੀ ਸੁਤ ਚਰਨੀ ਲਗੋ, ਕਹੀ ਕਥਾ ਜਿਉਂ ਚੀਨ।੬੪।
ਭਾਈ ਗੁਰਦਾਸ ਜੀ ਦਾ ਇਹ ਕਥਨ ਵੀ ਬਾਬਾ ਮੋਹਨ ਜੀ ਵੱਲੋਂ ਗੁਰੂ-ਪਿਤਾ ਦੇ ਹੁਕਮ ਨੂੰ ਸਵਿਕਾਰ ਨਾ ਕੀਤੇ ਜਾ ਸਕਣ ਕਾਰਣ ਹੋਈ ਉਨ੍ਹਾਂ ਦੀ ਦਸ਼ਾ ਵੱਲ ਹੀ ਸੰਕੇਤ ਕਰਦਾ ਜਾਪਦਾ ਹੈ। ਇਸ ਵਿਚ ਉਹ ਕਹਿ ਰਹੇ ਹਨ ਕਿ ਗੁੱਸੇ ਨਾਲ ਮੋਹਨ ਕਮ,ਲਾ ਹੋ ਗਿਆ ਸੀ ਅਤੇ ਚਉਬਾਰੇ ਦੀ ਟਹਿਲ ਮੋਹਰੀ ਕਰਨ ਲੱਗਾ: ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ। -ਵਾਰ ੨੬, ਪਉੜੀ ੩੩



