
ਹੋਰਨਾਂ ਸਭਿਆਚਾਰਾਂ ਵਾਂਗ ਪੰਜਾਬੀ ਸਭਿਆਚਾਰ ਵਿਚ ਵੀ ਮੌਤ ਤੋਂ ਬਾਅਦ ਅਨੇਕ ਰੀਤਾਂ-ਰਸਮਾਂ ਕੀਤੀਆਂ ਜਾਂਦੀਆਂ ਹਨ। ਆਮ ਤੌਰ ’ਤੇ ਕਿਸੇ ਦੀ ਮੌਤ ਉਪਰੰਤ ਸਕੇ-ਸੰਬੰਧੀ ਅਤੇ ਮਿੱਤਰ-ਦੋਸਤ, ਮਿਰਤਕ ਦੇ ਪਰਵਾਰ ਨਾਲ ਦੁਖ ਵੰਡਾਉਣ ਅਤੇ ਅਫਸੋਸ ਪ੍ਰਗਟ ਕਰਨ ਆਉਂਦੇ ਹਨ। ਇਸ ਦਾ ਹਿਰਦੇ-ਵੇਧਕ ਦ੍ਰਿਸ਼ ਉਸ ਸਮੇਂ ਸਾਹਮਣੇ ਆਉਂਦਾ ਹੈ, ਜਦੋਂ ਅਫਸੋਸ ਪ੍ਰਗਟ ਕਰਨ ਆਈਆਂ ਔਰਤਾਂ ਗੋਲ ਦਾਇਰੇ ਵਿਚ ਖੜ੍ਹੀਆਂ ਹੋ ਕੇ ਕੁਝ ਕਾਵਿਮਈ ਬੋਲ ਉਚਾਰਦੀਆਂ ਹੋਈਆਂ, ਆਪਣੇ ਮੱਥੇ, ਛਾਤੀ ਤੇ ਪੱਟਾ ਉੱਤੇ ਇਕ ਕ੍ਰਮ ਵਿਚ ਹੱਥ ਮਾਰਦੀਆਂ ਹਨ। ਇਨ੍ਹਾਂ ਉਚਾਰੇ ਜਾਣ ਵਾਲੇ ਕਾਵਿਮਈ ਬੋਲਾਂ ਨੂੰ ਅਲਾਹਣੀਆਂ ਅਤੇ ਇਸ ਸਮੁੱਚੀ ਕਿਰਿਆ ਨੂੰ ਸਿਆਪਾ

ਲੋਕ ਕਾਵਿ-ਰੂਪ ਅਲਾਹਣੀਆਂ ਦੀ ਤਰਜ ’ਤੇ ਗੁਰੂ ਨਾਨਕ ਸਾਹਿਬ ਨੇ ‘ਅਲਾਹਣੀਆ’ ਬਾਣੀ ਦਾ ਉਚਾਰਣ ਕੀਤਾ। ਇਹ ਬਾਣੀ ਸੰਸਾਰੀ ਕੂਕ-ਪੁਕਾਰ ਨੂੰ ਸਹਿਜ ਵਿਚ ਲਿਆ ਕੇ ਭਾਣਾ ਮੰਨਣ ਦੀ ਤਾਕੀਦ ਕਰਨ ਵਾਲੀ ਹੈ। ਇਸ ਵਿਚ ਦ੍ਰ੍ਰਿਸ਼ਟਮਾਨ ਮਾਇਕੀ ਪਸਾਰੇ ਦੀ ਤੁੱਛਤਾ ਅਤੇ ਨਾਸ਼ਵਾਨਤਾ ਦਰਸਾ ਕੇ, ਮਨੁਖੀ ਮਨ ਨੂੰ ਆਪਣੇ ਸਦੀਵੀ ਸਾਥੀ (ਅਕਾਲ ਪੁਰਖ) ਨਾਲ ਜੁੜੇ ਰਹਿਣ ਅਤੇ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਉਪਦੇਸ਼ ਹੈ।
ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਵਡਹੰਸ ਰਾਗ ਵਿਚ ਉਚਾਰੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੭੮-੫੮੨ ਉਪਰ ਦਰਜ ਹੈ। ਇਸ ਵਿਚ ਪੰਜ ਅਲਾਹਣੀਆਂ ਹਨ। ਤੀਜੀ ਅਲਾਹਣੀ ਦੇ ਚਾਰ-ਚਾਰ ਤੁਕਾਂ ਦੇ ਅਠ ਪਦੇ ਹਨ ਅਤੇ ਇਸ ਅਲਾਹਣੀ ਦੇ ਸਿਰਲੇਖ ‘ਵਡਹੰਸ ਮਹਲਾ ੧’ ਦੇ ਨਾਲ ‘ਦਖਣੀ’ ਸ਼ਬਦ ਵੀ ਦਰਜ ਹੈ। ਜਦਕਿ ਬਾਕੀ ਸਾਰੀਆਂ ਅਲਾਹਣੀਆਂ ਦੇ ਛੇ-ਛੇ ਤੁਕਾਂ ਦੇ ਚਾਰ-ਚਾਰ ਪਦੇ ਹਨ। ਸ਼ਬਦਾਰਥੀ ਵਿਦਵਾਨਾਂ ਅਨੁਸਾਰ ‘ਦਖਣੀ’ ਤੋਂ ਭਾਵ ਵਡਹੰਸ ਰਾਗ ਨੂੰ ਦੱਖਣ ਇਲਾਕੇ ਦੀ ਸਥਾਨਕ ਰਾਗਣੀ ਦੇ ਨਾਲ ਮਿਲਾ ਕੇ ਗਾਉਣ ਤੋਂ ਹੈ।

ਆਮ ਤੌਰ ’ਤੇ ਮਿਰਤਕ ਵਿਅਕਤੀ ਦੇ ਸਸਕਾਰ ਸਮੇਂ ਪਹੁੰਚੇ ਲੋਕ ਸਸਕਾਰ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਹਨ। ਉਥੇ ‘ਅਲਾਹਣੀਆ’ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਕਈ ਵਾਰ ‘ਅਲਾਹਣੀਆ’ ਦੇ ਨਾਲ-ਨਾਲ ਗੁਰਬਾਣੀ ਦੇ ਕੁਝ ਹੋਰ ਵੈਰਾਗਮਈ ਸ਼ਬਦਾਂ ਦਾ ਕੀਰਤਨ ਵੀ ਕੀਤਾ ਜਾਂਦਾ ਹੈ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਗੁਰਦੁਆਰਾ ਸਾਹਿਬ ਵਿਖੇ ਅਲਾਹਣੀਆਂ ਦੇ ਨਾਲ ਸੋਹਿਲਾ ਬਾਣੀ ਦੇ ਪੜ੍ਹੇ ਜਾਣ ਦਾ ਜ਼ਿਕਰ ਵੀ ਕੀਤਾ ਹੈ।


ਲੋਕ ਕਾਵਿ-ਰੂਪ ਵਜੋਂ ਅਲਾਹਣੀਆਂ
ਮੌਤ, ਜਿੰਦਗੀ ਦੀ ਅਟੱਲ ਸੱਚਾਈ ਹੈ। ਮੌਤ ਤੋਂ ਬਾਅਦ ਮਿਰਤਕ ਵਿਅਕਤੀ ਦਾ ਸਰੀਰਕ ਤੌਰ ’ਤੇ ਇਸ ਸੰਸਾਰ ਨਾਲੋਂ ਨਾਤਾ ਟੁੱਟ ਜਾਂਦਾ ਹੈ। ਇਸੇ ਕਾਰਣ ਉਸ ਦੇ ਸਸਕਾਰ ਸਮੇਂ ਮੌਜੂਦ ਲੋਕ ਘਾਹ ਜਾਂ ਲਕੜੀ ਆਦਿ ਦਾ ਤੀਲਾ ਦੋ ਹਿੱਸਿਆਂ ਵਿਚ ਤੋੜ ਕੇ ਉਸ ਦੀ ਚਿਖਾ ਉਪਰ ਸੁੱਟਦੇ ਸਨ। ਉਸ ਦੇ ਪਰਵਾਰ ਨਾਲ ਦੁਖ ਵੰਡਾਉਣ ਲਈ ਆਉਣ ਵਾਲੇ ਲੋਕ ਉਸ ਦੀਆਂ ਗੱਲਾਂ ਅਤੇ ਉਸ ਦੇ ਕੰਮਾਂ ਨੂੰ ਯਾਦ ਕਰਦੇ ਹਨ। ਸਮਾਜਕ ਮਰਿਆਦਾ ਅਧੀਨ ਮਾੜੇ ਕੰਮਾਂ ਦੀ ਬਜਾਏ ਚੰਗੇ ਕੰਮਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਇਸੇ ਦਾ ਹੀ ਵਿਸ਼ੇਸ਼ ਕਾਵਿਕ ਪ੍ਰਗਟਾਵਾ ਲੋਕ ਕਾਵਿ-ਰੂਪ ਅਲਾਹਣੀਆਂ ਦਾ ਕੇਂਦਰੀ ਧੁਰਾ ਬਣਦਾ ਹੈ।
ਅਲਾਹਣੀਆਂ ਪੰਜਾਬੀ ਦਾ ਇਕ ਸੋਗਮਈ ਜਾਂ ਮਾਤਮੀ ਲੋਕ-ਗੀਤ ਹੈ। ਪੰਜਾਬ ਵਿਚ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਨੈਣ ਜਾਂ ਮਿਰਾਸਣ ਮਿਰਤਕ ਵਿਅਕਤੀ ਦੇ ਘਰ ਪਹੁੰਚ ਜਾਂਦੀ ਹੈ ਅਤੇ ਖੜ੍ਹੀ ਹੋ ਕੇ ਅਲਾਹਣੀ ਦੇ ਬੋਲ ਬੋਲਦੀ ਹੈ। ਬਾਕੀ ਅਫਸੋਸ ਕਰਨ ਆਈਆਂ ਇਸਤਰੀਆਂ ਉਸ ਦੇ ਇਰਦ-ਗਿਰਦ ਗੋਲ ਦਾਇਰੇ ਵਿਚ ਖੜ੍ਹ ਕੇ ਮਿਰਤਕ ਵਿਅਕਤੀ ਦਾ ਨਾਂ ਜਾਂ ਰਿਸ਼ਤਾ ਬੋਲ ਕੇ ‘ਹਾਇ ਹਾਇ’ ਦੀ ਤਾਲ ’ਤੇ ਰੋਂਦੀਆਂ ਹੋਈਆਂ ਸਿਆਪਾ ਕਰਦੀਆਂ ਹਨ।

ਨੈਣ ਜਾਂ ਮਿਰਾਸਣ ਨੂੰ ਬਹੁਤ ਸਾਰੀਆਂ ਕਰੁਣਾਮਈ ਅਲਾਹਣੀਆਂ ਯਾਦ ਵੀ ਹੁੰਦੀਆਂ ਹਨ ਅਤੇ ਉਹ ਮੌਕੇ ’ਤੇ ਨਵੀਆਂ ਵੀ ਸਿਰਜ ਲੈਂਦੀ ਹੈ। ਉਹ ਸੁਰ-ਤਾਲ ਵਿਚ ਅਲਾਹਣੀਆਂ ਨੂੰ ਇਸ ਤਰ੍ਹਾਂ ਅਲਾਪਦੀ ਹੈ, ਜਿਵੇਂ ਕਰੁਣਾ ਰਸ ਨੇ ਸਾਕਾਰ ਰੂਪ ਧਾਰ ਲਿਆ ਹੋਵੇ। ਇਹ ਅਲਾਹਣੀਆਂ ਪੀੜ੍ਹੀ ਦਰ ਪੀੜ੍ਹੀ ਮੌਖਿਕ ਰੂਪ ਵਿਚ ਅੱਗੇ ਚੱਲਦੀਆਂ ਰਹਿੰਦੀਆਂ ਹਨ।
ਅਲਾਹਣੀਆਂ ਦਾ ਸੰਬੰਧ ਮਰ ਚੁੱਕੇ ਵਿਅਕਤੀ ਦੀ ਉਮਰ ਨਾਲ ਸਿੱਧੇ ਤੌਰ ’ਤੇ ਜੁੜਿਆ ਹੁੰਦਾ ਹੈ। ਇਸੇ ਕਾਰਣ ਬੱਚੇ ਦੀ ਮੌਤ ’ਤੇ ਪਾਈਆਂ ਜਾਣ ਵਾਲੀਆਂ ਅਲਾਹਣੀਆਂ ਵਿਚ ਮਮਤਾ-ਭਾਵ ਅਤੇ ਜਵਾਨ ਦੀ ਮੌਤ ’ਤੇ ਪਾਈਆਂ ਜਾਣ ਵਾਲੀਆਂ ਅਲਾਹਣੀਆਂ ਵਿਚ ਕਰੁਣਾ-ਭਾਵ ਵਧੇਰੇ ਹੁੰਦਾ ਹੈ। ਲੰਮੇਰੀ ਉਮਰ ਭੋਗ ਕੇ ਮਰਨ ਵਾਲੇ ਵਿਅਕਤੀ ਸੰਬੰਧੀ ਪਾਈਆਂ ਜਾਣ ਵਾਲੀਆਂ ਅਲਾਹਣੀਆਂ ਕਈ ਵਾਰ ਮਸ਼ਕਰੀਆਂ ਜਾਂ ਹਾਸੇ-ਠੱਠੇ ਦਾ ਰੂਪ ਵੀ ਧਾਰਨ ਕਰ ਜਾਂਦੀਆਂ ਹਨ।
ਅਲਾਹਣੀਆਂ ਦਾ ਸੰਬੰਧ ਮਰਨ ਵਾਲੇ ਵਿਅਕਤੀ ਦੇ ਲਿੰਗ-ਭੇਦ ਨਾਲ ਵੀ ਹੁੰਦਾ ਹੈ। ਜਵਾਨ ਮਰਦ ਦੀ ਮੌਤ ’ਤੇ ਪਾਈਆਂ ਜਾਣ ਵਾਲੀਆਂ ਅਲਾਹਣੀਆਂ ਵਿਚ ਜਿਥੇ ‘ਹਾਇ ਹਾਇ ਸ਼ੇਰ ਜਵਾਨਾ’ ਆਦਿ ਉਚਾਰਿਆ ਜਾਂਦਾ ਹੈ, ਉਥੇ ਜਵਾਨ ਔਰਤ ਦੀ ਮੌਤ ’ਤੇ ‘ਹਾਇ ਹਾਇ ਧੀਏ ਮੋਰਨੀਏ’ ਆਦਿ ਸ਼ਬਦ ਵਰਤੇ ਜਾਂਦੇ ਹਨ।
ਸੰਗੀਤਕ ਤੱਤਾਂ ਤੇ ਅਲਪ ਨਾਟਕੀ ਪ੍ਰਕਿਰਤੀ ਵਾਲਾ ਇਹ ਕਾਵਿ-ਰੂਪ, ਬੇਸ਼ੱਕ ਪੰਜਾਬੀ ਦਾ ਮੌਲਿਕ ਕਾਵਿ-ਰੂਪ ਸਥਾਪਤ ਹੁੰਦਾ ਹੈ, ਪਰ ਨਾਟਕੀਅਤਾ ਦੇ ਵਾਧੇ-ਘਾਟੇ ਤੇ ਵਿਭਿੰਨਤਾ ਸਮੇਤ ਅਜਿਹੇ ਸੋਗਮਈ ਗੀਤ ਲਗਭਗ ਸਾਰੀਆਂ ਹੀ ਭਾਸ਼ਾਵਾਂ ਵਿਚ ਪਾਏ ਜਾਂਦੇ ਹਨ। ਪੱਛਮੀ ਸਾਹਿਤ ਵਿਚ ਅਜਿਹੇ ਗੀਤਾਂ ਨੂੰ ‘Elegy’ ਕਿਹਾ ਜਾਂਦਾ ਹੈ। ਗਰੀਕ ‘Elegeia’ ਤੋਂ ਬਣਿਆ ਇਹ ਸ਼ਬਦ ਪੰਜਾਬੀ ਲੋਕ ਕਾਵਿ-ਰੂਪ ਅਲਾਹਣੀ ਵਾਲੇ ਅਰਥ ਹੀ ਅਭਿਵਿਅਕਤ ਕਰਦਾ ਹੈ। ਕੈਸਲਜ਼ ਐਨਸਾਈਕਲੋਪੀਡੀਆ ਅਨੁਸਾਰ ‘Elegy’ ਦਾ ਮੂਲ ਸੰਬੰਧ ਸੋਗ ਨਾਲ ਨਹੀਂ, ਬਲਕਿ ਬਾਂਸੁਰੀ ਗੀਤ ਨਾਲ ਜੁੜਦਾ ਹੈ, ਜਿਨ੍ਹਾਂ ਨੂੰ ‘Elegiac metre’ ਦੀ ਬੰਦਸ਼ ਵਿਚ ਰਚਿਆ ਜਾਂਦਾ ਸੀ। ਲਾਤੀਨੀ ਵਿਚ ਵੀ ਪਿਆਰ ਦੇ ਵਿਜੋਗਾਤਮਕ ਪਖ ਨੂੰ ਪ੍ਰਗਟਾਉਣ ਵਾਲੀਆਂ ਕਵਿਤਾਵਾਂ ਨੂੰ ‘Elegy’ ਕਿਹਾ ਜਾਂਦਾ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਫਰੀਦਕੋਟ ਵਾਲੇ ਟੀਕੇ ਵਿਚ ਇਕ ਪੁਰਾਤਨ ਅਲਾਹਣੀ ਦੇ ਬੋਲਾਂ ਦਾ ਨਮੂਨਾ ਇਸ ਪ੍ਰਕਾਰ ਦਿੱਤਾ ਗਿਆ ਹੈ:
ਪੇਈਅੜਾ ਬਲ ਪੇਈਅੜਾ ਅੰਬੀਰ ਕਾ ਮਰਨਾ ਸੁਰਗ ਬਿਬਾਨ ਮਾ ॥
ਤੈਨੂੰ ਹਰਿ ਹਰਿ ਕਰਤੇ ਲੇ ਚਲੇ ਸਿਵ ਸਿਵ ਕਰਤ ਬਿਹਾਰ ਮਾ ॥
ਪੁਤ ਜੇ ਪੋਤੇ ਆਪਨੇ ਹੋਰ ਰੋਵੈ ਸਭ ਪਰਵਾਰ ਮਾ ॥
ਘੰਟੇ ਵਜੇ ਰੁਣਝੁਣੇ ਸੰਖਾਂ ਕੇ ਘਨਘੋਰ ਮਾ ॥
ਜਾਇ ਉਤਾਰਾ ਗੰਗ ਸਿਰ ਅੰਬਾ ਠੰਡੀ ਛਾਉ ਮਾ ॥
ਚੰਦਨ ਚੀਰੀ ਕਾਠੀਆ ਤੁਲਸੀ ਲਾਂਬੂ ਦੇਵ ਮਾ ॥
ਤੈਨੂੰ ਖੜੇ ਉਡੀਕਨ ਦੇਵਤੇ ਤੂੰ ਸੁਰਗਾ ਪਰ ਮੈ ਆਵ ਮਾ ॥
ਰੋਵਨ ਸਭੇ ਗੋਪੀਆਂ ਮੋਹੀਆ ਜਾਦੋ ਰਾਵ ਮਾ ॥

ਇਸੇ ਪ੍ਰਕਾਰ ਬਹੁਤ ਸਾਰੀਆਂ ਪੰਜਾਬੀ ਅਲਾਹਣੀਆਂ ਦਾ ਪਾਠ ਡਾ. ਨਾਹਰ ਸਿੰਘ ਦੀ ਪੁਸਤਕ ‘ਕੱਲਰ ਦੀਵਾ ਮੱਚਦਾ (ਕੀਰਨੇ ਅਤੇ ਅਲਾਹੁਣੀਆਂ)’ ਵਿਚ ਅਤੇ ਇੰਟਰਨੈੱਟ ਉਪਰ ਵੀ ਉਪਲਬਧ ਹੈ। ਇਨ੍ਹਾਂ ਵਿਚੋਂ ਇਕ ਬੱਚੇ ਦੀ ਮੌਤ ਨਾਲ ਜੁੜੀ ਅਲਾਹਣੀ ਦੀ ਇਕ ਉਦਾਹਰਣ ਇਸ ਪ੍ਰਕਾਰ ਹੈ:
ਨੈਣ/ਮਰਾਸਣ | ਪਿੱਟਣ ਵਾਲੀਆਂ ਸੁਆਣੀਆਂ |
ਹਾਇ ਹਾ! ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਕੀ ਹੋਇਆ, ਕੀ ਹੋਇਆ? ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਕੀ ਹੋਇਆ ਹੈਰਾਨ ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਮੌਤ ਪੁਛੇਂਦੀ ਆਈ ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਬੈਠੀ ਬੂਹਾ ਮੱਲ ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਮੁੱਕੀ ਦੁੱਧ ਦੀ ਧਾਰ ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਹਾਣੀ ਮਾਰਨ ਵਾਜਾਂ ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਕਰਨ ਨਾ ਦਿੱਤੀ ਗੱਲ ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਖੇਡਣ ਨਾ ਦਿੱਤੀ ਖੇਡ ਮਾਂ ਦੇ ਬੱਚੜੇ ਨੂੰ | ਹਾਇ ਹਾ! ਮਾਂ ਦੇ ਬੱਚੜੇ ਨੂੰ |
ਕੀ ਹੋਇਆ, ਕੀ ਹੋਇਆ? ਮਾਂ ਦੇ ਬੱਚੜੇ ਨੂੰ, | ਹਾਇ ਹਾ! ਮਾਂ ਦੇ ਬੱਚੜੇ ਨੂੰ |
ਗੁਰਬਾਣੀ ਦੇ ਪ੍ਰਸੰਗ ਵਿਚ ਅਲਾਹਣੀਆਂ
ਗੁਰੂ ਨਾਨਕ ਸਾਹਿਬ ਨੇ ਮੌਤ ਉਪਰੰਤ ਪਾਈਆਂ ਜਾਂਦੀਆਂ ਅਲਾਹਣੀਆਂ ਦੀ ਸਮਾਜਕ ਰੀਤ ਦਾ ਰੂਪਾਂਤਰਣ ਕਰ ਕੇ ਇਸ ਨੂੰ ‘ਅਲਾਹਣੀਆ’ ਬਾਣੀ ਦੇ ਰੂਪ ਵਿਚ ਪ੍ਰਭੂ ਦੀ ਸਿਫਤਿ-ਸਾਲਾਹ ਅਤੇ ਪ੍ਰਭੂ-ਮਿਲਾਪ ਦੇ ਮਾਧਿਅਮ ਵਜੋਂ ਉਚਾਰਿਆ ਹੈ।
ਸਮਾਜਕ ਵਿਵਸਥਾ ਵਿਚ ਪ੍ਰਚਲਤ ਅਲਾਹਣੀਆਂ ਨਾਲੋਂ ਗੁਰੂ ਨਾਨਕ ਸਾਹਿਬ ਵੱਲੋਂ ਉਚਾਰਣ ਕੀਤੀਆਂ ਅਲਾਹਣੀਆਂ ਦੀ ਵਖਰਤਾ ਦਰਸਾਉਂਦੇ ਹੋਏ ਭਾਈ ਵੀਰ ਸਿੰਘ ਲਿਖਦੇ ਹਨ ਕਿ ਸਮਾਜ ਵਿਚ ਪ੍ਰਚਲਤ ਅਲਾਹਣੀਆਂ ਵਿਚ ਗਮ ਦੇ ਭਾਵ, ਨਾਸ਼ੁਕਰੀ ਦੇ ਖਿਆਲ ਅਤੇ ਵਾਪਰੇ ਦੁਖ ਉੱਤੇ ਹੋਰ ਦੁਖੀ ਹੋਣ ਦੀ ਤਾਸੀਰ ਹੁੰਦੀ ਹੈ। ਗੁਰੂ ਸਾਹਿਬ ਦੁਆਰਾ ਉਚਾਰਣ ਕੀਤੀਆਂ ਅਲਾਹਣੀਆਂ ਵਿਚ ਇਨ੍ਹਾਂ ਦੁਖਦਾਈ ਅਸਰਾਂ ਤੋਂ ਬਚਣ ਦੇ ਭਾਵ ਹਨ। ਇਨ੍ਹਾਂ ਵਿਚ ਪਰਮਾਤਮਾ ਦੇ ਗੁਣ ਕਥਨ ਕੀਤੇ ਹਨ ਤਾਂ ਕਿ ਮੌਤ ਉੱਤੇ ਦੁਖੀ ਹੋਣ ਵਾਲੇ ਲੋਕ ਪ੍ਰਭੂ ਦਾ ਭਾਣਾ ਮੰਨਣ ਅਤੇ ਦੁਖ, ਦਰਦ, ਗਮ, ਪੀੜਾ ਆਦਿ ਤੋਂ ਬਚ ਕੇ ਪ੍ਰਭੂ ਦੇ ਨਾਮ ਨਾਲ ਜੁੜਨ। ਇਸ ਪ੍ਰਕਾਰ ਗੁਰੂ ਸਾਹਿਬ ਦੁਆਰਾ ਉਚਾਰਣ ਕੀਤੀਆਂ ਅਲਾਹਣੀਆਂ ਉਨ੍ਹਾਂ ਸਮਾਜਕ ਅਲਾਹਣੀਆਂ ਦਾ ਇਲਾਜ ਹਨ। ਮਾਨੋ ਸਮਾਜਕ ਅਲਾਹਣੀਆਂ ਜਖਮ ਨੂੰ ਵਧਾਉਂਦੀਆਂ ਹਨ ਤੇ ਗੁਰੂ ਸਾਹਿਬ ਦੁਆਰਾ ਉਚਾਰਣ ਕੀਤੀਆਂ ਅਲਾਹਣੀਆਂ ਮਲ੍ਹਮ ਹਨ, ਜੋ ਜਖਮ ’ਤੇ ਠੰਡ ਪਾਉਂਦੀਆਂ ਹਨ। ਇਨ੍ਹਾਂ ਅਲਾਹਣੀਆਂ ਦਾ ਅਰੰਭ ‘ਧੰਨੁ ਸਿਰੰਦਾ ਸਚਾ ਪਾਤਿਸਾਹੁ’ ਤੋਂ ਕਰਨਾ ਹੀ ਦੱਸ ਦਿੰਦਾ ਹੈ ਕਿ ਇਨ੍ਹਾਂ ਵਿਚ ਪਰਮਾਤਮਾ ਦੀ ਸਿਫਤਿ-ਸਾਲਾਹ ਸਿਖਾਈ ਗਈ ਹੈ ਤੇ ਉਸ ਨਾਲ ਮਿਲੇ ਰਹਿਣ ਦਾ ਢੰਗ ਦੱਸਿਆ ਹੈ।

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲਿਖਦੇ ਹਨ ਕਿ ਅਲਾਹਣੀਆਂ ਦਿਲ ਚੀਰ ਕੇ ਬਾਹਰ ਨਿਕਲੀ ਵੇਦਨਾ ਹੋਣ ਦੇ ਨਾਤੇ ਕਰੁਣਾਮਈ ਸਾਹਿਤ ਦਾ ਵਡਮੁੱਲਾ ਭਾਗ ਹਨ। ਗੁਰੂ ਨਾਨਕ ਸਾਹਿਬ ਨੇ ਇਸ ਕਾਵਿ-ਰੂਪ ਦੀ ਮਹੱਤਤਾ ਨੂੰ ਅਨੁਭਵ ਕਰ ਕੇ ਇਸ ਵਿਚ ਬਾਣੀ ਉਚਾਰੀ ਹੈ। ਇਸ ਵਿਚ ਮਿਰਤਕ ਵਿਅਕਤੀ ਨਾਲ ਸੰਬੰਧਤ ਰੀਤਾਂ-ਰਸਮਾਂ ਤੋਂ ਵਰਜ ਕੇ ਪਰਮਾਤਮਾ ਦੇ ਗੁਣਾਂ ਦੀ ਸਿਫਤਿ-ਸਾਲਾਹ ਕੀਤੀ ਗਈ ਹੈ।

ਉਪਰੋਕਤ ਵਿਚਾਰਾਂ ਨਾਲ ਮੇਲ ਖਾਂਦੇ ਵਿਚਾਰ ਹੀ ਪ੍ਰੋ. ਸਾਹਿਬ ਸਿੰਘ ਅਤੇ ਸ਼ਬਦਾਰਥੀ ਵਿਦਵਾਨਾਂ ਨੇ ਪ੍ਰਗਟ ਕੀਤੇ ਹਨ। ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਅਲਾਹਣੀਆਂ ਵਿਚ ਗੁਰੂ ਸਾਹਿਬ ਰੋਣ-ਪਿੱਟਣ ਤੋਂ ਵਰਜ ਕੇ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਅਤੇ ਉਸ ਦੀ ਸਿਫਤਿ-ਸਾਲਾਹ ਕਰਨ ਦਾ ਉਪਦੇਸ਼ ਦਿੰਦੇ ਹਨ।


ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਵੱਲੋਂ ਉਚਾਰਣ ਕੀਤੀ ‘ਅਲਾਹਣੀਆ’ ਬਾਣੀ, ਅਲਾਹਣੀਆਂ ਕਾਵਿ-ਰੂਪ ਦੀ ਧਾਰਨਾ ਅਤੇ ਸੰਚਾਰ-ਯੋਗਤਾ ਦੀ ਵਰਤੋਂ ਰਾਹੀਂ, ਮਨੁਖ ਨੂੰ ਜੀਵਨ ਦੀ ਛਿਣ-ਭੰਗਰਤਾ ਦਰਸਾ ਕੇ ਸਦੀਵੀ ਪ੍ਰਭੂ ਨਾਲ ਜੋੜਦੀ ਹੈ। ਵਿਛੋੜੇ ਦਾ ਦੁਖ ਹੰਢਾ ਰਹੇ ਦੁਖੀ ਹਿਰਦਿਆਂ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ। ਇਸੇ ਕਰਕੇ ਮਿਰਤਕ ਵਿਅਕਤੀ ਦੇ ਸਸਕਾਰ ਉਪਰੰਤ ਗੁਰਦੁਆਰਾ ਸਾਹਿਬ ਵਿਚ ਜੁੜੀ ਸੰਗਤ ਦੀ ਹਾਜ਼ਰੀ ਵਿਚ ਇਸ ਦਾ ਪਾਠ ਕੀਤਾ ਜਾਂਦਾ ਹੈ।