Guru Granth Sahib Logo
  
ਭਗਤ ਸਧਨਾ ਜੀ ਉੱਤਰ-ਭਾਰਤੀ ਭਗਤੀ ਪਰੰਪਰਾ ਦੇ ਭਗਤ ਸਨ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਜੀ (੧੩੭੬-੧੪੯੧ ਈ.) ਨੇ ਹੋਰਨਾਂ ਭਗਤਾਂ ਦੇ ਨਾਲ ਆਪ ਜੀ ਦਾ ਵੀ ਉਲੇਖ ਕੀਤਾ ਹੈ:

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥ -ਗੁਰੂ ਗ੍ਰੰਥ ਸਾਹਿਬ ੧੧੦੬

ਭਾਈ ਗੁਰਦਾਸ ਜੀ (੧੫੫੧-੧੬੩੬ ਈ.) ਨੇ ਵੀ ਆਪ ਜੀ ਦਾ ਜਿਕਰ ਆਪਣੀ ਰਚਨਾ ਵਿਚ ਪੁਰਾਤਨ ਭਗਤਾਂ ਧ੍ਰੂ, ਪ੍ਰਹਿਲਾਦ, ਅੰਬਰੀਕ, ਬਲਿ, ਸਨਕਾਦਿਕ, ਬਾਲਮੀਕ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭਗਤਾਂ ਬੇਣੀ, ਜੈਦੇਵ, ਤ੍ਰਿਲੋਚਨ, ਨਾਮਦੇਵ ਤੇ ਧੰਨਾ ਜੀ ਨਾਲ ਕੀਤਾ ਹੈ:

ਗੁਰਮੁਖਿ ਸੁਖ ਫਲੁ ਪਾਇਆ ਸਾਧਸੰਗਤਿ ਗੁਰਸਰਣੀ ਆਏ।
ਧ੍ਰੂ ਪ੍ਰਹਿਲਾਦੁ ਵਖਾਣਿਅਨਿ ਅੰਬਰੀਕੁ ਬਲਿ ਭਗਤਿ ਸਬਾਏ।
ਸਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗ ਤਰਾਏ।
ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ। -ਭਾਈ ਗੁਰਦਾਸ ਜੀ, ਵਾਰ ੨੩ ਪਉੜੀ ੧੫

ਜਿਆਦਾਤਰ ਭਗਤ ਬਾਣੀਕਾਰਾਂ ਵਾਂਗ ਭਗਤ ਸਧਨਾ ਜੀ ਦੇ ਜੀਵਨ ਸੰਬੰਧੀ ਵੀ ਕੋਈ ਪ੍ਰਮਾਣਕ ਜਾਣਕਾਰੀ ਨਹੀਂ ਮਿਲਦੀ। ਵਖ-ਵਖ ਵਿਦਵਾਨਾਂ ਦੁਆਰਾ ਆਪ ਜੀ ਸੰਬੰਧੀ ਜੋ ਵੀ ਜਾਣਕਾਰੀ ਦਿੱਤੀ ਗਈ ਹੈ, ਉਸ ਵਿਚ ਬਹੁਤ ਸਾਰੇ ਵਖਰੇਵੇਂ ਹਨ।

ਵਿਦਵਾਨਾਂ ਦੁਆਰਾ ਭਗਤ ਨਾਮਦੇਵ ਜੀ (੧੨੭੦-੧੩੫੦ ਈ.) ਤੋਂ ਲੈ ਕੇ ਗੁਰੂ ਨਾਨਕ ਸਾਹਿਬ (੧੪੬੯-੧੫੩੯) ਤਕ ਦੇ ਸਮੇਂ ਦੀਆਂ ਸਧਨਾ ਨਾਮ ਵਾਲੀਆਂ ਤਿੰਨ ਵਖ-ਵਖ ਸਖਸ਼ੀਅਤਾਂ ਨੂੰ ਭਗਤ ਸਧਨਾ ਜੀ ਮੰਨਿਆ ਗਿਆ ਹੈ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਨ੍ਹਾਂ ਤਿੰਨਾਂ ਸਖਸ਼ੀਅਤਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਰਚਨਾਕਾਰ ਕਿਸ ਨੂੰ ਮੰਨਿਆ ਜਾਵੇ?

ਭਾਈ ਕਾਨ੍ਹ ਸਿੰਘ ਨਾਭਾ, ਮੈਕਸ ਆਰਥਰ ਮੈਕਾਲਿਫ, ਭਾਈ ਜੋਧ ਸਿੰਘ, ਗਿ. ਪ੍ਰਤਾਪ ਸਿੰਘ, ਸੁਖਦੇਵ ਸਿੰਘ ਸ਼ਾਂਤ ਅਤੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਦਵਾਨਾਂ ਨੇ ਭਗਤ ਸਧਨਾ ਜੀ ਨੂੰ ਸਿੰਧ ਪ੍ਰਾਂਤ ਦੇ ਹੈਦਰਾਬਾਦ ਇਲਾਕੇ (ਹੁਣ ਪਾਕਿਸਤਾਨ) ਦੇ ਸੇਹਵਾਨ ਜਾਂ ਸੇਹਵਾਂ ਨਗਰ ਦਾ ਵਸਨੀਕ ਅਤੇ ਭਗਤ ਨਾਮਦੇਵ ਜੀ (ਜਨਮ ੧੨੭੦ ਈ) ਦਾ ਸਮਕਾਲੀ ਮੰਨਿਆ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੫੨; ਮੈਕਸ ਆਰਥਰ ਮੈਕਾਲਿਫ, ਸਿਖ ਧਰਮ, ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਤੇ ਰਚਨਾਕਾਰ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਯੋਗਦਾਨੀ ਭਗਤ), ਡਾ. ਧਰਮ ਸਿੰਘ (ਅਨੁ.), ਜਿਲਦ ਛੇਵੀਂ, ਪੰਨਾ ੩੯; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਤੀਜੀ, ਪੰਨਾ ੮੫੮; ਭਾਈ ਜੋਧ ਸਿੰਘ, ਭਗਤ ਨਾਮਦੇਵ ਤਥਾ ਹੋਰ ਭਗਤ: ਜੀਵਨੀ ਤੇ ਰਚਨਾ, ਪੰਨਾ ੮੧; ਗਿ. ਪ੍ਰਤਾਪ ਸਿੰਘ, ਭਗਤ ਦਰਸ਼ਨ, ਪੰਨਾ ੧੩੮
ਸੁਖਦੇਵ ਸਿੰਘ ਸ਼ਾਂਤ ਤੋਂ ਬਿਨਾਂ ਇਨ੍ਹਾਂ ਵਿਦਵਾਨਾਂ ਵਿਚੋਂ ਹੋਰ ਕਿਸੇ ਨੇ ਭਗਤ ਸਧਨਾ ਜੀ ਦੀ ਜਨਮ ਮਿਤੀ ਦਾ ਕੋਈ ਵੇਰਵਾ ਨਹੀਂ ਦਿੱਤਾ। ਸੁਖਦੇਵ ਸਿੰਘ ਸ਼ਾਂਤ ਨੇ ਭਗਤ ਸਧਨਾ ਜੀ ਦਾ ਜਨਮ ੧੨੭੦ ਈ. ਦੇ ਨੇੜੇ-ਤੇੜੇ ਦਾ ਹੀ ਅਨੁਮਾਨਿਆ ਹੈ। ਉਨ੍ਹਾਂ ਅਨੁਸਾਰ ਆਪ ਜੀ ਭਗਤ ਰਵਿਦਾਸ ਜੀ ਤੋਂ ਪਹਿਲਾਂ ਹੋਏ ਸਨ। ਆਪ ਜੀ ਦਾ ਦੇਹਾਂਤ ੧੩੫੧ ਈ. ਤੋਂ ਬਾਅਦ ਸਰਹਿੰਦ (ਫਤਿਹਗੜ੍ਹ ਸਾਹਿਬ, ਪੰਜਾਬ) ਵਿਖੇ ਹੋਇਆ। ਜਿਥੇ ਆਪ ਜੀ ਦਾ ਇਕ ਦੇਹੁਰਾ (ਯਾਦਗਾਰ) ਵੀ ਹੈ।
Bani Footnote ਸੁਖਦੇਵ ਸਿੰਘ ਸ਼ਾਂਤ, ਪੰਦਰਾਂ ਭਗਤ ਸਾਹਿਬਾਨ, ਪੰਨਾ ੧੧੨
ਸਰਹਿੰਦ ਸ਼ਹਿਰ ਨੂੰ ਫਿਰੋਜ਼ਸ਼ਾਹ ਤੁਗਲਕ ਨੇ ੧੩੫੫ ਈ. ਵਿਚ ਅਬਾਦ ਕੀਤਾ। ਸ਼ਾਇਦ ਪਿਛਲੀ ਉਮਰੇ ਭਗਤ ਸਧਨਾ ਜੀ ਫਿਰੋਜ਼ਸ਼ਾਹ ਤੁਗਲਕ ਦੇ ਸਹਿਯੋਗ ਨਾਲ ਸਰਹਿੰਦ ਆ ਕੇ ਰਹਿਣ ਲੱਗ ਪਏ ਸਨ।
Bani Footnote ਹਰਪ੍ਰੀਤ ਸਿੰਘ ਨਾਜ਼, ਭਗਤ ਸਧਨਾ ਜੀ, ਜਿਨਿ ਨਾਮੁ ਲਿਖਾਇਆ ਸਚੁ, ਬਲਵਿੰਦਰ ਸਿੰਘ ਜੌੜਾਸਿੰਘਾ, ਸਿਮਰਨਜੀਤ ਸਿੰਘ (ਸੰਪਾ.), ਪੰਨਾ ੧੩੬-੧੩੭


ਡਾ. ਰਾਏਜਸਬੀਰ ਸਿੰਘ ਨੇ ਭਗਤ ਸਧਨਾ ਜੀ ਦੀ ਜਨਮ ਮਿਤੀ ੧੧੮੦ ਈ. (੧੨੩੭ ਬਿ.) ਲਿਖੀ ਹੈ।
Bani Footnote ਡਾ. ਰਾਏਜਸਬੀਰ ਸਿੰਘ, ਭਗਤ ਸਧਨਾ ਜੀ, ਪੰਨਾ ੧੫੮
ਇਸ ਮਿਤੀ ਨੂੰ ਜੇਕਰ ਉਨ੍ਹਾਂ ਦੇ ਸਮਕਾਲੀ ਮੰਨੇ ਜਾਂਦੇ ਭਗਤ ਨਾਮਦੇਵ ਜੀ ਦੀ ਜਨਮ ਮਿਤੀ ਨਾਲ ਮਿਲਾਇਆ ਜਾਵੇ ਤਾਂ ਭਗਤ ਨਾਮਦੇਵ ਜੀ ਦੇ ਜਨਮ ਸਮੇਂ ਆਪ ਜੀ ਦੀ ਉਮਰ ੯੦ ਸਾਲ ਬਣਦੀ ਹੈ। ਇਸ ਪ੍ਰਕਾਰ ਭਗਤ ਸਧਨਾ ਜੀ ਅਤੇ ਨਾਮਦੇਵ ਜੀ ਸਮਕਾਲੀ ਨਹੀਂ ਬਣਦੇ।

ਪਰਸ਼ੂਰਾਮ ਚਤੁਰਵੇਦੀ ਨੇ ਸੇਹਵਾਨ ਵਾਲੇ ਭਗਤ ਸਧਨਾ ਜੀ (ਜਿਨ੍ਹਾਂ ਦਾ ਜਿਕਰ ਉਪਰੋਕਤ ਵਿਦਵਾਨਾਂ ਨੇ ਕੀਤਾ ਹੈ) ਦੇ ਨਾਲ ਇਕ ਹੋਰ ਭਗਤ ਸਧਨਾ ਜੀ ਦੇ ਹੋਣ ਦਾ ਉਲੇਖ ਕੀਤਾ ਹੈ। ਪ੍ਰੰਤੂ ਉਨ੍ਹਾਂ ਅਨੁਸਾਰ ਇਸ ਸਧਨਾ ਜੀ ਦੇ ਜਨਮ ਸਥਾਨ ਬਾਰੇ ਕੋਈ ਪਤਾ ਨਹੀਂ ਲੱਗਦਾ। ਇਸ ਸਧਨਾ ਜੀ ਬਾਰੇ ਇਹ ਵੀ ਮੰਨਿਆ ਜਾਂਦਾ ਹੈ ਕਿ ਆਪ ਜੀ ਦਾ ਜਿਕਰ ਭਗਤ ਨਾਮਦੇਵ ਜੀ ਨੇ ਆਪਣੀ ਰਚਨਾ ਵਿਚ ਕੀਤਾ ਹੈ। ਪਰ ਚਤੁਰਵੇਦੀ ਜੀ ਨੂੰ ਇਸ ਸੰਬੰਧੀ ਭਗਤ ਨਾਮਦੇਵ ਜੀ ਦੀ ਕੋਈ ਪ੍ਰਮਾਣਕ ਲਿਖਤ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਨੇ ਇਸ ਮਾਨਤਾ ਦੀ ਪੁਸ਼ਟੀ ਨਹੀਂ ਕੀਤੀ।
Bani Footnote ਪਰਸ਼ੂਰਾਮ ਚਤੁਰਵੇਦੀ, ਉਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੭੭


ਭਾਈ ਰਣਧੀਰ ਸਿੰਘ (ਇਤਿਹਾਸ ਖੋਜੀ) ਨੇ ਭਗਤ ਸਧਨਾ ਜੀ ਬਾਰੇ ਇਕ ਹੋਰ ਮਤ ਪੇਸ਼ ਕੀਤਾ ਹੈ। ਉਨ੍ਹਾਂ ਦੇ ਮਤ ਨਾਲ ਤੀਸਰੇ ਭਗਤ ਸਧਨਾ ਜੀ ਦਾ ਵਿਚਾਰ ਉਭਰਦਾ ਹੈ। ਉਨ੍ਹਾਂ ਅਨੁਸਾਰ ਜਿਸ ਭਗਤ ਸਧਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੀ ਹੈ, ਉਹ ਸੇਹਵਾਨ ਦੇ ਵਸਨੀਕ ਅਤੇ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਨ। ਜਿਨ੍ਹਾਂ ਵਿਦਵਾਨਾਂ ਨੇ ਇਸ ਭਗਤ ਸਧਨਾ ਜੀ ਨੂੰ ੧੧੮੦ ਈ. ਵਿਚ ਪੈਦਾ ਹੋਏ ਸਧਨਾ ਜੀ ਨਾਲ ਜੋੜਿਆ ਹੈ, ਉਨ੍ਹਾਂ ਨੇ ਭੁਲੇਖਾ ਖਾਧਾ ਹੈ।
Bani Footnote ਉਧਰਤ, ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ), ਪੰਨਾ ੪੯੨


ਗਿ. ਗੁਰਦਿੱਤ ਸਿੰਘ ਨੇ ਵੀ ਭਾਈ ਰਣਧੀਰ ਸਿੰਘ ਨਾਲ ਸਹਿਮਤੀ ਪ੍ਰਗਟਾਉਂਦਿਆਂ ਭਗਤ ਸਧਨਾ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਸਮਕਾਲੀ ਲਿਖਿਆ ਹੈ। ਉਨ੍ਹਾਂ ਅਨੁਸਾਰ ਆਪ ਜੀ ਉਨ੍ਹਾਂ ਭਗਤਾਂ ਦੇ ਸਾਥੀ ਸਨ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਅਯੁਧਿਆ (ਉੱਤਰ ਪ੍ਰਦੇਸ਼, ਭਾਰਤ) ਵਿਖੇ ਮਿਲੇ ਸਨ। ਉਨ੍ਹਾਂ ਭਗਤਾਂ ਵਿਚ ਭਗਤ ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ, ਰਵਿਦਾਸ, ਧੰਨਾ, ਬੇਣੀ ਅਤੇ ਸਧਨਾ ਜੀ ਸ਼ਾਮਲ ਸਨ। ਆਪਣੇ ਵਿਚਾਰ ਦੀ ਪੁਸ਼ਟੀ ਲਈ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੰਬੰਧੀ ਮਿਲਦੀ ਮਿਹਰਬਾਨ ਵਾਲੀ ਜਨਮਸਾਖੀ ਵਿਚੋਂ ਹਵਾਲਾ ਵੀ ਦਿੱਤਾ ਹੈ:

‘ਤਬ ਸ੍ਰੀ ਪਾਰਬ੍ਰਹਮ ਕੀ ਆਗਿਆ ਸਾਥ ਭਗਤ ਮਿਲੈ, ਮਿਲ ਕਰ ਆਏ, ਨਾਮਾ, ਜੈਦੇਉ, ਕਬੀਰ, ਤ੍ਰਿਲੋਚਨ, ਰਵਦਾਸ, ਸਧਨਾ, ਧੰਨਾ, ਬੇਣੀ ਅਵਰ ਜਿ ਕੋਈ ਭਗਤ ਥਾ, ਸਭ ਮਿਲਕਰ ਗੁਰੂ ਬਾਬੇ ਨਾਨਕ ਪਹਿ ਆਏ।’

ਗਿ. ਗੁਰਦਿੱਤ ਸਿੰਘ ਨੇ ਭਗਤ ਸਧਨਾ ਜੀ ਨਾਲ ਸੰਬੰਧਤ ਸਰਹਿੰਦ ਵਾਲੇ ਦੇਹੁਰੇ ਦਾ ਵੀ ਉਲੇਖ ਕੀਤਾ ਹੈ। ਪਰ, ਉਨ੍ਹਾਂ ਅਨੁਸਾਰ ਆਪ ਜੀ ਨੂੰ ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ (੧੪੫੮-੧੫੧੭ ਈ.) ਦੇ ਹੁਕਮ ਨਾਲ ਸਰਹਿੰਦ ਵਿਖੇ ਬੁਰਜ ਵਿਚ ਚਿਣਿਆ ਗਿਆ ਸੀ। ਇਹ ਬੁਰਜ ‘ਸਧਨੇ ਭਗਤ ਵਾਲਾ ਬੁਰਜ’ ਦੇ ਨਾਮ ਨਾਲ ਪ੍ਰਸਿੱਧ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ), ਪੰਨਾ ੪੯੨-੪੯੩


ਉਪਰੋਕਤ ਵਿਚਾਰਾਂ ਤੋਂ ਜਾਪਦਾ ਹੈ ਕਿ ਭਗਤ ਸਧਨਾ ਨਾਮ ਦੀਆਂ ਤਿੰਨ ਵਖੋ-ਵਖ ਸਖਸ਼ੀਅਤਾਂ ਹੋਈਆਂ ਹਨ:
  • ਪਹਿਲੇ ਉਹ, ਜਿਨ੍ਹਾਂ ਨੂੰ ਭਗਤ ਨਾਮਦੇਵ ਜੀ ਦਾ ਸਮਕਾਲੀ ਅਤੇ ਸੇਹਵਾਨ ਦਾ ਵਸਨੀਕ ਕਿਹਾ ਜਾਂਦਾ ਹੈ।
  • ਦੂਜੇ ਉਹ, ਜਿਨ੍ਹਾਂ ਨੂੰ ਪਰਸ਼ੂਰਾਮ ਚਤੁਰਵੇਦੀ ਨੇ ਸੇਹਵਾਨ ਦੇ ਵਸਨੀਕ ਤਾਂ ਕਿਹਾ ਹੈ, ਪਰ ਪਹਿਲੇ ਨਾਲੋਂ ਵਖਰੇ ਦਰਸਾਇਆ ਹੈ।
  • ਤੀਜੇ, ਜਿਨ੍ਹਾਂ ਬਾਰੇ ਭਾਈ ਰਣਧੀਰ ਸਿੰਘ ਅਤੇ ਗਿ. ਗੁਰਦਿੱਤ ਸਿੰਘ ਨੇ ਜਾਣਕਾਰੀ ਦਿੱਤੀ ਹੈ।
ਜਿਕਰਜੋਗ ਹੈ ਕਿ ਭਾਈ ਰਣਧੀਰ ਸਿੰਘ ਅਤੇ ਗਿ. ਗੁਰਦਿੱਤ ਸਿੰਘ ਨੇ ਹੋਰਨਾਂ ਤੱਥਾਂ ਤੋਂ ਇਲਾਵਾ ਭਗਤ ਸਧਨਾ ਜੀ ਨਾਲ ਸੰਬੰਧਤ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਰਚਨਾ ਦਾ ਹਵਾਲਾ ਦਿੰਦਿਆਂ ਆਪਣਾ ਮਤ ਪੇਸ਼ ਕੀਤਾ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦ ਨਾਲ ਕਾਫੀ ਸਮਾਨਤਾ ਰਖਦੀ ਹੈ। ਇਸ ਕਾਰਣ ਇਨ੍ਹਾਂ ਦਾ ਮਤ ਜਿਆਦਾ ਦਰੁਸਤ ਜਾਪਦਾ ਹੈ, ਪਰ ਇਸ ਬਾਰੇ ਹੋਰ ਵਧੇਰੇ ਖੋਜ ਦੀ ਲੋੜ ਹੈ।

ਭਗਤ ਸਧਨਾ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਰਚਨਾ
ਗਿ. ਗੁਰਦਿੱਤ ਸਿੰਘ ਨੇ ਭਗਤ ਸਧਨਾ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਰਚਨਾ ਦਾ ਵੇਰਵਾ ਆਪਣੀ ਪੁਸਤਕ ‘ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ)’ ਵਿਚ ਪੰਨਾ ੪੯੩ ਤੋਂ ੪੯੫ ਤਕ ਦਿੱਤਾ ਹੈ। ਇਸ ਵਿਚ ਉਨ੍ਹਾਂ ਨੇ ਭਾਈ ਰਣਧੀਰ ਸਿੰਘ ਦੁਆਰਾ ਇਕੱਠੇ ਕੀਤੇ ਕੁਝ ‘ਦੋਹੇ’ ਅਤੇ ‘ਜੋਧਪੁਰ ਪ੍ਰਾਚੀਨ ਪ੍ਰਤਿਸ਼ਠਾਨ’ (ਰਾਜਸਥਾਨ) ਵਿਖੇ ਮੌਜੂਦ ਭਗਤ ਬਾਣੀ ਦੇ ਸੰਗ੍ਰਹਿ ਵਿਚੋਂ ਮਿਲੇ ਦੋ ਸ਼ਬਦਾਂ ਦਾ ਪਾਠ ਸ਼ਾਮਲ ਕੀਤਾ ਹੈ। ‘ਦੋਹਿਆਂ’ ਦਾ ਪਾਠ ਇਸ ਪ੍ਰਕਾਰ ਹੈ:

“ੴ ਸਤਿਗੁਰੂ ਪ੍ਰਸਾਦਿ ॥
ਸੁਰਠਾ:
ਜਾ ਕਉ ਕਹੀਆਂ ਪੀਉ, ਤਾਸਿਉ ਕਛੁ ਨਾ ਦੁਹਰਾਈਐ ॥
ਜੇ ਵਹੁ ਮਾਂਗੇ, ਤਨ ਮਹਿ, ਤਨਕੁ ਨ ਰਾਖੀਐ ॥੧॥
ਦੋਹਰਾ:
ਹਮ ਪਿਆਰੇ ਤੇਰੇ ਦਰਸਿ ਕੇ, ਪ੍ਰੀਤਮ ਮੁਝ ਦਰਸਨ ਦੇਹਿ।
ਅੰਧਲੇ ਕੇਰੀ ਟੋਹਣੀ, ਹਾਇ ਛੀਨ ਮਤੁ ਲੇਹਿ ॥੨॥
ਪਿਰੀ ਮਹਿੰਡੇ ਪਾਤਸ਼ਾਹੁ, ਮੈਂ ਪਿਰੀਆ ਵਾਜੀਰੁ ।
ਪਿਰੀ ਵਿਛੋੜਾ ਕਿਉ ਸਹਿਨ, ਜਿਨ ਸਿਰ ਨਾਨਕ ਪੀਰੁ॥੩॥
ਪਿਰੀਆਂ ਸੰਦਾ ਮੋਹਣਾ, ਮਥੇ ਤੇ ਲਿਖਓਮੁ ॥
ਜਿਨ੍ਹਾਂ ਮਸਤਕਿ ਲਿਖਿਆ, ਨਾਨਕ ਤਿਨ ਮਿਲਿਓਨ ॥੪॥
ਕੂੜੀ ਕਾਰਿ ਕਰੇਦਿਆ, ਨਿਕਲ ਵੈਸੀ ਜੀਉ।
ਅਸੀ ਜਲੁ ਕੋਇਲਾ ਥੀਏ, ਤੂੰ ਕਦੀ ਅਸਾਡਾ ਥੀਉ ॥੫॥
ਭਵਰਾ ਰੇ ਬਦੇਸੀਆ, ਬੇਦਨ ਪੂਛਉ ਤੋਹਿ ॥
ਸਭੁ ਤਨੁ ਤੈਰੋ ਸਾਵਰੋ, ਮੁਖ ਕਿਉਂ ਪੀਅਰੋ ਹੋਇ ?
ਦੁਖੀਅਨਿ ਕੇ ਮੁਖਿ ਪੀਅਰੇ, ਦਰਦੁ ਨਾ ਜਾਨੇ ਕੋਇ ॥
ਹਮਰੀ ਬੇਦਨ ਸੋ ਬੂਝੇ ਜੌ ਹਮ ਸਾ ਦੁਖੀਆ ਹੋਇ॥
ਪ੍ਰੀਤਮ ਇਉ ਮਤਿ ਜਾਨੀਓ, ਜੋ ਬਿਛਰਤ ਪ੍ਰੀਤਿ ਘਟਾਇ।
ਬਿਯਾਪਾਰੀ ਕੇ ਬਿਆਜ ਜਿਉ, ਦਿਨੁ ਦਿਨੁ ਬਢਤੀ ਜਾਇ।।੯॥
ਪ੍ਰੀਤਮ ਤੁਮਰੇ ਦਰਸ ਕਉ, ਹਮਰੇ ਨੈਨ ਅਧੀਨ ॥
ਤਰਫ ਤਰਫ ਜੀਉ ਦੇਤ ਹੈ, ਜਿਉ ਬਿਛਰੇ ਜਲ ਮੀਨ ॥੧੦॥”

‘ਜੋਧਪੁਰ ਪ੍ਰਾਚੀਨ ਪ੍ਰਤਿਸ਼ਠਾਨ’ ਵਿਖੇ ਮੌਜੂਦ ਭਗਤਾਂ ਦੀ ਬਾਣੀ ਦੇ ਸੰਗ੍ਰਹਿ ਵਿਚ ਭਗਤ ਸਧਨਾ ਜੀ ਦੇ ਪਹਿਲੇ ਸ਼ਬਦ ਉਪਰ ਰਾਗ ਦਾ ਸਿਰਲੇਖ ਰਾਮਕਲੀ ਦਿੱਤਾ ਹੋਇਆ ਹੈ। ਦੂਜੇ ਸ਼ਬਦ ਦੇ ਰਾਗ ਦੀ ਕੋਈ ਵਖਰੀ ਸੂਚਨਾ ਨਹੀਂ ਦਿੱਤੀ ਗਈ। ਪਹਿਲੇ ਸ਼ਬਦ ਦਾ ਰਾਗ ਰਾਮਕਲੀ ਹੈ, ਇਸ ਲਈ ਦੂਜਾ ਸ਼ਬਦ ਵੀ ਉਸੇ ਰਾਗ ਅਧੀਨ ਸਮਝਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਬਿਲਾਵਲ ਰਾਗ ਵਿਚ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੇ ਦੋਵਾਂ ਸ਼ਬਦਾਂ ਦਾ ਪਾਠ ਇਸ ਪ੍ਰਕਾਰ ਹੈ:

ਰਾਗ ਰਾਮਕਲੀ :
ਸ਼ਬਦ ੧
ਮਨ ਮਧੂ ਕੀਰਤਨ ਮਾਂਨ ਸਰੋਦਿਨ, ਉਭੈ ਪਹੁਪਤਾ ਮਾਹੀ।
ਏਕ ਹਲਾਹਲ ਏਕ ਅਮੀਰਸ, ਦੋਈ ਸੁਭਾਵ ਨਹੀਂ ਜਾਹੀ॥ ਟੇਕ
ਅਮੀ ਕਾਲ ਪਰਿ ਜੇ ਚੜ ਬੈਠੇ, ਤੇ ਸਹਜ ਸਮਾਧਿ ਬਬੇਕਾ ॥
ਜੋ ਕਬਹੂ ਮਨ ਬਿਸ਼ੈ ਸੋ ਰਾਤ, ਤੋ ਦੀਪ ਪਤੰਗ ਕਾ ਲੇਖਾ ॥੧॥
ਸਹਜ ਕਵਲ ਖਿਮਾਦਲ ਜਾਕੈ, ਸੰਤੋਸ਼ ਤਾਸ ਅਖਾਣੀ॥
ਆਨੰਦ ਪ੍ਰਕਾਸ਼ ਨਾਲਿ ਗੁਣ ਸਤਿਗੁਰ, ਤਹ ਆਸਥਿਤ ਕਾਹੇ ਜਾਣੀ॥੨॥
ਜਹ ਮਰਣ ਬਿਆਧਿ ਬਲ ਨਾਹੀ, ਪਾਇਆ ਸ਼ੁਭ ਅਸਥਾਨਾ॥
ਕਹੈ ਸਧਨਾ ਸੋ ਸਬ ਘਟਿ ਵਿਆਪਕ, ਬਿਰਲੈ ਕਾਹੂ ਜਾਨਾ ॥੩॥

ਸ਼ਬਦ ੨
ਤੁਮ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਕਾਸੈ ॥
ਸਿੰਘ ਸਰਨ ਕਤ ਜਾਈਏ ਜੌ ਜੰਬਕ ਗ੍ਰਾਸੈ ॥ਟੇਕ ੮੫੮॥
ਪੈਰਤ ਪੈਰਤ ਭੋਜਲਾ, ਕਾਹੂ ਥਾਹ ਨਾ ਪਾਉਂ ॥
ਬੂਡਿ ਮੁਵੈ ਨੋਕਾ ਮਿਲੈ, ਤੇ ਕਾਹਿ ਚੜਾਉਂ ।
ਸਵਾਤਿ ਬੂੰਦ ਕੈ ਕਾਰਨੈ, ਚਾਤ੍ਰਿਕ ਦੁਖ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨ ਕਾਮ ਨ ਆਵੈ ॥
ਨਿਰਪ ਕੰਨਿਆ ਕੇ ਕਾਰਨੇ, ਏਕ ਭਇਉਂ ਭੇਖ ਧਾਰੀ ॥
ਕਾਮ ਲੁਬਧਿ ਪਾਖੰਡ ਰਚਿਉਂ ਤਾਕੀ ਪੈਜ ਸਵਾਰੀ ॥੩॥
ਮੈਂ ਹੋ ਕਰਮੀ ਤੂੰ ਮੇਟਨਾ, ਔਗੁਣ ਸਬ ਮੇਰਾ ॥
ਕੂੜਾ ਕਪਟੀ ਰਾਮ ਜੀ, ਸਧਨਾ ਜਨ ਤੇਰਾ ॥੪॥੨॥

ਜਿਕਰਜੋਗ ਹੈ ਕਿ ਭਗਤ ਸਧਨਾ ਜੀ ਦਾ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਸ ਦਾ ਰਾਗ ਬਿਲਾਵਲ ਹੈ ਅਤੇ ਬੰਦਾਂ ਦੀ ਤਰਤੀਬ ਤੇ ਸ਼ਬਦ-ਜੋੜਾਂ ਵਿਚ ਕੁਝ ਅੰਤਰ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦ ਇਸ ਪ੍ਰਕਾਰ ਹੈ:

ਬਾਣੀ ਸਧਨੇ ਕੀ ਰਾਗੁ ਬਿਲਾਵਲੁ
ੴ ਸਤਿਗੁਰ ਪ੍ਰਸਾਦਿ ॥
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥
-ਗੁਰੂ ਗ੍ਰੰਥ ਸਾਹਿਬ ੮੫੮

ਗਿ. ਗੁਰਦਿੱਤ ਸਿੰਘ ਅਨੁਸਾਰ ਭਗਤ ਸਧਨਾ ਜੀ ਦਾ ਗੁਰੂ ਗ੍ਰੰਥ ਸਾਹਿਬ ਵਿਚਲਾ ਇਹ ਸ਼ਬਦ ਇਕ ਅਰਦਾਸ-ਬੇਨਤੀ ਹੈ। ਇਹ ਬੇਨਤੀ ਜਗਤ-ਗੁਰੂ, ਗੁਰੂ ਨਾਨਕ ਸਾਹਿਬ ਅੱਗੇ ਕੀਤੀ ਗਈ ਹੈ, ਜਿਨ੍ਹਾਂ ਨੂੰ ਇਸ਼ਟ ਮੰਨ ਕੇ ਭਗਤ ਸਧਨਾ ਜੀ ਨੇ ਇਹ ਸ਼ਬਦ ਉਚਾਰਣ ਕੀਤਾ। ਭਗਤ ਜੀ ਨੇ ਇਥੇ ਉਸੇ ਜਗਤ-ਗੁਰੂ ਅੱਗੇ ਬੇਨਤੀ ਕੀਤੀ ਹੈ, ਜਿਸ ਦਾ ਵਰਣਨ ਆਪ ਜੀ ਦੇ ਉਪਰ ਦਿੱਤੇ ਦੋਹਿਆਂ ਵਿਚ ਵੀ ਆਇਆ ਹੈ।

ਗਿ. ਗੁਰਦਿੱਤ ਸਿੰਘ ਅਨੁਸਾਰ ਭਗਤ ਸਧਨਾ ਜੀ ਦੇ ਇਨ੍ਹਾਂ ਪਦਿਆਂ ਤੋਂ ਪ੍ਰਗਟ ਹੁੰਦਾ ਹੈ ਕਿ ਇਹ ਕਿਸੇ ਦੁਖਦਾਈ ਘਟਨਾ ਵੱਲ ਸੰਕੇਤ ਨਹੀਂ ਹੈ। ਆਪ ਜੀ ਸਥਿਰ ਅਵਸਥਾ ਵਿਚ ਟਿਕੇ ਹੋਏ ਸਨ। ਉਨ੍ਹਾਂ ਨੂੰ ਜਗਤ ਗੁਰੂ ਨਾਨਕ ਸਾਹਿਬ ਉਪਰ ਪੂਰਨ ਭਰੋਸਾ ਸੀ।

ਭਗਤ ਸਧਨਾ ਜੀ ਦੇ ਧਰਮ ਅਤੇ ਕਿੱਤੇ ਸੰਬੰਧੀ
ਕਈ ਵਿਦਵਾਨਾਂ ਨੇ ਭਗਤ ਸਧਨਾ ਜੀ ਨੂੰ ਮੁਸਲਮਾਨ ਅਤੇ ਕਈਆਂ ਨੇ ਹਿੰਦੂ ਲਿਖਿਆ ਹੈ। ਪਰਚੀਆਂ ਭਾਈ ਦਰਬਾਰੀ ਦਾਸ, ਪੰਡਿਤ ਤਾਰਾ ਸਿੰਘ ਨਰੋਤਮ, ਟੀਕਾ ਫਰੀਦਕੋਟੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਪਰਦਾਈ ਸਟੀਕ ਨੇ ਆਪ ਜੀ ਨੂੰ ਮੁਸਲਮਾਨ ਕਸਾਈ ਲਿਖਿਆ ਹੈ। ਇਨ੍ਹਾਂ ਅਨੁਸਾਰ ਭਗਤ ਸਧਨਾ ਜੀ ਬਾਅਦ ਵਿਚ ਹਿੰਦੂ ਬਣ ਗਏ ਅਤੇ ਆਪਣੇ ਕਸਾਈ ਦੇ ਕਿੱਤੇ ਨੂੰ ਛੱਡ ਕੇ ਭਗਤੀ ਕਰਨ ਲੱਗ ਪਏ।
Bani Footnote ਗੁਰਚਰਨ ਸਿੰਘ ਸੇਕ (ਸੰਪਾ.), ਭਾਈ ਦਰਬਾਰੀ ਦਾਸ ਰਚਿਤ ਪਰਚੀਆਂ ਭਗਤਾਂ ਕੀਆਂ, ਪੰਨਾ ੪੮੧; ਉਧਰਤ, ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ), ਪੰਨਾ ੪੯੫; ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਪੋਥੀ ਤੀਜੀ, ਪੰਨਾ ੧੭੬੯; ਸੰਤ ਕਿਰਪਾਲ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਸੈਂਚੀ ਛੇਵੀਂ, ਪੰਨਾ ੬੨੫
ਸ਼ਬਦਾਰਥੀ ਵਿਦਵਾਨਾਂ, ਗਿ. ਹਰਿਬੰਸ ਸਿੰਘ ਅਤੇ ਡਾ. ਰਤਨ ਸਿੰਘ ਜੱਗੀ ਨੇ ਆਪ ਜੀ ਨੂੰ ਸਿਰਫ ਕਸਾਈ ਹੀ ਲਿਖਿਆ ਹੈ, ਮੁਸਲਮਾਨ ਜਾਂ ਹਿੰਦੂ ਨਹੀਂ ਲਿਖਿਆ।
Bani Footnote ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਗ ਤੀਜਾ, ਪੰਨਾ ੮੫੮; ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਅਠਵੀਂ, ਪੰਨਾ ੭੨੮; ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਪਹਿਲਾ, ਪੰਨਾ ੧੪੩


ਪ੍ਰੋ. ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪ ਜੀ ਦੇ ਸ਼ਬਦ ਦੀ ਭਾਸ਼ਾ ਦੇ ਅਧਾਰ ’ਤੇ ਆਪ ਜੀ ਨੂੰ ਹਿੰਦੂ ਦਰਸਾਇਆ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਦਲੀਲ ਦਿੱਤੀ ਹੈ ਕਿ ਮੁਸਲਮਾਨ ਘਰ ਵਿਚ ਜੰਮੇ-ਪਲੇ ਭਗਤ ਸਧਨਾ ਜੀ ਨੇ ਹਿੰਦੂ ਬਣਦਿਆਂ ਸਾਰ ਮੁਸਲਮਾਨੀ ਬੋਲੀ ਕਿਵੇਂ ਭੁਲਾ ਦਿੱਤੀ ਅਤੇ ਅਚਨਚੇਤ ਸੰਸਕ੍ਰਿਤ ਦੇ ਵਿਦਵਾਨ ਕਿਵੇਂ ਬਣ ਗਏ? ਭਗਤ ਸਧਨਾ ਜੀ ਦੇ ਸ਼ਬਦ ਵਿਚ ਇਕ ਵੀ ਲਫਜ਼ ਉਰਦੂ-ਫਾਰਸੀ ਦਾ ਨਹੀਂ ਹੈ। ਇਥੋਂ ਤਕ ਕਿ ਸਿੰਧੀ ਬੋਲੀ ਦਾ ਵੀ ਕੋਈ ਸ਼ਬਦ ਨਹੀਂ। ਸਾਰੇ ਦੇ ਸਾਰੇ ਸੰਸਕ੍ਰਿਤ ਤੇ ਹਿੰਦੀ ਦੇ ਹਨ। ਇਹ ਗੱਲ ਕੁਦਰਤ ਦੇ ਨਿਯਮ ਦੇ ਬਿਲਕੁਲ ਉਲਟ ਹੈ ਕਿ ਦਿਨਾਂ ਵਿਚ ਹੀ ਆਪ ਜੀ ਮੁਸਲਮਾਨ ਤੋਂ ਹਿੰਦੂ ਬਣ ਕੇ ਆਪਣੀ ਬੋਲੀ ਵੀ ਭੁਲਾ ਦਿੰਦੇ ਹਨ ਅਤੇ ਨਵੀਂ ਵੀ ਸਿਖ ਲੈਂਦੇ ਹਨ। ਨਾਲੇ ਮੁਸਲਮਾਨੀ ਬੋਲੀ ਦੀ ਵਰਤੋਂ ਨਾਲ ਭਗਤ ਸਧਨਾ ਜੀ ਦੀ ਭਗਤੀ ਵਿਚ ਕੋਈ ਫਰਕ ਨਹੀਂ ਸੀ ਪੈਣਾ। ਸੋ, ਭਗਤ ਸਧਨਾ ਜੀ ਹਿੰਦੂ ਘਰ ਦੇ ਜੰਮਪਲ ਸਨ।
Bani Footnote ਪ੍ਰੋ. ਸਾਹਿਬ ਸਿੰਘ, ਸਟੀਕ ਭਗਤ-ਬਾਣੀ, ਹਿੱਸਾ ਪਹਿਲਾ, ਪੰਨਾ ੧੧੦


ਉਪਰੋਕਤ ਵਿਚਾਰਾਂ ਤੋਂ ਆਪ ਜੀ ਦੇ ਹਿੰਦੂ ਜਾਂ ਮੁਸਲਮਾਨ ਹੋਣ ਬਾਰੇ ਸਪਸ਼ਟ ਰੂਪ ਵਿਚ ਕੋਈ ਨਿਰਣਾ ਨਹੀਂ ਹੁੰਦਾ। ਨਿਰਸੰਦੇਹ ਪ੍ਰੋ. ਸਾਹਿਬ ਸਿੰਘ ਦੇ ਵਿਚਾਰ ਸਚਾਈ ਦੇ ਕਾਫੀ ਨੇੜੇ ਜਾਪਦੇ ਹਨ। ਪਰ ਫਿਰ ਵੀ ਭਗਤ ਸਧਨਾ ਜੀ ਦੇ ਜੀਵਨ ਦਾ ਇਹ ਪਖ ਹੋਰ ਖੋਜ ਦੀ ਮੰਗ ਕਰਦਾ ਹੈ।

ਭਗਤ ਸਧਨਾ ਜੀ ਦੇ ਜੀਵਨ-ਕਾਲ ਅਤੇ ਧਰਮ ਦੇ ਮੁਕਾਬਲੇ ਉਨ੍ਹਾਂ ਦੇ ਕਿੱਤੇ ਸੰਬੰਧੀ ਲਗਭਗ ਇਹ ਸਰਬ-ਪ੍ਰਵਾਣਤ ਹੀ ਹੈ ਕਿ ਆਪ ਜੀ ‘ਕਸਾਈ’ ਸਨ। ਇਸ ਕਿੱਤੇ ਨਾਲ ਸੰਬੰਧਤ ਲੋਕਾਂ ਨੂੰ ਅਖੌਤੀ ਸਮਾਜਕ ਵਰਗ-ਵੰਡ ਅਨੁਸਾਰ ਨੀਵੀਂ ਜਾਤ ਦੇ ਮੰਨਿਆ ਜਾਂਦਾ ਸੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਆਪ ਜੀ ਦੇ ਕਿੱਤੇ ਸੰਬੰਧੀ ਅਜਿਹਾ ਹੀ ਜਿਕਰ ਕੀਤਾ ਹੈ: ਧੰਨਾ ਜਟੁ ਵਖਾਣੀਐ ਸਧਨਾ ਜਾਤਿ ਅਜਾਤਿ ਕਸਾਈ। -ਭਾਈ ਗੁਰਦਾਸ ਜੀ, ਵਾਰ ੨੫ ਪਉੜੀ ੫

ਇਥੇ ਵਿਸ਼ੇਸ਼ ਤੌਰ ’ਤੇ ਜਿਕਰਜੋਗ ਹੈ ਕਿ ਆਮ ਜਾਣਕਾਰੀ ਹਿਤ ਭਗਤਾਂ ਦੀ ਜਾਤ, ਧਰਮ, ਕਿੱਤੇ ਆਦਿ ਦਾ ਵਰਣਨ ਕੀਤਾ ਜਾਂਦਾ ਹੈ, ਪਰ ਗੁਰਬਾਣੀ ਅਨੁਸਾਰ ਭਗਤਾਂ ਦੀ ਕੋਈ ਜਾਤ-ਪਾਤ ਨਹੀਂ ਹੁੰਦੀ। ਪ੍ਰਭੂ ਅਤੇ ਪ੍ਰਭੂ ਦਾ ਨਾਮ ਹੀ ਉਨ੍ਹਾਂ ਦੀ ਪਛਾਣ ਹੁੰਦੀ ਹੈ:
ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥ -ਗੁਰੂ ਗ੍ਰੰਥ ਸਾਹਿਬ ੭੬੮
ਭਗਤਾ ਕੀ ਜਤਿ ਪਤਿ ਏਕੋ ਨਾਮੁ ਹੈ ਆਪੇ ਲਏ ਸਵਾਰਿ ॥ -ਗੁਰੂ ਗ੍ਰੰਥ ਸਾਹਿਬ ੪੨੯

ਘਿਉ ਦੇ ਭਰੇ ਭਾਂਡੇ ਅਤੇ ਰੇਸ਼ਮ ਬਾਰੇ ਇਹ ਕੋਈ ਨਹੀਂ ਪੁੱਛਦਾ ਕਿ ਇਸ ਨੂੰ ਕਿਸ ਦੇ ਹੱਥ ਲੱਗੇ ਹਨ। ਉਸੇ ਤਰ੍ਹਾਂ ਭਗਤਾਂ ਦੀ ਜਾਤ ਬਾਰੇ ਵੀ ਕੋਈ ਨਹੀਂ ਪੁੱਛਦਾ, ਉਹ ਭਾਵੇਂ ਕਿਸੇ ਵੀ ਜਾਤ ਬਿਰਾਦਰੀ ਵਿਚ ਜੰਮੇ ਹੋਣ:
ਘਿਅ ਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ -ਗੁਰੂ ਗ੍ਰੰਥ ਸਾਹਿਬ ੭੨੧

ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦ ਦੇ ਉਚਾਰੇ ਜਾਣ ਸੰਬੰਧੀ
ਮੈਕਸ ਆਰਥਰ ਮੈਕਾਲਿਫ ਨੇ ਲਿਖਿਆ ਹੈ ਕਿ ਇਕ ਵਾਰ ਇਕ ਰਾਜਾ ਭਗਤ ਸਧਨਾ ਜੀ ਦੇ ਧਾਰਮਕ ਵਿਚਾਰਾਂ ਕਾਰਣ ਆਪ ਜੀ ਦੇ ਵਿਰੁਧ ਹੋ ਗਿਆ। ਇਕ ਰਾਤ ਰਾਜੇ ਨੇ ਆਪ ਜੀ ਨੂੰ ਮਾਸ ਲਿਆਉਣ ਦਾ ਹੁਕਮ ਦਿੱਤਾ। ਆਪ ਜੀ ਰਾਜੇ ਦਾ ਇਹ ਹੁਕਮ ਪੂਰਾ ਨਾ ਕਰ ਸਕੇ। ਸਜਾ ਵਜੋਂ ਰਾਜੇ ਨੇ ਆਪ ਜੀ ਨੂੰ ਜਿਊਦਿਆਂ ਕੰਧ ਵਿਚ ਚਿਣਵਾਉਣ ਦਾ ਹੁਕਮ ਦੇ ਦਿੱਤਾ। ਕੰਧ ਵਿਚ ਚਿਣੇ ਜਾਣ ਸਮੇਂ ਹੀ ਆਪ ਜੀ ਨੇ ਇਸ ਸ਼ਬਦ ਦਾ ਉਚਾਰਣ ਕੀਤਾ।

ਇਸ ਸ਼ਬਦ ਵਿਚ ਆਏ ਪੌਰਾਣਕ ਹਵਾਲੇ ਬਾਰੇ ਮੈਕਾਲਿਫ ਨੇ ਲਿਖਿਆ ਹੈ ਕਿ ਇਕ ਰਾਜੇ ਦੀ ਲੜਕੀ ਨੇ ਪ੍ਰਣ ਕੀਤਾ ਸੀ ਕਿ ਉਹ ਵਿਸ਼ਨੂੰ ਜੀ ਨਾਲ ਵਿਆਹ ਕਰਵਾਏਗੀ। ਇਕ ਤਰਖਾਣ ਨੇ ਵਿਸ਼ਨੂੰ ਦਾ ਰੂਪ ਧਾਰ ਕੇ ਠੱਗੀ ਨਾਲ ਕੰਨਿਆ ਨੂੰ ਵਿਆਹ ਲਿਆ। ਕੁਝ ਸਮੇਂ ਬਾਅਦ ਉਸ ਰਾਜੇ ਦੇ ਰਾਜ ਉਪਰ ਕਿਸੇ ਹੋਰ ਰਾਜੇ ਨੇ ਹਮਲਾ ਕਰ ਦਿੱਤਾ। ਰਾਜੇ ਨੇ ਆਪਣੇ ਜਵਾਈ ਨੂੰ ਮਦਦ ਲਈ ਕਿਹਾ। ਭੇਖੀ ਜਵਾਈ ਨੇ ਆਪਣੇ ਆਪ ਨੂੰ ਸ਼ਕਤੀਹੀਣ ਜਾਣ ਕੇ ਪ੍ਰਭੂ ਅੱਗੇ ਅਰਦਾਸ ਕੀਤੀ। ਉਸ ਦੀ ਅਰਦਾਸ ਕਬੂਲ ਹੋਈ ਅਤੇ ਰਾਜੇ ਨੂੰ ਜਿੱਤ ਪ੍ਰਾਪਤ ਹੋਈ।
Bani Footnote ਮੈਕਸ ਆਰਥਰ ਮੈਕਾਲਿਫ, ਸਿਖ ਧਰਮ, ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਤੇ ਰਚਨਾਕਾਰ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਯੋਗਦਾਨੀ ਭਗਤ), ਡਾ. ਧਰਮ ਸਿੰਘ (ਅਨੁ.), ਜਿਲਦ ਛੇਵੀਂ, ਪੰਨਾ ੪੧
ਇਸ ਕਥਾ ਦਾ ਵਰਣਨ ਲਗਭਗ ਸਾਰੇ ਹੀ ਟੀਕਾਕਾਰਾਂ ਨੇ ਕੀਤਾ ਹੈ।

ਕੁਝ ਵਿਦਵਾਨ ਜਿਵੇਂ ਕਿ ਉਪਰ ਦੱਸਿਆ ਗਿਆ ਹੈ ਆਪ ਜੀ ਨੂੰ ਮੁਸਲਮਾਨ ਮੰਨਦੇ ਹਨ। ਉਨ੍ਹਾਂ ਅਨੁਸਾਰ ਆਪ ਜੀ ਨੇ ਬਾਅਦ ਵਿਚ ਧਰਮ ਪਰਿਵਰਤਨ ਕਰ ਕੇ ਆਪਣਾ ਕਿੱਤਾ ਛੱਡ ਦਿੱਤਾ ਅਤੇ ਭਗਤੀ ਦੇ ਰਾਹ ਪੈ ਗਏ। ਇਸ ਲਈ ਮੁਸਲਮਾਨ ਅਤੇ ਹਿੰਦੂ ਦੋਵੇਂ ਧਿਰਾਂ ਉਨ੍ਹਾਂ ਦੇ ਵਿਰੁਧ ਹੋ ਗਈਆਂ। ਇਸ ਦਾ ਕਾਰਣ ਹੈ ਕਿ ਹਿੰਦੂ ਮੁਸਲਮਾਨਾਂ ਨੂੰ ‘ਮਲੇਛ’ (ਮਲੀਨ) ਮੰਨਦੇ ਸਨ ਅਤੇ ਮੁਸਲਮਾਨ ਹਿੰਦੂਆਂ ਨੂੰ ‘ਕਾਫਰ’ (ਗੈਰ-ਮੁਸਲਮਾਨ ਲੋਕਾਂ ਲਈ ਵਰਤਿਆ ਜਾਂਦਾ ਇਕ ਘ੍ਰਿਣਤ ਸ਼ਬਦ) ਮੰਨਦੇ ਸਨ। ਉਨ੍ਹਾਂ ਦੁਆਰਾ ਇਕ-ਦੂਜੇ ਦੇ ਧਰਮ ਨੂੰ ਅਪਣਾਉਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ। ਕਾਜ਼ੀਆਂ ਨੇ ਉਨ੍ਹਾਂ ਖਿਲਾਫ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਅਤੇ ਭਗਤ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਰੀਦਕੋਟੀ ਅਤੇ ਸੰਪਰਦਾਈ ਸਟੀਕ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਦਾ ਸਥਾਨ ਇਲਾਹਾਬਾਦ (ਉੱਤਰ ਪ੍ਰਦੇਸ਼, ਭਾਰਤ) ਲਿਖਿਆ ਹੈ। ਸੰਪਰਦਾਈ ਸਟੀਕ ਨੇ ਭਗਤ ਜੀ ਦੀ ਗ੍ਰਿਫਤਾਰੀ ਨੂੰ ਨਾਟਕੀ ਢੰਗ ਨਾਲ ਬਿਆਨ ਕੀਤਾ ਹੈ। ਇਸ ਅਨੁਸਾਰ ਉਨ੍ਹਾਂ ਦਿਨਾਂ ਵਿਚ ਬਾਦਸ਼ਾਹ ਇਲਾਹਾਬਾਦ ਦੀ ਕੰਧ ਦੀ ਉਸਾਰੀ ਕਰਵਾ ਰਿਹਾ ਸੀ। ਕੰਧ ਰਾਤ ਨੂੰ ਡਿੱਗ ਪੈਂਦੀ ਸੀ। ਕਈ ਵਾਰ ਅਜਿਹਾ ਹੋਣ ’ਤੇ ਬਾਦਸ਼ਾਹ ਨੇ ਕਾਜ਼ੀ ਨੂੰ ਪੁੱਛਿਆ ਕਿ ਇਹ ਕੰਧ ਕਿਸ ਤਰ੍ਹਾਂ ਉਸਰੇਗੀ? ਕਾਜ਼ੀ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਵਿਅਕਤੀ ਜਿਸ ਦਾ ਨਾਮ ਸਧਨਾ ਹੋਵੇ, ਜਾਤ ਦਾ ਕਸਾਈ ਹੋਵੇ, ਕੰਧ ਵਿਚ ਚਿਣਿਆ ਜਾਵੇ ਤਾਂ ਕੰਧ ਉਸਰੇਗੀ। ਸਧਨਾ ਜੀ ਨੂੰ ਫੜ ਕੇ ਬਾਦਸ਼ਾਹ ਕੋਲ ਲਿਜਾਇਆ ਗਿਆ। ਉਸ ਨੇ ਉਨ੍ਹਾਂ ਦੇ ਨਾਮ ਅਤੇ ਕਿੱਤੇ ਬਾਰੇ ਪੁੱਛ ਕੇ ਕੰਧ ਵਿਚ ਚਿਣਨ ਦਾ ਹੁਕਮ ਦੇ ਦਿੱਤਾ। ਪੰਡਿਤ ਤਾਰਾ ਸਿੰਘ ਨਰੋਤਮ ਅਤੇ ਫਰੀਦਕੋਟੀ ਟੀਕੇ ਅਨੁਸਾਰ ਉਨ੍ਹਾਂ ਨੂੰ ਕੰਧ ਦੀ ਥਾਂ ਬੁਰਜ ਵਿਚ ਚਿਣਾਇਆ ਗਿਆ। ਉਪਰੋਕਤ ਟੀਕਿਆਂ ਅਨੁਸਾਰ ਆਪ ਜੀ ਨੇ ਇਸ ਸਜਾ ਸਮੇਂ ਪਰਮਾਤਮਾ ਨੂੰ ਬੇਨਤੀ ਦੇ ਰੂਪ ਵਿਚ ਇਹ ਸ਼ਬਦ ਉਚਾਰਿਆ।
Bani Footnote ਉਧਰਤ, ਪ੍ਰੋ. ਸਾਹਿਬ ਸਿੰਘ, ਸਟੀਕ ਭਗਤ-ਬਾਣੀ, ਹਿੱਸਾ ਪਹਿਲਾ, ਪੰਨਾ ੧੨੨; ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਪੋਥੀ ਤੀਜੀ, ਪੰਨਾ ੧੭੬੯


ਉਪਰੋਕਤ ਕਥਾਵਾਂ ਤੋਂ ਜਾਪਦਾ ਹੈ ਕਿ ਭਗਤ ਸਧਨਾ ਜੀ ਨੂੰ ਆਪਣੇ ਕਿੱਤੇ ਅਤੇ ਧਰਮ ਪਰਿਵਰਤਨ ਕਰਕੇ ਸਜਾ ਭੁਗਤਣੀ ਪਈ। ਪਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦ ਉਨ੍ਹਾਂ ਦੇ ਕਿੱਤੇ ਜਾਂ ਧਰਮ ਪਰਿਵਰਤਨ ਬਾਰੇ ਨਹੀਂ ਹੈ। ਇਸ ਸ਼ਬਦ ਵਿਚੋਂ ਸੇਧ ਮਿਲਦੀ ਹੈ ਕਿ ਜਦੋਂ ਪਰਮਾਤਮਾ ਦੇ ਅਨੁਭਵ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਕਿੱਤਾ ਆਦਿ ਜਗਿਆਸੂ ਦੇ ਰਾਹ ਵਿਚ ਰੁਕਾਵਟ ਨਹੀਂ ਬਣਦਾ। ਭਾਈ ਗੁਰਦਾਸ ਜੀ ਦੇ ਉਪਰੋਕਤ ਹਵਾਲੇ ਤੋਂ ਵੀ ਇਹੀ ਪਤਾ ਲੱਗਦਾ ਹੈ ਕਿ ਭਾਵੇਂ ਆਪ ਜੀ ਕਸਾਈ ਸਨ ਪਰ ਭਗਤਾਂ ਵਿਚ ਗਿਣੇ ਗਏ ਅਤੇ ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ।

ਪ੍ਰੋ. ਸਾਹਿਬ ਸਿੰਘ ਨੇ ਇਸ ਸ਼ਬਦ ਉਪਰ ਲੰਮੇਰੀ ਵਿਚਾਰ ਕਰਦਿਆਂ ਉਪਰੋਕਤ ਉਥਾਨਕਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਉਹ ਲਿਖਦੇ ਹਨ ਕਿ ਕਹਾਣੀਆਂ ਦਾ ਜਮਾਨਾ ਸਦਾ ਨਹੀਂ ਰਹਿੰਦਾ। ਉਨ੍ਹਾਂ ਨੇ ਪੰਡਿਤ ਤਾਰਾ ਸਿੰਘ ਨਰੋਤਮ ਦੇ ਵਿਚਾਰਾਂ ਸੰਬੰਧੀ ਲਿਖਿਆ ਹੈ ਕਿ ਪੰਡਿਤ ਜੀ ਅਨੁਸਾਰ ਭਗਤ ਸਧਨਾ ਜੀ ਮੁਸਲਮਾਨ ਸਨ ਅਤੇ ਕਿਸੇ ਹਿੰਦੂ ਸਾਧੂ ਦੇ ਅਸਰ ਹੇਠ ਪਰਮਾਤਮਾ ਦੀ ਭਗਤੀ ਕਰਨ ਲੱਗ ਪਏ ਸਨ। ਇਸ ਗੱਲ ਦਾ ਮੁਸਲਮਾਨਾਂ ਨੇ ਬਹੁਤ ਬੁਰਾ ਮਨਾਇਆ। ਮੁਸਲਮਾਨ ਉਸ ਸਮੇਂ ਰਾਜ ਦੇ ਮਾਲਕ ਸਨ। ਅਜਿਹੀ ਸਥਿਤੀ ਵਿਚ ਕਿਸੇ ਵੱਲੋਂ ਉਨ੍ਹਾਂ ਦਾ ਧਰਮ ਛੱਡ ਕੇ, ਦੂਜੇ ਧਰਮ ਦਾ ਅਨੁਯਾਈ ਬਣ ਜਾਣਾ, ਸੁਭਾਵਕ ਹੀ ਤਕਲੀਫ ਦੇਹ ਹੋ ਸਕਦਾ ਸੀ। ਇਸ ਲਈ ਮੁਸਲਮਾਨਾਂ ਨੇ ਤੁਰੰਤ ਹੀ ਆਪ ਜੀ ਨੂੰ ਬੁਰਜ ਵਿਚ ਚਿਣਾਉਣ ਦਾ ਹੁਕਮ ਜਾਰੀ ਕਰਾ ਦਿੱਤਾ ਹੋਵੇਗਾ। ਪਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਸਧਨਾ ਜੀ ਦੇ ਸ਼ਬਦ ਵਿਚ ਉਰਦੂ-ਫਾਰਸੀ ਦੇ ਸ਼ਬਦਾਂ ਦੀ ਅਣਹੋਂਦ ਤੋਂ ਜਾਪਦਾ ਹੈ ਕਿ ਭਗਤ ਸਧਨਾ ਜੀ ਹਿੰਦੂ ਘਰ ਦੇ ਜੰਮਪਲ ਸਨ। ਇਸ ਤੋਂ ਇਲਾਵਾ ਭਗਤ ਸਧਨਾ ਜੀ ਦੇ ਸ਼ਬਦ ਵਿਚ ਕੋਈ ਵੀ ਅਜਿਹਾ ਇਸ਼ਾਰਾ ਨਹੀਂ ਹੈ, ਜਿਥੋਂ ਇਹ ਸਾਬਤ ਹੋ ਸਕੇ ਕਿ ਭਗਤ ਜੀ ਨੇ ਕਿਸੇ ਬੁਰਜ ਵਿਚ ਚਿਣੇ ਜਾਣ ਤੋਂ ਡਰਦਿਆਂ ਆਪਣੀ ਜਾਨ-ਬਖਸ਼ੀ ਲਈ ਤਰਲੇ ਲਏ ਸਨ। ਇਹ ਮਿਹਰਬਾਨੀ ਕਹਾਣੀ-ਘਾੜਿਆਂ ਦੀ ਹੈ।
Bani Footnote ਪ੍ਰੋ. ਸਾਹਿਬ ਸਿੰਘ, ਸਟੀਕ ਭਗਤ-ਬਾਣੀ, ਹਿੱਸਾ ਪਹਿਲਾ, ਪੰਨਾ ੧੨੨


ਗਿ. ਹਰਿਬੰਸ ਸਿੰਘ ਵੀ ਪ੍ਰੋ. ਸਾਹਿਬ ਸਿੰਘ ਦੇ ਉਪਰੋਕਤ ਵਿਚਾਰਾਂ ਨਾਲ ਸਹਿਮਤ ਹਨ। ਪਰ ਇਸ ਸ਼ਬਦ ਵਿਚ ਆਏ ਹਵਾਲੇ ਬਾਰੇ ਉਨ੍ਹਾਂ ਦਾ ਵਿਚਾਰ ਹੈ ਕਿ ਮਨਘੜਤ ਸਾਖੀ ਵਿਚੋਂ ਕਲਪਨਾ ਜਾਂ ਗੁਰਮਤਿ ਵਿਰੋਧੀ ਤੱਤ ਕੱਢ ਕੇ ਬਾਕੀ ਸਾਖੀ ਨੂੰ ਪਾਠਕਾਂ ਦੀ ਸੇਵਾ ਵਿਚ ਭੇਟ ਕਰਨਾ ਭਲਾਈ ਹੈ, ਬੁਰਾਈ ਨਹੀਂ।
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਅਠਵੀਂ, ਪੰਨਾ ੭੨੮-੭੩੧


ਭਗਤ ਸਧਨਾ ਜੀ ਦੇ ਜੀਵਨ ਸੰਬੰਧੀ ਕਥਾਵਾਂ
ਡਾ. ਰਾਏਜਸਬੀਰ ਸਿੰਘ ਨੇ ਭਗਤ ਸਧਨਾ ਜੀ ਸੰਬੰਧੀ ਇਕ ਸਰੋਤ ਪੁਸਤਕ ਲਿਖੀ ਹੈ। ਇਸ ਵਿਚ ੧੫ਵੀਂ ਤੋਂ ੧੯ਵੀਂ ਸਦੀ ਤਕ ਦੇ ਸਰੋਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਰੋਤਾਂ ਦੇ ਰਚਨਾਕਾਰਾਂ ਵਿਚ ਦਾਦੂ ਪੰਥੀ, ਵੈਸ਼ਣਵ, ਹੰਦਾਲੀਏ (ਪੰਜਾਬ ਵਿਚ ਬਾਬਾ ਹੰਦਾਲ, ੧੫੭੩-੧੬੪੮ ਈ. ਤੋ ਚੱਲੀ ਇਕ ਸੰਪਰਦਾਇ, ਇਨ੍ਹਾਂ ਨੂੰ ਨਿਰੰਜਨੀਏ ਵੀ ਕਿਹਾ ਜਾਂਦਾ ਹੈ), ਮੀਣੇ (ਗੁਰੂ ਅਰਜਨ ਸਾਹਿਬ ਦੇ ਭਰਾ ਪਿਰਥੀ ਚੰਦ ਦੇ ਵੰਸ਼ਜ) ਅਤੇ ਕੁਝ ਸਿਖ ਵਿਦਵਾਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਭਗਤ ਸਧਨਾ ਜੀ ਦੀ ਉਪਮਾ ਕੀਤੀ ਹੈ। ਇਨ੍ਹਾਂ ਸਰੋਤਾਂ ਦੇ ਅਧਾਰ ’ਤੇ ਕੁਝ ਕਥਾਵਾਂ ਇਸ ਪ੍ਰਕਾਰ ਹਨ:

‘ਗੋਸਟ ਸਧਨੇ ਗੁਸਾਈ ਕੀ’ ਵਿਚਲੀ ਕਥਾ ਅਨੁਸਾਰ ਆਪ ਜੀ ਪਹਿਲੇ ਜਨਮ ਵਿਚ ਵੈਸ਼ਣਵ ਬ੍ਰਾਹਮਣ ਸਨ। ਇਕ ਦਿਨ ਆਪ ਜੀ ਆਪਣੇ ਗੁਰੂ ਕੋਲ ਗਏ। ਗੁਰੂ ਮਾਸਾਹਾਰੀ ਸੀ। ਗੁਰੂ ਦੇ ਰਸੋਈਏ ਨੇ ਆਪ ਜੀ ਨੂੰ ਮਾਸ ਲਿਆਉਣ ਲਈ ਕਿਹਾ। ਜਦਕਿ ਸਧਨਾ ਜੀ ਵੈਸ਼ਣਵ ਹੋਣ ਕਾਰਣ ਮਾਸ ਨੂੰ ਹੱਥ ਨਹੀਂ ਸਨ ਲਾਉਂਦੇ। ਇਸ ਲਈ ਉਥੋਂ ਵਾਪਸ ਪਰਤ ਆਏ। ਜਦੋਂ ਰਸੋਈਏ ਨੇ ਗੁਰੂ ਨੂੰ ਇਹ ਗੱਲ ਦੱਸੀ ਤਾਂ ਗੁਰੂ ਨੇ ਸਰਾਪ ਦੇ ਦਿੱਤਾ ਕਿ ਅਗਲੇ ਜਨਮ ਵਿਚ ਉਹ ਕਸਾਈ ਬਣੇਗਾ ਅਤੇ ਆਪਣੇ ਹੱਥੀਂ ਜਾਨਵਰ ਮਾਰ-ਮਾਰ ਕੇ ਵੇਚੇਗਾ। ਗੁਰੂ ਦੇ ਸਰਾਪ ਕਾਰਣ ਸਧਨਾ ਜੀ ਦਾ ਜਨਮ ਕਸਾਈ ਕੁਲ ਵਿਚ ਹੋਇਆ। ਇਕ ਦਿਨ ਬੱਕਰੇ ਖਰੀਦ ਕੇ ਲਿਆਉਂਦਿਆਂ ਰਾਤ ਪੈ ਗਈ। ਘਰਵਾਲੀ ਤੋਂ ਰੋਟੀ ਮੰਗੀ ਤਾਂ ਉਸ ਨੇ ਜਵਾਬ ਦਿੱਤਾ ਕਿ ਰੋਟੀ ਤਾਂ ਹੈ, ਪਰ ਨਾਲ ਕੁਝ ਸਾਲਣ (ਸਲੂਣਾ, ਮਾਸ) ਨਹੀਂ ਹੈ। ਆਪ ਜੀ ਨੇ ਕਿਹਾ ਕਿ ਕਿਸੇ ਬੱਕਰੇ ਦੇ ਪੈਰ ਕੱਟ ਲਿਆ। ਜਦੋਂ ਉਹ ਛੁਰੀ ਲੈ ਕੇ ਇੱਜੜ ਵਿਚ ਇਕ ਬੱਕਰੇ ਦੇ ਪੈਰ ਕੱਟਣ ਲਈ ਗਈ ਤਾਂ ਬੱਕਰਾ ਬੋਲ ਪਿਆ ਕਿ ਤੇਰੇ ਪਤੀ ਦਾ ਅਤੇ ਮੇਰਾ ਇਕ-ਦੂਜੇ ਦਾ ਗਲ ਕੱਟਣ ਦਾ ਵੈਰ ਹੈ, ਇਸ ਲਈ ਪੈਰ ਕੱਟ ਕੇ ਨਵਾਂ ਵੈਰ ਕਿਉਂ ਸਹੇੜਦੀ ਹੈਂ? ਇਹ ਗੱਲ ਪਤਨੀ ਨੇ ਆ ਕੇ ਆਪ ਜੀ ਨੂੰ ਦੱਸੀ। ਇਹ ਗੱਲ ਸੁਣ ਕੇ ਆਪ ਜੀ ਜਦੋਂ ਉਸ ਬੱਕਰੇ ਕੋਲ ਆਏ ਤਾਂ ਬੱਕਰੇ ਨੇ ਉਹੀ ਗੱਲ ਦੁਹਰਾਈ। ਇਸ ਕਰਕੇ ਆਪ ਜੀ ਨੇ ਆਪਣਾ ਕਸਾਈ ਦਾ ਕੰਮ ਛੱਡ ਕੇ ਪ੍ਰਭੂ-ਸਿਮਰਨ ਦਾ ਰਾਹ ਫੜ੍ਹ ਲਿਆ।

‘ਪੋਥੀ ਪ੍ਰੇਮ ਅੰਬੋਹ’ ਦੀ ਕਥਾ ਅਨੁਸਾਰ ਇਕ ਸਾਧ ਆਪ ਜੀ ਕੋਲ ਆਇਆ। ਉਸ ਨੂੰ ਮਾਸ ਖਵਾਉਣ ਲਈ ਆਪ ਜੀ ਨੇ ਬੱਕਰੇ ਦੇ ਪਤਾਲੂ ਕੱਟ ਲਏ। ਬੱਕਰਾ ਹੱਸ ਪਿਆ। ਉਸ ਨੇ ਆਪ ਜੀ ਨੂੰ ਕਿਹਾ ਕਿ ਅੱਗੇ ਤਾਂ ਗਲਾ ਕੱਟਣ ਦਾ ਸਿਲਸਿਲਾ ਚਲਦਾ ਸੀ, ਹੁਣ ਨਵਾਂ ਕੰਮ ਸ਼ੁਰੂ ਹੋ ਗਿਆ। ਇਹ ਗੱਲ ਆਪ ਜੀ ਨੇ ਉਸ ਸਾਧ ਨੂੰ ਦੱਸੀ ਤਾਂ ਉਸ ਨੇ ਗੀਤਾ ਦਾ ਉਪਦੇਸ਼ ਦਿੱਤਾ। ਸਧਨਾ ਜੀ ਭਗਤੀ ਕਰਨ ਲੱਗ ਪਏ। ਇਸ ਗੱਲ ਦਾ ਪਤਾ ਰਾਜੇ ਨੂੰ ਲੱਗਾ ਤਾਂ ਉਸ ਨੇ ਆਪ ਜੀ ਨੂੰ ਕਰਾਮਾਤ ਵਿਖਾਉਣ ਲਈ ਕਿਹਾ। ਆਪ ਜੀ ਵਲੋਂ ਇਨਕਾਰ ਕਰਨ ’ਤੇ ਬੁਰਜ ਵਿਚ ਚਿਣੇ ਜਾਣ ਦੀ ਸਜ਼ਾ ਦਿੱਤੀ ਗਈ। ਪਰ ਇਹ ਬੁਰਜ ਫਟ ਗਿਆ। ਅਖੀਰ, ਰਾਜੇ ਨੇ ਮਾਫੀ ਮੰਗੀ।

ਨਾਭਾ ਦਾਸ ਜੀ ਦੀ ਰਚਨਾ ‘ਸ਼੍ਰੀ ਭਗਤ ਮਾਲ’ ਦੇ ਪ੍ਰਿਅਦਾਸ ਦੁਆਰਾ ਕੀਤੇ ਟੀਕੇ ਵਿਚ ਦਿੱਤੀਆਂ ਕਥਾਵਾਂ ਅਨੁਸਾਰ ਭਗਤ ਸਧਨਾ ਜੀ ਨੇ ਮਾਸ ਤੋਲਣ ਵਾਸਤੇ ਜੋ ਪੱਥਰ ਦੇ ਵੱਟੇ ਰਖੇ ਸਨ, ਉਨ੍ਹਾਂ ਵਿਚ ਇਕ ‘ਗੰਡੋਕ’ ਭਾਵ, ਚਿੱਟੀਆਂ ਧਾਰੀਆਂ ਵਾਲਾ ਕਾਲਾ ਪੱਥਰ ਸੀ। ਅਜਿਹੇ ਪੱਥਰ ਨੂੰ ਠਾਕਰ ਜਾਂ ਸਾਲਗ੍ਰਾਮ ਮੰਨ ਕੇ ਮੰਦਰਾਂ ਵਿਚ ਪੂਜਿਆ ਜਾਂਦਾ ਹੈ। ਇਹ ਪੱਥਰ ਕਿਸੇ ਬ੍ਰਾਹਮਣ ਦੀ ਨਜ਼ਰੀਂ ਪਿਆ, ਉਸ ਨੇ ਭਗਤ ਸਧਨਾ ਜੀ ਨੂੰ ਇਸ ਦੀ ਮਹਾਨਤਾ ਬਾਰੇ ਦੱਸਿਆ। ਭਗਤ ਸਧਨਾ ਜੀ ਨੇ ਕਿਹਾ ਕਿ ਜੇਕਰ ਇਹ ਠਾਕਰ ਹੈ ਤਾਂ ਤੂੰ ਲੈ ਜਾ। ਬ੍ਰਾਹਮਣ ਠਾਕਰ ਨੂੰ ਘਰ ਲੈ ਆਇਆ। ਉਸ ਬ੍ਰਾਹਮਣ ਨੂੰ ਰਾਤ ਨੂੰ ਸੁਪਨੇ ਵਿਚ ਠਾਕਰ ਵੱਲੋਂ ਹੁਕਮ ਹੋਇਆ ਕਿ ਮੈਨੂੰ ਓਥੇ ਹੀ ਛੱਡ ਕੇ ਆ। ਦੂਜੇ ਦਿਨ ਬ੍ਰਾਹਮਣ ਨੇ ਠਾਕਰ ਵਾਪਸ ਕਰਦਿਆਂ ਕਿਹਾ ਕਿ ਠਾਕਰ ਤੇਰੇ ਨਾਲ ਏਨੀ ਪ੍ਰੀਤ ਕਰਦਾ ਹੈ ਤੇ ਤੂੰ ਠਾਕਰ ਤੋਂ ਇਹ ਕੰਮ ਲੈਂਦਾ ਹੈਂ? ਇਹ ਸੁਣ ਕੇ ਆਪ ਜੀ ਨੇ ਮਾਸ ਵਾਲਾ ਕਿੱਤਾ ਛੱਡ ਦਿੱਤਾ। ਇਸ ਗ੍ਰੰਥ ਦੀ ਦੂਜੀ ਕਥਾ ਅਨੁਸਾਰ ਇਕ ਔਰਤ ਆਪ ਜੀ ਉਪਰ ਮੋਹਿਤ ਹੋ ਗਈ। ਉਸ ਨੇ ਆਪ ਜੀ ਨਾਲ ਸੰਬੰਧ ਕਾਇਮ ਕਰਨ ਲਈ ਆਪਣੇ ਪਤੀ ਦਾ ਕਤਲ ਕਰ ਦਿੱਤਾ। ਆਪ ਜੀ ਦੇ ਨਾਂਹ ਕਰਨ ’ਤੇ ਉਸ ਨੇ ਕਤਲ ਦਾ ਇਲਜਾਮ ਆਪ ਜੀ ਉਪਰ ਲਗਾ ਦਿੱਤਾ। ਹਾਕਮ ਨੇ ਆਪ ਜੀ ਦੇ ਹੱਥ ਕੱਟਣ ਦੀ ਸਜ਼ਾ ਦਿੱਤੀ, ਪਰ ਪਰਮੇਸ਼ਰ ਨੇ ਆਪ ਜੀ ਦੀ ਰਖਿਆ ਕੀਤੀ।

ਦਰਬਾਰੀ ਦਾਸ ਦੀ ਪੋਥੀ ‘ਹਰਿਜਸ’ ਵਿਚ ਸਧਨੇ ਦੇ ਪਿਛਲੇ ਜਨਮ ਵਿਚ ਭਗਤ ਹੋਣ, ਸਰਬ ਭਖੀ (ਮਾਸਾਹਾਰੀ ਅਤੇ ਸ਼ਾਕਾਹਾਰੀ) ਗੁਰੂ ਦਾ ਚੇਲਾ ਹੋਣ, ਉਸ ਲਈ ਮਾਸ ਲਿਆਉਣ ਤੋਂ ਇਨਕਾਰ ਕਰਨ, ਸਰਾਪ ਦੇਣ ’ਤੇ ਸਧਨੇ ਦੇ ਕਸਾਈ ਰੂਪ ਵਿਚ ਜਨਮ ਲੈਣ ਬਾਰੇ ਦੱਸਿਆ ਗਿਆ ਹੈ। ਇਸ ਵਿਚ ਬੱਕਰੇ ਦੇ ਪਤਾਲੂ ਕੱਟ ਕੇ ਲਿਆਉਣ, ਬੱਕਰੇ ਦੇ ਬੋਲਣ ਅਤੇ ਭਗਤ ਸਧਨਾ ਜੀ ਦੁਆਰਾ ਇਹ ਵੇਖ ਕੇ ਸਾਧ ਹੋ ਜਾਣ ਦਾ ਵੀ ਉਲੇਖ ਹੈ।

ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਥਾਵਾਂ ਜਿਹੜੀਆਂ ਭਗਤ ਸਧਨਾ ਜੀ ਦੁਆਰਾ ਤੀਰਥ ਸਥਾਨਾਂ ਦੀ ਯਾਤਰਾ ਕਰਨ, ਭਗਤਾਂ ਨਾਲ ਮੇਲ-ਮਿਲਾਪ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਦਾ ਉਚਾਰਣ ਕਰਨ ਦਾ ਉਲੇਖ ਕਰਦੀਆਂ ਹਨ, ਇਸ ਪੁਸਤਕ ਵਿਚਲੇ ਸਰੋਤਾਂ ਵਿਚ ਸ਼ਾਮਲ ਹਨ।
Bani Footnote ਡਾ. ਰਾਏਜਸਬੀਰ ਸਿੰਘ, ਭਗਤ ਸਧਨਾ ਜੀ, ਪੰਨਾ ੩੦-੧੫੭


ਉਪਰੋਕਤ ਵਿਚਾਰ-ਚਰਚਾ ਤੋਂ ਇਹ ਗੱਲ ਤਾਂ ਸਪਸ਼ਟ ਹੈ ਕਿ ਇਨ੍ਹਾਂ ਵਿਚੋਂ ਬਹੁਤੀਆਂ ਕਥਾਵਾਂ ਭਗਤ ਸਧਨਾ ਜੀ ਦੇ ਜੀਵਨ-ਵਿਹਾਰ ਨੂੰ ਬਦਲਣ ਅਤੇ ਭਗਤ ਬਣਨ ਉਪਰ ਜੋਰ ਦੇਣ ਲਈ ਹੋਂਦ ਵਿਚ ਆਈਆਂ ਹਨ। ਇਨ੍ਹਾਂ ਦੀ ਬਣਤਰ ਅਤੇ ਖਿਆਲ ਵਿਚ ਵੀ ਏਕਤਾ ਦੀ ਘਾਟ ਰੜਕਦੀ ਹੈ। ਉਦਾਹਰਣ ਲਈ ਇਕ ਕਥਾ ਵਿਚ ਭਗਤ ਜੀ ਦਾ ਵੈਸ਼ਣਵ ਹੋਣ ਅਤੇ ਗੁਰੂ ਵੱਲੋਂ ਸਰਾਪੇ ਜਾਣ ’ਤੇ ਕਸਾਈ ਬਣਨ, ਦੂਜੀ ਕਥਾ ਵਿਚ ਬੱਕਰੇ ਦੁਆਰਾ ਜਨਮਾਂ ਦੇ ਵੈਰ ਵਾਲੀ ਗੱਲ ਅੰਤਰ-ਵਿਰੋਧੀ ਜਾਪਦੀਆਂ ਹਨ। ਇਸ ਤੋਂ ਇਲਾਵਾ ਪੁਰਾਤਨ ਟੀਕਾਕਾਰਾਂ ਦਾ ਬਹੁਤਾ ਧਿਆਨ ਭਗਤ ਸਧਨਾ ਜੀ ਨੂੰ ਮੁਸਲਮਾਨ ਸਿਧ ਕਰਨ ਵੱਲ ਹੀ ਲੱਗਾ ਜਾਪਦਾ ਹੈ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਹੁਤੇ ਟੀਕਾਕਾਰ, ਖਾਸਕਰ ਨਿਰਮਲੇ ਵਿਦਵਾਨ, ਸ਼ਾਸਤਰੀ ਟੀਕਾਕਾਰੀ ਅਤੇ ਪੌਰਾਣਕ ਹਵਾਲਿਆਂ ਤੋਂ ਵਧੇਰੇ ਪ੍ਰਭਾਵਤ ਸਨ। ਇਸ ਲਈ ਭਗਤੀ ਲਹਿਰ ਨਾਲ ਜੁੜੇ ਭਗਤਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੋਣ ਕਰਕੇ, ਉਨ੍ਹਾਂ ਨਾਲ ਸੰਬੰਧਤ ਕਥਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਟੀਕਿਆਂ ਵਿਚ ਆ ਗਈਆਂ।

ਜਿਥੋਂ ਤਕ ਕਥਾਵਾਂ ਦੀ ਤਥ-ਮੂਲਕਤਾ ਦਾ ਸਵਾਲ ਹੈ ਇਸ ਸੰਬੰਧੀ ਡਾ. ਪਿਆਰ ਸਿੰਘ ਦੇ ਇਸ ਵਿਚਾਰ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ਸ਼ਰਧਾਲੂਆਂ ਲਈ ਪ੍ਰਸ਼ਨ ਤੱਥ ਦਾ ਨਹੀਂ, ਸੁਣਾਈ ਗਈ ਘਟਨਾ ਅਥਵਾ ਉਸ ਦੇ ਪ੍ਰਭਾਵ ਦਾ ਹੁੰਦਾ ਹੈ। ਜੇ ਕੋਈ ਘਟਨਾ ਉਨ੍ਹਾਂ ਦੇ ਕਿਸੇ ਆਸ਼ੇ ਨੂੰ ਚੰਗੀ ਤਰ੍ਹਾਂ ਸਿੱਧ ਕਰਦੀ ਪ੍ਰਤੀਤ ਹੁੰਦੀ ਹੈ, ਤਾਂ ਉਹ ਉਸ ਤੋਂ ਪੂਰਨ ਲਾਭ ਉਠਾਏ ਜਾਣ ਦੀ ਰੁਚੀ ਰਖਦੇ ਹਨ।
Bani Footnote ਡਾ. ਪਿਆਰ ਸਿੰਘ (ਸੰਪਾ.), ਸ਼ੰਭੂ ਨਾਥ ਵਾਲੀ ਜਨਮ ਪਤ੍ਰੀ ਬਾਬੇ ਨਾਨਕ ਜੀ ਕੀ ਪ੍ਰਸਿੱਧ ਨਾਂ ਆਦਿ ਸਾਖੀਆਂ, ਪੰਨਾ ੯੩-੯੪
ਇਸ ਇਕ ਨੁਕਤੇ ਦੇ ਸਮਝਣ ਨਾਲ ਭਗਤ ਸਧਨਾ ਜੀ ਬਾਰੇ ਲਿਖੀਆਂ ਗਈਆਂ ਸਾਖੀਆਂ ਦਾ ਮਹੱਤਵ ਆਪਣੇ ਆਪ ਉਘੜ ਆਉਂਦਾ ਹੈ।