ਵਡਹੰਸੁ ਮਹਲਾ ੪॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ॥ -ਗੁਰੂ ਗ੍ਰੰਥ ਸਾਹਿਬ ੫੭੫
ਵਡਹੰਸੁ ਮਹਲਾ ੪॥ ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ॥ -ਗੁਰੂ ਗ੍ਰੰਥ ਸਾਹਿਬ ੫੭੬
ਘੋੜੀ/ਘੋੜੀਆਂ ਕਾਵਿ-ਰੂਪ
ਭਾਈ ਵੀਰ ਸਿੰਘ ਅਤੇ ਸ਼ਬਦਾਰਥੀ ਵਿਦਵਾਨਾਂ ਅਨੁਸਾਰ ‘ਘੋੜੀਆਂ’ ਅਸ਼ੀਰਵਾਦੀ ਗੀਤ ਹਨ, ਜਿਹੜੇ ਲਾੜੇ ਦੇ ਘੋੜੀ ਚੜ੍ਹਨ ਸਮੇਂ ਗਾਏ ਜਾਂਦੇ ਹਨ।
ਲੋਕ-ਮਨ ਦੀ ਸਿਰਜਣਾ ਹੋਣ ਕਾਰਣ ਘੋੜੀਆਂ ਦੀ ਗਿਣਤੀ ਕਰ ਸਕਣਾ ਸੰਭਵ ਨਹੀਂ ਹੈ। ਪਰ ਨਮੂਨੇ ਵਜੋਂ ਇਕ ਪ੍ਰਸਿੱਧ ਘੋੜੀ ਦਾ ਨਿਮਨਲਿਖਤ ਬੰਦ ਦੇਖ ਸਕਦੇ ਹਾਂ:
ਚੀਰਾ ਤੇਰਾ ਵੇ ਮੱਲਾ ਸੋਹਣਾ, ਬਣਦਾ ਕਲਗੀਆਂ ਦੇ ਨਾਲ।
ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਨਾ।
ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀਆਂ ਘੋੜੀਆਂ
ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰਾਂ ਅਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਘੋੜੀਆਂ ਕਾਵਿ-ਰੂਪ ਦੀ ਲੋਕ-ਪ੍ਰਿਯਤਾ ਕਰਕੇ ਹੀ ਗੁਰੂ ਸਾਹਿਬ ਨੇ ਇਸ ਦੀ ਵਰਤੋਂ ਆਪਣੀ ਬਾਣੀ ਵਿਚ ਕੀਤੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ) ਅਨੁਸਾਰ ਜਿਸ ਤਰ੍ਹਾਂ ਵਿਆਹ ਵਿਚ ਇਸਤਰੀਆਂ ਘੋੜੀਆਂ ਗਾਉਂਦੀਆਂ ਹਨ, ਉਸੇ ਤਰ੍ਹਾਂ ਪ੍ਰਭੂ ਰੂਪ ਵਰ ਨਾਲ ਮਿਲਾਪ ਹੋਣ ਸਮੇਂ ਸਤਿਗੁਰੂ ਜੀ ਨੇ ਇਹ ਛੰਤ ਉਚਾਰਣ ਕੀਤੇ ਹਨ।
ਭਾਈ ਵੀਰ ਸਿੰਘ ਅਨੁਸਾਰ ਇਸ ਬਾਣੀ ਦਾ ਸਿਰਲੇਖ ‘ਘੋੜੀਆ’ ਇਸ ਕਰਕੇ ਹੈ ਕਿ ਗੁਰੂ ਰਾਮਦਾਸ ਸਾਹਿਬ ਨੇ ਉਸ ਸਮੇਂ ਗਾਈਆਂ ਜਾਂਦੀਆਂ ਘੋੜੀਆਂ ਵਿਚੋਂ ਕਿਸੇ ਇਕ ਦੀ ਤਰਜ ਲੈ ਕੇ ਰੂਹਾਨੀ ਵਿਆਹ ਦੇ ਇਹ ਛੰਤ ਰਚੇ ਸਨ। ਇਨ੍ਹਾਂ ਛੰਤਾਂ ਵਿਚ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਜਾਚ ਦੱਸੀ ਹੈ। ਵਿਆਹ ਵਿਚ ਗਾਈਆਂ ਜਾਂਦੀਆਂ ਘੋੜੀਆਂ ਦਾ ਵਿਸ਼ਾ ਵਿਆਂਦੜ ਮਰਦ ਦੁਆਲੇ ਘੁੰਮਦਾ ਹੈ, ਪਰ ਇਥੇ ਕਿਉਂਕਿ ਮਰਦ ਤੇ ਔਰਤ ਦੋਵੇਂ ਹੀ ਪ੍ਰਭੂ ਨਾਲ ਵਿਆਹੇ ਜਾਣੇ ਹਨ, ਇਸ ਲਈ ਘੋੜੀ ਸ਼ਬਦ ਦੀ ਵਰਤੋਂ ਦੋਵਾਂ ਦੀ ਦੇਹੀ ਲਈ ਕੀਤੀ ਗਈ ਹੈ। ਇਥੇ ਜਗਿਆਸੂ ਘੋੜੀ ਚੜ੍ਹਨ ਵਾਲਾ ਲਾੜਾ ਨਹੀਂ, ਜਿਸ ਨੇ ਪ੍ਰਭੂ ਨੂੰ ਵਿਆਹ ਕੇ ਲਿਆਉਣਾ ਹੈ। ਸਗੋਂ ਇਥੇ ਜਗਿਆਸੂ ਨੇ ਆਪਣੀ ਦੇਹੀ ਨੂੰ ਵੱਸ ਵਿਚ ਕਰ ਕੇ, ਉਸ ’ਤੇ ਸਵਾਰ ਹੋ ਕੇ, ਪ੍ਰਭੂ ਨਾਲ ਮਿਲਾਪ ਹਾਸਲ ਕਰਨਾ ਹੈ।
ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ, ਇਨ੍ਹਾਂ ਛੰਤਾਂ ਵਿਚ ਦੇਹ ਰੂਪੀ ਘੋੜੀ ਉੱਤੇ ਚੜ੍ਹ ਕੇ ਅਤੇ ਸਾਧ-ਸੰਗਤ ਦੀ ਜੰਞ ਲੈ ਕੇ ਸੰਸਾਰ ਦਾ ਬਿਖੜਾ ਰਸਤਾ ਕਟਣਾ ਅਤੇ ਪ੍ਰਭੂ ਨਾਲ ਮਿਲਾਪ ਕਰਨਾ ਦੱਸਿਆ ਹੈ। ਦੋਹਾਂ ਸ਼ਬਦਾਂ ਵਿਚ ਪਹਿਲਾਂ ਦੇਹ ਨੂੰ ਸੋਹਣੀ ਸਜੀ ਹੋਈ ਘੋੜੀ ਦਾ ਅਲੰਕਾਰ ਦਿੱਤਾ ਹੈ, ਫਿਰ ਨਾਮ ਦੇ ਵਸੀਲੇ ਗੁਰ-ਸ਼ਬਦ ਨੂੰ ਕਾਠੀ ਬਣਾਇਆ ਹੈ। ਫਿਰ, ਮਨ ਨੂੰ ਕਾਬੂ ਕਰਨ ਦੇ ਸਾਧਨਾਂ ਨੂੰ ਲਗਾਮ ਅਤੇ ਚਾਬਕ ਦੱਸ ਕੇ, ਅਜਿਹੀ ਸਵਾਰੀ ਨੂੰ ਧੰਨ ਕਿਹਾ ਹੈ, ਜਿਸ ਸਦਕਾ ਪਿਆਰੇ ਪ੍ਰਭੂ ਨਾਲ ਮਿਲਾਪ ਹੁੰਦਾ ਹੈ।
ਪ੍ਰੋ. ਸਾਹਿਬ ਸਿੰਘ ਅਨੁਸਾਰ ਵੀ ਇਹ ਦੋ ਛੰਤ ਗੁਰੂ ਰਾਮਦਾਸ ਸਾਹਿਬ ਨੇ ਘੋੜੀਆਂ ਦੀ ਚਾਲ ’ਤੇ ਲਿਖੇ ਹਨ।
ਡਾ. ਰਤਨ ਸਿੰਘ ਜੱਗੀ ਅਨੁਸਾਰ ਇਸ ਲੋਕ-ਗੀਤ ਨੂੰ ਗੁਰੂ ਰਾਮਦਾਸ ਸਾਹਿਬ ਨੇ ਅਧਿਆਤਮਕਤਾ ਦੇ ਖੇਤਰ ਵਿਚ ਲਿਆ ਕੇ, ਦੇਹ ਰੂਪੀ ਘੋੜੀ ਉੱਤੇ ਜਗਿਆਸੂ ਨੂੰ ਚੜ੍ਹਾ ਕੇ, ਪਰਮ-ਸੱਤਾ ਨਾਲ ਮੇਲ ਕਰਾਉਣ ਲਈ ਵਰਤਿਆ ਹੈ। ਲੋਕ-ਜੀਵਨ ਵਿਚ ਪ੍ਰਚਲਤ ਉਨ੍ਹਾਂ ਗੀਤਾਂ ਦੀ ਧਾਰਨਾ ਉੱਤੇ ਇਨ੍ਹਾਂ ਛੰਤਾਂ ਨੂੰ ਗਾਉਣ ਦਾ ਆਦੇਸ਼ ਹੈ, ਜੋ ਲਾੜੇ ਦੇ ਘੋੜੀ ਚੜ੍ਹਨ ਵੇਲੇ ਇਸਤਰੀਆਂ ਵੱਲੋਂ ਗਾਏ ਜਾਂਦੇ ਹਨ। ਇਥੇ ਗੁਰੂ ਸਾਹਿਬ ਨੇ ਲੋਕ-ਗੀਤ ਘੋੜੀ ਦੀ ਨਿਰੀ ਧਾਰਨਾ ਨੂੰ ਹੀ ਨਹੀਂ ਅਪਣਾਇਆ, ਸਗੋਂ ਲਾੜੇ ਦੇ ਘੋੜੀ ਉੱਤੇ ਚੜ੍ਹਨ ਦੇ ਪ੍ਰਕਾਰਜ ਵਾਲੇ ਰੂਪਕ ਰਾਹੀਂ ਦੇਹ ਰੂਪੀ ਘੋੜੀ ਉੱਤੇ ਸਵਾਰ ਜਗਿਆਸੂ ਨੂੰ ਮਿਲਾਪ ਦੇ ਮਾਰਗ ਉਪਰ ਅੱਗੇ ਤੋਰਿਆ ਹੈ ਅਤੇ ਸਾਧ-ਸੰਗਤ ਨੇ ਜੰਞ ਦੀ ਭੂਮਿਕਾ ਨਿਭਾਈ ਹੈ। ਮਨ ਨੂੰ ਕਾਬੂ ਕਰਨ ਲਈ ‘ਗੁਰੂ’ ਨੇ ਘੋੜੀ ਦੇ ਮੂੰਹ ਵਿਚ ਲਗਾਮ ਪਾਈ ਹੋਈ ਹੈ। ਘੋੜੀ ਨੂੰ ਅਨੁਸ਼ਾਸਤ ਕਰਨ ਲਈ ਪ੍ਰੇਮ ਦਾ ਚਾਬਕ ਵਰਤਿਆ ਜਾ ਰਿਹਾ ਹੈ। ਇਸ ਤਰ੍ਹਾਂ ਬਰਾਤ-ਸਹਿਤ ਲਾੜੇ (ਜਗਿਆਸੂ) ਦਾ ਸੰਸਾਰ ਦੇ ਬਿਖੜੇ ਮਾਰਗ ਉੱਤੇ ਚਲਦਿਆਂ, ਪਰਮ-ਸੱਤਾ ਨਾਲ ਮਿਲਾਪ ਹੋ ਜਾਂਦਾ ਹੈ। ਇਹ ਇਕ ਪ੍ਰਤੀਕਾਤਮਕ ਰਚਨਾ ਹੈ।
ਗਿ. ਹਰਿਬੰਸ ਸਿੰਘ ਅਨੁਸਾਰ ਵਿਆਹ ਵੇਲੇ ਘੋੜੀਆਂ ਗਾਉਣ ਦਾ ਰਿਵਾਜ ਹੁੰਦਾ ਸੀ। ਪਰ ਸਮੇਂ ਦੇ ਨਾਲ ਇਨ੍ਹਾਂ ਦੀ ਥਾਂ ਕਈ ਗੰਦੇ ਗੀਤਾਂ ਦੀ ਕੁਰੀਤੀ ਨੇ ਲੈ ਲਈ। ਗੁਰੂ ਰਾਮਦਾਸ ਸਾਹਿਬ ਨੇ ਇਸ ਕੁਰੀਤੀ ਨੂੰ ਹਟਾਉਣ ਲਈ ‘ਘੋੜੀਆ’ ਸਿਰਲੇਖ ਹੇਠ ਇਸ ਬਾਣੀ ਦੀ ਰਚਨਾ ਕੀਤੀ। ਇਸ ਵਿਚ ਦੇਹੀ ਨੂੰ ਸੁੰਦਰ ਸਜੀ ਹੋਈ ਘੋੜੀ ਦਾ ਰੂਪਕ ਦੇ ਕੇ, ਇਸ ਦੀ ਸਫਲਤਾ ਦਾ ਸਾਧਨ ਪ੍ਰਭੂ-ਮਿਲਾਪ ਦੱਸਿਆ ਹੈ। ਸਿਧਾਂਤ ਇਹ ਹੈ ਕਿ ਪ੍ਰਭੂ ਦਾ ਨਾਮ ਜਪ ਕੇ ਦੇਹੀ ਆਪਣੇ ਵਸ ਵਿਚ ਆ ਜਾਂਦੀ ਹੈ। ਕਾਠੀ ਅਤੇ ਲਗਾਮ ਆਦਿ ਦੇਹੀ ਨੂੰ ਕਾਬੂ ਕਰਨ ਲਈ ਦ੍ਰਿਸ਼ਟਾਂਤ ਵਜੋਂ ਵਰਤੇ ਹਨ।
ਗੁਰੂ ਗ੍ਰੰਥ ਸਾਹਿਬ ਵਿਚਲੀਆਂ ਘੋੜੀਆਂ ਦਾ ਵਿਹਾਰਕ ਪਖ
ਗੁਰੂ ਗ੍ਰੰਥ ਸਾਹਿਬ ਵਿਚ ਇਸ ਕਾਵਿ-ਰੂਪ ਦੀ ਵਰਤੋਂ ਘੋੜੀਆਂ ਦੇ ਪੰਜਾਬੀ ਸਭਿਆਚਾਰ ਦਾ ਅਹਿਮ ਅੰਗ ਹੋਣ ਦਾ ਸਬੂਤ ਹੈ। ਸੰਭਵ ਹੈ ਕਿ ਗੁਰੂ-ਕਾਲ ਦੌਰਾਨ ਸਿਖਾਂ ਦੇ ਘਰਾਂ ਵਿਚ ਵਿਆਹ ਸਮੇਂ ਲੌਕਿਕ ਘੋੜੀਆਂ ਦੀ ਥਾਂ ਜਾਂ ਉਨ੍ਹਾਂ ਦੇ ਨਾਲ-ਨਾਲ ਇਨ੍ਹਾਂ ਘੋੜੀਆਂ ਨੂੰ ਵੀ ਗਾਇਆ ਜਾਂਦਾ ਹੋਵੇ, ਜਿਵੇਂ ਕਿ ਪ੍ਰਾਣੀ ਦੇ ਚਲਾਣੇ ਸਮੇਂ ਅਲਾਹਣੀਆਂ ਦਾ ਪਾਠ ਅਜ ਵੀ ਕੀਤਾ ਜਾਂਦਾ ਹੈ। ਪਰ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀਆਂ ਇਨ੍ਹਾਂ ਘੋੜੀਆਂ ਨੂੰ ਵਿਆਹ ਵੇਲੇ ਗਾਏ ਜਾਂ ਪੜ੍ਹੇ ਜਾਣ ਦਾ ਰਿਵਾਜ ਨਹੀਂ ਰਿਹਾ। ਇਸ ਬਾਰੇ ਸਿਖਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਘੋੜੀਆਂ ਨੂੰ ਦੁਬਾਰਾ ਪ੍ਰਚਲਤ ਕਰਨ ਦਾ ਜਤਨ ਕਰਨਾ ਚਾਹੀਦਾ ਹੈ।
ਉਪਰੋਕਤ ਵਿਚਾਰ-ਚਰਚਾ ਦੇ ਅਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਨੂੰ ਲੋਕਾਈ ਦੇ ਜੀਵਨ ਦਾ ਅੰਗ ਬਣਾਉਣ ਲਈ ਪੰਜਾਬੀ ਲੋਕ-ਗੀਤਾਂ ਦੀਆਂ ਵੰਨਗੀਆਂ ਨੂੰ ਵਰਤਿਆ ਹੈ। ਘੋੜੀਆਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਵੀ ਬਹੁਤ ਸਾਰੇ ਰੂਪ ਵਰਤੇ ਗਏ ਹਨ, ਜਿਹੜੇ ਲੋਕ-ਜੀਵਨ ਦਾ ਅੰਗ ਰਹੇ ਹਨ। ਇਨ੍ਹਾਂ ਵਿਚ ਅਲਾਹਣੀਆਂ, ਸੱਦ, ਬਾਰਾਂਮਾਹੇ, ਸਤਵਾਰੇ ਆਦਿ ਸ਼ਾਮਲ ਹਨ।



