ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਮਾਝ ਰਾਗ ਨੂੰ ਤਰਤੀਬ ਅਨੁਸਾਰ ਦੂਜਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੪ ਤੋਂ ੧੫੦ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੭੪, ਗੁਰੂ ਅੰਗਦ ਸਾਹਿਬ ਦੇ ੧੨, ਗੁਰੂ ਅਮਰਦਾਸ ਸਾਹਿਬ ਦੇ ੩੫, ਗੁਰੂ ਰਾਮਦਾਸ ਸਾਹਿਬ ਦੇ ੧੦ ਅਤੇ ਗੁਰੂ ਅਰਜਨ ਸਾਹਿਬ ਦੇ ੬੬ ਸ਼ਬਦ ਸ਼ਾਮਲ ਹਨ।
ਹਿੰਦੁਸਤਾਨੀ ਸੰਗੀਤ ਦੇ ਪ੍ਰਾਚੀਨ ਗ੍ਰੰਥਾਂ ਵਿਚ ਮਾਝ ਰਾਗ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਸੰਗੀਤ ਅਚਾਰੀਆ ਅਨੁਸਾਰ ਪੰਜਾਬ ਦੇ ਮਾਝਾ ਖੇਤਰ ਵਿਚ ਪ੍ਰਚਲਤ ਇਕ ਲੋਕ-ਧੁਨ ਦੇ ਅਧਾਰ ’ਤੇ ਮਾਝ ਰਾਗ ਵਿਕਸਤ ਹੋਇਆ ਹੈ। ਪ੍ਰੋ. ਤਾਰਾ ਸਿੰਘ ਅਨੁਸਾਰ ਲੋਕ-ਗੀਤਾਂ ਦੀਆਂ ਧੁਨਾਂ ਨੂੰ ਸੰਗੀਤ ਦੇ ਵਿਦਵਾਨਾਂ ਦੁਆਰਾ ਨਿਯਮਬਧ ਕਰ ਕੇ ਸ਼ਾਸਤਰੀ ਸੰਗੀਤ ਦੀ ਰਾਗ ਸੂਚੀ ਵਿਚ ਸ਼ਾਮਲ ਕਰਨ ਦੇ ਅਨੇਕ ਪ੍ਰਮਾਣ ਮਿਲਦੇ ਹਨ। ਇਸੇ ਤਰ੍ਹਾਂ ਹੀ ਮਾਝੇ ਦੀ ਇਕ ਲੋਕ-ਧੁਨ ਨੂੰ ਗੁਰੂ ਨਾਨਕ ਸਾਹਿਬ ਨੇ ‘ਮਾਝ ਰਾਗ’ ਦਾ ਨਾਮ ਪ੍ਰਦਾਨ ਕੀਤਾ। ਬਾਅਦ ਵਿਚ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਗੁਰੂ ਸਹਿਬਾਨ ਨੇ ਵੀ ਮਾਝ ਰਾਗ ਵਿਚ ਬਾਣੀ ਦੀ ਰਚਨਾ ਕੀਤੀ।
ਡਾ. ਰਤਨ ਸਿੰਘ ਜੱਗੀ ਦਾ ਵਿਚਾਰ ਹੈ ਕਿ ਗੁਰੂ ਸਾਹਿਬਾਨ ਨੇ ਜਗਿਆਸੂਆਂ ਨੂੰ ਉਪਦੇਸ਼ ਦੇਣ ਲਈ ਜਿਥੇ ਲੋਕ-ਕਾਵਿ ਰੂਪਾਂ, ਲੋਕ-ਸ਼ਬਦਾਵਲੀ, ਲੌਕਿਕ ਉਪਮਾਨਾਂ ਅਤੇ ਬਿੰਬਾਂ ਦੀ ਵਰਤੋਂ ਕੀਤੀ, ਉਥੇ ਲੋਕ-ਧੁਨਾਂ ਨੂੰ ਵੀ ਮਹੱਤਵ ਦਿੱਤਾ, ਕਿਉਂਕਿ ਇਸ ਨਾਲ ਬਾਣੀ ਦਾ ਲੋਕਾਂ ਨਾਲ ਸਿੱਧਾ ਸੰਪਰਕ ਜੁੜਦਾ ਹੈ। ਮਾਝ ਰਾਗ ਸ਼ਾਸਤਰੀ ਸੰਗੀਤ ਨੂੰ ਗੁਰੂ ਨਾਨਕ ਸਾਹਿਬ ਦੀ ਮੌਲਿਕ ਦੇਣ ਹੈ। ਪੰਜਾਬ ਨਾਲ ਸੰਬੰਧਤ ਹੋਣ ਕਾਰਣ ਇਸ ਵਿਚ ਇਲਾਕਾਈ ਜੁਗ-ਚਿਤਰਣ ਬੜੇ ਸਜੀਵ ਰੂਪ ਵਿਚ ਹੋਇਆ ਹੈ।
ਮਾਝ ਰਾਗ ਵਿਚ ਗੁਰੂ ਨਾਨਕ ਸਾਹਿਬ ਦੁਆਰਾ ‘ਮਾਝ ਕੀ ਵਾਰ’ ਦੀ ਰਚਨਾ ਕੀਤੀ ਗਈ ਹੈ। ਇਸ ਵਾਰ ਦੇ ਸਿਰਲੇਖ ਵਿਚ ਮਾਝ ਰਾਗ ਵਿਚ ਹੀ ਪ੍ਰਚਲਤ ਇਕ ਲੋਕ ਧੁਨ ‘ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ’ ’ਤੇ ਇਸ ਵਾਰ ਨੂੰ ਗਾਉਣ ਦਾ ਗੁਰੂ ਸਾਹਿਬ ਵੱਲੋਂ ਆਦੇਸ਼ ਹੈ।
ਰਾਗ-ਰਾਗਣੀ ਵਰਗੀਕਰਣ ਦੇ ਅੰਤਰਗਤ ਮਾਝ ਰਾਗ ਸੰਬੰਧੀ ਭਾਈ ਵੀਰ ਸਿੰਘ ਦਾ ਮਤ ਹੈ ਕਿ ਇਹ ਰਾਗ ਗੁਰਮਤਿ ਸੰਗੀਤ ਅਨੁਸਾਰ ਭਿੰਨ ਪ੍ਰਕਾਰ ਦੀ ਰਾਗਣੀ ਹੈ। ਮਾਝੇ ਦੇ ਦੇਸ ਦੀ ਰਾਗਣੀ ਹੋਣ ’ਤੇ ਦੇਸੀ ਸੰਕੀਰਣ ਹੈ। ਇਹ ਸਿਰੀ, ਮਧਮਾਧਵੀ, ਮਲਾਰ ਰਾਗ ਦੇ ਮੇਲ ਨਾਲ ਬਣੀ ਹੈ।
ਰਤਨ ਸੰਗੀਤ ਭੰਡਾਰ ਦੇ ਲੇਖਕ ਮਾਸਟਰ ਭਾਈ ਪ੍ਰੇਮ ਸਿੰਘ ਦਾ ਵਿਚਾਰ ਹੈ ਕਿ ਸਾਰੰਗ, ਧਨਾਸਰੀ, ਬਿਲਾਵਲ ਤੇ ਸੋਰਠ ਚਾਰ ਰਾਗਾਂ ਦੇ ਮੇਲ ਤੋਂ ਮਾਝ ਰਾਗ ਬਣਦਾ ਹੈ: ਸਾਰਗ ਔਰ ਧਨਾਸਰੀ, ਬਿਲਾਵਲ ਸੋਰਠ ਚਾਰ। ਇਨ ਤੇ ਪੈਦਾ ਹੋਤ ਹੈ ਮਾਝ ਕਹਿਤ ਸੁਰ ਤਾਰ।
‘ਸੁਰ ਤਾਲ ਸਮੂਹ’ ਅਨੁਸਾਰ ਮਾਝ ਰਾਗ ਸੋਰਠ, ਬਿਲਾਵਲ, ਸਾਰੰਗ, ਧਨਾਸਰੀ, ਨਟ ਪੰਜ ਰਾਗਾਂ ਦੇ ਮੇਲ ਨਾਲ ਬਣਦਾ ਹੈ। ਕਈ ਵਿਦਵਾਨ ਇਸ ਨੂੰ ਰਾਗਣੀ ਵੀ ਕਹਿੰਦੇ ਹਨ। ‘ਬੁੱਧ ਪ੍ਰਕਾਸ਼ ਦਰਪਣ’ ਵਿਚ ਜਿਕਰ ਆਉਂਦਾ ਹੈ ਕਿ ਇਹ ਰਾਗ ਸਿਰੀ, ਮਾਧਵੀ ਤੇ ਮਲਾਰ ਦੇ ਮੇਲ ਤੋਂ ਬਣਦਾ ਹੈ: ਸਿਰੀ ਰਾਗ ਮਾਧਵੀ, ਅਰ ਮਲਾਰ ਸੁਰ ਜਾਣ। ਇਹ ਮਿਲ ਮਾਝ ਬਖਾਨਹੀ, ਲੀਜੋ ਗੁਨਿ ਜਨ ਮਾਨ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਾਝ ਇਕ ਸੰਪੂਰਨ ਜਾਤੀ ਦਾ ਰਾਗ ਹੈ। ਇਸ ਵਿਚ ਦੋਵੇਂ ਗੰਧਾਰ, ਦੋਵੇਂ ਨਿਸ਼ਾਦ ਤੇ ਬਾਕੀ ਸਵਰ ਸ਼ੁਧ ਲੱਗਦੇ ਹਨ।
ਮਾਝ ਰਾਗ ਦਾ ਸਰੂਪ ਵਖ-ਵਖ ਅੰਗਾਂ ਤੋਂ ਮੰਨਿਆ ਗਿਆ ਹੈ। ਪ੍ਰੋ. ਤਾਰਾ ਸਿੰਘ ਨੇ ਇਸ ਸੰਬੰਧ ਵਿਚ ਬਿਲਾਵਲ ਅੰਗ, ਖਮਾਜ ਅੰਗ ਅਤੇ ਕਾਫੀ ਅੰਗ ਦਾ ਜਿਕਰ ਕੀਤਾ ਹੈ। ਬਿਲਾਵਲ ਅੰਗ ਤੋਂ ਗਾਇਆ ਜਾਣ ਵਾਲਾ ਮਾਝ ਰਾਗ ਕੇਵਲ ਗਵਾਲੀਅਰ ਘਰਾਣੇ ਵਿਚ ਹੀ ਪ੍ਰਚਲਤ ਰਿਹਾ ਹੈ ਅਤੇ ਦੂਜੇ ਦੋਵਾਂ ਪ੍ਰਕਾਰਾਂ ਦਾ ਸਰੂਪ ਸਿਖ ਕੀਰਤਨਕਾਰਾਂ ਨੇ ਸੁਰਖਿਅਤ ਰਖਿਆ ਹੈ।
ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ
ਰਾਗ ਮਾਝ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਗੰਧਾਰ, ਦੋਵੇਂ ਨਿਸ਼ਾਦ ਅਤੇ ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਗੰਧਾਰ ਤੇ ਧੈਵਤ (ਆਰੋਹ ਵਿਚ)।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ, ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਧਾ ਪਾ, ਧਾ ਮਾ ਗਾ ਮਾ, ਰੇ ਪਾ ਗਾ (ਕੋਮਲ) ਰੇ, ਗਾ (ਕੋਮਲ) ਸਾ ਰੇ ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਪਾ, ਧਾ ਮਾ ਗਾ ਮਾ, ਰੇ ਪਾ, ਮਾ ਗਾ (ਕੋਮਲ) ਰੇ, ਗਾ (ਕੋਮਲ) ਸਾ ਰੇ ਨੀ (ਮੰਦਰ ਸਪਤਕ) ਸਾ।
ਗਾਇਨ ਸਮਾਂ
ਆਮ ਤੌਰ ’ਤੇ ਇਸ ਰਾਗ ਦੇ ਗਾਇਨ ਦਾ ਸਮਾਂ ਰਾਤ ਦਾ ਪਹਿਲਾ ਪਹਿਰ ਮੰਨਿਆ ਗਿਆ ਹੈ, ਪਰ ਕੁਝ ਵਿਦਵਾਨਾਂ



