ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੁਆਰਾ ਤੁਖਾਰੀ ਰਾਗ ਵਿਚ ਉਚਾਰਣ ਕੀਤੇ ਬਾਰਹ ਮਾਹਾ ਦਾ ਸੰਗਰਾਂਦ ਵਾਲੇ ਦਿਨ ਪਾਠ ਕਰਕੇ ਸੰਗਤ ਆਪਣਾ ਜੀਵਨ ਸਫਲਾ ਕਰ ਸਕਦੀ ਹੈ। ਸੰਗਤ ਨੇ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਦਾ ਬਾਰਹ ਮਾਹਾ ਔਖੀ ਬੋਲੀ ਵਿਚ ਹੈ, ਸਮਝ ਨਹੀਂ ਆਉਂਦਾ। ਆਪ ਜੀ ਕਿਰਪਾ ਕਰਕੇ ਸੌਖੀ ਬੋਲੀ ਵਿਚ ਬਾਰਹ ਮਾਹਾ ਉਚਾਰੋ ਤਾਂ ਕਿ ਅਸੀਂ ਲਾਭ ਲੈ ਸਕੀਏ, ਬਾਣੀ ਸਮਝ ਸਕੀਏ ਤੇ ਸਾਡਾ ਜਨਮ ਸਫਲ ਹੋ ਸਕੇ। ਗੁਰੂ ਸਾਹਿਬ ਨੇ ਸੰਗਤ ਦੀ ਬੇਨਤੀ ਸੁਣ ਕੇ ਸਿਖਾਂ ਦੇ ਕਲਿਆਣ ਹਿਤ ਬਾਰਹ ਮਾਹਾ ਤੁਖਾਰੀ ਨੂੰ ਸਾਹਮਣੇ ਰਖ ਕੇ ਇਸ ਬਾਣੀ ਦਾ ਉਚਾਰਣ ਕੀਤਾ।


ਉਪਰੋਕਤ ਉਥਾਨਕਾ ਤੋਂ ਗਿਆਤ ਹੁੰਦਾ ਹੈ ਕਿ ਸਿਖਾਂ ਨੇ ਸੰਗਰਾਂਦ ਦਾ ਮਹੱਤਵ ਹਿੰਦੂ ਕਰਮ-ਕਾਂਡ ਜਾਣਿਆ ਅਤੇ ਗੁਰੂ ਸਾਹਿਬ ਨੂੰ ਇਸ ਬਾਣੀ ਦੇ ਉਚਾਰਣ ਲਈ ਬੇਨਤੀ ਕੀਤੀ ਕਿਉਂਕਿ ਬ੍ਰਾਹਮਣ ਮਹੀਨੇ ਵਿਚ ਕੀਤੇ ਜਾਣ ਵਾਲੇ ਕਰਮਾਂ ਦਾ ਉਪਦੇਸ਼ ਲੋਕਾਂ ਨੂੰ ਦਿੰਦੇ ਸਨ।
ਅਸਲ ਵਿਚ ਗੁਰੂ ਅਰਜਨ ਸਾਹਿਬ ਦੇ ਸਮੇਂ ਸਿਖ ਪੰਥ ਆਪਣਾ ਵਿਲੱਖਣ ਸਰੂਪ ਧਾਰਨ ਕਰ ਰਿਹਾ ਸੀ। ਗੁਰੂ ਸਾਹਿਬ ਨੇ ਫੋਕਟ ਕਰਮ-ਕਾਂਡਾਂ ਨੂੰ ਤਿਆਗਣ ਅਤੇ ਕੇਵਲ ਪਰਮਾਤਮਾ ਦੇ ਨਾਮ ਨੂੰ ਜਪਣ ਲਈ ਹੀ ਸੰਗਤਾਂ ਨੂੰ ਉਪਦੇਸ਼ ਦਿੱਤਾ। ਬਾਰਹ ਮਾਹਾ ਵਿਚ ਵੀ ਜਗਿਆਸੂ ਜੀਵ-ਇਸਤਰੀ ਨੂੰ ਨਾਮ ਜਪਣ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਕਿ ਸਤਿਗੁਰੂ ਦੀ ਬਖਸ਼ਿਸ਼ ਹਾਸਲ ਕਰਕੇ ਉਹ ਪਰਮਾਤਮਾ ਵਿਚ ਸਮਾ ਸਕੇ। ਇਸ ਲਈ ਇਹ ਸੰਭਵ ਜਾਪਦਾ ਹੈ ਕਿ ਗੁਰੂ ਸਾਹਿਬ ਨੇ ਬ੍ਰਾਹਮਣੀ ਕਰਮ-ਕਾਂਡਾਂ ਤੋਂ ਸਿਖਾਂ ਨੂੰ ਬਚਾਉਣ ਲਈ ਇਸ ਬਾਣੀ ਦਾ ਉਚਾਰਣ ਕੀਤਾ ਹੋਵੇ।
ਪਰ ਇਸ ਦੇ ਨਾਲ ਹੀ ਇਹ ਪ੍ਰਸ਼ਨ ਵੀ ਪੈਦਾ ਹੁੰਦਾ ਹੈ ਕਿ, ਕੀ ਗੁਰੂ ਸਾਹਿਬ ਸੰਗਰਾਂਦ ਨੂੰ ਪਵਿੱਤਰ ਦਿਹਾੜਾ ਮੰਨ ਕੇ ਮਨਾਉਣ ਲਈ ਪ੍ਰੇਰਤ ਕਰਦੇ ਹਨ? ਇਸ ਦਾ ਉੱਤਰ ਹੈ: ਬਿਲਕੁਲ ਵੀ ਨਹੀਂ। ਗੁਰੂ ਸਾਹਿਬ ਤਾਂ ਹਰ ਸਿਖ ਨੂੰ ਕੇਵਲ ਪਰਮਾਤਮਾ ਦਾ ਨਾਮ ਜਪਣ ਲਈ ਉਪਦੇਸ਼ ਦਿੰਦੇ ਹਨ। ਨਾਮ ਕਦੋਂ, ਕਿਸ ਸਮੇਂ ਤੇ ਕਿਵੇਂ ਜਪਿਆ ਜਾਵੇ? ਇਸ ਸੰਬੰਧੀ ਗੁਰੂ ਸਾਹਿਬ ਦਾ ਉਪਦੇਸ਼ ਬੜਾ ਸਪਸ਼ਟ ਹੈ ਕਿ ਉਠਦਿਆਂ, ਬੈਠਦਿਆਂ ਅਤੇ ਸੌਂਦਿਆਂ ਸਿਰਫ ਨਾਮ ਨਾਲ ਜੁੜਨਾ ਹੀ ਜੀਵ ਦਾ ਪ੍ਰਮੁੱਖ ਕਾਰਜ ਹੈ:
ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥ -ਗੁਰੂ ਗ੍ਰੰਥ ਸਾਹਿਬ ੨੮੬
ਇਸ ਲਈ ਸੰਗਰਾਂਦ ਆਦਿ ਦਿਨਾਂ ਦੀ ਮਾਨਤਾ ਦਾ ਸਿਖ ਸਿਧਾਂਤ ਅਨੁਸਾਰ ਕੋਈ ਬਹੁਤਾ ਮੁੱਲ ਨਹੀਂ ਹੈ। ਇਹ ਵੀ ਜਿਕਰਜੋਗ ਹੈ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸੰਗਰਾਂਦ ਸ਼ਬਦ ਦੀ ਕਿਤੇ ਵੀ ਵਰਤੋਂ ਹੋਈ ਨਹੀਂ ਮਿਲਦੀ।

ਉਪਰੋਕਤ ਉਥਾਨਕਾ ਦਾ ਇਹ ਵਿਚਾਰ ਵੀ ਦਰੁਸਤ ਨਹੀਂ ਜਾਪਦਾ ਕਿ ਗੁਰੂ ਨਾਨਕ ਸਾਹਿਬ ਦੇ ਬਾਰਹ ਮਾਹਾ ਦੀ ਬੋਲੀ ਨੂੰ ਔਖਾ ਸਮਝਦਿਆਂ ਉਸ ਨੂੰ ਸਾਹਮਣੇ ਰਖ ਕੇ ਗੁਰੂ ਅਰਜਨ ਸਾਹਿਬ ਨੇ ਇਹ ਬਾਰਹ ਮਾਹਾ ਉਚਾਰਿਆ। ਗੁਰਬਾਣੀ ਨੂੰ ‘ਧੁਰ ਕੀ ਬਾਣੀ’ ਅਤੇ ‘ਆਵੇਸ਼ ਮਈ ਪ੍ਰਗਟਾਵਾ’ ਮੰਨਿਆ ਜਾਂਦਾ ਹੈ। ਇਹ ਸਰਬੱਤ ਦੀ ਸਾਂਝੀ ਹੈ, ਭਾਵੇ ਉਪਦੇਸ਼ ਰੂਪ ਵਿਚ ਸਿਖਾਂ ਦੇ ਪ੍ਰਥਾਇ ਉਚਾਰੀ ਗਈ ਹੋਵੇ। ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੇ ਬਾਰਹ ਮਾਹਾ ਦੀ ਬੋਲੀ ਉਸ ਵੇਲੇ ਦੇ ਸਿਖਾਂ ਲਈ ਇੰਨੀ ਔਖੀ ਨਹੀਂ ਸੀ ਕਿ ਸਮਝ ਨਾ ਆਉਂਦੀ। ਸਿਖ ਬਾਣੀ ਪੜ੍ਹਦੇ-ਸੁਣਦੇ ਸਨ। ਗੁਰੂ ਅਰਜਨ ਸਾਹਿਬ ਨੇ ਗੁਰਮਤਿ ਦੇ ਮੂਲ ਵਿਚਾਰਾਂ ਨੂੰ ਸਿਖਾਂ ਵਿਚ ਪ੍ਰਚਾਰਨ ਦਾ ਸਫਲ ਜਤਨ ਕਰਦਿਆਂ ਜੋ ਵੀ ਉਚਾਰਿਆ ਹੈ, ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਖਾਂਦਾ ਹੈ। ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਗੁਰੂ ਅਰਜਨ ਸਾਹਿਬ ਨੇ ਆਪਣੀ ਇਹ ਬਾਣੀ ਗੁਰੂ ਨਾਨਕ ਬਾਣੀ ਨੂੰ ਸਾਹਮਣੇ ਰਖ ਕੇ ਉਚਾਰੀ। ਸੱਚ ਇਕ ਹੈ ਤੇ ਕਦੇ ਪੁਰਾਣਾ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਨੇ ਗੁਰਮਤਿ ਸਿਧਾਂਤਾਂ ਨੂੰ ਸਿਖਾਂ ਦੇ ਮਨਾਂ ਵਿਚ ਹੋਰ ਪਕੇਰਾ ਕਰਨ ਲਈ ਸੱਚ ਨੂੰ ਆਪਣੇ ਅਨੁਭਵ ਰਾਹੀਂ ਪਰਗਟ ਕੀਤਾ। ਸੋ, ਇਹ ਗੱਲ ਨਿਰਮੂਲ ਹੈ ਕਿ ‘ਬਾਰਹ ਮਾਹਾ ਮਾਝ’ ਵਿਚ ਬਾਰਹ ਮਾਹਾ ਤੁਖਾਰੀ ਨੂੰ ਹੀ ਅਸਾਨ ਭਾਸ਼ਾ ਵਿਚ ਲਿਖਿਆ ਗਿਆ ਹੈ।
