Guru Granth Sahib Logo
  
ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੬੩ ਉਪਰ ‘ਆਰਤੀ’ ਸਿਰਲੇਖ ਅਧੀਨ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ। ‘ਰਹਾਉ’
Bani Footnote ਗੁਰੂ ਗ੍ਰੰਥ ਸਾਹਿਬ ਵਿਚ ‘ਰਹਾਉ’ ਦੀ ਵਰਤੋਂ ਛੰਤਾਂ ਅਤੇ ਵਾਰਾਂ ਨੂੰ ਛਡ ਕੇ ਰਾਗਾਂ ਵਿਚ ਰਚੇ ਲਗਭਗ ਸਾਰੇ ਸ਼ਬਦਾਂ ਵਿਚ ਕੀਤੀ ਗਈ ਹੈ। ਸੰਗੀਤਕ ਦ੍ਰਿਸ਼ਟੀਕੋਣ ਤੋਂ ‘ਰਹਾਉ’ ਸ਼ਬਦ ਦੀ ‘ਟੇਕ’ (ਸਥਾਈ) ਨੂੰ ਦਰਸਾਉਂਦਾ ਹੈ; ਭਾਵ, ਉਹ ਤੁਕ ਜਾਂ ਤੁਕਾਂ, ਜੋ ਗਾਉਣ ਵੇਲੇ ਸ਼ਬਦ ਦੇ ਹਰ ਬੰਦ ਤੋਂ ਬਾਅਦ ਦੁਹਰਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ‘ਰਹਾਉ’ ਵਾਲੀ ਤੁਕ ਜਾਂ ਤੁਕਾਂ, ਉਸ ਸ਼ਬਦ ਜਾਂ ਰਚਨਾ ਦਾ ਕੇਂਦਰੀ ਭਾਵ ਵੀ ਪ੍ਰਗਟ ਕਰਦੀਆਂ ਹਨ। ‘ਰਹਾਉ’ ਦੀਆਂ ਤੁਕਾਂ ਹਮੇਸ਼ਾ ਸ਼ਬਦ ਜਾਂ ਰਚਨਾ ਦੇ ਬਾਕੀ ਬੰਦਾਂ ਤੋਂ ਵਖਰੇ ਤੌਰ ‘ਤੇ ਗਿਣੀਆਂ ਜਾਂਦੀਆਂ ਹਨ। ਜਦੋਂ ਇਕ ਸ਼ਬਦ ਵਿਚ ਦੋ ‘ਰਹਾਉ’ (ਰਹਾਉ/ਰਹਾਉ ਦੂਜਾ) ਹੁੰਦੇ ਹਨ, ਤਾਂ ਪਹਿਲਾ ‘ਰਹਾਉ’ ਇਕ ਪ੍ਰਸ਼ਨ ਦੇ ਰੂਪ ਵਿਚ ਹੁੰਦਾ ਹੈ ਅਤੇ ਦੂਜਾ ‘ਰਹਾਉ’ (ਰਹਾਉ ਦੂਜਾ) ਉਸ ਪ੍ਰਸ਼ਨ ਦੇ ਉੱਤਰ ਨੂੰ ਪੇਸ਼ ਕਰਦਾ ਹੈ। ਆਮ ਤੌਰ ਤੇ ਇਕ ਸ਼ਬਦ ਵਿਚ ਸਿਰਫ ਇਕ ‘ਰਹਾਉ’ ਹੀ ਹੁੰਦਾ ਹੈ ਪਰ ਕਿਸੇ ਸ਼ਬਦ ਵਿਸ਼ੇਸ਼ ਵਿਚ ਕਈ ‘ਰਹਾਉ’ਵੀ ਹੋ ਸਕਦੇ ਹਨ। ਇਨ੍ਹਾਂ ਸਥਿਤੀਆਂ ਵਿਚ ਸੰਬੰਧਤ ‘ਰਹਾਉ’ ਉਸ ਸ਼ਬਦ ਦੇ ਵਖ-ਵਖ ਬੰਦਾਂ ਦੇ ਵਿਸ਼ਿਆਂ ਨੂੰ ਪ੍ਰਗਟ ਕਰਦੇ ਹਨ।
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।

‘ਆਰਤੀ’ ਦੇ ਸੰਬੰਧ ਵਿਚ ਇਹ ਵੀ ਪ੍ਰਚਲਤ ਹੈ ਕਿ ਇਕ ਵਾਰੀ ਮਸ਼ਹੂਰ ਪੰਜਾਬੀ ਅਦਾਕਾਰ ਬਲਰਾਜ ਸਾਹਨੀ ਨੇ ਬੰਗਲਾ ਭਾਸ਼ਾ ਦੇ ਮਹਾਨ ਕਵੀ ਸ੍ਰੀ ਰਾਬਿੰਦਰਨਾਥ ਟੈਗੋਰ [ਨੋਬਲ ਪੁਰਸਕਾਰ ਵਿਜੇਤਾ] ਨੂੰ ਕਿਹਾ ਕਿ ਤੁਸੀਂ ਦੇਸ ਲਈ ਕੌਮੀ ਤਰਾਨਾ ਲਿਖਿਆ ਹੈ; ਇਕ ਕੌਮਾਂਤਰੀ ਤਰਾਨਾ ਕਿਉਂ ਨਹੀਂ ਲਿਖਦੇ, ਜੋ ਸਾਰੀ ਦੁਨੀਆ ਦੇ ਲੋਕਾਂ ਦਾ ਸਾਂਝਾ ਹੋਵੇ। ਟੈਗੋਰ ਨੇ ਜਵਾਬ ਦਿਤਾ ਕਿ ਇਸ ਤੋਂ ਵੀ ਵਡਾ ਪੂਰੀ ਸ੍ਰਿਸ਼ਟੀ ਦਾ ਤਰਾਨਾ ਸੋਲ੍ਹਵੀਂ ਸਦੀ ਵਿਚ ਗੁਰੂ ਨਾਨਕ ਸਾਹਿਬ ਵਲੋਂ ‘ਆਰਤੀ’ ਰੂਪ ਵਿਚ ਲਿਖਿਆ ਜਾ ਚੁੱਕਾ ਹੈ। ਟੈਗੋਰ ਨੇ ‘ਆਰਤੀ’ ਦਾ ਬੰਗਲਾ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਹੈ।
Bani Footnote ਜਸਬੀਰ ਕੇਸਰ, ਚੜਿਆ ਸੋਧਣਿ ਧਰਤਿ ਲੁਕਾਈ, ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ, ੧੨ ਨਵੰਬਰ ੨੦੧੯, ਪੰਨਾ ੭


ਹਿੰਦੂ ਮਤ ਅਨੁਸਾਰ ਕਿਸੇ ਦੇਵੀ-ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਨੀਕ ਵਿਅਕਤੀ ਅਗੇ ਦੀਵੇ ਘੁੰਮਾ ਕੇ ਪੂਜਾ ਕਰਨ ਨੂੰ ‘ਆਰਤੀ’ ਕਿਹਾ ਜਾਂਦਾ ਹੈ। ਇਕ ਤੋਂ ਲੈ ਕੇ ਸੌ ਤੱਕ ਜਗਾਏ ਜਾਂਦੇ ਇਹ ਦੀਵੇ ਚਾਰ ਵਾਰ ਚਰਣਾਂ, ਦੋ ਵਾਰ ਨਾਭੀ, ਇਕ ਵਾਰ ਮੂੰਹ ਅਤੇ ਸੱਤ ਵਾਰ ਪੂਰੇ ਸਰੀਰ ਉਪਰ ਘੁੰਮਾਏ ਜਾਂਦੇ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੨੦੦੬, ਪੰਨਾ ੧੦੪


ਸਿਖ ਪਰੰਪਰਾ ਵਿਚ ‘ਆਰਤੀ’ ਨਾਲ ਸੰਬੰਧਤ ਇਸ ਸ਼ਬਦ ਦਾ ਮਹੱਤਵ ਇਸ ਪਖ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਨਿਵਾਸ ਵੇਲੇ ‘ਸੋ ਦਰੁ’ ਦੇ ਨਾਲ ‘ਆਰਤੀ’ ਗਾਏ ਜਾਣ ਵੱਲ ਵੀ ਆਪਣੀਆਂ ਵਾਰਾਂ ਵਿਚ ਸਪਸ਼ਟ ਸੰਕੇਤ ਕੀਤਾ ਹੈ:

ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। -ਵਾਰ ੧ ਪਉੜੀ ੩੮
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵਡੰਦੇ। -ਵਾਰ ੬ ਪਉੜੀ ੩
ਰਾਤਿ ਆਰਤੀ ਸੋਹਿਲਾ ਮਾਇਆ ਵਿਚ ਉਦਾਸੁ ਰਹਾਇਆ। -ਵਾਰ ੨੬ ਪਉੜੀ ੪

ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ਭਗਤ ਸਾਹਿਬਾਨ ਦਾ ਵੀ ‘ਆਰਤੀ’ ਨਾਲ ਸੰਬੰਧਤ ੧-੧ ਸ਼ਬਦ ਦਰਜ ਹੈ:
ਭਗਤ ਰਵਿਦਾਸ ਜੀ, ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ -ਗੁਰੂ ਗ੍ਰੰਥ ਸਾਹਿਬ ੬੯੪
ਭਗਤ ਸੈਣ ਜੀ, ਧੂਪ ਦੀਪ ਘ੍ਰਿਤ ਸਾਜਿ ਆਰਤੀ॥ -ਗੁਰੂ ਗ੍ਰੰਥ ਸਾਹਿਬ ੬੯੫
ਭਗਤ ਕਬੀਰ ਜੀ, ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ॥ -ਗੁਰੂ ਗ੍ਰੰਥ ਸਾਹਿਬ ੧੩੫੦

ਇਨ੍ਹਾਂ ਸਮੂਹ ਸ਼ਬਦਾਂ ਦਾ ਮਜ਼ਮੂਨ ਲਗਭਗ ਮਿਲਦਾ ਜੁਲਦਾ ਹੀ ਹੈ: “ਗੁਰਸਿੱਖਾਂ ਲਈ ਵਾਹਿਗੁਰੂ ਦੀ ਸਿਫ਼ਤਿ-ਸਾਲਾਹ ਹੀ ਧੂਪ, ਦੀਪ, ਘ੍ਰਿਤ, ਫੁਲ ਆਦਿ ਆਰਤੀ ਦੀ ਸਮਗਰੀ ਹੈ। ਜੀਵਨ ਦੇ ਸਫਲ ਨਿਰਬਾਹ ਲਈ ਉਹਨਾਂ ਦੀਆਂ ਸਾਰੀਆਂ ਯੋਗ ਮੰਗਾਂ, ਭਾਵੇਂ ਪਦਾਰਥਕ ਹੋਣ ਜਾਂ ਅਧਿਆਤਮਕ, ਆਪਣੇ ਵਾਹਿਗੁਰੂ ਅੱਗੇ ਹੀ ਹੁੰਦੀਆਂ ਹਨ, ਕਿਸੇ ਦੇਵੀ ਦੇਵਤੇ ਅੱਗੇ ਨਹੀਂ। ਸਮੁੱਚੇ ਤੌਰ ’ਤੇ, ਗੁਰਬਾਣੀ ਰਾਹੀਂ ਕੀਤੀ ਆਰਤੀ ਜਗਿਆਸੂ ਨੂੰ ਬਹੁ-ਦੇਵ ਪੂਜਾ ਅਤੇ ਕਰਮ-ਕਾਂਡ ਤੋਂ ਹੋੜ ਕੇ ਕੇਵਲ ਵਾਹਿਗੁਰੂ ਨਾਮ-ਸਿਮਰਨ-ਮਈ ਪੂਜਾ ਦ੍ਰਿੜ ਕਰਾਉਂਦੀ ਹੈ ਅਤੇ ਕੇਵਲ ਅਕਾਲ ਪੁਰਖ ਪਰਾਇਣ ਹੋਣ ਦੀ ਪ੍ਰੇਰਨਾ ਦੇਂਦੀ ਹੈ।”
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ, ਭਾਗ ੧, ਬਾਣੀ ਬਿਉਰਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੪, ਪੰਨਾ ੩੩


‘ਅੰਮ੍ਰਿਤ ਕੀਰਤਨ’ ਪੋਥੀ ਅਤੇ ਕੁਝ ਗੁਟਕਿਆਂ ਵਿਚ ਉਪਰੋਕਤ ਸ਼ਬਦਾਂ ਨਾਲ ਕੁਝ ਹੋਰ ਸ਼ਬਦਾਂ ਨੂੰ ਵੀ ‘ਆਰਤੀ’ ਸਿਰਲੇਖ ਹੇਠ ਛਾਪਿਆ ਜਾ ਰਿਹਾ ਹੈ, ਜਿਨ੍ਹਾਂ ਦੀ ਗਿਣਤੀ ਵਿਚ ਇਕਸਾਰਤਾ ਨਹੀਂ ਹੈ। ‘ਅੰਮ੍ਰਿਤ ਕੀਰਤਨ’ ਪੋਥੀ
Bani Footnote ਕੂਕਰ ਰਾਮ ਕਉ (ਸੰਪਾ.), ਅੰਮ੍ਰਿਤ ਕੀਰਤਨ, ਖਾਲਸਾ ਬ੍ਰਦਰਜ਼, ਅੰਮ੍ਰਿਤਸਰ, ੨੦੧੧, ਪੰਨੇ ੮੩੫-੮੩੮
ਵਿਚ ਹੇਠ ਲਿਖੇ ਸ਼ਬਦ ਸ਼ਾਮਲ ਹਨ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ -ਗੁਰੂ ਗ੍ਰੰਥ ਸਾਹਿਬ ੧੩
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ -ਗੁਰੂ ਗ੍ਰੰਥ ਸਾਹਿਬ ੬੯੪
ਧੂਪ ਦੀਪ ਘ੍ਰਿਤ ਸਾਜਿ ਆਰਤੀ॥ -ਗੁਰੂ ਗ੍ਰੰਥ ਸਾਹਿਬ ੬੯੫
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ॥ -ਗੁਰੂ ਗ੍ਰੰਥ ਸਾਹਿਬ ੧੩੫੦
ਗੋਪਾਲ ਤੇਰਾ ਆਰਤਾ॥
Bani Footnote ਭਗਤ ਧੰਨਾ ਜੀ ਦੇ ਇਸ ਸ਼ਬਦ ਦਾ ਸੰਬੰਧ ‘ਆਰਤੀ’ ਨਾਲ ਨਹੀਂ ਹੈ। ਜਾਪਦਾ ਹੈ ਇਹ ਭੁਲੇਖਾ ‘ਆਰਤਾ’ (ਆਰਤ, ਦੁਖਿਆਰਾ) ਸ਼ਬਦ ਨੂੰ ‘ਆਰਤੀ’ ਦਾ ਪੁਲਿੰਗ ਰੂਪ ਸਮਝਣ ਤੋਂ ਪਿਆ ਹੈ।
-ਗੁਰੂ ਗ੍ਰੰਥ ਸਾਹਿਬ ੬੯੫
ਯਾਤੇ ਪ੍ਰਸੰਨ ਭਏ ਹੈ ਮਹਾ ਮੁਨ ਦੇਵਨ ਕੇ ਤਪ ਮੈ ਸੁਖ ਪਾਵੈ ॥ -ਦਸਮ ਗ੍ਰੰਥ, ਉਕਤ ਬਿਲਾਸ ਛੰਦ ੫੪
ਹੇ ਰਵਿ ਹੇ ਸਸਿ ਹੇ ਕਰੁਨਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ॥ -ਦਸਮ ਗ੍ਰੰਥ, ਕ੍ਰਿਸ਼ਨਾਵਤਾਰ ਛੰਦ ੧੯੦੦
ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥ -ਦਸਮ ਗ੍ਰੰਥ, ਰਾਮ ਅਵਤਾਰ ਛੰਦ ੮੬੩
ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ॥ -ਦਸਮ ਗ੍ਰੰਥ, ਰਾਮ ਅਵਤਾਰ ਛੰਦ ੮੬੪
ਚਤ੍ਰ ਚੱਕ੍ਰ ਵਰਤੀ ਚਤ੍ਰ ਚੱਕ੍ਰ ਭੁਗਤੇ॥ -ਦਸਮ ਗ੍ਰੰਥ, ਜਾਪ ਛੰਦ ੧੯੯

ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ), ਅੰਮ੍ਰਿਤਸਰ, ਵਿਖੇ ਹੇਠ ਲਿਖੇ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ:
Bani Footnote ਇਹ ਵੇਰਵਾ ੧੫ ਦਸੰਬਰ, ੨੦੧੯ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪੜ੍ਹੇ ਗਏ ਸ਼ਬਦਾਂ ’ਤੇ ਅਧਾਰਤ ਹੈ।

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ -ਗੁਰੂ ਗ੍ਰੰਥ ਸਾਹਿਬ ੧੩
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ -ਗੁਰੂ ਗ੍ਰੰਥ ਸਾਹਿਬ ੬੯੪
ਧੂਪ ਦੀਪ ਘ੍ਰਿਤ ਸਾਜਿ ਆਰਤੀ॥ -ਗੁਰੂ ਗ੍ਰੰਥ ਸਾਹਿਬ ੬੯੫
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ॥ -ਗੁਰੂ ਗ੍ਰੰਥ ਸਾਹਿਬ ੧੩੫੦
ਗੋਪਾਲ ਤੇਰਾ ਆਰਤਾ॥
Bani Footnote ਭਗਤ ਧੰਨਾ ਜੀ ਦੇ ਇਸ ਸ਼ਬਦ ਦਾ ਸੰਬੰਧ ‘ਆਰਤੀ’ ਨਾਲ ਨਹੀਂ ਹੈ। ਜਾਪਦਾ ਹੈ ਇਹ ਭੁਲੇਖਾ ‘ਆਰਤਾ’ (ਆਰਤ, ਦੁਖਿਆਰਾ) ਸ਼ਬਦ ਨੂੰ ‘ਆਰਤੀ’ ਦਾ ਪੁਲਿੰਗ ਰੂਪ ਸਮਝਣ ਤੋਂ ਪਿਆ ਹੈ।
-ਗੁਰੂ ਗ੍ਰੰਥ ਸਾਹਿਬ ੬੯੫
ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ॥ -ਦਸਮ ਗ੍ਰੰਥ, ਰਾਮ ਅਵਤਾਰ ਛੰਦ ੮੬੩
ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ॥ -ਦਸਮ ਗ੍ਰੰਥ, ਰਾਮ ਅਵਤਾਰ ਛੰਦ ੮੬੪

ਇਸ ਤਰ੍ਹਾਂ ‘ਆਰਤੀ’ ਦੇ ਵਖ-ਵਖ ਰੂਪ ਮੌਜੂਦ ਹਨ। ਪਹਿਲਾ, ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਉਹ ਮੁਢਲਾ ਸ਼ਬਦ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਦੂਜਾ, ‘ਅਮ੍ਰਿਤ ਕੀਰਤਨ’ ਪੋਥੀ ਵਿਚ ਮਿਲਦਾ ਉਪਰੋਕਤ ਰੂਪ ਹੈ। ਤੀਜਾ, ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਗਾਇਆ ਜਾਣ ਵਾਲਾ ਰੂਪ ਹੈ। ‘ਆਰਤੀ’ ਦੇ ਮੁਢਲੇ ਸਰੂਪ ਵਿਚ ਇਹ ਬਦਲਾਅ ਕਦੋਂ ਤੇ ਕਿਵੇਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।