Guru Granth Sahib Logo
  
‘ਥਿਤੀ’ ਸ਼ਬਦ ਸੰਸਕ੍ਰਿਤ ਦੇ ‘ਤਿਥਿ’ ਸ਼ਬਦ ਦਾ ਤਦਭਵ ਰੂਪ ਹੈ। ਇਸ ਸ਼ਬਦ ਦੇ ਅਰਥ ਹਨ: ਤਿਥ, ਮਿਤੀ, ਤਾਰੀਖ; ਚੰਦਰਮਾ ਦੀ ਗਤੀ ਅਨੁਸਾਰ ਇਕ ਤੋਂ ਪੰਦਰਾਂ ਤਾਰੀਖ ਤਕ ਕੀਤੀ ਜਾਣ ਵਾਲੀ ਗਿਣਤੀ।
Bani Footnote ਡਾ. ਪ੍ਰੇਮ ਪ੍ਰਕਾਸ਼ ਸਿੰਘ (ਸੰਪਾ.), ਪੰਜਾਬੀ ਯੂਨੀਵਰਸਿਟੀ ਸੰਸਕ੍ਰਿਤ ਪੰਜਾਬੀ ਕੋਸ਼, ਪੰਨਾ ੨੮੦
‘ਤਿਥਿ’ ਸ਼ਬਦ ਤੋਂ ਹੀ ‘ਤ’ ਤੇ ‘ਥ’ ਧੁਨੀਆਂ ਦੇ ਪਰਸਪਰ ਵਟਾਂਦਰੇ ਕਾਰਣ ‘ਥਿਤਿ/ਥਿਤੀ’ ਬਣਿਆ ਹੈ। ਪੰਜਾਬੀ ਵਿਚ ਤਿਥੀ ਅਤੇ ਥਿਤੀ ਦੋਵੇਂ ਸ਼ਬਦ ਹੀ ਵਰਤ ਲਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਥਿਤਿ, ਥਿਤੀ, ਥੀਤਿ ਆਦਿ ਰੂਪਾਂ ਵਿਚ ਵਰਤਿਆ ਗਿਆ ਹੈ।

ਚੰਦਰਮਾ ਦੀਆਂ ਵਧਦੀਆਂ-ਘੱਟਦੀਆਂ ਅਵਸਥਾਵਾਂ ਨੂੰ ਵੀ ‘ਥਿਤ’
Bani Footnote ਥਿਤ ਉਹ ਸਮਾਂ ਹੈ, ਜੋ ਚੰਦ ਨੂੰ ਸੂਰਜ ਤੋਂ ੧੨ ਅੰਸ਼ ਦੂਰ ਜਾਣ ਵਿਚ ਲੱਗਦਾ ਹੈ। ੩੬੦ ਅੰਸ਼ ਪੂਰੇ ਕਰਕੇ ਤੀਹ ਥਿਤਾਂ ਤੋਂ ਬਾਅਦ ਚੰਦ ਤੇ ਸੂਰਜ ਦੇ ਭੂਜਾਂਸਾਂ ਵਿਚ ਕੋਈ ਫਰਕ ਨਹੀਂ ਰਹਿੰਦਾ। ਨਵੇਂ ਚੰਦ ਜਾਂ ਚੰਦ ਤੇ ਸੂਰਜ ਦੀਆਂ ਭੂਜਾਂਸਾਂ ਦੇ ਇਕ ਥਾਂ ਹੋਣ ਦੇ ਸਮੇਂ ਨੂੰ ਮੱਸਿਆ (ਚੰਦ ਤੇ ਸੂਰਜ ਦਾ ਇਕੱਠੇ ਹੋਣਾ) ਆਖਦੇ ਹਨ। ਪੂਰੇ ਚੰਦ ਜਾਂ ਚੰਦ ਤੇ ਸੂਰਜ ਦੇ ਭੂਜਾਂਸਾਂ ਵਿਚ ੧੮੦ ਅੰਸ਼ ਦਾ ਫਰਕ ਹੋਣ ਦੇ ਸਮੇਂ ਨੂੰ ਪੂਰਨਮਾਸ਼ੀ ਆਖਦੇ ਹਨ। -ਕਰਮ ਸਿੰਘ ਹਿਸਟੋਰੀਅਨ, ਗੁਰਪੁਰਬ ਨਿਰਣਯ, ਸਿਮਰਜੀਤ ਸਿੰਘ (ਸੰਪਾ.), ਪੰਨਾ ੬੦
ਕਿਹਾ ਜਾਂਦਾ ਹੈ। ਇਸ ਅਧਾਰ ’ਤੇ ਸਮੇਂ ਨੂੰ ਮਾਪਣ ਲਈ ਪੰਦਰਾਂ ਥਿਤਾਂ ਦੀ ਹੋਂਦ ਸਾਹਮਣੇ ਆਉਂਦੀ ਹੈ। ਪੁਰਾਤਨ ਸਮੇਂ ਤੋਂ ਹੀ ਸਾਲ ਨੂੰ ਮਾਪਣ ਦੇ ਦੋ ਤਰੀਕੇ ਪ੍ਰਚਲਤ ਰਹੇ ਹਨ। ਪਹਿਲਾ, ਸੂਰਜ ਦੀ ਚਾਲ ਦੇ ਹਿਸਾਬ ਨਾਲ ਅਤੇ ਦੂਜਾ, ਚੰਦਰਮਾ ਦੇ ਵਧਣ-ਘੱਟਣ ਦੇ ਅਧਾਰ ’ਤੇ। ਇਨ੍ਹਾਂ ਦੋਵਾਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਸਾਲ ਨੂੰ ਕ੍ਰਮਵਾਰ ‘ਸੂਰਜ-ਵਰਸ਼’ ਅਤੇ ‘ਚੰਦਰ-ਵਰਸ਼’ ਨਾਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ। ਇਥੇ ਇਹ ਵੀ ਜਿਕਰਜੋਗ ਹੈ ਕਿ ਧਾਰਮਕ ਰੀਤੀ-ਰਿਵਾਜਾਂ ਲਈ ਮੁੱਖ ਰੂਪ ਵਿਚ ‘ਚੰਦਰ-ਵਰਸ਼’ ਨੂੰ ਹੀ ਜਿਆਦਾ ਮਾਨਤਾ ਦਿੱਤੀ ਜਾਂਦੀ ਹੈ।
Bani Footnote ਸਿਰਦਾਰ ਕਪੂਰ ਸਿੰਘ, ਪੁੰਦ੍ਰੀਕ, ਪੰਨਾ ੪੫


‘ਚੰਦਰ-ਵਰਸ਼’ ਥਿਤਾਂ ਦੇ ਹਿਸਾਬ ਨਾਲ ਗਿਣਿਆ ਜਾਂਦਾ ਹੈ। ਇਹ ੧੨ ਮਹੀਨਿਆਂ ਦਾ ਹੁੰਦਾ ਹੈ ਅਤੇ ਇਕ ਮਹੀਨੇ ਵਿਚ ੩੦ ਥਿਤਾਂ ਹੁੰਦੀਆਂ ਹਨ। ਇਨ੍ਹਾਂ ਦੀ ਗਿਣਤੀ ਵਦੀ ਅਤੇ ਸੁਦੀ ਦੇ ਹਿਸਾਬ ਨਾਲ ੧੫-੧੫ ਹੁੰਦੀ ਹੈ। ਸਾਹਿਤ ਕੋਸ਼ ਅਨੁਸਾਰ ‘ਵਦੀ’ ਸ਼ਬਦ ਸੰਸਕ੍ਰਿਤ ਦੇ ‘ਬਹੁਲ’ ਦਾ ਤਦਭਵ ਰੂਪ ਹੈ। ਬਹੁਲ ਦਾ ਅਰਥ ਹੈ, ਕਾਲਾ। ਇਸ ਨੂੰ ਸ਼ਿਆਮ ਜਾਂ ਕ੍ਰਿਸ਼ਨ ਪਖ ਵੀ ਆਖਦੇ ਹਨ। ਪੰਜਾਬੀ ਵਿਚ ਇਸ ਨੂੰ ਹਨੇਰਾ ਪਖ ਕਿਹਾ ਜਾਂਦਾ ਹੈ। ‘ਸੁਦੀ’ ਸ਼ਬਦ ਸੰਸਕ੍ਰਿਤ ਦੇ ‘ਸ਼ੁਕਲ’ ਦਾ ਤਦਭਵ ਰੂਪ ਹੈ। ਸ਼ੁਕਲ ਦੇ ਅਰਥ ਹਨ, ਚਿੱਟਾ ਜਾਂ ਦਿਨ। ਪੰਜਾਬੀ ਵਿਚ ਇਸ ਨੂੰ ਚਾਨਣਾ ਪਖ ਆਖਿਆ ਜਾਂਦਾ ਹੈ। ਸੋ, ਵਦੀ ਸ਼ਬਦ ‘ਰਾਤ’ ਲਈ ਅਤੇ ਸੁਦੀ ਸ਼ਬਦ ਦਿਨ ਲਈ ਵਰਤਿਆ ਜਾਂਦਾ ਹੈ।
Bani Footnote ਰਤਨ ਸਿੰਘ ਜੱਗੀ (ਸੰਪਾ), ਸਾਹਿੱਤ ਕੋਸ਼, ਪਾਰਿਭਾਸ਼ਿਕ ਸ਼ਬਦਾਵਲੀ, ਪੰਨਾ ੪੭੭
ਇਥੇ ਇਹ ਵੀ ਜਿਕਰਜੋਗ ਹੈ ਕਿ ਏਕਮ (ਹਰ ਪਖ ਦੀ ਪਹਿਲੀ ਥਿਤ) ਤੋਂ ਚਉਦਸ (ਹਰ ਪਖ ਦੀ ਚਉਦ੍ਹਵੀਂ ਥਿਤ) ਤਕ ਇਨ੍ਹਾਂ ਦੋਵਾਂ ਪਖਾਂ ਦੀਆਂ ਥਿਤਾਂ ਦੇ ਨਾਮ ਸਮਾਨ ਹੁੰਦੇ ਹਨ, ਪਰ ਪੰਦਰ੍ਹਵੀਂ ਥਿਤ ਵਦੀ ਪਖ ਵਿਚ ਮੱਸਿਆ ਅਤੇ ਸੁਦੀ ਪਖ ਵਿਚ ਪੂਰਨਮਾਸ਼ੀ ਅਖਵਾਉਂਦੀ ਹੈ।

ਇਸ ਤਰ੍ਹਾਂ ਦੇਸੀ ਮਹੀਨਿਆਂ ਵਿਚ ਚਉਦਾਂ ਦਿਨਾਂ ਜਾਂ ਥਿਤਾਂ ਬਾਅਦ ਪੰਦਰ੍ਹਵੀਂ ਥਿਤ ਵਾਲੀ ਰਾਤ, ਜਦੋਂ ਪੂਰਾ ਚੰਦਰਮਾ ਦਿਖਾਈ ਦਿੰਦਾ ਹੈ ਤਾਂ ‘ਪੂਰਨਮਾਸ਼ੀ’ ਹੁੰਦੀ ਹੈ। ਫਿਰ ਪੰਦਰਾਂ ਦਿਨਾਂ ਬਾਅਦ ਜਦੋਂ ਚੰਦਰਮਾ ਬਿਲਕੁਲ ਨਹੀਂ ਦਿਸਦਾ ਤਾਂ ਮੱਸਿਆ (ਅਮਾਵਸਿਆ) ਹੁੰਦੀ ਹੈ। ਇਸ ਨੂੰ ਦੂਜੀ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਮੱਸਿਆ ਤੋਂ ਬਾਅਦ ਚੰਦਰਮਾ ਸਹਿਜੇ-ਸਹਿਜੇ, ਇਕ-ਇਕ ਕਲਾ (ਥਿਤ) ਕਰਕੇ ਵਧਣਾ ਸ਼ੁਰੂ ਹੁੰਦਾ ਹੈ ਅਤੇ ਚਉਦਾਂ ਕਲਾਂ ਵਿਚ ਪੂਰਨ ਹੁੰਦਾ ਹੈ। ਪੂਰਨਮਾਸ਼ੀ ਤੋਂ ਬਾਅਦ ਇਕ-ਇਕ ਕਲਾ ਕਰਕੇ ਘੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਆਖਰ ਮੱਸਿਆ ਦੀ ਰਾਤ ਨੂੰ ਬਿਲਕੁਲ ਹੀ ਅਲੋਪ ਹੋ ਜਾਂਦਾ ਹੈ।

ਥਿਤੀ ਕਾਵਿ-ਰੂਪ
‘ਥਿਤੀ’ ਇਕ ਕਾਵਿ-ਰੂਪ ਵੀ ਹੈ। ਕਾਵਿ-ਰੂਪ ਵਜੋਂ ਇਸ ਦਾ ਅਰਥ ਪੰਦਰਾਂ ਥਿਤਾਂ ’ਤੇ ਅਧਾਰਤ ਕਾਵਿ-ਰਚਨਾ ਹੁੰਦਾ ਹੈ। ਇਸ ਵਿਚ ਚੰਦਰਮਾ ਦੀਆਂ ੧੫ ਥਿਤਾਂ ਕੇਂਦਰੀ ਸਥਾਨ ਗ੍ਰਹਿਣ ਕਰਦੀਆਂ ਹਨ। ਇਸ ਵਿਚ ਏਕਮ ਤੋਂ ਅਮਾਵਸ ਤਕ ਦੀਆਂ ਥਿਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
Bani Footnote ਡਾ. ਸਤਨਾਮ ਸਿੰਘ, ਗੁਰੂ ਅਰਜਨ ਬਾਣੀ-ਕਾਵਿ ਰੂਪ, ਨਾਨਕ ਪ੍ਰਕਾਸ਼ ਪਤ੍ਰਿਕਾ, ਡਾ. ਸਰਬਜਿੰਦਰ ਸਿੰਘ (ਸੰਪਾ.), ਜੂਨ ੨੦੦੬-ਅੰਕ ਪਹਿਲਾ, ਪੰਨਾ ੧੫੪
ਪਰ ਇਹ ਕੋਈ ਪੱਕਾ ਨਿਯਮ ਨਹੀਂ ਹੈ। ਇਸ ਵਿਚ ਅਮਾਵਸ ਤੋਂ ਬਾਅਦ ਵਾਲੀ ਏਕਮ ਤੋਂ ਪੂਰਨਮਾਸ਼ੀ ਤਕ ਦੀਆਂ ਥਿਤਾਂ ਨੂੰ ਵੀ ਅਧਾਰ ਬਣਾਇਆ ਜਾ ਸਕਦਾ ਹੈ। ਪਿਆਰਾ ਸਿੰਘ ਪਦਮ ਅਨੁਸਾਰ ਥਿਤੀ ਕਾਵਿ-ਰੂਪ ਦੀ ਸਭ ਤੋਂ ਪੁਰਾਣੀ ਰਚਨਾ ਗੋਰਖ ਨਾਥ ਦੇ ਨਾਂ ’ਤੇ ‘ਪੰਦ੍ਰਹ ਥਿਤੀ’ ਮਿਲਦੀ ਹੈ।
Bani Footnote ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੧੯੬
ਇਸ ਰਚਨਾ ਦੀ ਉਦਾਹਰਣ ਇਸ ਪ੍ਰਕਾਰ ਹੈ:
ਬੰਦੈ ਗੋਰਖ ਏਕੰਕਾਰ। ਪੰਦਰਹ ਤਿਥਿ ਕਾ ਕਰਹੂ ਵਿਚਾਰ ॥ਟੇਕ॥
ਅਮਾਵਸ ਦ੍ਰਿੜ ਆਸਣ ਹੋਏ। ਆਤਮ ਪਰਚੈ ਮਰੈ ਨ ਕੋਈ ॥
ਮੂਲ ਸਹਸ੍ਰਾਰ ਪਵਨਾ ਬਹੈ। ਬੰਕਨਾਲਿ ਤਬ ਬਹਤ ਰਹੈ ॥੧॥
Bani Footnote ਉਜਾਗਰ ਸਿੰਘ ਸਹਿਗਲ (ਸੰਪਾ. ਤੇ ਵਿਆਖਿਆਕਾਰ), ਗੋਰਖਬਾਣੀ (ਲਿਪੀਅੰਤਰਣ ਵਿਆਖਿਆ ਤੇ ਸੰਪਾਦਨ), ਪੰਨਾ ੨੦੪


ਗੁਰੂ ਗ੍ਰੰਥ ਸਾਹਿਬ ਵਿਚ ਥਿਤੀ ਕਾਵਿ-ਰੂਪ
ਗੁਰੂ ਗ੍ਰੰਥ ਸਾਹਿਬ ਵਿਚ ਰੁੱਤਾਂ, ਮਹੀਨਿਆਂ, ਥਿਤਾਂ, ਵਾਰਾਂ, ਦਿਨ-ਰਾਤ, ਪਹਿਰਾਂ ਆਦਿ ਉਪਰ ਅਧਾਰਤ ਬਾਣੀਆਂ ਵੀ ਮਿਲਦੀਆਂ ਹਨ, ਜਿਵੇਂ:
  • ਦੇਸੀ ਸਾਲ ਦੀਆਂ ੬ ਰੁੱਤਾਂ ’ਤੇ ਅਧਾਰਤ ‘ਰੁਤੀ।’
  • ਦੇਸੀ ਸਾਲ ਦੇ ਬਾਰਾਂ ਮਹੀਨਿਆਂ ’ਤੇ ਅਧਾਰਤ ‘ਬਾਰਹ ਮਾਹ।’
  • ਚੰਦਰਮਾ ਦੀ ਸਥਿਤੀ ਅਨੁਸਾਰ ਗਿਣੇ ਜਾਣ ਵਾਲੇ ਪਖਾਂ (ਵਦੀ ਤੇ ਸੁਦੀ) ਦੀਆਂ ਥਿਤਾਂ (ਤਰੀਕਾਂ) ’ਤੇ ਅਧਾਰਤ ‘ਥਿਤੀ।’
  • ਹਫਤੇ ਦੇ ਸੱਤ ਦਿਨਾਂ ’ਤੇ ਅਧਾਰਤ ‘ਵਾਰ ਸਤ।’
  • ਦਿਨ ਅਤੇ ਰਾਤ ’ਤੇ ਅਧਾਰਤ ‘ਦਿਨ ਰੈਣਿ।’
  • ਦਿਨ ਜਾਂ ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ‘ਪਹਰੇ।’
ਗੁਰੂ ਗ੍ਰੰਥ ਸਾਹਿਬ ਵਿਚ ‘ਥਿਤੀ’ ਸਿਰਲੇਖ ਹੇਠ ਤਿੰਨ ਬਾਣੀਆਂ ਦਰਜ ਹਨ:
ਲੜੀ ਨੰ. ਬਾਣੀ ਦਾ ਸਿਰਲੇਖ ਬਾਣੀਕਾਰ ਰਾਗ ਪੰਨਾ ਨੰ.
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ਗੁਰੂ ਨਾਨਕ ਸਾਹਿਬ ਬਿਲਾਵਲ ੮੩੮-੮੪੦
ਥਿਤੀ ਗਉੜੀ ਮਹਲਾ ੫ ਗੁਰੂ ਅਰਜਨ ਸਾਹਿਬ ਗਉੜੀ ੨੯੬-੩੦੦
ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ ਭਗਤ ਕਬੀਰ ਜੀ ਗਉੜੀ ੩੪੩-੩੪੪

ਮੱਸਿਆ (ਅਮਾਵਸ) ਅਤੇ ਪੁੰਨਿਆ (ਪੂਰਨਮਾਸ਼ੀ) ਨੂੰ ਛੱਡ ਕੇ ਹਰੇਕ ਥਿਤ ਦਾ ਨਾਮ ਗਿਣਤੀ ਦੇ ਅਧਾਰ ’ਤੇ ਹੈ। ਉਪਰੋਕਤ ਬਾਣੀਆਂ ਵਿਚ ਇਹ ਗਿਣਤੀ ਇਕ ਤੋਂ ਲੈ ਕੇ ਚਉਦਾਂ ਤਕ ਇਕਸਾਰ ਚਲਦੀ ਹੈ। ਇਸ ਤੋਂ ਮਗਰੋਂ ਮੱਸਿਆ ਅਤੇ ਪੁੰਨਿਆ ਦਾ ਉਲੇਖ ਹੈ। ਪਰ ਗੁਰੂ ਨਾਨਕ ਸਾਹਿਬ ਦੀ ਥਿਤੀ ਬਾਣੀ ਮੱਸਿਆ ’ਤੇ ਹੀ ਜਾ ਕੇ ਸਮਾਪਤ ਹੋ ਜਾਂਦੀ ਹੈ। ਇਸ ਵਿਚ ਪੁੰਨਿਆ ਦਾ ਜਿਕਰ ਨਹੀਂ ਹੈ।

ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਵਿਚ ਮਿਲਦੇ ਅਤੇ ਲੋਕ-ਭਾਸ਼ਾ ਵਿਚ ਪ੍ਰਚਲਤ ਥਿਤਾਂ ਦੇ ਨਾਮ ਦੀ ਸਾਰਣੀ ਗਿ. ਹਰਿਬੰਸ ਸਿੰਘ ਨੇ ਇਸ ਤਰ੍ਹਾਂ ਦਿੱਤੀ ਹੈ:
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਚੌਥੀ, ਪੰਨਾ ੨੩੦
ਗੁਰੂ ਨਾਨਕ ਸਾਹਿਬਗੁਰੂ ਅਰਜਨ ਸਾਹਿਬਭਗਤ ਕਬੀਰ ਜੀਲੋਕ-ਭਾਸ਼ਾ
ਏਕਮ
ਦੂਜੀ
ਤ੍ਰਿਤੀਆ
ਚਉਥਿ
ਪੰਚਮੀ
ਖਸਟੀ
ਸਪਤਮੀ
ਅਸਟਮੀ
ਨਉਮੀ
ਦਸਮੀ
ਏਕਾਦਸੀ
ਦੁਆਦਸਿ/ਦੁਆਦਸੀ
ਤੇਰਸਿ
ਚਉਦਸਿ
ਅਮਾਵਸਿਆ
-
ਏਕਮ
ਦੁਤੀਆ
ਤ੍ਰਿਤੀਆ
ਚਤੁਰਥਿ
ਪੰਚਮਿ
ਖਸਟਮਿ
ਸਪਤਮਿ
ਅਸਟਮੀ
ਨਉਮੀ
ਦਸਮੀ
ਏਕਾਦਸੀ
ਦੁਆਦਸੀ
ਤ੍ਰਉਦਸੀ
ਚਉਦਹਿ
ਅਮਾਵਸਿ
ਪੂਰਨਮਾ
ਪਰਿਵਾ
ਦੁਤੀਆ
ਤ੍ਰਿਤੀਆ
ਚਉਥਹਿ
ਪਾਂਚੈ
ਛਠਿ
ਸਾਤੈਂ
ਅਸਟਮੀ
ਨਉਮੀ
ਦਸਮੀ
ਏਕਾਦਸੀ
ਬਾਰਸਿ
ਤੇਰਸਿ
ਚਉਦਸਿ
ਅੰਮਾਵਸ
ਪੂਨਿਉ
ਏਕਮ/ਪਹਿਲਾ
ਦੁਤ
ਤੀਜ
ਚੌਥ
ਪੰਚਮੀ
ਛਠ
ਸਤੇ/ਸੱਤੋ
ਅੱਠੇ
ਨੌਮੀ
ਦਸਵੀਂ
ਏਕਾਦਸੀ
ਦੁਆਦਸੀ
ਤ੍ਰੇਈ/ਤੇਰਾਂ
ਚੌਦਸ
ਮੱਸਿਆ
ਪੁੰਨਿਆ/ਪੂਰਨਮਾਸੀ

ਥਿਤਾਂ ਨਾਲ ਜੁੜੇ ਵਹਿਮ-ਭਰਮ
ਥਿਤਾਂ ਅਸਲ ਵਿਚ ਚੰਦਰਮਾ ਨਾਲ ਸੰਬੰਧਤ ਤਰੀਖਾਂ ਹਨ। ਪਰ ਜੋਤਸ਼ੀਆਂ ਨੇ ਇਨ੍ਹਾਂ ਦੇ ਨਾਲ ਵਹਿਮ-ਭਰਮ ਜੋੜ ਦਿੱਤੇ ਹਨ। ਜਿਵੇਂ, ਏਕਮ ਜਾਂ ਚੰਦਰ-ਮਹੀਨੇ ਦੀ ਪਹਿਲੀ ਅਤੇ ਸੋਲ੍ਹਵੀਂ ਥਿਤ ਨੂੰ ਪੜ੍ਹਨ-ਪੜ੍ਹਾਉਣ ਦੀ ਛੁੱਟੀ ਹੁੰਦੀ ਸੀ। ਪਰ ਇਸ ਨਾਲ ਇਹ ਵਹਿਮ ਜੋੜ ਲਿਆ ਗਿਆ ਕਿ ਜੇ ਕੋਈ ਵਿਅਕਤੀ ਏਕਮ ਵਾਲੇ ਦਿਨ ਪੜ੍ਹਾਈ ਕਰੇਗਾ ਤਾਂ ਉਸ ਨਾਲ ਵਿਦਿਆ ਰੁੱਸ ਜਾਵੇਗੀ।
Bani Footnote ਭਾਈ ਵੀਰ ਸਿੰਘ, ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਬਲਬੀਰ ਸਿੰਘ (ਸੰਪਾ.) ਪੋਥੀ ਚਉਥੀ, ਪੰਨਾ ੧੭੭੯
ਇਸ ਤਰ੍ਹਾਂ ਕੁਝ ਥਿਤਾਂ ਸ਼ੁਭ ਅਤੇ ਕੁਝ ਅਸ਼ੁਭ ਮੰਨੀਆਂ ਜਾਣ ਲੱਗੀਆਂ। ਜਿਵੇਂ, ਇਕਾਦਸ਼ੀ ਤੇ ਪੂਰਨਮਾਸ਼ੀ ਸ਼ੁਭ ਅਤੇ ਮੱਸਿਆ ਅਸ਼ੁਭ ਮੰਨੀ ਜਾਂਦੀ ਹੈ।

ਥਿਤਾਂ ਨਾਲ ਸੰਬੰਧਤ ਮਾਨਤਾਵਾਂ ਦੇ ਅਧਾਰ ’ਤੇ ਕੀਤੇ ਜਾਣ ਵਾਲੇ ਕਰਮ-ਕਾਂਡਾਂ ਵਿਚੋਂ ਪੂਰਨਮਾਸ਼ੀ ਨਾਲ ਜੁੜੇ ਕਰਮ-ਕਾਂਡਾਂ ਸੰਬੰਧੀ ਗਿਆਨੀ ਹਰਿਬੰਸ ਸਿੰਘ ਦਾ ਵਿਚਾਰ ਹੈ ਕਿ ਵਰਤਮਾਨ ਸਮੇਂ ਵਿਚ ਪੂਰਨਮਾਸ਼ੀ ਦਾ ਵਰਤ ਰਖਣ ਵਾਲਿਆਂ ਦੀ ਗਿਣਤੀ ਦਿਨ ਬ-ਦਿਨ ਵਧਦੀ ਜਾ ਰਹੀ ਹੈ। ਇਹ ਬਿਮਾਰੀ ਗੁਰਦੁਆਰਿਆਂ ਵਿਚ ਵੀ ਧਸ ਗਈ ਹੈ। ਕਥਾ ਪੂਰਨਮਾਸ਼ੀ ਪੜ੍ਹਨ ਦੀ ਵਾਦੀ ਇਥੋਂ ਤਕ ਵਧ ਗਈ ਹੈ ਕਿ ਬੀਬੀਆਂ ਗੁਰਦੁਆਰਿਆਂ ਵਿਚ ਵਿਸ਼ੇਸ਼ ਪ੍ਰੋਗਰਾਮ ਕਰਨ ਲੱਗ ਪਈਆਂ ਹਨ। ਪੂਰਨਮਾਸ਼ੀ ਦੀ ਕਲਪਤ ਕਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਦਯਾ ਸਿੰਘ ਨਾਲ ਜੋੜਨਾ, ਮਹਾਂ ਮੂੜ੍ਹਤਾ ਹੈ। ‘ਗੁਰੂ ਨਾਨਕ ਦਰਪਣ’ ਦੇ ਕਰਤਾ ਨੇ ਨਿਜੀ ਜਾਣਕਾਰੀ ਦੇ ਅਧਾਰ ’ਤੇ ਇਹ ਦੱਸਿਆ ਹੈ ਕਿ ਪੂਰਨਮਾਸ਼ੀ ਦੀ ਕਥਾ ਦੇ ਤਿੰਨ ਰੂਪ ਮਿਲਦੇ ਹਨ, ਇਕ ਛੰਦਾਬੰਦੀ ਵਿਚ, ਦੂਜਾ ਵਾਰਤਕ ਵਿਚ, ਤੀਜਾ ਬਾਰਾਂ ਮਹੀਨਿਆਂ ਦੀਆਂ ਕਥਾਵਾਂ ਵਿਚ। ਇਹ ਕਥਾ ਸਭ ਤੋਂ ਪਹਿਲਾਂ ਸੰਤ ਪੂਰਨ ਸਿੰਘ, ਪਿੰਡ ਬਲਕਸਰ, ਤਹਿਸੀਲ ਚਕਵਾਲ, ਜ਼ਿਲ੍ਹਾ ਜਿਹਲਮ ਵਾਲੇ ਨੇ ਲਿਖੀ ਸੀ, ਫਿਰ ਉਸ ਨੇ ਆਪ ਹੀ ਸੰਨ ੧੯੦੯ ਵਿਚ ਪਿੰਡ ਮੁਰੀਦ, ਤਹਿਸੀਲ ਚਕਵਾਲ (ਜਿਹਲਮ) ਵਿਚ ਖਾਲਸਾ ਦੀਵਾਨ ਸਮੇਂ ਆਪਣੀ ਭੁੱਲ ਉੱਤੇ ਸ਼ਰਮਸਾਰ ਹੋ ਕੇ ਬਾਹਵਾਂ ਉੱਚੀਆਂ ਕਰ ਕੇ ਇਨ੍ਹਾਂ ਸ਼ਬਦਾਂ ਰਾਹੀਂ ਖਿਮਾ ਮੰਗੀ ਸੀ: ਦੁਹਾਈ ਰੱਬ ਦੀ, ਦੁਹਾਈ ਰੱਬ ਦੀ, ਮੈਂ ਜੋ ਕੁਝ ਕੀਤਾ ਅਨਰਥ ਕੀਤਾ, ਮੈਂ ਕੁਫਰ ਤੋਲਿਆ, ਲੋਕੋਂ ਮੈਂ ਕੁਫਰ ਤੋਲਿਆ।
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਣ ਨਿਰਣੈ ਸਟੀਕ, ਪੋਥੀ ਚੌਥੀ, ਪੰਨਾ ੨੫੫


ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ
ਭਗਤ ਕਬੀਰ ਜੀ ਦੁਆਰਾ ਰਾਗ ਗਉੜੀ ਵਿਚ ਉਚਾਰਣ ਕੀਤੀ ਇਸ ਬਾਣੀ ਵਿਚ ਇਕ ਸਲੋਕ ਅਤੇ ੧੬ ਪਉੜੀਆਂ ਹਨ। ਹਰੇਕ ਪਉੜੀ ਦੀਆਂ ਚਾਰ-ਚਾਰ ਤੁਕਾਂ ਹਨ। ਪਹਿਲੀ ਪਉੜੀ ਵਿਚ ਰਹਾਉ ਦਾ ਇਕ ਬੰਦ ਵਖਰਾ ਹੈ।

ਸਲੋਕ ਅਤੇ ‘ਰਹਾਉ’ ਵਾਲੇ ਬੰਦ ਵਿਚੋਂ ਇਸ ਬਾਣੀ ਦਾ ਮੁੱਖ ਭਾਵ ਦੇਖਿਆ ਜਾ ਸਕਦਾ ਹੈ। ਪ੍ਰੋ. ਸਾਹਿਬ ਸਿੰਘ ਦਾ ਵਿਚਾਰ ਹੈ ਕਿ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਹਰੇਕ ਸਲੋਕ ਵਿਚ ਜੋ ਮਜ਼ਮੂਨ ਹੈ, ਅਸਟਪਦੀ ਵਿਚ ਉਸ ਦੀ ਵਿਆਖਿਆ ਕੀਤੀ ਗਈ ਹੈ, ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਵੀ ਸਲੋਕ ਵਿਚ ਜੋ ਮੁੱਖ ਭਾਵ ਦਿੱਤਾ ਹੈ, ਪਉੜੀਆਂ ਵਿਚ ਉਸੇ ਦਾ ਵਿਸਥਾਰ ਹੈ। ਇਸ ਦੇ ਨਾਲ-ਨਾਲ ਕਿਉਂਕਿ ‘ਰਹਾਉ’ ਵਿਚ ਸਾਰੀ ਬਾਣੀ ਜਾਂ ਸ਼ਬਦ ਦਾ ਸਾਰ-ਤੱਤ ਹੁੰਦਾ ਹੈ। ਇਸ ਨਿਯਮ ਅਨੁਸਾਰ ਇਸ ਬਾਣੀ ਦੇ ‘ਰਹਾਉ’ ਵਾਲੇ ਬੰਦ ਅਤੇ ਸਲੋਕ ਦਾ ਮਜ਼ਮੂਨ ਇਕੋ ਹੀ ਹੈ।
Bani Footnote ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਦੂਜੀ, ਪੰਨਾ ੧੦੦੧


ਇਸ ਬਾਣੀ ਦੇ ਸਲੋਕ ਵਿਚ ਉਪਦੇਸ਼ ਹੈ ਕਿ ਜਿਹੜਾ ਜੀਵ ਥਿਤਾਂ, ਵਾਰਾਂ ਆਦਿ ਦੇ ਚੰਗੇ ਜਾਂ ਮੰਦੇ ਹੋਣ ਦੇ ਭਰਮ ਵਿਚ ਪੈਂਦਾ ਹੈ, ਉਸ ਦੇ ਲੋਕ ਅਤੇ ਪਰਲੋਕ ਦੋਵੇਂ ਹੀ ਗੁਆਚ ਜਾਂਦੇ ਹਨ।
Bani Footnote ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਪਹਿਲੀ, ਪੰਨਾ ੩੪੩
‘ਰਹਾਉ’ ਦੀਆਂ ਤੁਕਾਂ ਵਿਚ ਦੱਸਿਆ ਗਿਆ ਹੈ ਕਿ ਜਿਸ ਮਨੁਖ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਪੈ ਜਾਂਦਾ ਹੈ। ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਇਸ ਤਰ੍ਹਾਂ ਸਲੋਕ ਅਤੇ ‘ਰਹਾਉ’ ਦੀਆਂ ਤੁਕਾਂ ਵਿਚ ਇਕ ਮੁਕੰਮਲ ਵਿਚਾਰ ਸਾਹਮਣੇ ਆਉਂਦਾ ਹੈ। ਇਸ ਵਿਚਾਰ ਅਨੁਸਾਰ ਇਕ ਜੀਵ ਜਿਹੜਾ ਚੰਗੇ-ਮਾੜੇ ਦੇ ਖਿਆਲ ਵਿਚ ਉਲਝਿਆ ਹੈ, ਉਹ ਲੋਕ-ਪਰਲੋਕ ਦੋਵਾਂ ਵਿਚ ਹੀ ਦੁਖੀ ਹੈ। ਉਸ ਨੂੰ ਇਸ ਖਿਆਲੀ ਦੁਨੀਆ ਵਿਚੋਂ ਨਿਕਲ ਕੇ ਪ੍ਰਭੂ-ਪਿਆਰ ਦੇ ਰਸਤੇ ’ਤੇ ਚਲਣਾ ਚਾਹੀਦਾ ਹੈ।

ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਪ੍ਰਭੂ ਦੇ ਨਾਮ ਦਾ ਵਿਚਾਰ ਕਰਨ, ਸੰਸਾਰ ਦੇ ਰੰਗਾਂ ਨੂੰ ਪ੍ਰਭੂ ਦੇ ਰਚੇ ਹੋਏ ਸਮਝਣ, ਸਾਧ-ਸੰਗਤ ਵਿਚ ਵਿਸ਼ਵਾਸ਼ ਕਰਨ, ਚੰਚਲ ਮਨ ਉਪਰ ਕਾਬੂ ਰਖਣ, ਪਿਆਰ ਰੂਪੀ ਅੰਮ੍ਰਿਤ ਪੀਣ ਆਦਿ ਦਾ ਉਪਦੇਸ਼ ਹੈ।