ਰਾਗ ਗੂਜਰੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਗੂਜਰੀ ਰਾਗ ਨੂੰ ਤਰਤੀਬ ਅਨੁਸਾਰ ਪੰਜਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਹਿਬਾਨ ਅਤੇ ਪੰਜ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੯ ਤੋਂ ਲੈ ਕੇ ਪੰਨਾ ੫੨੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੭, ਗੁਰੂ ਅਮਰਦਾਸ ਸਾਹਿਬ ਦੇ ੯, ਗੁਰੂ ਰਾਮਦਾਸ ਸਾਹਿਬ ਦੇ ੮, ਗੁਰੂ ਅਰਜਨ ਸਾਹਿਬ ਦੇ ੩੫ ਸ਼ਬਦ ਹਨ। ਭਗਤਾਂ ਵਿਚੋਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਦੇ ੨-੨ ਅਤੇ ਭਗਤ ਰਵਿਦਾਸ ਜੀ ਤੇ ਭਗਤ ਜੈਦੇਵ ਜੀ ਦਾ ੧-੧ ਸ਼ਬਦ ਸ਼ਾਮਲ ਹੈ।
ਪ੍ਰਾਚੀਨ ਤੇ ਪ੍ਰਸਿੱਧ ਰਾਗ ਗੂਜਰੀ, ਭਗਤੀ ਭਾਵਾਂ ਦੇ ਗਾਇਨ ਲਈ ਵਿਸ਼ੇਸ਼ ਤੇ ਢੁਕਵਾਂ ਮੰਨਿਆ ਗਿਆ ਹੈ। ਕਰੁਣਾ ਰਸ ਨਾਲ ਓਤਪੋਤ ਹੋਣ ਕਾਰਣ ਸੰਗੀਤਕਾਰਾਂ ਨੇ ਇਸ ਰਾਗ ਦੀ ਪ੍ਰਕਿਰਤੀ ‘ਕਰੁਣਾ’ ਮੰਨੀ ਹੈ।
ਇਸ ਰਾਗ ਦਾ ਵਰਣਨ ਕੁਝ ਪ੍ਰਾਚੀਨ ਸੰਗੀਤਕ ਗ੍ਰੰਥਾਂ ਵਿਚ ਵੀ ਮਿਲਦਾ ਹੈ। ਪਰ ਰਾਗ ਦੀ ਉਤਪਤੀ ਸੰਬੰਧੀ ਵਿਦਵਾਨਾਂ ਦੇ ਵਿਚਾਰਾਂ ਵਿਚ ਭਿੰਨਤਾ ਪਾਈ ਜਾਂਦੀ ਹੈ। ਇਕ ਮਤ ਅਨੁਸਾਰ ਇਸ ਰਾਗ ਦੀ ਉਤਪਤੀ ਗੁਜਰਾਤ ਵਿਚ ਹੋਈ। ਇਸੇ ਲਈ ਇਸ ਦਾ ਨਾਂ ਗੂਜਰੀ ਪੈ ਗਿਆ। ਦੂਜੇ ਮਤ ਅਨੁਸਾਰ ਗਵਾਲੀਅਰ ਦੇ ਮਹਾਰਾਜਾ ਮਾਨ ਸਿੰਘ ਤੋਮਰ ਦੀ ਗੂਜਰੀ ਰਾਣੀ, ਮ੍ਰਿਗ ਨੈਣੀ ਨੇ ਇਸ ਰਾਗ ਦੀ ਰਚਨਾ ਕੀਤੀ। ਪਰ ਸੰਗੀਤਕ ਗ੍ਰੰਥਾਂ ਵਿਚ ਇਨ੍ਹਾਂ ਬਾਰੇ ਠੋਸ ਸਬੂਤ ਨਾ ਮਿਲਣ ਕਾਰਣ ਵਿਦਵਾਨ ਇਨ੍ਹਾਂ ਨੂੰ ਮਨਘੜਤ ਕਥਾਵਾਂ ਹੀ ਮੰਨਦੇ ਹਨ।
ਗੁਰੂ ਗ੍ਰੰਥ ਵਿਸ਼ਵਕੋਸ਼ ਅਨੁਸਾਰ, “ਇਸ ਦਾ ਮੂਲ ਸਰੋਤ ਗੁੱਜਰ ਜਾਤੀ ਦਾ ਲੋਕ-ਸੰਗੀਤ ਮੰਨਿਆ ਜਾਂਦਾ ਹੈ। ਪੰਜਾਬ ਅਤੇ ਉਸ ਦੇ ਨਿਕਟ-ਵਰਤੀ ਪ੍ਰਦੇਸ਼ਾਂ ਵਿਚ ਗੁੱਜਰ ਜਾਤਿ ਦਾ ਵਿਸ਼ੇਸ਼ ਰੂਪ ਵਿਚ ਨਿਵਾਸ ਰਿਹਾ ਹੈ। ਇਸ ਲਈ ਇਸ ਰਾਗ ਦਾ ਪ੍ਰਚਲਨ ਵੀ ਇਸੇ ਖੇਤਰ ਵਿਚ ਅਧਿਕ ਹੋਇਆ ਹੈ। ਇਹ ਰਾਗ ਸਾਰੀਆਂ ਰੁੱਤਾਂ ਵਿਚ ਸਵੇਰ ਵੇਲੇ ਗਾਇਆ ਜਾਂਦਾ ਹੈ।”
ਪ੍ਰਾਚੀਨ ਸੰਗੀਤਕ ਗ੍ਰੰਥਾਂ ਵਿਚ ਗੂਜਰੀ ਦੇ ਨੌਂ ਪ੍ਰਕਾਰਾਂ ਦਾ ਵਰਣਨ ਮਿਲਦਾ ਹੈ। ਮਹਾਰਾਸ਼ਟਰ ਗੂਜਰੀ, ਦੱਖਣ ਗੂਜਰੀ, ਦ੍ਰਾਵੜੀ ਗੂਜਰੀ, ਉਤਰਾ ਗੂਜਰੀ, ਸੌਰਾਸ਼ਟਰ ਗੂਜਰੀ, ਮੰਗਲ ਗੂਜਰੀ, ਰਾਮਕਲੀ ਗੂਜਰੀ, ਬਹੁਲਾ ਗੂਜਰੀ ਤੇ ਸਯਾਮ ਗੂਜਰੀ। ਪਰ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਰਾਗ ਗੂਜਰੀ ਦਾ ਹੀ ਜਿਕਰ ਹੋਇਆ ਹੈ। ਉਸ ਦੇ ਕਿਸੇ ਪ੍ਰਕਾਰ ਦਾ ਉਲੇਖ ਨਹੀਂ ਮਿਲਦਾ।
ਰਾਗਮਾਲਾ ਵਿਚ ਗੂਜਰੀ ਰਾਗ ਨੂੰ ਦੀਪਕ ਰਾਗ ਦੀ ਇਕ ਰਾਗਣੀ ਮੰਨਿਆ ਗਿਆ ਹੈ। ਇਸ ਦਾ ਉਲੇਖ ਇਸ ਤਰ੍ਹਾਂ ਆਇਆ ਹੈ:
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥ -ਗੁਰੂ ਗ੍ਰੰਥ ਸਾਹਿਬ ੧੪੩੦
ਪੰਡਿਤ ਲੋਚਨ ਤੇ ਹਿਰਦੈ ਨਾਰਾਇਣ ਦੇਵ ਨੇ ਗੂਜਰੀ ਰਾਗ ਨੂੰ ਗੌਰੀ ਥਾਟ ਤੋਂ ਜਨਮਿਆਂ ਰਾਗ ਮੰਨਿਆ ਹੈ। ਪਰ ਵਰਤਮਾਨ ਸਮੇਂ ਵਿਚ ਪ੍ਰਚਲਤ ਰਾਗ ਗੂਜਰੀ ਨੂੰ ਤੋੜੀ ਥਾਟ ਦਾ ਹੀ ਇਕ ਪ੍ਰਕਾਰ ਮੰਨ ਕੇ ਗੂਜਰੀ ਤੋੜੀ ਦਾ ਨਾਮ ਦਿੱਤਾ ਜਾਂਦਾ ਹੈ।
ਗੂਜਰੀ ਇਕ ਉਤਰਾਂਗ ਪ੍ਰਧਾਨ ਰਾਗ ਹੈ। ਇਸ ਦਾ ਚਲਨ ਜਿਆਦਾ ਮੱਧ ਤੇ ਤਾਰ ਸਪਤਕਾਂ ਵਿਚ ਰਹਿੰਦਾ ਹੈ। ਉਂਞ ਇਹ ਰਾਗ ਤਿੰਨਾਂ ਸਪਤਕਾਂ ਵਿਚ ਹੀ ਗਾਇਆ ਜਾਂਦਾ ਹੈ।
ਗੁਰਮਤਿ ਸੰਗੀਤ ਦੇ ਲਗਭਗ ਸਾਰੇ ਹੀ ਵਿਦਵਾਨਾਂ ਨੇ ਗੂਜਰੀ ਦੇ ਜਿਸ ਸਰੂਪ ਨੂੰ ਪ੍ਰਮਾਣਤ ਮੰਨਿਆ ਹੈ। ਰਾਗ ਨਿਰਣਾਇਕ ਕਮੇਟੀ ਵੱਲੋਂ ਵੀ ਇਸੇ ਸਰੂਪ ਨੂੰ ਮਾਨਤਾ ਦਿਤੀ ਗਈ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ:
ਰਾਗ ਗੂਜਰੀ ਦਾ ਸਰੂਪ
ਥਾਟ: ਤੋੜੀ
ਸਵਰ: ਰਿਸ਼ਭ, ਗੰਧਾਰ ਤੇ ਧੈਵਤ ਕੋਮਲ, ਮਧਿਅਮ ਤੀਵਰ ਹੋਰ ਸਾਰੇ ਸ਼ੁੱਧ
ਵਰਜਿਤ ਸਵਰ: ਪੰਚਮ
ਜਾਤੀ: ਸ਼ਾੜਵ-ਸ਼ਾੜਵ
ਵਾਦੀ: ਧੈਵਤ
ਸੰਵਾਦੀ: ਰਿਸ਼ਭ
ਆਰੋਹ: ਸਾ ਰੇ (ਕੋਮਲ), ਗਾ (ਕੋਮਲ) ਮਾ (ਤੀਵਰ) ਧਾ (ਕੋਮਲ), ਨੀ, ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ), ਮਾ (ਤੀਵਰ) ਗਾ (ਕੋਮਲ) ਰੇ (ਕੋਮਲ), ਗਾ (ਕੋਮਲ) ਰੇ (ਕੋਮਲ) ਸਾ।
ਮੁਖ ਅੰਗ (ਪਕੜ): ਧਾ (ਕੋਮਲ), ਮਾ (ਤੀਵਰ) ਧਾ (ਕੋਮਲ), ਨੀ ਧਾ (ਕੋਮਲ), ਮਾ (ਤੀਵਰ) ਧਾ (ਕੋਮਲ) ਮਾ (ਤੀਵਰ) ਗਾ (ਕੋਮਲ) ਰੇ (ਕੋਮਲ), ਰੇ (ਕੋਮਲ) ਗਾ (ਕੋਮਲ) ਰੇ (ਕੋਮਲ) ਸਾ।
ਗਾਇਨ ਸਮਾਂ
ਦਿਨ ਦਾ ਦੂਜਾ ਪਹਿਰ।
ਸ਼ਬਦ ੨
ਰਾਗ ਮਾਰੂ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਮਾਰੂ ਰਾਗ ਨੂੰ ਤਰਤੀਬ ਅਨੁਸਾਰ ਇੱਕੀਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੮੯ ਤੋਂ ੧੧੦੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੬੫, ਗੁਰੂ ਅੰਗਦ ਸਾਹਿਬ ਦਾ ੧, ਗੁਰੂ ਅਮਰਦਾਸ ਸਾਹਿਬ ਦੇ ੭੫, ਗੁਰੂ ਰਾਮਦਾਸ ਸਾਹਿਬ ਦੇ ੧੩, ਗੁਰੂ ਅਰਜਨ ਸਾਹਿਬ ਦੇ ੧੪੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੧, ਭਗਤ ਰਵਿਦਾਸ ਜੀ ਦੇ ੨ ਅਤੇ ਭਗਤ ਨਾਮਦੇਵ ਜੀ ਤੇ ਭਗਤ ਜੈਦੇਵ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
‘ਮਾਰੂ’ ਸ਼ਬਦ ਦਾ ਇਕ ਅਰਥ, ਬੰਜਰ ਜਮੀਨ, ਮਾਰੂਥਲ ਜਾਂ ਰੇਤਲਾ ਇਲਾਕਾ ਹੈ। ਸ਼ਾਇਦ ਇਸੇ ਕਰਕੇ ਮਾਰੂ ਰਾਗ ਨੂੰ ਮਾਰੂਥਲਾਂ ਦਾ ਰਾਗ ਮੰਨਿਆ ਗਿਆ ਹੈ।
ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁਖ॥ -ਗੁਰੂ ਗ੍ਰੰਥ ਸਾਹਿਬ ੧੪੮
ਭਾਈ ਕਾਨ੍ਹ ਸਿੰਘ ਨਾਭਾ ਮਾਰੂ ਰਾਗ ਨੂੰ ਜੋਸ਼-ਭਾਵਨਾ ਨਾਲ ਜੋੜਦੇ ਹੋਏ ਲਿਖਦੇ ਹਨ ਕਿ ਮਾਰੂ ਰਾਗ ਦਾ ਅਰਥ ਹੈ, ਜਿਸ ਦੇ ਪ੍ਰਭਾਵ ਨਾਲ ਜੋਧੇ ਮਰ ਮਿਟਣ ਲਈ ਤਿਆਰ ਹੋ ਜਾਣ। ਇਸੇ ਲਈ, ਕਈ ਮਾਰੂ ਰਾਗ ਨੂੰ ਜੁਧ ਦਾ ਖਾਸ ਰਾਗ ਮੰਨਦੇ ਹਨ।
ਮਾਰੂ ਰਾਗ ਦਾ ਪ੍ਰਭਾਵ ਅਜਿਹਾ ਹੈ ਕਿ ਜਦੋਂ ਇਸ ਰਾਗ ਦੀ ਧੁਨੀ ਵੱਜਦੀ ਹੈ, ਤਾਂ ਕਾਇਰਤਾ ਨੱਸ ਜਾਂਦੀ ਹੈ: ਸੁਣ ਕੇ ਸੁਧ ਨਾ ਰਹੇ ਕਾਇਰ ਕੀ, ਜਬ ਬਾਜੈ ਧੁਨ ਮਾਰੂ।
ਗੁਰਮਤਿ ਸੰਗੀਤ ਵਿਚ ਪ੍ਰਚਲਤ ਮਾਰੂ ਰਾਗ ਦਾ ਇਕ ਆਪਣਾ ਵਖਰਾ ਹੀ ਸਰੂਪ ਅਤੇ ਪ੍ਰਭਾਵ ਹੈ। ਵਿਦਵਾਨਾਂ
ਸ਼ਬਦ ਰਬਾਬੀ ਗਾਵਨ ਗਾਵੈਂ। ਮਾਰੂ ਅਰ ਵਡਹੰਸ ਸੁਨਾਵੈ॥
ਨਿਹੰਗ ਸਿੰਘਾਂ ਦੇ ਬੋਲਿਆਂ ਵਿਚ ‘ਮਾਰੂ ਗਾਉਣਾ’ ਦਾ ਅਰਥ ਰੋਣਾ, ਦੁਖ ਦੀ ਪੁਕਾਰ ਕਰਨਾ ਆਦਿ ਹੈ।
ਮਾਰੂ ਰਾਗ ਦੁਖ-ਭਰੀ ਪੁਕਾਰ ਜਾਂ ਰੋਣ-ਕੁਰਲਾਉਣ ਦੇ ਪ੍ਰਤੀਕ ਵਜੋਂ ਵੀ ਕਈ ਕਵਿਤਾਵਾਂ ਵਿਚ ਵਰਤਿਆ ਮਿਲਦਾ ਹੈ। ਉਦਾਹਰਣ ਵਜੋਂ ਅਕਾਲੀ ਲਹਿਰ ਦੇ ਦਿਨਾਂ ਦੌਰਾਨ ਗੁਰਮੁਖ ਸਿੰਘ ਮੁਸਾਫਰ ਬਸਾਲੀ ਦੀ ਲਿਖੀ ਇਕ ਕਵਿਤਾ ‘ਅਸਾਡੇ ਉਪਰ ਹੋਏ ਪਾਪਾਂ ਦਾ ਸਬੂਤ’ ਵੇਖੀ ਜਾ ਸਕਦੀ ਹੈ:
ਕੰਨੀ ਸੁਣ ਲਵੀਂ ਰਾਗ ਸਭ ਬੁਲਬੁਲਾਂ ਦਾ,
ਕਿਸੇ ਰਾਗ ਦੀ ਸਾਨੂੰ ਪਿਛਾਨ ਕੀ ਏ।
ਬੁਲਬੁਲ ਬਾਗ ਦੀ ਫਿਰੇ ਬੇਤਾਬ ਵੇਖੀ,
ਬਿਨਾਂ ਰਾਗ ਮਾਰੂ ਹੋਣ ਗਾਣ ਕੀ ਏ।
ਮਾਰੂ ਰਾਗ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਇਸ ਰਾਗ ਨੂੰ ਕਈ ਨਾਂਵਾਂ, ਜਿਵੇਂ ਮਾਲਵ, ਮਾਰੁਵ, ਮਾਰੁਵਾ, ਮਾਰਵਿਕਾ ਆਦਿ ਨਾਲ ਪੁਕਾਰਿਆ ਜਾਂਦਾ ਅਤੇ ਭਿੰਨ-ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ।
ਮਾਰੂ ਰਾਗ ਨੂੰ ਹਿੰਦੁਸਤਾਨੀ ਸੰਗੀਤ ਦੇ ਹਨੂਮਾਨ ਮਤ ਅਨੁਸਾਰ ਮਾਲਕੌਂਸ ਦਾ ਪੁੱਤਰ, ਭਰਤ ਮਤ ਅਨੁਸਾਰ ਹਿੰਡੋਲ ਦਾ ਪੁੱਤਰ ਅਤੇ ਸ਼ਿਵ ਮਤ ਅਨੁਸਾਰ ਸ੍ਰੀਰਾਗ ਦਾ ਪੁੱਤਰ ਮੰਨਿਆ ਗਿਆ ਹੈ।
ਮਾਰੂ ਮਸਤਅੰਗ ਮੇਵਾਰਾ॥ ਪ੍ਰਬਲਚੰਡ ਕਉਸਕ ਉਭਾਰਾ॥
ਖਉਖਟ ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥੧॥ -ਗੁਰੂ ਗ੍ਰੰਥ ਸਾਹਿਬ ੧੪੩੦
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਾਰੂ ਸ਼ਾੜਵ ਜਾਤੀ ਦਾ ਰਾਗ ਹੈ। ਇਸ ਵਿਚ ਪੰਚਮ ਵਰਜਿਤ ਹੈ। ਸ਼ੜਜ, ਗੰਧਾਰ, ਧੈਵਤ ਅਤੇ ਨਿਸ਼ਾਦ ਸ਼ੁਧ, ਰਿਸ਼ਭ ਕੋਮਲ ਅਤੇ ਮਧਿਅਮ ਤੀਬਰ ਲਗਦਾ ਹੈ। ਗੰਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ।
ਪ੍ਰੋ. ਤਾਰਾ ਸਿੰਘ ਨੇ ਮਾਰੂ ਰਾਗ ਦੇ ਤਿੰਨ ਪ੍ਰਕਾਰ ਦਰਸਾਏ ਹਨ: ਇਕ ਮਾਰਵਾ ਥਾਟ ਦਾ, ਦੂਜਾ ਬਿਲਾਵਲ ਥਾਟ ਦਾ ਅਤੇ ਤੀਜਾ ਖਮਾਜ ਥਾਟ ਦਾ। ਪਹਿਲੇ ਪ੍ਰਕਾਰ ਵਿਚ ਸਾ ਅਤੇ ਰੇ ਕੋਮਲ, ਮਾ ਤੀਵਰ, ਪਾ ਵਰਜਿਤ ਅਤੇ ਹੋਰ ਸਾਰੇ ਸੁਰ ਸ਼ੁਧ ਲਗਦੇ ਹਨ। ਦੂਜੇ ਪ੍ਰਕਾਰ ਵਿਚ ਸਾਰੇ ਸੁਰ ਸ਼ੁਧ ਲਗਦੇ ਹਨ। ਇਸ ਦਾ ਵਾਦੀ ਸੁਰ ਗਾ ਅਤੇ ਸੰਵਾਦੀ ਨੀ ਹੈ, ਇਸ ਦੀ ਜਾਤੀ ਔੜਵ-ਸੰਪੂਰਨ ਹੈ। ਤੀਜੇ ਪ੍ਰਕਾਰ ਵਿਚ ਦੋਵੇਂ ਨੀ ਅਤੇ ਹੋਰ ਸੁਰ ਸ਼ੁਧ ਲਗਦੇ ਹਨ। ਇਸ ਦੇ ਆਰੋਹ ਵਿਚ ਰੇ ਅਤੇ ਧਾ ਸੁਰ ਵਰਜਿਤ ਕਰਨ ਦੀ ਪ੍ਰਥਾ ਹੈ ਅਤੇ ਅਵਰੋਹ ਵਿਚ ਸੱਤ ਸੁਰ ਵਰਤੇ ਜਾਂਦੇ ਹਨ। ਇਸ ਦੀ ਜਾਤੀ ਔੜਵ-ਸੰਪੂਰਨ ਹੈ।
ਡਾ. ਗੁਰਨਾਮ ਸਿੰਘ ਨੇ ਵੀ ਮਾਰੂ ਰਾਗ ਦੇ ਤਿੰਨ ਸਰੂਪ ਦਰਸਾਏ ਹਨ। ਪਹਿਲੇ ਸਰੂਪ ਅਨੁਸਾਰ ਮਾਰਵਾ ਨੂੰ ਹੀ ਮਾਰੂ ਰਾਗ ਮੰਨਿਆ ਹੈ। ਦੂਜਾ ਸਰੂਪ ਖਮਾਜ ਥਾਟ ਤੋਂ ਅਤੇ ਤੀਸਰਾ ਬਿਲਾਵਲ ਥਾਟ ਤੋਂ ਮੰਨਿਆ ਹੈ।
ਇਸ ਤਰ੍ਹਾਂ ਮਾਰੂ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਮੱਤ ਹਨ। ਪਰ ਇਥੇ ਇਸ ਰਾਗ ਦਾ ਉਹੀ ਸਰੂਪ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਰਾਗ ਨਿਰਣਾਇਕ ਕਮੇਟੀ ਵੱਲੋਂ ਪ੍ਰਵਾਣਤ ਕੀਤਾ ਗਿਆ ਹੈ:
ਰਾਗ ਮਾਰੂ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਮਧਿਅਮ, ਦੋਵੇਂ ਧੈਵਤ, ਦੋਵੇਂ ਨਿਸ਼ਾਦ, ਹੋਰ ਸਭ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਗੰਧਾਰ।
ਸੰਵਾਦੀ: ਨਿਸ਼ਾਦ।
ਆਰੋਹ: ਸਾ ਗਾ ਮਾ ਪਾ, ਧਾ ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ ਧਾ (ਕੋਮਲ) ਪਾ, ਮਾ ਗਾ ਰੇ ਸਾ।
ਮੁੱਖ ਅੰਗ (ਪਕੜ): ਪਾ ਪਾ ਨੀ (ਕੋਮਲ) ਧਾ ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ ਧਾ (ਕੋਮਲ) ਪਾ, ਪਾ ਧਾ ਪਾ ਗਾ, ਰੇ, ਗਾ ਰੇ ਸਾ।
ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।



