Guru Granth Sahib Logo
  
ਭਗਤ ਜੈਦੇਵ ਜੀ ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ।
Bani Footnote ਗੁਰੂ ਗ੍ਰੰਥ ਸਾਹਿਬ ਵਿਚ ੬ ਗੁਰੂ ਸਾਹਿਬਾਨ, ੧੫ ਭਗਤਾਂ, ੩ ਗੁਰ-ਸਿਖਾਂ ਅਤੇ ੧੧ ਭੱਟਾਂ ਦੀ ਬਾਣੀ ਦਰਜ ਹੈ।
ਆਪ ਜੀ ਦੁਆਰਾ ਰਾਗ ਗੂਜਰੀ ਅਤੇ ਰਾਗ ਮਾਰੂ ਵਿਚ ਉਚਾਰਣ ਕੀਤੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਕ੍ਰਮਵਾਰ ਪੰਨਾ ੫੨੬ ਅਤੇ ੧੧੦੬ ਉਪਰ ਦਰਜ ਹਨ। ਇਨ੍ਹਾਂ ਸ਼ਬਦਾਂ ਦੇ ਸਿਰਲੇਖ ਇਸ ਪ੍ਰਕਾਰ ਹਨ:
੧. ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
੨. ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ

ਪਹਿਲੇ ਸ਼ਬਦ ਦੇ ਸਿਰਲੇਖ ਵਿਚ ‘ਪਦਾ’ ਸ਼ਬਦ ਹੋਣ ਕਰਕੇ ਇਸ ਨੂੰ ‘ਜੈਦੇਵ ਜੀ ਦਾ ਪਦਾ’ ਵੀ ਕਿਹਾ ਜਾਂਦਾ ਹੈ। ਇਸ ਸ਼ਬਦ ਵਿਚ ਦੋ-ਦੋ ਤੁਕਾਂ ਦੇ ਪੰਜ ਬੰਦ ਹਨ। ਦੋ ਤੁਕਾਂ ਦਾ ‘ਰਹਾਉ’ ਵਾਲਾ ਇਕ ਬੰਦ ਵਖਰਾ ਹੈ। ਦੂਜੇ ਸ਼ਬਦ ਵਿਚ ਦੋ-ਦੋ ਤੁਕਾਂ ਦੇ ਦੋ ਬੰਦ ਹਨ ਅਤੇ ਇਸ ਵਿਚ ਵੀ ‘ਰਹਾਉ’ ਵਾਲਾ ਦੋ ਤੁਕਾਂ ਦਾ ਇਕ ਬੰਦ ਵਖਰਾ ਹੈ।

ਪਹਿਲੇ ਸ਼ਬਦ ਵਿਚ ਭਗਤ ਜੇਦੈਵ ਜੀ ਨੇ ਪ੍ਰਭੂ ਅਤੇ ਉਸ ਦੇ ਨਾਮ-ਸਿਮਰਨ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਉਪਦੇਸ਼ ਕੀਤਾ ਹੈ ਕਿ ਪ੍ਰਭੂ ਹਰ ਸਮੇਂ ਅਤੇ ਹਰ ਸਥਾਨ ਵਿਚ ਵਿਆਪਕ ਹੈ। ਉਸ ਦਾ ਨਾਮ-ਸਿਮਰਨ ਹੀ ਸਾਰੀਆਂ ਬਰਕਤਾਂ ਦਾ ਸੋਮਾ ਹੈ। ਇਸ ਨਾਮ-ਸਿਮਰਨ ਸਦਕਾ ਹਰ ਪ੍ਰਕਾਰ ਦੇ ਦੁਖ ਅਤੇ ਡਰ ਦੂਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਸ ਸ਼ਬਦ ਵਿਚ ਮਨੁਖ ਨੂੰ ਨੇਕ ਕਿਰਤ ਕਰਨ ਅਤੇ ਚੰਗੇ ਇਖਲਾਕ ਵਾਲਾ ਜੀਵਨ ਜਿਊਣ ਦੀ ਪ੍ਰੇਰਣਾ ਦਿੰਦਿਆਂ, ਵਿਕਾਰਾਂ ਦਾ ਤਿਆਗ ਕਰ ਕੇ ਪ੍ਰਭੂ ਦੀ ਸ਼ਰਣ ਵਿਚ ਆਉਣ ਦੀ ਤਕੀਦ ਵੀ ਕੀਤੀ ਗਈ ਹੈ।

ਦੂਜੇ ਸ਼ਬਦ ਵਿਚ ਬਿਆਨ ਕੀਤਾ ਗਿਆ ਹੈ ਕਿ ਜਦੋਂ ਮਨੁਖ ਵਿਆਪਕ-ਪ੍ਰਭੂ ਦੇ ਗੁਣਾਂ ਦਾ ਵਖਿਆਣ, ਭਾਵ ਨਾਮ-ਸਿਮਰਨ ਕਰਦਾ ਹੈ ਤਾਂ ਉਸ ਦੇ ਸਾਰੇ ਮਾਨਸਕ ਦਵੰਦ ਤੇ ਦੁਚਿੱਤੀਆਂ ਦੂਰ ਹੋ ਜਾਂਦੀਆਂ ਹਨ। ਦ੍ਰਿਸ਼ਟੀ ਇਕਾਗਰ ਤੇ ਇਕ-ਸਮਾਨ ਹੋ ਜਾਂਦੀ ਹੈ, ਜਿਵੇਂ ਉਸ ਨੂੰ ਤਮਾਮ ਸਾਧਨਾਵਾਂ ਦਾ ਫਲ ਮਿਲ ਗਿਆ ਹੋਵੇ। ਇਸ ਨਾਮ-ਸਿਮਰਨ ਨਾਲ ਹੀ ਉਹ ਪ੍ਰਭੂ ਨੂੰ ਪ੍ਰਾਪਤ, ਭਾਵ ਅਨੁਭਵ ਕਰ ਲੈਂਦਾ ਹੈ।