Guru Granth Sahib Logo
  
ਭਗਤ ਜੈਦੇਵ ਜੀ ਪੱਛਮੀ ਬੰਗਾਲ (ਭਾਰਤ) ਦੇ ਵਸਨੀਕ ਸਨ। ਆਪ ਜੀ ੧੨-੧੩ਵੀਂ ਸਦੀ ਦੇ ਮਸ਼ਹੂਰ ਕਵੀ ਸਨ। ਆਪ ਜੀ ਬੰਗਾਲ ਦੇ ਰਾਜਾ ਲਛਮਣ ਸੇਨ (੧੧੭੮-੧੨੦੫ ਈ.) ਦੇ ਦਰਬਾਰੀ ਕਵੀਆਂ ਵਿਚੋਂ ਇਕ ਸਨ। ਭਗਤ ਜੀ ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਪ੍ਰਬੁਧ ਵਿਦਵਾਨ ਸਨ। ਆਪ ਜੀ ਦੀ ਰਚਨਾ ‘ਗੀਤ ਗੋਵਿੰਦ’ ਸੰਸਕ੍ਰਿਤ ਕਾਵਿ ਦਾ ਮਸ਼ਹੂਰ ਗ੍ਰੰਥ ਹੈ। ਇਸ ਵਿਚ ਸ਼੍ਰੀ ਕ੍ਰਿਸ਼ਨ ਜੀ ਦੀਆਂ ਰਾਸ-ਲੀਲ੍ਹਾਵਾਂ ਦਾ ਚਿਤਰਣ ਹੈ। ਸ਼ੁਰੂ ਵਿਚ ਆਪ ਜੀ ਵੈਸ਼ਨਵ ਮਤ ਦੇ ਉਪਾਸ਼ਕ ਹੋਣ ਕਰਕੇ ਸ਼੍ਰੀ ਕ੍ਰਿਸ਼ਨ ਦੀ ਭਗਤੀ ਕਰਦੇ ਸਨ। ਨਿਰਾਕਾਰ ਬ੍ਰਹਮ ਦੇ ਅਨੁਯਾਈ ਸਾਧੂਆਂ ਦੀ ਸੰਗਤ ਸਦਕਾ ਆਪ ਜੀ ਵੈਸ਼ਨਵ ਪੱਧਤੀ ਦਾ ਤਿਆਗ ਕਰਕੇ ਨਿਰੰਕਾਰ ਦੇ ਉਪਾਸ਼ਕ ਬਣ ਗਏ।

ਭਗਤ ਜੈਦੇਵ ਜੀ ਦੀ ਪ੍ਰਸਿੱਧੀ ਦਾ ਪਤਾ ਇਸ ਗੱਲ ਤੋਂ ਹੀ ਲੱਗਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੀ ਬਾਣੀ ਅੰਦਰ ਭਗਤ ਜੈਦੇਵ ਜੀ ਦਾ ਜਿਕਰ ਪ੍ਰਸਿੱਧ ਭਗਤਾਂ, ਭਗਤ ਧੰਨਾ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ ਤੇ ਭਗਤ ਸੈਣ ਜੀ ਨਾਲ ਕੀਤਾ ਹੈ। ਜਿਵੇਂ ਇਨ੍ਹਾਂ ਭਗਤਾਂ ਨੇ ਵਖ-ਵਖ ਢੰਗ ਨਾਲ ਪ੍ਰਭੂ ਨੂੰ ਸਿਮਰਿਆ, ਉਵੇਂ ਹੀ ਭਗਤ ਜੈਦੇਵ ਜੀ ਨੇ ਵੀ ਆਪਣੇ ਅਹੰਕਾਰ ਦਾ ਤਿਆਗ ਕਰ ਕੇ ਪ੍ਰਭੂ ਦਾ ਸਿਮਰਨ ਕੀਤਾ:
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ॥
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥ -ਗੁਰੂ ਗ੍ਰੰਥ ਸਾਹਿਬ ੮੩੫

ਧੰਨੈ ਸੇਵਿਆ ਬਾਲ ਬੁਧਿ ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥
ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ਰੇ ਮਨ ਤੂ ਭੀ ਹੋਹਿ ਦਾਸੁ ॥੫॥
ਜੈਦੇਵ ਤਿਆਗਿਓ ਅਹੰਮੇਵ ॥ ਨਾਈ ਉਧਰਿਓ ਸੈਨੁ ਸੇਵ ॥ -ਗੁਰੂ ਗ੍ਰੰਥ ਸਾਹਿਬ ੧੧੯੨

ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਕਬੀਰ ਜੀ, ਭੱਟ ਜਲੵ ਜੀ, ਭੱਟ ਬਲੵ ਜੀ ਅਤੇ ਭਾਈ ਗੁਰਦਾਸ ਜੀ ਨੇ ਵੀ ਆਪ ਜੀ ਦਾ ਜਿਕਰ ਸਤਿਕਾਰ ਸਹਿਤ ਕੀਤਾ ਹੈ। ਭਗਤ ਕਬੀਰ ਜੀ ਨੇ ਫਰਮਾਇਆ ਹੈ ਕਿ ਕਲਜੁਗ ਵਿਚ ਭਗਤ ਨਾਮਦੇਵ ਜੀ ਅਤੇ ਭਗਤ ਜੈਦੇਵ ਜੀ ਜਾਗੇ ਹੋਏ, ਭਾਵ ਆਤਮਕ ਚਾਨਣ ਨਾਲ ਭਰਪੂਰ ਹਨ:
ਜਾਗੈ ਸੁਕਦੇਉ ਅਰੁ ਅਕੂਰੁ ॥ ਹਣਵੰਤੁ ਜਾਗੈ ਧਰਿ ਲੰਕੂਰੁ ॥
ਸੰਕਰੁ ਜਾਗੈ ਚਰਨ ਸੇਵ ॥ ਕਲਿ ਜਾਗੇ ਨਾਮਾ ਜੈਦੇਵ ॥੨॥ -ਗੁਰੂ ਗ੍ਰੰਥ ਸਾਹਿਬ ੧੧੯੪

ਗੁਰ ਪਰਸਾਦੀ ਜੈਦੇਉ ਨਾਮਾਂ॥
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ॥੫॥ -ਗੁਰੂ ਗ੍ਰੰਥ ਸਾਹਿਬ ੩੩੦

ਇਸੇ ਤਰ੍ਹਾਂ ਭੱਟ ਜਲੵ ਜੀ ਅਤੇ ਭੱਟ ਬਲੵ ਜੀ ਨੇ ਆਪ ਜੀ ਦਾ ਉਲੇਖ ਨਾਰਦ, ਧ੍ਰੂ, ਪ੍ਰਹਿਲਾਦ ਆਦਿ ਸਮੇਤ ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ ਤੇ ਭਗਤ ਕਬੀਰ ਜੀ ਦੇ ਨਾਲ ਸਤਿਕਾਰ ਸਹਿਤ ਕੀਤਾ ਹੈ:
ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥ -ਗੁਰੂ ਗ੍ਰੰਥ ਸਾਹਿਬ ੧੩੯੪

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ -ਗੁਰੂ ਗ੍ਰੰਥ ਸਾਹਿਬ ੧੪੦੫

ਭਾਈ ਗੁਰਦਾਸ ਜੀ ਨੇ ਆਪ ਜੀ ਨੂੰ ਸਨਕ ਆਦਿਕ ਬ੍ਰਹਮਾ ਦੇ ਪੁੱਤਰਾਂ, ਰਿਸ਼ੀ ਬਾਲਮੀਕ, ਭਗਤ ਬੇਣੀ ਜੀ, ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ ਅਤੇ ਭਗਤ ਸਧਨਾ ਜੀ ਵਾਂਗ ਸਤਿਸੰਗਤ ਦੀ ਬਰਕਤ ਸਦਕਾ ਸੰਸਾਰ ਸਮੁੰਦਰ ਤੋਂ ਤਰ ਚੁੱਕੇ ਅਤੇ ‘ਭਗਤ’ ਆਖੇ ਜਾਣ ਵਾਲਿਆ ਵਿਚ ਗਿਣਿਆ ਹੈ:
ਸਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗ ਤਰਾਏ।
ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ। -ਭਾਈ ਗੁਰਦਾਸ ਜੀ, ਵਾਰ ੨੩ ਪਉੜੀ ੧੫

ਭਗਤ ਜੈਦੇਵ ਜੀ ਦਾ ਜੀਵਨ-ਸਮਾਂ
ਭਗਤ ਜੈਦੇਵ ਜੀ ਦੇ ਜਨਮ ਅਤੇ ਦੇਹਾਂਤ ਦੀ ਮਿਤੀ ਦਾ ਸਹੀ ਪਤਾ ਨਹੀਂ ਲੱਗਦਾ। ਬੇਸ਼ੱਕ ਪਿਆਰਾ ਸਿੰਘ ਪਦਮ ਨੇ ਆਪ ਜੀ ਦਾ ਜੀਵਨ-ਕਾਲ ੧੨੦੧-੧੨੪੫ ਈ. ਦਿੱਤਾ ਹੈ।
Bani Footnote ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੧੮੦
ਪ੍ਰੰਤੂ ਇਸ ਵੇਰਵੇ ਦੇ ਸਰੋਤਾਂ ਬਾਰੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਸੋ, ਇਸ ਵੇਰਵੇ ਨੂੰ ਵੀ ਦਾਅਵੇ ਸਹਿਤ ਦਰੁਸਤ ਨਹੀਂ ਮੰਨਿਆ ਜਾ ਸਕਦਾ।

ਆਪ ਜੀ ਨੂੰ ਬੰਗਾਲ ਦੇ ਰਾਜਾ ਲਛਮਣ ਸੇਨ (੧੧੭੮-੧੨੦੫ ਈ.) ਦਾ ਦਰਬਾਰੀ ਕਵੀ ਵੀ ਮੰਨਿਆ ਜਾਂਦਾ ਹੈ। ਰਾਜਾ ਲਛਮਣ ਸੇਨ ਦੇ ਸਭਾ ਮੰਡਪ ਦੇ ਦਰਵਾਜੇ ਉੱਤੇ ਪੱਥਰ ਦੀਆਂ ਪੱਟੀਆਂ ਉਪਰ ਖੁਦੇ ਹੋਏ ਲੇਖ ਤੋਂ ਵੀ ਇਸ ਬਾਰੇ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਆਪ ਜੀ ਦੀ ਕਾਵਿ-ਰਚਨਾ ‘ਗੀਤ ਗੋਵਿੰਦ’ ਤੋਂ ਵੀ ਰਾਜਾ ਲਛਮਣ ਸੇਨ ਦੇ ਰਾਜਕਾਲ ਬਾਰੇ ਸੂਚਨਾ ਮਿਲਦੀ ਹੈ। ਪ੍ਰੰਤੂ ਇਹ ਜਾਣਕਾਰੀ ਕਿਤੋਂ ਵੀ ਪ੍ਰਾਪਤ ਨਹੀਂ ਹੁੰਦੀ ਕਿ ਆਪ ਜੀ ਇਸ ਰਾਜ ਦਰਬਾਰ ਵਿਚ ਕਦੋਂ ਤੋਂ ਕਦੋਂ ਤਕ ਰਹੇ ਸਨ।
Bani Footnote ਪਰਸ਼ੂਰਾਮ ਚਤੁਰਵੇਦੀ, ਉਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੭੪
ਪਰ ਇਸ ਤੱਥ ਤੋਂ ਆਪ ਜੀ ਦੇ ਜੀਵਨ-ਕਾਲ (੧੨-੧੩ਵੀਂ ਸਦੀ) ਬਾਰੇ ਸਹਿਜੇ ਹੀ ਪਤਾ ਲੱਗ ਜਾਂਦਾ ਹੈ।

ਸੁਖਦੇਵ ਸਿੰਘ ਸ਼ਾਂਤ ਨੇ ਰਾਜਾ ਲਛਮਣ ਸੇਨ ਦੇ ਸਮੇਂ ਦੇ ਅਧਾਰ ’ਤੇ ਭਗਤ ਜੈਦੇਵ ਜੀ ਦਾ ਜਨਮ ੧੧੫੦ ਈ. ਦੇ ਨੇੜੇ-ਤੇੜੇ ਅਨੁਮਾਨਿਆ ਹੈ। ਉਨ੍ਹਾਂ ਅਨੁਸਾਰ ਆਪ ਜੀ ੨੫-੩੦ ਸਾਲ ਦੀ ਉਮਰ ਦੌਰਾਨ ਹੀ ਰਾਜਾ ਲਛਮਣ ਸੇਨ ਦੇ ਦਰਬਾਰੀ ਕਵੀ ਬਣੇ ਹੋਣਗੇ। ਉਨ੍ਹਾਂ ਨੇ ਪ੍ਰਿੰ. ਸਤਿਬੀਰ ਸਿੰਘ ਦੇ ਇਕ ਲੇਖ, ਜਿਸ ਵਿਚ ਪ੍ਰਿੰ. ਸਤਿਬੀਰ ਸਿੰਘ ਨੇ ਭਗਤ ਜੈਦੇਵ ਜੀ ਦੀ ਉਮਰ ੭੨ ਸਾਲ ਅਨੁਮਾਨੀ ਹੈ, ਦੇ ਅਧਾਰ ’ਤੇ ੧੨੨੨ ਈ. ਵਿਚ ਆਪ ਜੀ ਦਾ ਦੇਹਾਂਤ ਹੋਣਾ ਮੰਨਿਆ ਹੈ।
Bani Footnote ਸੁਖਦੇਵ ਸਿੰਘ ਸ਼ਾਂਤ, ਪੰਦਰਾਂ ਭਗਤ ਸਾਹਿਬਾਨ, ਪੰਨਾ ੧੭-੧੯


ਭਗਤ ਜੈਦੇਵ ਜੀ ਦਾ ਜਨਮ ਸਥਾਨ
ਭਗਤ ਜੈਦੇਵ ਜੀ ਦਾ ਜਨਮ ‘ਕਿੰਦੂਵਿਲਵ’ (ਅਜੋਕਾ ਨਾਮ ਕੇਂਦਲੀ) ਨਾਮ ਦੇ ਇਕ ਪਿੰਡ ਵਿਚ ਹੋਇਆ, ਜਿਸ ਦਾ ਉਲੇਖ ਆਪ ਜੀ ਦੀ ਰਚਨਾ ‘ਗੀਤ ਗੋਵਿੰਦ’ ਵਿਚ ਵੀ ਮਿਲਦਾ ਹੈ। ਇਹ ਸਥਾਨ ਅਜਯ ਨਦੀ ਦੇ ਤਟ ਉਪਰ ਬੰਗਾਲ ਦੇ ਵੀਰਭੂਮੀ ਜਿਲ੍ਹੇ ਵਿਚ ਮੌਜੂਦ ਹੈ। ਇਥੇ ਹਰ ਸਾਲ ਮਾਘ ਦੀ ਸੰਗਰਾਂਦ ਨੂੰ ਮੇਲਾ ਲੱਗਦਾ ਹੈ। ਇਸ ਦਿਨ ਹਜਾਰਾਂ ਵੈਸ਼ਨਵ ਇਕੱਠੇ ਹੋ ਕੇ ‘ਗੀਤ ਗੋਵਿੰਦ’ ਦੀਆਂ ਕਵਿਤਾਵਾਂ ਅਤੇ ਹੋਰ ਭਜਨਾਂ ਦਾ ਕੀਰਤਨ ਕਰਦੇ ਹਨ।
Bani Footnote ਪਰਸ਼ੂਰਾਮ ਚਤੁਰਵੇਦੀ, ਉਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੭੪-੭੫
ਇਸ ਤੋਂ ਇਲਾਵਾ ਉੱਤਰ-ਪੂਰਬੀ ਬੰਗਾਲ ਦੇ ਬਾਗਰਾ ਜਾਂ ਬੋਗਰਾ ਜ਼ਿਲ੍ਹੇ, ਜਿਹੜਾ ਕਿ ਹੁਣ ਬੰਗਲਾਦੇਸ਼ ਵਿਚ ਹੈ, ਨੂੰ ਵੀ ਆਪ ਜੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਪਰ ਇਸ ਵਿਚਾਰ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ। ਕੇਂਦਲੀ ਪਿੰਡ ਤੋਂ ਹੀ ਸੱਤ ਕੋਹ (ਲਗਭਗ ੨੧ ਕਿਲੋਮੀਟਰ) ਦੂਰ ਭੈਰਵ ਨਾਮੀ ਪਿੰਡ ਵਿਚ ਵੀ ‘ਜੈਦੇਵ ਠਾਕੁਰ’ ਦੇ ਨਾਮ ਉਪਰ ਬਣੇ ਤਲਾਬ ’ਤੇ ਆਪ ਜੀ ਦੀ ਯਾਦ ਵਿਚ ਇਕ ਮੇਲਾ ਭਰਦਾ ਹੈ।
Bani Footnote ਸੁਨੀਤਿ ਕੁਮਾਰ ਚੈਟਰਜੀ, ਜਯਦੇਵ, ਪੰਨਾ ੧੧


ਕੁਝ ਵਿਦਵਾਨਾਂ ਅਨੁਸਾਰ ਆਪ ਜੀ ਦਾ ਜਨਮ ਸਥਾਨ ਕੇਂਦਲੀ-ਸਾਸਨ ਨਾਮੀ ਪਿੰਡ ਹੈ, ਜਿਹੜਾ ਉੜੀਸਾ ਪ੍ਰਾਂਤ ਵਿਚ ਪੁਰੀ
Bani Footnote ਹਿੰਦੂਆਂ ਦੇ ਮੁੱਖ ਤੀਰਥਾਂ ਵਿਚੋਂ ਇਕ ਤੀਰਥ, ਜਿਸ ਨੂੰ ਜਗਨਨਾਥ ਪੁਰੀ ਕਿਹਾ ਜਾਂਦਾ ਹੈ। ਇਥੇ ਵਿਸ਼ਨੂੰ ਦੇ ਅਵਤਾਰ ਬਲਭਦ੍ਰ ਅਤੇ ਕ੍ਰਿਸ਼ਨ ਜੀ ਦਾ ਮੰਦਰ ਹੈ, ਜਿਸ ਨੂੰ ਜਗਨਨਾਥ (ਜਗਤ ਦੇ ਨਾਥ) ਦਾ ਮੰਦਰ ਕਹਿੰਦੇ ਹਨ। ਇਸ ਦੀ ਗਿਣਤੀ ਹਿੰਦੂਆਂ ਦੇ ਧਾਮਾਂ ਬਦਰੀਨਾਥ, ਦੁਆਰਕਾ, ਰਾਮੇਸ਼ਵਰਮ ਅਤੇ ਪੁਰੀ ਵਿਚ ਹੁੰਦੀ ਹੈ। -ਡਾ. ਰਾਜਬਲੀ ਪਾਂਡੇ (ਸੰਪਾ.), ਹਿੰਦੂ ਧਰਮ ਕੋਸ਼, ਪੰਨਾ ੪੦੭
(ਉੜੀਸਾ, ਭਾਰਤ) ਦੇ ਨਿਕਟ ਪ੍ਰਾਚੀ ਨਦੀ ਉਪਰ ਸਥਿਤ ਹੈ। ਇਸ ਵਿਚਾਰ ਦੀ ਗਵਾਹੀ ਵਜੋਂ ਇਹ ਕਿਹਾ ਜਾਂਦਾ ਹੈ ਕਿ ਉਥੋਂ ਦੇ ਲੋਕ ਆਪ ਜੀ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਇਸ ਮਤ ਅਨੁਸਾਰ ਭਗਤ ਜੈਦੇਵ ਜੀ ਰਾਜਾ ਕਾਮਾਰਣਵ (੧੧੧੯-੧੨੧੩ ਈ.) ਅਤੇ ਰਾਜਾ ਪੁਰਸ਼ੋਤਮ ਦੇਵ (੧੨੨੭-੧੨੩੭ ਈ.) ਦੇ ਸਮਕਾਲੀ ਸਨ।
Bani Footnote ਪਰਸ਼ੂਰਾਮ ਚਤੁਰਵੇਦੀ, ਉਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੭੪-੭੫
ਪਰ ਬਹੁਤੇ ਵਿਦਵਾਨਾਂ ਨੇ ਆਪ ਜੀ ਦਾ ਜਨਮ ਸਥਾਨ ਪੱਛਮੀ-ਬੰਗਾਲ ਦਾ ਕੇਂਦਲੀ ਨਾਮੀ ਪਿੰਡ ਹੀ ਮੰਨਿਆ ਹੈ।
Bani Footnote ਸ੍ਰੀ ਨਾਭਾ ਦਾਸ ਜੀ ਕ੍ਰਿਤ ਸ੍ਰੀ ਭਗਤ ਮਾਲ (ਸ੍ਰੀ ਪ੍ਰਿਯਾ ਦਾਸ ਜੀ ਕ੍ਰਿਤ ਭਕਤੀ ਰਸ ਬੋਧਨੀ ਟੀਕਾ ਏਵੰ ਵਿਸਤ੍ਰਿਤ ਹਿੰਦੀ ਵਿਆਖਿਆ ਸਹਿਤ), ਪੰਨਾ ੩੮੮; ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੫੩੪; ਮੈਕਸ ਆਰਥਰ ਮੈਕਾਲਿਫ਼, ਸਿੱਖ ਧਰਮ, ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਤੇ ਰਚਨਾਕਾਰ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਯੋਗਦਾਨੀ ਭਗਤ), ਡਾ. ਧਰਮ ਸਿੰਘ (ਅਨੁ.), ਪੰਨਾ ੫; ਜੀ. ਬੀ. ਸਿੰਘ, ਭਗਤਾਂ ਦੇ ਜੀਵਨ ਚਰਿੱਤਰ, ਡਾ. ਗੁਲਜ਼ਾਰ ਸਿੰਘ ਕੰਗ (ਸੰਪਾ.), ਪੰਨਾ ੭੨; ਪ੍ਰਿੰ. ਸਤਿਬੀਰ ਸਿੰਘ, ਭਗਤ ਜੈਦੇਵ ਜੀ, ਸੇ ਭਗਤ ਸਤਿਗੁਰ ਮਨਿ ਭਾਏ, ਰੂਪ ਸਿੰਘ (ਸੰਪਾ.), ਪੰਨਾ ੧੧੮; ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੧੮੦; ਗਿ. ਪ੍ਰਤਾਪ ਸਿੰਘ, ਭਗਤ ਦਰਸ਼ਨ, ਪੰਨਾ ੧੨੧
ਇਹ ਇਸ ਕਾਰਣ ਵੀ ਦਰੁਸਤ ਜਾਪਦਾ ਹੈ ਕਿਉਂਕਿ ਭਗਤ ਜੈਦੇਵ ਜੀ ਨੇ ‘ਗੀਤ ਗੋਵਿੰਦ’ ਵਿਚ ਵੀ ਆਪਣਾ ਜਨਮ ਸਥਾਨ ਕੇਂਦਲੀ ਹੀ ਲਿਖਿਆ ਹੈ।

ਭਗਤ ਜੈਦੇਵ ਜੀ ਦਾ ਪਰਿਵਾਰ
ਬੇਸ਼ੱਕ ਕੁਝ ਵਿਦਵਾਨਾਂ ਦੁਆਰਾ ਆਪ ਜੀ ਦੀ ਮਾਤਾ ਦਾ ਨਾਮ ਰਾਮਾਦੇਵੀ, ਵਾਮਾਦੇਵੀ, ਰਮਾਦੇਵੀ ਆਦਿ ਵੀ ਲਿਖਿਆ ਮਿਲਦਾ ਹੈ।
Bani Footnote ਸ੍ਰੀ ਨਾਭਾ ਦਾਸ ਜੀ ਕ੍ਰਿਤ ਸ੍ਰੀ ਭਗਤ ਮਾਲ (ਸ੍ਰੀ ਪ੍ਰਿਯਾ ਦਾਸ ਜੀ ਕ੍ਰਿਤ ਭਕਤੀ ਰਸ ਬੋਧਨੀ ਟੀਕਾ ਏਵੰ ਵਿਸਤ੍ਰਿਤ ਹਿੰਦੀ ਵਿਆਖਿਆ ਸਹਿਤ), ਪੰਨਾ ੩੮੬; ਸੁਨੀਤਿ ਕੁਮਾਰ ਚੈਟਰਜੀ, ਜਯਦੇਵ, ਪੰਨਾ ੯; ਪ੍ਰਿੰ. ਸਤਿਬੀਰ ਸਿੰਘ, ਭਗਤ ਜੈਦੇਵ ਜੀ, ਸੇ ਭਗਤ ਸਤਿਗੁਰ ਮਨਿ ਭਾਏ, ਰੂਪ ਸਿੰਘ (ਸੰਪਾ.), ਪੰਨਾ ੧੧੮
ਪਰ ‘ਗੀਤ ਗੋਵਿੰਦ’ ਗ੍ਰੰਥ ਦੇ ਅੰਤ ਵਿਚ ਆਪ ਜੀ ਨੇ ਆਪਣੀ ਮਾਤਾ ਦਾ ਨਾਮ ਰਾਧਾ ਦੇਵੀ ਅਤੇ ਪਿਤਾ ਦਾ ਨਾਮ ਭੋਜ ਦੇਵ ਲਿਖਿਆ ਹੋਇਆ ਹੈ।
Bani Footnote ਪਰਸ਼ੂਰਾਮ ਚਤੁਰਵੇਦੀ, ਉਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੭੫
ਭਗਤ ਜੈਦੇਵ ਜੀ ਛੋਟੀ ਉਮਰ ਵਿਚ ਹੀ ਸਨ ਜਦ ਆਪ ਜੀ ਦੇ ਮਾਤਾ-ਪਿਤਾ ਦਾ ਅਕਾਲ ਚਲਾਣਾ ਹੋ ਗਿਆ ਸੀ। ਆਪ ਜੀ ਵਿਆਹੇ ਹੋਏ ਸਨ। ਆਪ ਜੀ ਦੀ ਪਤਨੀ ਦਾ ਨਾਮ ਪਦਮਾਵਤੀ ਸੀ। ਆਪ ਜੀ ਦੀ ਸੰਤਾਨ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।

ਭਗਤ ਜੈਦੇਵ ਜੀ ਨਾਲ ਸੰਬੰਧਤ ਕਥਾਵਾਂ
ਨਾਭਾ ਦਾਸ ਜੀ ਦੁਆਰਾ ਰਚਿਤ ਪੁਸਤਕ ‘ਸ੍ਰੀ ਭਗਤ ਮਾਲ’ (ਪੰਨਾ ੩੮੮-੩੯੬) ਵਿਚੋਂ ਭਗਤ ਜੈਦੇਵ ਜੀ ਦੇ ਜੀਵਨ ਦਾ ਕਥਾਤਮਕ ਵੇਰਵਾ ਪ੍ਰਾਪਤ ਹੁੰਦਾ ਹੈ। ਇਸ ਵੇਰਵੇ ਤੋਂ ਆਪ ਜੀ ਦੇ ਤਿਆਗੀ ਅਤੇ ਭਗਤੀ-ਭਾਵ ਵਿਚ ਰੱਤੇ ਹੋਣ ਦਾ ਪਤਾ ਲੱਗਦਾ ਹੈ। ਇਸੇ ਸੁਭਾਅ ਕਾਰਣ ਆਪ ਜੀ ਦੇ ਪਿੰਡ ਦੇ ਹੀ ਇਕ ਨਿਰੰਜਨ ਨਾਮ ਦੇ ਬੰਦੇ ਨੇ ਆਪ ਜੀ ਦੇ ਘਰ-ਘਾਟ ਉਪਰ ਕਬਜ਼ਾ ਕਰਨ ਦੀ ਜੁਗਤ ਬਣਾਈ। ਉਸ ਨੇ ਆਪ ਜੀ ਦੇ ਪਿਤਾ ਤੋਂ ਕੁਝ ਪੈਸੇ ਲੈਣੇ ਸਨ। ਇਸ ਲਈ ਉਸ ਨੇ ਇਕ ਦਸਤਾਵੇਜ ਬਣਾਇਆ, ਜਿਸ ਦੇ ਅਧਾਰ ’ਤੇ ਆਪ ਜੀ ਨੂੰ ਘਰ ਛੱਡ ਕੇ ਚਲੇ ਜਾਣ ਨੂੰ ਕਿਹਾ। ਆਪ ਜੀ ਨੇ ਘਰੋਂ ਬਾਹਰ ਪੈਰ ਰਖਿਆ ਹੀ ਸੀ ਕਿ ਅਚਾਨਕ ਨਿਰੰਜਨ ਦੀ ਬੇਟੀ ਭੱਜਦੀ ਹੋਈ ਆਈ। ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਨ੍ਹਾਂ ਦੇ ਘਰ ਅੱਗ ਲੱਗ ਗਈ ਹੈ। ਨਿਰਵੈਰ ਸੁਭਾਅ ਕਾਰਣ ਭਗਤ ਜੈਦੇਵ ਜੀ ਵੀ ਨਿਰੰਜਨ ਦੇ ਨਾਲ ਹੀ ਉਸ ਦੇ ਘਰ ਵੱਲ ਦੌੜ੍ਹ ਪਏ। ਆਪ ਜੀ ਵੱਲੋਂ ਘਰ ਅੰਦਰ ਪੈਰ ਪਾਉਣ ਦੀ ਹੀ ਦੇਰ ਸੀ ਕਿ ਅੱਗ ਬੁਝ ਗਈ। ਨਿਰੰਜਨ ਨੇ ਅੱਗ ਦੇ ਬੁਝਣ ਨੂੰ ਆਪ ਜੀ ਦਾ ਪਰਤਾਪ ਹੀ ਮੰਨਿਆ ਅਤੇ ਆਪਣੀ ਭੁੱਲ ਬਖਸ਼ਾਉਣ ਲਈ ਆਪ ਜੀ ਦੇ ਚਰਨਾਂ ’ਤੇ ਢਹਿ ਪਿਆ।

ਇਸ ਤੋਂ ਬਾਅਦ ਭਗਤ ਜੈਦੇਵ ਜੀ ਆਪਣੇ ਪਿੰਡ ਦੇ ਹੀ ਪਰਾਸ਼ਰ ਨਾਮੀ ਬ੍ਰਾਹਮਣ ਨਾਲ ਪੁਰੀ ਵਲ ਚੱਲ ਪਏ। ਆਪ ਜੀ ਨੇ ਲੰਮਾ ਸਮਾਂ ਪੁਰੀ ਵਿਖੇ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਕਰਦਿਆਂ ਬਤੀਤ ਕੀਤਾ। ਆਪ ਜੀ ਨੇ ਆਪਣੀ ਪ੍ਰਸਿੱਧ ਰਚਨਾ ‘ਗੀਤ ਗੋਵਿੰਦ’ ਦੀ ਰਚਨਾ ਵੀ ਇਥੇ ਹੀ ਕੀਤੀ। ਇਥੇ ਹੀ ਆਪ ਜੀ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਹੋਏ। ਇਥੇ ਰਹਿੰਦਿਆਂ ਹੀ ਆਪ ਜੀ ਦਾ ਮੇਲ ਪੰਡਿਤ ਸੁਦੇਵ ਨਾਲ ਹੋਇਆ, ਜਿਸ ਦੀ ਲੜਕੀ ਨਾਲ ਆਪ ਜੀ ਦੀ ਸ਼ਾਦੀ ਹੋਈ।

ਸੁਦੇਵ ਨੇ ਸੰਤਾਨ ਪ੍ਰਾਪਤੀ ਲਈ ਜਗਨਨਾਥ ਅੱਗੇ ਇਹ ਪ੍ਰਾਰਥਨਾ ਕੀਤੀ ਹੋਈ ਸੀ ਕਿ ਉਹ ਆਪਣੀ ਪਹਿਲੀ ਸੰਤਾਨ ਜਗਨਨਾਥ ਜੀ ਦੇ ਅਰਪਣ ਕਰੇਗਾ। ਜਦੋਂ ਉਸ ਦਾ ਆਪ ਜੀ ਨਾਲ ਮੇਲ ਹੋਇਆ, ਉਦੋਂ ਉਹ ਆਪਣੀ ਪਹਿਲੀ ਸੰਤਾਨ, ਆਪਣੀ ਬੇਟੀ ਪਦਮਾਵਤੀ ਨੂੰ ਜਗਨਾਨਾਥ ਜੀ ਦੇ ਅਰਪਣ ਕਰਨ ਲਈ ਲਿਆਇਆ ਸੀ। ਉਸ ਨੂੰ ਭਗਵਾਨ ਨੇ ਆਗਿਆ ਕੀਤੀ ਕਿ ਇਸ ਦਾ ਵਿਆਹ ਭਗਤ ਜੈਦੇਵ ਜੀ ਨਾਲ ਕਰ ਦਿੱਤਾ ਜਾਵੇ। ਉਸ ਨੇ ਆਪ ਜੀ ਨੂੰ ਕਿਹਾ ਕਿ ਮੇਰੀ ਬੇਟੀ ਨੂੰ ਪਤਨੀ ਦੇ ਰੂਪ ਵਿਚ ਸਵਿਕਾਰ ਕਰੋ। ਆਪ ਜੀ ਨੇ ਅਸਮਰੱਥਾ ਜ਼ਾਹਰ ਕੀਤੀ। ਪਰ ਸੁਦੇਵ ਦੇ ਜੋਰ ਦੇਣ ’ਤੇ ਆਪ ਜੀ ਨੇ ਪਦਮਾਵਤੀ ਨੂੰ ਆਪਣੀ ਪਤਨੀ ਵਜੋਂ ਸਵਿਕਾਰ ਕਰ ਲਿਆ।

ਆਪ ਜੀ ਅਤੇ ਆਪ ਜੀ ਦੀ ਪਤਨੀ ਦੋਵੇਂ ਹੀ ਕ੍ਰਿਸ਼ਨ-ਭਗਤੀ ਵਿਚ ਜੁੜੇ ਹੋਏ ਸਨ। ‘ਗੀਤ ਗੋਵਿੰਦ’ ਦੀ ਰਚਨਾ ਕਰਦੇ ਸਮੇਂ ਇਕ ਅਜਿਹਾ ਪ੍ਰਸੰਗ ਆਇਆ, ਜਿਹੜਾ ਰਾਧਾ ਬਾਰੇ ਸੀ। ਪਰ ਇਸ ਸੰਬੰਧੀ ਢੁਕਵੀਂ ਸ਼ਬਦਾਵਲੀ ਜਾਂ ਛੰਦ ਆਪ ਜੀ ਨੂੰ ਸੁੱਝ ਨਹੀ ਰਿਹਾ ਸੀ। ਆਪ ਜੀ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕਰਦਿਆਂ ਇਸ਼ਨਾਨ ਕਰਨ ਚਲੇ ਗਏ। ਜਦੋਂ ਵਾਪਸ ਆਏ ਤਾਂ ਜੋ ਕੁਝ ਆਪ ਜੀ ਲਿਖਣਾ ਚਾਹੁੰਦੇ ਸਨ, ਉਹ ਲਿਖਿਆ ਹੋਇਆ ਸੀ। ਇਸ ਬਾਰੇ ਜਦੋਂ ਆਪ ਜੀ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਆਪ ਜੀ ਇਕ ਵਾਰ ਜਾਣ ਤੋਂ ਬਾਅਦ ਵਾਪਸ ਆਏ ਸੀ ਅਤੇ ਲਿਖ ਕੇ ਚਲੇ ਗਏ ਸੀ। ਇਹ ਸੁਣ ਕੇ ਆਪ ਜੀ ਵਿਸਮਾਦ ਵਿਚ ਆ ਗਏ ਅਤੇ ਭਗਤੀ ਵਿਚ ਲੀਨ ਹੋ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਭਗਵਾਨ ਜੀ ਖੁਦ ਮੇਰਾ ਰੂਪ ਲੈ ਕੇ ਆਪਣਾ ਕਾਰਜ ਆਪ ਕਰ ਕੇ ਗਏ ਹਨ। ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਵੀ ਦਰਜ ਕੀਤਾ ਹੈ:
ਪ੍ਰੇਮ ਭਗਤਿ ਜੈਦੇਉ ਕਰਿ ਗੀਤ ਗੋਵਿੰਦ ਸਹਜ ਧੁਨਿ ਗਾਵੈ।
ਲੀਲ੍ਹਾ ਚਲਿਤ ਵਖਾਣਦਾ ਅੰਤਰਜਾਮੀ ਠਾਕੁਰ ਭਾਵੈ।
ਅਖਰ ਇਕੁ ਨ ਆਵੜੈ ਪੁਸਤਕੁ ਬੰਨ੍ਹਿ ਸੰਧਿਆ ਕਰਿ ਆਵੈ।
ਗੁਣ ਨਿਧਾਨ ਘਰਿ ਆਇ ਕੈ ਭਗਤ ਰੂਪਿ ਲਿਖਿ ਲੇਖੁ ਬਣਾਵੈ।
ਅਖਰ ਪੜ੍ਹਿ ਪਰਤੀਤਿ ਕਰਿ ਹੋਇ ਵਿਸਮਾਦੁ ਨ ਅੰਗਿ ਸਮਾਵੈ।
ਵੇਖੈ ਜਾਇ ਉਜਾੜਿ ਵਿਚਿ ਬਿਰਖੁ ਇਕੁ ਆਚਰਜ ਸੁਹਾਵੈ।
ਗੀਤ ਗੋਵਿੰਦ ਸੰਪੂਰਣੋ ਪਤਿ ਪਤਿ ਲਿਖਿਆ ਅੰਤੁ ਨ ਪਾਵੈ।
ਭਗਤਿ ਹੇਤਿ ਪਰਗਾਸੁ ਕਰਿ ਹੋਇ ਦਇਆਲੁ ਮਿਲੈ ਗਲਿ ਲਾਵੈ।
ਸੰਤ ਅਨੰਤ ਨ ਭੇਦ ਗਣਾਵੈ ॥੧੦॥ -ਭਾਈ ਗੁਰਦਾਸ ਜੀ, ਵਾਰ ੧੦ ਪਉੜੀ ੧੦

ਆਪ ਜੀ ਨਾਲ ਸੰਬੰਧਤ ਇਨ੍ਹਾਂ ਕਥਾਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਥਾਵਾਂ ਮਿਲਦੀਆਂ ਹਨ। ਇਨ੍ਹਾਂ ਕਥਾਵਾਂ ਵਿਚ ਆਪ ਜੀ ਦੇ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿਚ ਪਰਮਾਤਮਾ ਦੇ ਸਰਗੁਣ ਸਰੂਪ ਨਾਲ ਪਿਆਰ ਅਤੇ ਭਗਤੀ-ਭਾਵ ਦਾ ਵਰਨਣ ਮਿਲਦਾ ਹੈ।

ਭਗਤ ਜੈਦੇਵ ਜੀ ਦੀਆਂ ਰਚਨਾਵਾਂ
ਭਗਤ ਜੈਦੇਵ ਜੀ ਦੀ ਪ੍ਰਸਿੱਧ ਰਚਨਾ ‘ਗੀਤ ਗੋਵਿੰਦ’ ਹੈ ਅਤੇ ਆਪ ਜੀ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹਨ। ਇਨ੍ਹਾਂ ਤੋਂ ਇਲਾਵਾ ਸ. ਜੀ. ਬੀ. ਸਿੰਘ ਨੇ ਲਲਿਤ ਵਿਨਿਆਸ ਅਤੇ ਸ੍ਰਵਨ ਮਨੋਹਰ ਅਣੂ ਪ੍ਰਾਸਛਟੀ ਵੀ ਆਪ ਜੀ ਦੀਆਂ ਰਚਨਾਵਾਂ ਮੰਨੀਆਂ ਹਨ। ਸੁਨੀਤਿ ਕੁਮਾਰ ਚੈਟਰਜੀ ਅਨੁਸਾਰ ਸ੍ਰੀਧਰਦਾਸ, ਜਿਹੜਾ ਆਪ ਜੀ ਦਾ ਸਮਕਾਲੀ ਸੀ, ਦੇ ਸੰਸਕ੍ਰਿਤ ਕਵਿਤਾਵਾਂ ਦੇ ਇਕ ਸੰਕਲਨ ਸਦੁਕਤੀਕਰਣਾਮ੍ਰਿਤ ਵਿਚ ਵੀ ੩੧ ਪਦੇ ਆਪ ਜੀ ਦੇ ਦੱਸੇ ਜਾਂਦੇ ਹਨ।
Bani Footnote ਜੀ. ਬੀ. ਸਿੰਘ, ਭਗਤਾਂ ਦੇ ਜੀਵਨ ਚਰਿੱਤਰ, ਡਾ. ਗੁਲਜ਼ਾਰ ਸਿੰਘ ਕੰਗ (ਸੰਪਾ.), ਪੰਨਾ ੭੬; ਸੁਨੀਤਿ ਕੁਮਾਰ ਚੈਟਰਜੀ, ਜਯਦੇਵ, ਪੰਨਾ ੧੫-੧੮


ਗੁਰੂ ਗ੍ਰੰਥ ਸਾਹਿਬ ਵਾਲੇ ਸ਼ਬਦਾਂ ਦੇ ਕਰਤਾ: ਭਗਤ ਜੈਦੇਵ ਜੀ
ਬਹੁਤ ਸਾਰੇ ਵਿਦਵਾਨ ‘ਗੀਤ ਗੋਵਿੰਦ’ ਦੇ ਕਰਤਾ ਨੂੰ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਦੇ ਕਰਤਾ, ਭਗਤ ਜੈਦੇਵ ਜੀ ਨਹੀਂ ਮੰਨਦੇ। ਗਿ. ਗੁਰਦਿੱਤ ਸਿੰਘ ਨੇ ਆਪਣੀ ਪੁਸਤਕ ‘ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ)’ ਵਿਚਲੇ ਲੇਖ ‘ਭਗਤ ਜੈਦੇਵ ਅਤੇ ਉਨ੍ਹਾਂ ਦੀ ਰਚਨਾ’
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ), ਪੰਨਾ ੩੬੭-੩੮੨
ਵਿਚ ਇਹ ਵਿਚਾਰ ਦ੍ਰਿੜਤਾ ਨਾਲ ਉਭਾਰਿਆ ਹੈ। ਉਨ੍ਹਾਂ ਨੇ ਇਸ ਸੰਬੰਧੀ ਵਿਦਵਾਨਾਂ ਦੇ ਹਵਾਲੇ ਵੀ ਦਿੱਤੇ ਹਨ। ਇਨ੍ਹਾਂ ਵਿਦਵਾਨਾਂ ਵਿਚ ਗੋਵਿੰਦ ਤ੍ਰਿਗੁਣਾਇਤ, ਰਾਮ ਖੇਲਾਵਨ ਪਾਂਡੇ, ਚੰਦਰਕਾਂਤ ਬਾਲੀ ਆਦਿ ਪ੍ਰਮੁੱਖ ਹਨ।

ਗੋਵਿੰਦ ਤ੍ਰਿਗੁਣਾਇਤ ਨੇ ਜੈਦੇਵ ਨਾਮ ਦੀਆਂ ਪੰਜ ਸਖਸ਼ੀਅਤਾਂ ਦਾ ਜਿਕਰ ਕੀਤਾ ਹੈ: ਮਾਨਯ ਲੋਕ (ਤੱਤਵਲੋਕ) ਨਾਮੀ ਨਯਾਯ ਗ੍ਰੰਥ ਦੇ ਰਚਾਇਤਾ ਪਕਸ਼ਧਰ ਜੈਦੇਵ
Bani Footnote ਇਨ੍ਹਾਂ ਦਾ ਇਕ ਨਾਮ ਜੈਦੇਵ ਮਿਸ਼੍ਰ ਸੀ। ਤੇਰ੍ਹਵੀਂ ਸਦੀ ਵਿਕਰਮੀ (੧੨੫੭-੧੩੫੭ ਈ. ਲਗਭਗ) ਵਿਚ ਇਸ ਦਾ ਉਦੈ ਹੋਇਆ। ਇਹ ਨਯਾਯਦਰਸ਼ਨ ਦੇ ਅਚਾਰੀਆ ਅਤੇ ‘ਤੱਤਵਲੋਕ’ ਨਾਮੀ ਭਾਸ਼ ਦੇ ਰਚਾਇਤਾ ਸਨ। ਇਹ ਭਾਸ਼ ਗੰਗੇਸ਼ ਉਪਾਧਿਆ ਰਚਿਤ ‘ਤੱਤਵਚਿੰਤਾਮਣੀ’ ਉਪਰ ਲਿਖਿਆ ਹੈ। -ਡਾ. ਰਾਜਬਲੀ ਪਾਂਡੇ (ਸੰਪਾ.) ਹਿੰਦੂ ਧਰਮਕੋਸ਼, ਪੰਨਾ ੨੭੬
, ਚੰਦਰਾਲੋਕਕਾਰ ਪੀਉਸ਼ ਜੈਦੇਵ
Bani Footnote ਇਹ ਕੁੰਡਨੀਆਪੁਰ ਜਾਂ ਕੁੰਡਨਪੁਰ (ਮਹਾਂਰਾਸ਼ਟਰ, ਭਾਰਤ) ਦੇ ਰਹਿਣ ਵਾਲੇ ਸਨ। ਇਨ੍ਹਾਂ ਨੇ ਆਪਣੇ ਗ੍ਰੰਥ ਚੰਦ੍ਰਾਲੋਕ ਵਿਚ ਆਪਣੇ ਮਾਤਾ-ਪਿਤਾ ਦਾ ਨਾਮ ਸੁਮਿਤ੍ਰਾ ਅਤੇ ਮਹਾਂਦੇਵ ਲਿਖਿਆ ਹੈ। ਇਨ੍ਹਾਂ ਦਾ ਸਮਾਂ ੧੨੦੦-੧੩੦੦ ਦੇ ਵਿਚਕਾਰ ਦਾ ਮੰਨਿਆ ਜਾਂਦਾ ਹੈ। -ਪੰ. ਗੌਰੀਨਾਥਸ੍ਰਮਣਾ (ਟੀਕਾਕਾਰ), ਸ੍ਰੀ ਜਯਦੇਵ ਕਵਿਪ੍ਰਣੀਤ: ਚੰਦ੍ਰਾਲੋਕ:, ਪੰਨਾ ੧-੩
ਪ੍ਰਸਨਤਾਰਧ ਨਾਮੀ ਨਾਟਕ ਦੇ ਰਚਾਇਤਾ ਜੈਦੇਵ, ਗੀਤ ਗੋਵਿੰਦ ਵਾਲੇ ਜੈਦੇਵ ਅਤੇ ਭਗਤ ਜੈਦੇਵ ਜੀ, ਜਿਨ੍ਹਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹਨ। ਕੁਝ ਵਿਦਵਾਨ ਇਨ੍ਹਾਂ ਵਿਚੋਂ ਪਹਿਲੀਆਂ ਤਿੰਨ ਸਖਸ਼ੀਅਤਾਂ ਨੂੰ ਇਕ ਹੀ ਮੰਨਦੇ ਹਨ। ਪਰ ਅੰਤਮ ਦੋ ਸੰਬੰਧੀ ਮਤਭੇਦ ਹੈ। ਗੋਵਿੰਦ ਤ੍ਰਿਗੁਣਾਇਤ ਵੀ ਇਨ੍ਹਾਂ ਅੰਤਮ ਦੋਵਾਂ ਨੂੰ ਵਖ-ਵਖ ਮੰਨਣ ਦੇ ਪਖ ਵਿਚ ਹਨ। ਉਨ੍ਹਾਂ ਅਨੁਸਾਰ ਭਾਵੇਂ ਉਨ੍ਹਾਂ ਕੋਲ ਆਪਣੇ ਇਸ ਵਿਚਾਰ ਦੀ ਪੁਸ਼ਟੀ ਲਈ ਕੋਈ ਇਤਿਹਾਸਕ ਪ੍ਰਮਾਣ ਨਹੀਂ, ਪਰ ਭਾਸ਼ਾ ਅਤੇ ਸ਼ੈਲੀ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਦੋਵਾਂ ਵਿਚ ਜਮੀਨ ਅਸਮਾਨ ਦਾ ਫਰਕ ਦਿਸਦਾ ਹੈ। ਨਿਰਗੁਣ ਕਵੀਆਂ ਨੇ ਜਿਸ ਭਗਤ ਜੈਦੇਵ ਜੀ ਦਾ ਸ਼ਰਧਾ ਨਾਲ ਸਿਮਰਨ ਕੀਤਾ ਹੈ, ਉਹ ਜਰੂਰ ਹੀ ਕੋਈ ਸ੍ਰੇਸ਼ਟ ਮਹਾਤਮਾ ਹੋਣਗੇ। ਉਹ ਲੋਕ ਸ਼ਿੰਗਾਰੀ ਮਹਾਂਕਵੀ ਜੈਦੇਵ (ਗੀਤ ਗੋਵਿੰਦ ਵਾਲੇ) ਵੱਲ ਇੰਨਾਂ ਜਿਆਦਾ ਆਕਰਸ਼ਤ ਨਹੀਂ ਹੋ ਸਕਦੇ। ਜੇ ਉਹ ਇਸ ਤਰ੍ਹਾਂ ਦੇ ਸਰਗੁਣੋਪਾਸ਼ਕ-ਪ੍ਰਿਅ ਹੁੰਦੇ ਤਾਂ ਉਨ੍ਹਾਂ ਨੇ ਭਾਸ਼ਾ ਦੇ ਤਤਕਾਲੀਨ ਭਗਤ ਮਹਾਂਕਵੀ ਵਿਦਿਆਪਤੀ ਲਈ ਵੀ ਸ਼ਰਧਾ ਪਰਗਟ ਕੀਤੀ ਹੁੰਦੀ। ਵਿਦਿਆਪਤੀ ਦੀ ਗਿਣਤੀ ਤਾਂ ‘ਵੈਸ਼ਨਵ ਸਹਿਜਯਾ’ ਸੰਪਰਦਾਇ ਦੇ ਨੌਂ ਸੰਤਾਂ ਵਿਚ ਕੀਤੀ ਜਾਂਦੀ ਹੈ। ਭਕਤਮਾਲ ਵਿਚ ਵੀ ਜੈਦੇਵ ਦਾ ਹੀ ਉਲੇਖ ਕੀਤਾ ਜਾਂਦਾ ਹੈ, ਉਹ ਭਗਤ ਜਾਂ ਸੰਤ ਜੈਦੇਵ ਦਾ ਨਹੀਂ ਹੈ। ਉਸ ਵਿਚ ਗੀਤਗੋਵਿੰਦਕਾਰ ਮਹਾਂਕਵੀ ਜੈਦੇਵ ਦੀ ਪ੍ਰਸ਼ੰਸਾ ਕੀਤੀ ਗਈ ਹੈ। ਮਹਾਂਕਵੀ ਜੈਦੇਵ ਨੂੰ ਸੰਤ (ਭਗਤ) ਜੈਦੇਵ ਨਹੀਂ ਮੰਨਿਆ ਜਾ ਸਕਦਾ। ਭਗਤ ਜੈਦੇਵ ਜੀ ਜਰੂਰ ਕੋਈ ਹੋਰ ਮਹਾਤਮਾ ਹੋਣਗੇ, ਜਿਨ੍ਹਾਂ ਨੂੰ ਭਗਤ ਕਬੀਰ ਜੀ ਵਰਗੇ ਸੰਤ ਭਗਤੀ ਰਹੱਸਵੇਤਾ ਮੰਨਦੇ ਹਨ। ਅਸਲ ਵਿਚ ਸਾਡਾ ਦੁਰਭਾਗ ਹੈ ਕਿ ਅੱਜ-ਕੱਲ੍ਹ ਭਗਤ ਜੈਦੇਵ ਜੀ ਦੀਆਂ ਹੋਰ ਰਚਨਾਵਾਂ ਅਤੇ ਆਪ ਜੀ ਸੰਬੰਧੀ ਨਿਸ਼ਚਿਤ ਪ੍ਰਮਾਣਿਕ ਤੱਥ ਵੀ ਉਪਲਬਧ ਨਹੀਂ। ਵਿਸ਼ੇਸ਼ ਖੋਜ ਕਰਨ ਤੋਂ ਸ਼ਾਇਦ ਭਗਤ ਜੈਦੇਵ ਜੀ ਸੰਬੰਧੀ ਕੁਝ ਹੋਰ ਗੱਲਾਂ ਦਾ ਪਤਾ ਲੱਗ ਸਕੇ। ਇਸ ਸਮੇਂ ਤਾਂ ਕੇਵਲ ਇੰਨਾਂ ਹੀ ਕਿਹਾ ਜਾ ਸਕਦਾ ਹੈ ਕਿ ਆਪ ਜੀ ਕੋਈ ਉੱਚਕੋਟੀ ਦੇ ਨਿਰਗੁਣ ਉਪਾਸ਼ਕ ਸੰਤ ਸਨ, ਜਿਨ੍ਹਾਂ ਨੇ ਭਗਤ ਕਬੀਰ ਜੀ ਆਦਿ ਨਿਰਗੁਣ ਕਵੀਆਂ ਨੂੰ ਬਲਸ਼ਾਲੀ ਪ੍ਰੇਰਨਾ ਦਿੱਤੀ ਸੀ।
Bani Footnote ਡਾ. ਗੋਵਿੰਦ ਤ੍ਰਿਗੁਣਾਇਤ, ਹਿੰਦੀ ਕੀ ਨਿਰਗੁਣ ਕਾਵਯਾਧਾਰਾ ਔਰ ਉਸਕੀ ਦਾਰਸ਼ਨਿਕ ਪ੍ਰਸ਼ਿਠਭੂਮੀ, ਪੰਨਾ ੧੫-੧੬


ਰਾਮ ਖੇਲਾਵਨ ਪਾਂਡੇ ਅਨੁਸਾਰ ‘ਗੀਤ ਗੋਵਿੰਦ’ ਦੇ ਕਰਤਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਕਰਤਾ ਵਖਰੇ ਜਾਪਦੇ ਹਨ। ਦੋਵਾਂ ਸ਼ਬਦਾਂ ਵਿਚੋਂ ਇਕ ਦੀ ਭਾਸ਼ਾ ਸੰਸਕ੍ਰਿਤਨੁਕਰਨੀ (ਸੰਸਕ੍ਰਿਤ ਨੁਮਾ ਜਾਂ ਸੰਸਕ੍ਰਿਤ ਦਾ ਅਨੁਕਰਣ ਕਰਨ ਵਾਲੀ) ਹਿੰਦੀ ਅਤੇ ਦੂਜੇ ਦੀ ਪੰਜਾਬੀ ਪ੍ਰਭਾਵ ਵਾਲੀ ਹਿੰਦੀ ਹੈ। ਰਾਜਾ ਲਛਮਣ ਸੇਨ ਦੀ ਰਾਜ ਸਭਾ ਵਾਲੇ ਭਗਤ ਜੈਦੇਵ ਜੀ ਬਾਰ੍ਹਵੀਂ ਸਦੀ ਵਿਚ ਹੋਏ। ਕੀ ਹਿੰਦੀ ਉਸ ਸਮੇਂ ਇੰਨੀਂ ਵਿਆਪਕ ਹੋ ਗਈ ਸੀ ਕਿ ਜੈਦੇਵ ਜੀ ਵਰਗਾ ਪੀਊਖ ਵਰਖੀ (ਅੰਮ੍ਰਿਤ ਦੀ ਵਰਖਾ ਕਰਨ ਵਾਲਾ) ਕਵੀ ਇਸ ਭਾਸ਼ਾ ਵਿਚ ਰਚਨਾ ਕਰਦਾ? ਦੋਵਾਂ ਸਖਸ਼ੀਅਤਾਂ ਦੀ ਭਾਸ਼ਾ ਵਿਚ ਬਹੁਤ ਫਰਕ ਹੈ।
Bani Footnote ਡਾ. ਰਾਮ ਖੇਲਾਵਨ ਪਾਂਡੇ, ਮਧਯਕਾਲੀਨ ਸੰਤ ਸਾਹਿਤਯ, ਪੰਨਾ ੪੪


ਗਿ. ਗੁਰਦਿੱਤ ਸਿੰਘ ਨੇ ਰਾਮ ਖੇਲਾਵਨ ਪਾਂਡੇ ਦੀ ਲਿਖਤ ਦੇ ਅਧਾਰ ’ਤੇ ਕੁਝ ਸਿੱਟੇ ਇਸ ਪ੍ਰਕਾਰ ਕੱਢੇ ਹਨ:
੧. ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਉੱਪਰ ਹਿੰਦੀ ਦਾ ਪ੍ਰਭਾਵ ਹੈ।
੨. ਕ੍ਰਿਸ਼ਨ ਦੀ ਮਨੋਹਰ ਗਾਇਕੀ ਨਾਲ ਇਸ ਦੀ ਭਾਸ਼ਾ ਦਾ ਮੇਲ ਨਹੀਂ, ਭਾਸ਼ਾ ਨਵੀਨ ਹੈ।
੩. ਭਾਸ਼ਾ ਦੇ ਅਧਾਰ ’ਤੇ ਇਨ੍ਹਾਂ ਸ਼ਬਦਾਂ ਨੂੰ ‘ਗੀਤ ਗੋਵਿੰਦ’ ਵਾਲੇ ਜੈਦੇਵ ਦੀ ਕ੍ਰਿਤ ਨਹੀਂ ਕਿਹਾ ਜਾ ਸਕਦਾ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ), ਪੰਨਾ ੩੭੨


ਚੰਦ੍ਰ ਕਾਂਤ ਬਾਲੀ ਨੇ ਲਿਖਿਆ ਹੈ ਕਿ ਪੰਜਾਬ ਦੇ ਕਿਸੇ ਭਗਤ ਜੈਦੇਵ ਜੀ ਨੂੰ, ਜਿਸ ਦੀ ਰਚਨਾ ਆਦਿ ਗ੍ਰੰਥ ਵਿਚ ਮੌਜੂਦ ਹੈ, ‘ਗੀਤ ਗੋਵਿੰਦ’ ਦੇ ਰਚਾਇਤਾ ਜੈਦੇਵ ਨਾਲ ਅਭਿੰਨ ਮੰਨ ਲਿਆ ਗਿਆ ਹੈ। ਇਹ ਅਭਿੰਨ ਕਿਉਂ ਹੈ? ਇਸ ਦਾ ਉੱਤਰ ਅੱਜ ਤਕ ਕਿਸੇ ਆਲੋਚਕ ਨੇ ਨਹੀਂ ਦਿੱਤਾ।
Bani Footnote ਚੰਦ੍ਰ ਕਾਂਤ ਬਾਲੀ, ਪੰਜਾਬੀ ਪ੍ਰਾਂਤੀਯ ਹਿੰਦੀ ਸਾਹਿਤਯ ਕਾ ਇਤਿਹਾਸ, ਪੰਨਾ ੧੩੭


ਗਿ. ਗੁਰਦਿੱਤ ਸਿੰਘ ਨੇ ਚੰਦ੍ਰ ਕਾਂਤ ਬਾਲੀ ਦੇ ਹਵਾਲੇ ਨਾਲ ਗੁਰੂ ਗ੍ਰੰਥ ਸਾਹਿਬ ਵਾਲੇ ਭਗਤ ਜੈਦੇਵ ਜੀ ਦਾ ਸਮਾਂ ਪੰਦਰ੍ਹਵੀਂ ਸਦੀ ਦਾ ਅੰਤਲਾ ਸਮਾਂ ਮੰਨਿਆ ਹੈ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨਾਲ ਭਗਤ ਜੈਦੇਵ ਜੀ ਦੇ ਮੇਲ ਦੀ ਸੰਭਾਵਨਾ ਵੀ ਪਰਗਟ ਕੀਤੀ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਭਗਤ ਜੈਦੇਵ ਜੀ ਦੇ ਸ਼ਬਦਾਂ ਦੇ ਨਾਲ ਮਿਲਦੇ ਜੁਲਦੇ ਭਾਵ ਵਾਲਾ ਸ਼ਬਦ ਵੀ ਦਿੱਤਾ ਹੈ:
ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ ॥੧॥
ਜਪਿ ਮਨ ਨਾਮੁ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥੧॥ ਰਹਾਉ ॥
ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥ ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥੨॥
ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥ ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥੩॥
ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥ ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥੪॥
ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥
ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥ ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥੬॥
ਭੈ ਭਾਇ ਭਗਤਿ ਤਰੁ ਭਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥ ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ ਸਰੀਰੁ ਤਉ ਸਰਣੀ ॥੭॥
ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥ ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥੮॥੧॥੫॥ -ਗੁਰੂ ਗ੍ਰੰਥ ਸਾਹਿਬ ੫੦੬

ਉਪਰੋਕਤ ਲੇਖਕਾਂ ਤੋਂ ਇਲਾਵਾ ਪਸ਼ੌਰਾ ਸਿੰਘ ਨੇ ਇਕ ਅਮਰੀਕੀ ਵਿਦਵਾਨ ਬਰਬਰਾ ਸਟੋਲਰ ਮਿਲਰ (੧੯੪੦-੧੯੯੩) ਦਾ ਜਿਕਰ ਕੀਤਾ ਹੈ, ਜਿਸ ਨੇ ਭਗਤ ਜੈਦੇਵ ਜੀ ਦੀ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਰਲੀ ਭਾਸ਼ਾ ਦੇ ਅਧਾਰ ’ਤੇ ਸ਼ੰਕਾ ਪ੍ਰਗਟ ਕੀਤਾ ਹੈ ਕਿ ‘ਗੀਤ ਗੋਵਿੰਦ’ ਅਤੇ ਗੁਰੂ ਗ੍ਰੰਥ ਸਾਹਿਬ ਵਾਲੇ ਜੈਦੇਵ ਇਕ ਨਹੀਂ ਹਨ। ਇਸ ਪ੍ਰਸੰਗ ਵਿਚ ਉਹ ਇਕ ਹੋਰ ਨੁਕਤਾ ਵੀ ਉਠਾਉਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਵਿਚ ਨਿਰਗੁਣ ਭਗਤੀ ਦੀ ਝਲਕ ਹੈ, ਜਦਕਿ ਅਜਿਹੀ ਝਲਕ ‘ਗੀਤ ਗੋਵਿੰਦ’ ਵਿਚ ਨਹੀਂ ਮਿਲਦੀ।
Bani Footnote ਪਸ਼ੌਰਾ ਸਿੰਘ, ਦੀ ਭਗਤਸ ਆਫ ਦਾ ਗੁਰੂ ਗ੍ਰੰਥ ਸਾਹਿਬ: ਸਿਖ ਸੈਲਫ-ਡੈਫੀਨੇਸ਼ਨ ਐਂਡ ਦਾ ਭਗਤ ਬਾਨੀ, ਪੰਨਾ ੧੨੦
ਪਸ਼ੌਰਾ ਸਿੰਘ ਨੇ ਪੱਛਮੀ ਅਤੇ ਪੂਰਬੀ ਧਾਰਨਾਵਾਂ ਦੇ ਹਵਾਲੇ ਨਾਲ ਬਰਬਰਾ ਸਟੋਲਰ ਮਿਲਰ ਦੇ ਇਸ ਮਤ ਦਾ ਖੰਡਨ ਕੀਤਾ ਹੈ। ਪਿਸ਼ੌਰਾਂ ਸਿੰਘ ਨੇ ਪੱਛਮੀ ਵਿਦਵਾਨ ਮਿਸ਼ੇਲ ਫੂਕੋ ਦੁਆਰਾ ਦਿੱਤੇ ਅਤੇ ਸੰਤ ਜੈਰੋਮ ਦੁਆਰਾ ਸੁਝਾਏ ਗਏ ਕਈ ਪੱਖਾਂ, ਜਿਵੇਂ ਕਿ ਗੁਣਵੱਤਾ ਦਾ ਮਿਆਰ, ਸਿਧਾਂਤਕ ਜਾਂ ਵਿਚਾਰਧਾਰਕ ਏਕਤਾ, ਸ਼ੈਲੀ, ਇਤਿਹਾਸਕ ਹਾਲਾਤ ਆਦਿ ਨਾਲ ਇਹ ਦਰਸਾਇਆ ਹੈ ਕਿ ਪੱਛਮੀ ਵਿਦਵਾਨ ਇਨ੍ਹਾਂ ਪੱਖਾਂ ਨੂੰ ਮਿਆਰੀ ਮੰਨ ਕੇ ਇਨ੍ਹਾਂ ਦੇ ਅਧਾਰ ’ਤੇ ਹੀ ਲਿਖਤ ਦੀ ਪ੍ਰਮਾਣਕਤਾ ਨਿਸ਼ਚਤ ਕਰਦੇ ਹਨ। ਕਿਸੇ ਇਕ ਲੇਖਕ ਦੀਆਂ ਜਿਹੜੀਆਂ ਰਚਨਾਵਾਂ ਵਿਚ ਇਨ੍ਹਾਂ ਵਿਚੋਂ ਕੁਝ ਮਿਆਰ ਆਪਸ ਵਿਚ ਨਹੀਂ ਮਿਲਦੇ, ਉਨ੍ਹਾਂ ਲਿਖਤਾਂ ਨੂੰ ਸੰਬੰਧਤ ਲੇਖਕ ਦੀਆਂ ਮੰਨੇ ਜਾਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਪਰ ਦੱਖਣੀ ਏਸ਼ੀਆਈ ਪਰੰਪਰਾਵਾਂ ਵਿਚ ਪ੍ਰਮਾਣਕਤਾ ਦਾ ਮੁੱਦਾ ਵਖਰੇ ਢੰਗ ਨਾਲ ਦੇਖਿਆ ਜਾਂਦਾ ਹੈ। ਜੌਹਨ ਐਸ. ਹਾਲੇ ਦੇ ਲੇਖ ‘ਔਥਰ ਐਂਡ ਅਥਾਰਟੀ ਇਨ ਭਗਤੀ ਪੋਇਟਰੀ’ ਦੇ ਹਵਾਲੇ ਨਾਲ ਪਸ਼ੌਰਾ ਸਿੰਘ ਨੇ ਲਿਖਿਆ ਹੈ ਕਿ ਭਗਤੀ ਕਾਵਿ ਵਿਚ ਕਵੀ ਦੀ ਦਸਤਖਤਨੁਮਾ ਪਛਾਣ ਜਿਸ ਨੂੰ ‘ਭਣਿਤਾ’ ਕਿਹਾ ਜਾਂਦਾ ਹੈ, ਮਿਲਦੀ ਹੈ। ‘ਭਣਿਤਾ’ ਦਾ ਸਧਾਰਨ ਅਰਥ ‘ਵਕਤਾ’ ਹੈ। ਇਸ ਸੰਦਰਭ ਵਿਚ ਭਗਤ ਰਵਿਦਾਸ, ਸੂਰਦਾਸ ਜਾਂ ਮੀਰਾ ਦੀਆਂ ਰਚਨਾਵਾਂ, ਜਿਨ੍ਹਾਂ ਵਿਚ ਇਨ੍ਹਾਂ ਦਾ ਨਾਮ ਆਇਆ ਹੈ, ਸਬੂਤ ਵਜੋਂ ਦੇਖੀਆਂ ਜਾ ਸਕਦੀਆਂ ਹਨ। ਕਵੀਆਂ ਦੀ ‘ਛਾਪ’ ਹੀ ਉਨ੍ਹਾਂ ਦੀਆਂ ਰਚਨਾਵਾਂ ਦੀ ਪਛਾਣ ਹੁੰਦੀ ਹੈ। ਪਸ਼ੌਰਾ ਸਿੰਘ ਨੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਵਿਚ ਆਏ ਹਵਾਲਿਆਂ ਨੂੰ ਵੀ ਭਗਤ ਜੈਦੇਵ ਜੀ ਦੀ ਸਾਂਝ ਗੀਤ ਗੋਵਿੰਦਕਾਰ ਜੈਦੇਵ ਜੀ ਨਾਲ ਦਰਸਾਉਣ ਲਈ ਵਰਤਿਆ ਹੈ।
Bani Footnote ਪਸ਼ੌਰਾ ਸਿੰਘ, ਦੀ ਭਗਤਸ ਆਫ ਦਾ ਗੁਰੂ ਗ੍ਰੰਥ ਸਾਹਿਬ: ਸਿਖ ਸੈਲਫ-ਡੈਫੀਨੇਸ਼ਨ ਐਂਡ ਦਾ ਭਗਤ ਬਾਨੀ, ਪੰਨਾ ੧੨੦


ਨਿਚੋੜ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਗਿ. ਗੁਰਦਿੱਤ ਸਿੰਘ, ਗੋਵਿੰਦ ਤ੍ਰਿਗੁਣਾਇਤ, ਰਾਮ ਖੇਲਾਵਨ ਪਾਂਡੇ, ਚੰਦਰਕਾਂਤ ਬਾਲੀ ਆਦਿ ਵਿਦਵਾਨਾਂ ਨੇ ਦਲੀਲਾਂ ਸਹਿਤ ਇਹ ਸਿੱਧ ਕਰਨ ਦਾ ਜਤਨ ਕੀਤਾ ਹੈ ਕਿ ‘ਗੀਤ ਗੋਵਿੰਦ’ ਦੇ ਰਚਨਾਕਾਰ ਜੈਦੇਵ, ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਦੇ ਰਚਨਾਕਾਰ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਦੇ ਰਚਨਾਕਾਰ ‘ਭਗਤ ਜੈਦੇਵ ਜੀ’ ਕੋਈ ਹੋਰ ਹਨ। ਪਰ ਬਹੁਗਿਣਤੀ ਵਿਦਵਾਨ ਇਨ੍ਹਾਂ ਦੋਵਾਂ ਨੂੰ ਇਕ ਹੀ ਮੰਨਦੇ ਹਨ। ਕਈ ਵਿਦਵਾਨ ਭਗਤ ਜੈਦੇਵ ਜੀ ਦੇ ਸਰਗੁਣ ਤੋਂ ਨਿਰਗੁਣ ਭਗਤੀ ਵਿਚ ਪ੍ਰਵਿਰਤ ਹੋਣ ਦਾ ਜਿਕਰ ਵੀ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਨੂੰ ਇਸ ਦਾ ਪ੍ਰਮਾਣ ਮੰਨਦੇ ਹਨ। ਇਸ ਕਿਸਮ ਦੀ ਦਲੀਲ ਡਾ. ਰਤਨ ਸਿੰਘ ਜੱਗੀ ਵੀ ਦਿੰਦਿਆਂ ਲਿਖਦੇ ਹਨ ਕਿ ਗੀਤ ਗੋਵਿੰਦ ਵਿਚ ਭਗਤ ਜੈਦੇਵ ਦੀ ਭਗਤੀ ਭਾਵਨਾ ਭਾਵੇਂ ਵੈਸ਼ਨਵ ਨੁਹਾਰ ਵਾਲੀ ਸੀ, ਪਰ ਸਹਿਜੇ-ਸਹਿਜੇ ਉਸ ਦਾ ਵਿਕਾਸ ਹੁੰਦਾ ਗਿਆ ਅਤੇ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਨਿਰਾਕਾਰ ਅਤੇ ਨਿਰਗੁਣ ਪਰਮਾਤਮਾ ਦੀ ਭਗਤੀ ਵਿਚ ਉਨ੍ਹਾਂ ਦਾ ਮਨ ਲੀਨ ਹੋ ਗਿਆ।
Bani Footnote ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੪੦
ਸੋ, ਇਸ ਸੰਬੰਧੀ ਦਾਅਵੇ ਨਾਲ ਕੋਈ ਨਿਰਣਾ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਅਜੇ ਹੋਰ ਖੋਜ ਦੀ ਜਰੂਰਤ ਹੈ।