‘ਅੰਜੁਲੀ’ ਸੰਸਕ੍ਰਿਤ ਭਾਸ਼ਾ ਦੇ ‘अञ्जलिः’ ਸ਼ਬਦ ਦਾ ਬਦਲਿਆ ਰੂਪ ਹੈ। ਇਸ ਦਾ ਅਰਥ ਹੈ, ਜੁੜੇ ਹੋਏ ਦੋਵੇਂ ਹੱਥ ਜਾਂ ਦੋਵਾਂ ਖੁੱਲ੍ਹੇ ਹੱਥਾਂ ਨੂੰ ਜੋੜ ਕੇ ਬਣਾਇਆ ਬੁੱਕ। ਦੋਵੇਂ ਹੱਥ ਜੋੜ ਕੇ ਅਰਦਾਸ, ਬੇਨਤੀ ਆਦਿ ਕਰਨੀ, ਆਪਣੇ ਇਸ਼ਟ ਪਾਸੋਂ ਖੈਰ ਮੰਗਣ ਲਈ ਹੱਥ ਅੱਡਣੇ ਜਾਂ ਭਾਣਾ ਮੰਨਣ ਲਈ ਦੋਵੇਂ ਹੱਥ ਜੋੜਣੇ ਵੀ ‘ਅੰਜੁਲੀ’ ਕਹਾਉਂਦੇ ਹਨ। ‘ਅੰਜੁਲੀ’ ਦਾ ਸੰਬੰਧ ਉਸ ਕਿਰਿਆ ਨਾਲ ਵੀ ਜੋੜਿਆ ਜਾਂਦਾ ਹੈ, ਜਿਹੜੀ ਪ੍ਰਣਾਮ ਕਰਨ ਲੱਗਿਆਂ ਕੀਤੀ ਜਾਂਦੀ ਹੈ। ਪਿਤਰਾਂ ਤੇ ਦੇਵੀ-ਦੇਵਤਿਆਂ ਨਮਿਤ ਅਰਪਣ ਕੀਤੀ ਜਾਂਦੀ ਪਾਣੀ ਦੀ ਚੁਲੀ ਨੂੰ ਵੀ ‘ਅੰਜੁਲੀ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ‘ਅੰਜੁਲੀ’ ਨੂੰ ਛੰਦ ਦੀ ਇਕ ਚਾਲ ਵੀ ਮੰਨਿਆ ਜਾਂਦਾ ਹੈ। ‘ਅੰਜੁਲੀ’ ਦਾ ਬਹੁਵਚਨੀ ਰੂਪ ਅੰਜੁਲੀਆਂ/ਅੰਜੁਲੀਆ
ਅੰਜੁਲੀ ਨਾਲ ਹੀ ਮਿਲਦੇ-ਜੁਲਦੇ ਸ਼ਬਦ ਪੁਸ਼ਪਾਂਜਲੀ, ਤਿਲਾਂਜਲੀ, ਜਲਾਂਜਲੀ, ਸ਼ਰਧਾਂਜਲੀ ਆਦਿ ਹਨ। ਬੁੱਕ ਵਿਚ ਪੁਸ਼ਪ (ਫੁੱਲ) ਲੈ ਕੇ ਕਿਸੇ ਨੂੰ ਅਰਪਣ ਕਰਨ ਨੂੰ ਪੁਸ਼ਪਾਂਜਲੀ ਅਤੇ ਤਿਲ-ਜਲ (ਪਾਣੀ ਅਤੇ ਤਿਲਾਂ ਦਾ ਮੇਲ) ਦਾ ਬੁੱਕ ਭਰ ਕੇ ਅਰਪਣ ਕਰਨ ਨੂੰ ਤਿਲਾਂਜਲੀ
ਅੰਜੁਲੀ: ਕਾਵਿ-ਰੂਪ
ਇਕ ਕਾਵਿ-ਰੂਪ ਵਜੋਂ ਭਾਵੇਂ ‘ਅੰਜੁਲੀ’ ਦੀ ਰੂਪਾਕਾਰਕ ਬਣਤਰ ਨੂੰ ਨਿਰਧਾਰਤ ਕਰਨ ਵਾਲਾ ਕੋਈ ਵਿਸ਼ੇਸ਼ ਸਿਧਾਂਤਕ ਚੌਖਟਾ ਪ੍ਰਾਪਤ ਨਹੀਂ ਹੁੰਦਾ ਪਰ ਫਿਰ ਵੀ
ਵਿਦਵਾਨਾਂ ਨੇ ਵਿਸ਼ੇ ਦੇ ਅਧਾਰ ’ਤੇ ਇਸ ਨੂੰ ਇਕ ਕਾਵਿ-ਰੂਪ ਜਾਂ ਕਾਵਿ-ਭੇਦ ਵਜੋਂ ਪਰਿਭਾਸ਼ਤ ਕੀਤਾ ਹੈ। ਡਾ. ਚਰਨ ਸਿੰਘ ਅਤੇ ਪਿਆਰਾ ਸਿੰਘ ਪਦਮ ਨੇ ਇਸ ਨੂੰ ਅੰਤਮ ਸੰਸਕਾਰ ਸਮੇਂ ਹੁੰਦੀਆਂ ਤਰਪਣ ਆਦਿ ਕਿਰਿਆਵਾਂ ਨੂੰ ਲੈ ਕੇ ਹੋਂਦ ਵਿਚ ਆਇਆ ਕਾਵਿ-ਰੂਪ ਮੰਨਿਆ ਹੈ।
ਗੁਰੂ ਗ੍ਰੰਥ ਸਾਹਿਬ ਵਿਚ ‘ਅੰਜੁਲੀ’ ਤੇ ‘ਅੰਜੁਲੀਆ’ ਸਿਰਲੇਖ ਹੇਠ ਚਾਰ ਸ਼ਬਦ ਦਰਜ ਹਨ। ਇਨ੍ਹਾਂ ਸ਼ਬਦਾਂ ਵਿਚ ਬਾਹਰਮੁਖੀ ਕਰਮ-ਕਾਂਡ ਕਰਨ ਦੀ ਥਾਂ ਉਸ ਸਰਬ-ਕਲਾ ਸਮਰੱਥ ਸਿਰਜਣਹਾਰ ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਉਂਦਿਆ ਉਸ ਅੱਗੇ ਆਪਣਾ-ਆਪਾ ਸਮਰਪਣ ਕਰ ਦੇਣ, ਉਸ ਨੂੰ ਆਪਣੀ ਸਿਮਰਤੀ ਵਿਚ ਵਸਾਉਣ ਅਤੇ ਉਸ ਦੇ ਭਾਣੇ ਵਿਚ ਰਹਿਣ ਦੀ ਸੋਝੀ ਬਖਸ਼ੀ ਗਈ ਹੈ। ਜਿਵੇਂ ‘ਆਰਤੀ’ ਬਾਣੀ ਵਿਚ ਗੁਰੂ ਨਾਨਕ ਸਾਹਿਬ ਦੁਆਰਾ ‘ਆਰਤੀ’ ਦੀ ਕਿਰਿਆ ਨੂੰ ਇਕ ਵਿਸ਼ਾਲ ਅਧਿਆਤਮਕ ਫੈਲਾਅ ਦੇ ਅੰਤਰਗਤ ਰੂਪਮਾਨ ਕੀਤਾ ਗਿਆ ਹੈ, ਉਸੇ ਤਰ੍ਹਾਂ ‘ਅੰਜੁਲੀ’ ਬਾਣੀ ਵਿਚ ਕਰਮ-ਕਾਂਡੀ ਕਿਰਿਆਵਾਂ ਕਰਨ ਜਾਂ ਦੁਨਿਆਵੀ ਟੇਕ ਰਖਣ ਦੀ ਬਜਾਏ ਪ੍ਰਭੂ ਅੱਗੇ ਅਰਦਾਸ-ਬੇਨਤੀ ਕਰਨ ਦੀ ਪੂਰਨ ਸਮਰਪਤ ਭਾਵਨਾ ਨੂੰ ਵਿਅਕਤ ਕੀਤਾ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਪੰਜਾਬੀ ਸਾਹਿਤ ਵਿਚ ਹੋਰ ਕਿਤੇ ਵੀ ‘ਅੰਜੁਲੀ/ਅੰਜੁਲੀਆ’ ਸਿਰਲੇਖ ਵਾਲੀ ਰਚਨਾ ਪ੍ਰਾਪਤ ਨਹੀਂ ਹੁੰਦੀ। ਇਸ ਪ੍ਰਕਾਰ ਇਹ ਗੁਰੂ ਗ੍ਰੰਥ ਸਾਹਿਬ ਦਾ ਇਕ ਮੌਲਿਕ ਕਾਵਿ-ਰੂਪ ਮੰਨਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਪ੍ਰਭੂ ਅੱਗੇ ਅਰਜੋਈ ਕਰਨ ਅਤੇ ਸਮਰਪਣ ਦੀ ਭਾਵਨਾ ਨੂੰ ਪ੍ਰਗਟ ਕਰਨ ਵਾਲੇ ਕਾਵਿ-ਰੂਪ ਵਜੋਂ ਸਾਹਮਣੇ ਆਉਂਦਾ ਹੈ।
ਅੰਜੁਲੀ/‘ਅੰਜੁਲੀਆ’
ਗੁਰੂ ਗ੍ਰੰਥ ਸਾਹਿਬ ਵਿਚ ਅੰਜੁਲੀ/ਅੰਜੁਲੀਆ ਸਿਰਲੇਖ ਅਧੀਨ ਗੁਰੂ ਅਰਜਨ ਸਾਹਿਬ ਦੁਆਰਾ ਮਾਰੂ ਰਾਗ ਵਿਚ ਉਚਾਰਣ ਕੀਤੇ ਚਾਰ ਸ਼ਬਦ ਦਰਜ ਹਨ:
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ...ਆਇਆ ਸੋ ਪਰਵਾਣੁ ਥਿਆ ॥੪॥੧॥੩੧॥ -ਗੁਰੂ ਗ੍ਰੰਥ ਸਾਹਿਬ ੧੦੦੭
ਵੈਦੋ ਨ ਵਾਈ ਭੈਣੋ ਨ ਭਾਈ...ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥ -ਗੁਰੂ ਗ੍ਰੰਥ ਸਾਹਿਬ ੧੦੦੮
ਜਿਸੁ ਗ੍ਰਿਹਿ ਬਹੁਤੁ….ਦੇਹਿ ਤ ਨਾਮੁ ਸਮਾਲੀਐ ॥੮॥੧॥੭॥ -ਗੁਰੂ ਗ੍ਰੰਥ ਸਾਹਿਬ ੧੦੧੯
ਬਿਰਖੈ ਹੇਠਿ ਸਭਿ....ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥ -ਗੁਰੂ ਗ੍ਰੰਥ ਸਾਹਿਬ ੧੦੨੦
ਉਪਰੋਕਤ ਵਿਚੋਂ ਪਹਿਲਾ ਤੇ ਦੂਜਾ ਸ਼ਬਦ ਚਉਪਦਿਆਂ ਤੀਜਾ ਤੇ ਚਉਥਾ ਸ਼ਬਦ ਅਸਟਪਦੀਆਂ ਦੇ ਰੂਪ ਵਿਚ ਹਨ। ਪਹਿਲੇ ਸ਼ਬਦ ਵਿਚ ਤਿੰਨ-ਤਿੰਨ ਤੁਕਾਂ ਦੇ ਚਾਰ ਬੰਦ ਹਨ। ਦੂਜੇ ਵਿਚ ਪੰਜ ਬੰਦ ਹਨ, ਜਿਨ੍ਹਾਂ ਵਿਚ ਪਹਿਲੇ ਚਾਰ ਬੰਦ ਇਕ-ਇਕ ਤੁਕ ਦੇ ਅਤੇ ਅੰਤਲਾ ਬੰਦ ਦੋ ਤੁਕਾਂ ਦਾ ਹੈ। ਤੀਜੇ ਅਤੇ ਚਉਥੇ ਸ਼ਬਦ ਵਿਚ ਤਿੰਨ-ਤਿੰਨ ਤੁਕਾਂ ਦੇ ਅਠ-ਅਠ ਬੰਦ ਹਨ।
ਪਹਿਲੇ ਸ਼ਬਦ ਵਿਚ ਦਰਸਾਇਆ ਗਿਆ ਹੈ ਕਿ ਸਿਰਜਣਹਾਰ-ਪ੍ਰਭੂ ਹੀ ਜੀਵ ਨੂੰ ਬਣਾਉਂਦਾ ਅਤੇ ਉਸ ਦੀ ਰਖਿਆ ਕਰਦਾ ਹੈ। ਪਰ ਜੀਵ ਸੰਸਾਰ ਵਿਚ ਆਉਣ ਤੋਂ ਬਾਅਦ ਆਪਣੇ ਸਿਰਜਣਹਾਰ ਨੂੰ ਵਿਸਾਰ ਦਿੰਦਾ ਹੈ। ਸਿਰਜਣਹਾਰ-ਪ੍ਰਭੂ ਫਿਰ ਵੀ ਉਸ ਦੀ ਪਾਲਣਾ ਕਰਦਾ ਹੈ। ਜਿਹੜਾ ਜੀਵ ਉਸ ਸਿਰਜਣਹਾਰ-ਪ੍ਰਭੂ ਨੂੰ ਆਪਣੇ ਚੇਤੇ ਵਿਚ ਰਖਦਾ ਹੈ ਅਤੇ ਉਸ ਪ੍ਰਭੂ ਦੇ ਹੁਕਮ ਵਿਚ ਚਲਦਾ ਹੈ, ਉਸੇ ਜੀਵ ਦਾ ਹੀ ਜੀਵਨ ਸਫਲ ਹੈ।
ਦੂਜੇ ਸ਼ਬਦ ਵਿਚ ਉਸ ਸਰਬ-ਸਮਰੱਥ ਸਿਰਜਣਹਾਰ ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਉਹ ਪ੍ਰਭੂ ਸਦਾ ਜੀਵ ਦੇ ਅੰਗ-ਸੰਗ ਵਸਦਾ ਹੈ। ਜੀਵ ਸਮਝਦਾ ਹੈ ਕਿ ਕਿਸੇ ਬਿਮਾਰੀ ਆਦਿ ਦੀ ਹਾਲਤ ਵਿਚ ਵੈਦ, ਹਕੀਮ ਜਾਂ ਉਸ ਦੇ ਰਿਸ਼ਤੇਦਾਰ ਆਦਿ ਉਸ ਨੂੰ ਬਚਾ ਸਕਦੇ ਹਨ। ਪਰ ਇਹ ਉਸ ਦਾ ਭੁਲੇਖਾ ਹੀ ਹੈ। ਅਸਲ ਵਿਚ ਘਟ-ਘਟ ਵਿਚ ਵਸਣ ਵਾਲਾ ਪ੍ਰਭੂ ਹੀ ਉਸ ਦੀ ਰਖਿਆ ਕਰਦਾ ਹੈ।
ਤੀਜੇ ਸ਼ਬਦ ਵਿਚ ਦਰਸਾਇਆ ਗਿਆ ਹੈ ਕਿ ਜਿਨ੍ਹਾਂ ਕੋਲ ਬਹੁਤੀ ਮਾਇਆ ਹੈ, ਉਨ੍ਹਾਂ ਨੂੰ ਚੋਰੀ ਹੋ ਜਾਣ ਦੀ ਚਿੰਤਾ ਹੈ। ਜਿਨ੍ਹਾਂ ਕੋਲ ਘੱਟ ਹੈ, ਉਹ ਇਸ ਦੀ ਪ੍ਰਾਪਤੀ ਲਈ ਦੌੜ੍ਹੇ ਫਿਰਦੇ ਹਨ। ਇਸ ਸ਼ਬਦ ਵਿਚ ਸਮਝਾਇਆ ਗਿਆ ਹੈ ਕਿ ਕਿਸੇ ਚੀਜ ਦੀ ਬਹੁਲਤਾ ਅਤੇ ਥੁੜ, ਦੋਵੇਂ ਮਨੁਖ ਦੇ ਦੁਖਾਂ ਦਾ ਕਾਰਣ ਹਨ। ਇਸ ਲਈ ਲੋੜੀਂਦੇ ਸਾਧਨਾਂ ਨਾਲ ਸਬਰ ਸ਼ੁਕਰ ਦੀ ਜਿੰਦਗੀ ਬਤੀਤ ਕਰਕੇ ਹੀ ਮਨੁਖ ਸੁਖੀ ਰਹਿ ਸਕਦਾ ਹੈ।
ਚਉਥੇ ਸ਼ਬਦ ਵਿਚ ਸੰਸਾਰ ਦੀ ਚਲਾਇਮਾਨਤਾ ਦਰਸਾ ਕੇ ਮਨੁਖ ਨੂੰ ਬੁਰੇ ਕਰਮਾਂ ਤੋਂ ਪਾਸੇ ਰਹਿਣ ਦੀ ਪ੍ਰ੍ਰੇਰਣਾ ਦਿੱਤੀ ਹੈ। ਦੂਜਿਆਂ ਉਪਰ ਜੁਲਮ ਕਰਨ ਵਾਲੀ ਪਾਪ ਦੀ ਕਮਾਈ ਮਨੁਖ ਨੂੰ ਮਾਇਆ ਦੇ ਚੱਕਰ ਵਿਚ ਫਸਾਈ ਰਖਦੀ ਹੈ। ਗੁਰ-ਸ਼ਬਦ ਰਾਹੀਂ ਜਦੋਂ ਮਨੁਖ ਉਪਰ ਹਰੀ-ਪ੍ਰਭੂ ਦੀ ਮਿਹਰ ਹੁੰਦੀ ਹੈ ਤਾਂ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸਲ ਸੁਖ ਪ੍ਰਭੂ ਦਾ ਭਾਣਾ ਮੰਨਣ ਵਿਚ ਹੀ ਹੈ।
ਇਸ ਪ੍ਰਕਾਰ ਕਿਹਾ ਜਾ ਸਕਦਾ ਹੈ ਕਿ ਇਸ ਬਾਣੀ ਵਿਚ ਪਾਣੀ, ਤਿਲ, ਫੁੱਲਾਂ ਆਦਿ ਦੀ ਥਾਂ ਪ੍ਰਭੂ ਅੱਗੇ ਆਪਣਾ ਆਪਾ ਅਰਪਣ ਕਰਨ ਦੀ ਪ੍ਰੇਰਣਾ ਹੈ। ਇਸ ਕਾਰਣ ਹੀ ਇਨ੍ਹਾਂ ਸ਼ਬਦਾਂ ਨੂੰ ‘ਅੰਜੁਲੀ/ਅੰਜੁਲੀਆ’ ਨਾਮ ਦਿੱਤਾ ਗਿਆ ਹੈ।



