Guru Granth Sahib Logo
  
ਵਿਛੋੜਾ ਜਾਂ ਵਿਛੋੜੇ ਦੀ ਪੀੜ ਨੂੰ ਬਿਰਹਾ ਕਿਹਾ ਜਾਂਦਾ ਹੈ। ਜਿਸ ਕਾਵਿ-ਰੂਪ ਵਿਚ ਬਿਰਹਾ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੋਵੇ, ਉਸ ਨੂੰ ਬਿਰਹੜੇ ਜਾਂ ਬਿਰਹਾ ਦੇ ਗੀਤ ਕਿਹਾ ਜਾਂਦਾ ਹੈ। ਭਾਵੇਂ ਕਿ ਹੋਰ ਕਾਵਿ-ਰੂਪਾਂ ਵਿਚ ਵੀ ਬਿਰਹਾ ਦਾ ਵਰਣਨ ਹੁੰਦਾ ਹੈ ਪਰ ਬਿਰਹੜੇ ਵਿਚ ਬਿਰਹਾ ਦੀ ਪ੍ਰਧਾਨਤਾ ਹੁੰਦੀ ਹੈ।

ਸੁਖਦੇਵ ਮਾਦਪੁਰੀ ਆਦਿ ਕੁਝ ਵਿਦਵਾਨ ਬਿਰਹੜੇ ਨੂੰ ਲੰਮੇ ਲੋਕ-ਗੀਤਾਂ ਦੀ ਸ਼੍ਰੇਣੀ ਵਿਚ ਰਖਦੇ ਹਨ। ਸੁਖਦੇਵ ਮਾਦਪੁਰੀ ਅਨੁਸਾਰ ਬਿਰਹੜੇ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਅਜਿਹੇ ਲੋਕ-ਗੀਤ ਹਨ, ਜਿਨ੍ਹਾਂ ਵਿਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ ਬਿਆਨ ਕੀਤੀ ਗਈ ਹੁੰਦੀ ਹੈ। ਪੁਰਾਣੇ ਸਮੇਂ ਵਿਚ ਮਰਦਾਂ ਨੂੰ ਵਪਾਰ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ ਜਾਂ ਉਹ ਵਰ੍ਹਿਆਂ ਬੱਧੀ ਘਰੋਂ ਬਾਹਰ ਨੌਕਰੀ ਕਰਦੇ ਸਨ...ਪਿੱਛੇ ਉਨ੍ਹਾਂ ਦੀਆਂ ਪਤਨੀਆਂ ਵਿਛੋੜੇ ਦਾ ਸੱਲ੍ਹ ਸਹਿੰਦੀਆਂ, ਦੋਹਰਾ ਦੁਖ ਭੋਗਦੀਆਂ ਸਨ। ਇਕ ਤਾਂ ਉਨ੍ਹਾਂ ਨੂੰ ਵਰ੍ਹਿਆਂ ਬੱਧੀ ਪੇਕੇ ਨਹੀਂ ਜਾਣ ਦਿੱਤਾ ਜਾਂਦਾ ਸੀ ਤੇ ਦੂਜਾ, ਸਹੁਰੇ ਘਰ ਵੀ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ ਸੀ, ਜਿਸ ਨਾਲ ਉਹ ਆਪਣਾ ਮਨ ਹੌਲਾ ਕਰ ਸਕਣ। ਸੋ, ਇਨ੍ਹਾਂ ਬਿਰਹਾ ਭਰੇ ਗੀਤਾਂ ਨਾਲ ਉਹ ਆਪਣੇ ਪਤੀ ਅਤੇ ਪੇਕਿਆਂ ਨੂੰ ਯਾਦ ਕਰਦੀਆਂ ਸਨ। ਜਿਵੇਂ, ਇਸ ਗੀਤ/ਬਿਰਹੜੇ ਵਿਚ ਚੱਕੀ ਚਲਾਉਂਦੀ ਹੋਈ ਇਕ ਬਿਰਹਨ ਬਿਰਹਾ ਭਰੇ ਬੋਲਾਂ ਨਾਲ ਆਪਣੀ ਮਾਂ ਨੂੰ ਯਾਦ ਕਰ ਰਹੀ ਹੈ:
ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀ ਮਾਏ
ਅੱਖੀਆਂ ਡੁਲ ਡੁਲ ਪੈਂਦੀਆਂ ਨੀ ਮਾਏ
ਇਕ ਰਾਤ ਵੇ ਹਨ੍ਹੇਰੀ
ਦੂਜਾ ਦੇਸ ਵੇ ਪਰਾਇਆ।
Bani Footnote ਸੁਖਦੇਵ ਮਾਦਪੁਰੀ, ਲੋਕ-ਗੀਤਾਂ ਦੀਆਂ ਕੂਲ੍ਹਾਂ ਸ਼ਗਨਾ ਦੇ ਗੀਤ, ਪੰਨਾ ੩੫-੩੬


ਸੰਭਵ ਹੈ ਕਿ ਪੰਜਾਬੀ ਲੋਕ-ਸਾਹਿਤ ਵਿਚ ਬਿਰਹਾ ਨਾਲ ਸੰਬੰਧਤ ਹੋਰ ਲੋਕ-ਕਾਵਿ ਰੂਪਾਂ (ਬਾਰਾਮਾਹਾ, ਅਲਾਹੁਣੀਆ ਆਦਿ) ਦੇ ਨਾਲ ਬਿਰਹੜੇ ਦੀ ਪਰੰਪਰਾ ਵੀ ਮੌਜੂਦ ਰਹੀ ਹੋਵੇਗੀ। ਸ਼ਾਇਦ ਇਸੇ ਕਾਰਣ ਗੁਰੂ ਅਰਜਨ ਸਾਹਿਬ ਨੇ ਬਿਰਹੜੇ
Bani Footnote ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਸ਼ਬਦਾਂ ਦਾ ਸਿਰਲੇਖ ਇਸ ਪ੍ਰਕਾਰ ਹੈ: ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ
ਸਿਰਲੇਖ ਅਧੀਨ ੩ ਸ਼ਬਦਾਂ ਦਾ ਉਚਾਰਣ ਕੀਤਾ ਹੈ।

ਮਧਕਾਲ ਦੇ ਪੰਜਾਬੀ ਸੂਫੀ-ਕਾਵਿ ਅਤੇ ਕਿੱਸਾ-ਕਾਵਿ ਵਿਚ ਵੀ ਬਿਰਹਾ ਦੀ ਹੂਕ ਸੁਣੀ ਜਾ ਸਕਦੀ ਹੈ। ਸੂਫੀ ਕਵੀਆਂ ਨੇ ਬਿਰਹਾ ਨੂੰ ਆਪਣੇ ਕਾਵਿ ਦਾ ਪ੍ਰਮੁੱਖ ਵਿਸ਼ਾ ਬਣਾਇਆ। ਫਰੀਦ ਜੀ ਨੇ ਆਪਣੇ ਸਲੋਕਾਂ ਵਿਚ ਬਿਰਹਾ ਨੂੰ ਸੁਲਤਾਨ ਕਿਹਾ ਹੈ। ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿਚਲੀ ਅਤੇ ਬਾਹਰੀ ਰਚਨਾ ਵਿਚ ਵੀ ਬਿਰਹਾ ਦਾ ਵਰਨਣ ਹੈ। ਪੰਜਾਬੀ ਕਿੱਸਿਆਂ ਦੇ ਪਾਤਰ ਹੀਰ-ਰਾਂਝਾ, ਸੋਹਣੀ-ਮਹੀਵਾਲ, ਸੱਸੀ-ਪੁੰਨੂ ਆਦਿ ਬਿਰਹਾ ਹੰਢਾਉਣ ਵਾਲੇ ਪਾਤਰ ਹਨ। ਕਿੱਸਾ-ਸਾਹਿਤ ਵਿਚੋਂ ਮੀਆਂ ਮੁਹੰਮਦ ਬਖਸ਼ ਦੁਆਰਾ ਲਿਖੇ ਕਿੱਸੇ ‘ਸੈਫੁਲ ਮਲੂਕ’ ਵਿਚੋਂ ਬਿਰਹਾ ਦੇ ਦਰਦ ਦੀ ਉਦਾਹਰਣ ਦੇਖੀ ਜਾ ਸਕਦੀ ਹੈ:
ਵਿਛੜ ਗਿਆ ਮੇਰੇ ਦਿਲ ਦਾ ਜਾਨੀ ਤੇ ਮੈਂ ਕੱਖਾਂ ਵਾਂਗਰ ਰੁਲ ਗਈ।
ਫੁਲਾਂ ਨਾਲੋਂ ਮੇਰੀ ਨਾਜ਼ਕ ਜਿੰਦੜੀ ਜਿਹੜੀ ਵਿਚ ਕੰਡਿਆਂ ਦੇ ਤੁਲ ਗਈ।
ਗਮ ਸੱਜਣਾਂ ਦੇ ਮਾਰ ਮੁਕਾਇਆ ਤੇ ਮੈਂ ਅਥਰੂ ਬਣ ਕੇ ਡੁਲ ਗਈ।
ਇਕ ਮਾਹੀਆ ਤੇਰੀ ਯਾਦ ਨਾ ਭੁਲਦੀ ਬਾਕੀ ਹਰ ਸ਼ੈਅ ਜਗ ਦੀ ਭੁਲ ਗਈ।

ਇਥੇ ਵਰਨਣਜੋਗ ਹੈ ਕਿ ਭਾਵੇਂ ਮਧਕਾਲੀ ਸਾਹਿਤ ਬਿਰਹਾ ਨਾਲ ਭਰਿਆ ਪਿਆ ਹੈ, ਪਰ ਬਿਰਹੜਾ ਸਿਰਲੇਖ ਅਧੀਨ ਸ਼ਬਦਾਂ ਦਾ ਉਲੇਖ ਗੁਰੂ ਗ੍ਰੰਥ ਸਾਹਿਬ ਵਿਚ ਹੀ ਮਿਲਦਾ ਹੈ।

ਅਧੁਨਿਕ ਪੰਜਾਬੀ ਸਾਹਿਤ ਦੇ ਕੁਝ ਕਵੀਆਂ ਨੇ ਵੀ ਆਪਣੀਆਂ ਕਵਿਤਾਵਾਂ ਜਾਂ ਕਾਵਿ-ਸੰਗ੍ਰਹਿਆਂ ਦੇ ਨਾਵਾਂ ਵਿਚ ਬਿਰਹੜਾ/ਬਿਰਹੜੇ ਸ਼ਬਦ ਵਰਤਿਆ ਹੈ। ਉਦਾਹਰਣ ਵਜੋਂ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ-ਸੰਗ੍ਰਹਿ ‘ਬਿਰਹਾ ਤੂੰ ਸੁਲਤਾਨ,’ ਉਸ ਦੇ ਹੀ ਕਾਵਿ-ਸੰਗ੍ਰਹਿ ‘ਆਰਤੀ’ ਵਿਚਲੀ ਉਸ ਦੀ ਕਵਿਤਾ ‘ਮੈਂ ਤੇਰਾ ਬਿਰਹੜਾ,’ ਸੰਤੋਖ ਸਿੰਘ ਧੀਰ ਦਾ ਕਾਵਿ-ਸੰਗ੍ਰਹਿ ‘ਬਿਰਹੜੇ’ ਅਤੇ ਡਾ. ਜਸਵੰਤ ਸਿੰਘ ਨੇਕੀ ਦੇ ਕਾਵਿ-ਸੰਗ੍ਰਹਿ ‘ਨਾ ਇਹ ਗੀਤ ਨਾ ਬਿਰਹੜਾ’ ਨੂੰ ਦੇਖਿਆ ਜਾ ਸਕਦਾ ਹੈ। ਜਿਕਰਜੋਗ ਹੈ ਕਿ ਸੰਤੋਖ ਸਿੰਘ ਧੀਰ ਅਤੇ ਡਾ. ਜਸਵੰਤ ਸਿੰਘ ਨੇਕੀ ਦੇ ਇਨ੍ਹਾਂ ਕਾਵਿ-ਸੰਗ੍ਰਹਿਆਂ ਵਿਚ ‘ਬਿਰਹੜੇ’ ਸਿਰਲੇਖ ਵਾਲੀ ਕੋਈ ਕਵਿਤਾ ਨਹੀਂ ਹੈ। ਸੰਭਵ ਹੈ ਕਿ ਇਨ੍ਹਾਂ ਦਾ ਪ੍ਰਮੁੱਖ ਵਿਸ਼ਾ ਬਿਰਹਾ ਹੋਣ ਕਰਕੇ ਹੀ ਇਨ੍ਹਾਂ ਦੇ ਸਿਰਲੇਖਾਂ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਉਪਰੋਕਤ ਵਰਤੋਂ ਗੁਰੂ ਗ੍ਰੰਥ ਸਾਹਿਬ ਵਿਚਲੇ ਬਿਰਹੜੇ ਅਤੇ ਫਰੀਦ ਜੀ ਦੇ ਸਲੋਕ ਤੋਂ ਹੀ ਪ੍ਰਭਾਵਤ ਜਾਪਦੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਿਰਹੜੇ
ਗੁਰੂ ਅਰਜਨ ਸਾਹਿਬ ਦੁਆਰਾ ‘ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ’ ਸਿਰਲੇਖ ਹੇਠ ਉਚਾਰਣ ਕੀਤੇ ਤਿੰਨ ਸ਼ਬਦ ਅਸਟਪਦੀਆਂ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੩੧-੪੩੨ ਉਪਰ ਦਰਜ ਹਨ। ਇਸ ਸਿਰਲੇਖ ਤੋਂ ਪਹਿਲਾਂ ਦੋ ਹੋਰ ਅਸਟਪਦੀਆਂ ਹਨ, ਜਿਨ੍ਹਾਂ ਦੀ ਲਗਾਤਾਰਤਾ ਵਿਚ ਹੀ ਇਹ ਤਿੰਨ ਅਸਟਪਦੀਆਂ ਆਈਆਂ ਹਨ। ਇਨ੍ਹਾਂ ਵਿਚ ਇਕ-ਇਕ ਤੁਕ ਦੇ ਅਠ-ਅਠ ਪਦੇ ਹਨ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
  • ੧. ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ….ਭੈ ਸਾਗਰੁ ਪਾਰਿ ਪਰਾਇ ॥੮॥੧॥੩॥
  • ੨. ਜਨਮ ਮਰਣ ਦੁਖੁ ਕਟੀਐ ਪਿਆਰੇ….ਮਾਤੇ ਸਹਜਿ ਸੁਭਾਇ ॥੮॥੨॥੪॥
  • ੩. ਸਭ ਬਿਧਿ ਤੁਮ ਹੀ ਜਾਨਤੇ ਪਿਆਰੇ….ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥
ਭਾਈ ਵੀਰ ਸਿੰਘ ਅਨੁਸਾਰ ਇਨ੍ਹਾਂ ਅਸਟਪਦੀਆਂ ਵਿਚੋਂ ਪਹਿਲੀਆਂ ਦੋ ਦਾ ਗਾਇਨ ਚੌਂਕੀ ਸਾਹਿਬ
Bani Footnote ਚੌਂਕੀ ਸਾਹਿਬ ਦੀ ਪਰੰਪਰਾ ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਹੋਣ ਸਮੇਂ ਸ਼ੁਰੂ ਕੀਤੀ। ਇਸ ਚੌਂਕੀ ਦੌਰਾਨ ਅਕਾਲ ਤਖਤ ਸਾਹਿਬ ਵਿਖੇ ਰਹਿਰਾਸ ਸਾਹਿਬ ਦੀ ਸਮਾਪਤੀ ਤੋਂ ਬਾਅਦ ਸੰਗਤ ਦਾ ਇਕ ਜਥਾ ਇਕ ਨਿਸ਼ਾਨ ਸਾਹਿਬ ਤੇ ਇਕ ਸ੍ਰੀ ਸਾਹਿਬ (ਤਲਵਾਰ) ਲੈ ਕੇ, ਅਰਦਾਸ ਕਰਕੇ ਸ਼ਬਦ ਗਾਉਂਦਾ ਹੋਇਆ ਹਰਿਮੰਦਰ ਸਾਹਿਬ ਨੂੰ ਸੱਜੇ ਹੱਥ ਰਖ ਕੇ ਸਰੋਵਰ ਦੀ ਪਰਕਰਮਾ ਕਰਦਾ ਹੈ। ਸਰੋਵਰ ਦੀ ਪਰਕਰਮਾ ਤੋਂ ਬਾਅਦ ਇਹ ਜਥਾ ਹਰਿਮੰਦਰ ਸਾਹਿਬ ਦੀ ਪਰਕਰਮਾ ਕਰਦਾ ਹੈ। ਇਸ ਸਮੇਂ ਤਕ ਹਰਿਮੰਦਰ ਸਾਹਿਬ ਅੰਦਰ ਚੱਲ ਰਿਹਾ ਕੀਰਤਨ ਸਮਾਪਤ ਹੋ ਜਾਂਦਾ ਹੈ ਅਤੇ ਇਹ ਜਥਾ ਜਾਂ ਚੌਂਕੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਵਾਪਸ ਆ ਜਾਂਦਾ ਹੈ। -ਡਾ. ਜੋਧ ਸਿੰਘ (ਮੁੱਖ ਸੰਪਾ.), ਸਿੱਖ ਧਰਮ ਵਿਸ਼ਵਕੋਸ਼ (ਦੀ ਇਨਸਾਈਕਲੋਪੀਡੀਆ ਆਫ ਸਿਖਇਜਮ ਦਾ ਪੰਜਾਬੀ ਰੂਪਾਂਤਰਣ), ਦੂਜੀ ਸੈਂਚੀ, ਪੰਨਾ ੫੬੭
ਸਮੇਂ ਗਾਏ ਜਾਣ ਵਾਲੇ ਸ਼ਬਦਾਂ ਨਾਲ ਹੁੰਦਾ ਹੈ।
Bani Footnote ਭਾਈ ਵੀਰ ਸਿੰਘ, ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਛੇਵੀਂ, ਡਾ. ਬਲਬੀਰ ਸਿੰਘ (ਸੰਪਾ.), ਪੰਨਾ ੨੭੧੧


ਘਰੁ ੪ ਛੰਤਾ ਕੀ ਜਤਿ’
ਇਨ੍ਹਾਂ ਸ਼ਬਦਾਂ ਦੇ ਸਿਰਲੇਖ ਵਿਚ ਇਸ ਦੀ ਗਾਇਨ ਪਧਤੀ ਸੰਬੰਧੀ ਵੀ ‘ਘਰੁ ੪ ਛੰਤਾ ਕੀ ਜਤਿ’ ਦਾ ਉਲੇਖ ਕੀਤਾ ਹੋਇਆ ਹੈ, ਜਿਸ ਦਾ ਭਾਵ ਹੈ ਕਿ ਇਨ੍ਹਾਂ ਸ਼ਬਦਾਂ ਨੂੰ ਚਉਥੇ ਘਰ ਵਿਚ ਗਾਉਣ ਵਾਲੇ ਛੰਤਾਂ ਦੀ ਧਾਰਨਾ ’ਤੇ ਗਾਉਣਾ ਹੈ।

ਸਿਰਲੇਖ ਵਿਚਲੇ ਸ਼ਬਦ ‘ਛੰਤਾ’ ਦਾ ਅਰਥ ਵਿਦਵਾਨਾਂ ਦੁਆਰਾ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੇ ਉਨ੍ਹਾਂ ਛੰਤਾਂ (‘ਹਰਿ ਅੰਮ੍ਰਿਤ ਭਿੰਨੇ ਲੋਇਣਾ’ ਤੋਂ ਲੈ ਕੇ ‘ਹਰਿ ਜੁਗੁ ਜੁਗੁ ਭਗਤ ਉਪਾਇਆ’ ਤਕ) ਨਾਲ ਵੀ ਜੋੜ ਲਿਆ ਜਾਂਦਾ ਹੈ, ਜਿਹੜੇ ‘ਆਸਾ ਕੀ ਵਾਰ’ ਦੇ ਕੀਰਤਨ ਸਮੇਂ ਗਾਏ ਜਾਂਦੇ ਹਨ।
Bani Footnote ਡਾ. ਚਰਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਬੇਉਰਾ ਅਤੇ ਗੁਰਮਤਿ ਸੰਗੀਤ ਨਿਰਣਯ, ਡਾ. ਬਲਬੀਰ ਸਿੰਘ (ਸੰਪਾ.), ਪੰਨਾ ੨੯ (ਛੰਤ), ੩੦ (ਜਤਿ), ੫੦ (ਬਿਰਹੜੇ); ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦੂਜੀ, ਪੰਨਾ ੪੩੧; ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਪੰਨਾ ੫੪


‘ਜਤਿ’ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਈ ਟੀਕੇ ਵਿਚ ਤਬਲੇ ਦੀ ਤਾਲ ਨਾਲ ਜੋੜਿਆ ਗਿਆ ਹੈ। ਇਸ ਟੀਕੇ ਅਨੁਸਾਰ ਤਬਲਾ ਵਾਦਨ ਦੇ ਤਿੰਨ ਭੇਦ ਗਤਿ, ਜਤਿ ਅਤੇ ਸਾਥ ਹੁੰਦੇ ਹਨ। ਜਿਸ ਵੇਲੇ ਹੱਥਾਂ ਦੀਆਂ ਉਂਗਲਾਂ ਹਰਫਾਂ ਨੂੰ ਕਢਦੀਆਂ ਹਨ ਅਤੇ ਅਵਾਜ ਵੀ ਨਰਮ-ਨਰਮ ਆਉਂਦੀ ਹੈ, ਉਸ ਨੂੰ ਗਤਿ ਆਖਦੇ ਹਨ। ਜਿਸ ਸਮੇਂ ਸੱਜਾ ਹੱਥ ਗਤਿ ਦਾ ਕੰਮ ਕਰਦਾ ਹੈ ਅਤੇ ਖੱਬਾ ਹੱਥ ਖੁੱਲ੍ਹਾ ਵਜਦਾ ਹੈ, ਉਸ ਨੂੰ ‘ਜਤਿ’ ਆਖਦੇ ਹਨ। ਜਿਸ ਵੇਲੇ ਦੋਵੇਂ ਹੱਥ ਖੁੱਲ੍ਹਾ ਕੰਮ ਕਰਨ ਅਤੇ ਅਵਾਜ ਵੀ ਖੁੱਲ੍ਹੀ ਨਿਕਲੇ ਉਸ ਨੂੰ ‘ਸਾਥ’ ਕਿਹਾ ਜਾਂਦਾ ਹੈ। ਇਸ ਟੀਕੇ ਅਨੁਸਾਰ ਵਿਚਾਰ ਅਧੀਨ ਸ਼ਬਦਾਂ ਦੇ ਸਿਰਲੇਖ ਵਿਚ ‘ਜਤਿ’ ਦਾ ਭਾਵ ਇਨ੍ਹਾਂ ਸ਼ਬਦਾਂ ਨੂੰ ‘ਜਤਿ’ ਚਾਲ ਵਿਚ ਗਾਉਣ ਤੋਂ ਹੀ ਹੈ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਚੌਥੀ, ਪੰਨਾ ੪੪੬


ਤਬਲਾ ਵਾਦਨ ਦੇ ਇਹ ਭੇਦ ਡਾ. ਚਰਨ ਸਿੰਘ ਨੇ ਵੀ ਦਰਸਾਏ ਹਨ। ਪਰ ਉਨ੍ਹਾਂ ਅਨੁਸਾਰ ਜਿਥੇ ‘ਜਤਿ’ ਪਦ ਨਾਲ ‘ਕੀ’ ਲਿਖਿਆ ਹੋਵੇ, ਉਥੇ ਇਹ ‘ਧਾਰਨਾ’ ਦਾ ਸੂਚਕ ਹੈ, ਜਿਵੇਂ ‘ਬਿਰਹੜੇ ਘਰੁ ੪ ਛੰਤਾ ਕੀ ਜਤਿ’ ਭਾਵ ਛੰਤਾਂ ਦੀ ਧਾਰਨਾ ਅਨੁਸਾਰ ਗਾਉਣ ਦਾ ਇਸ਼ਾਰਾ ਹੈ। ਪਰ ਜਿਥੇ ਕੇਵਲ ‘ਜਤਿ’ ਸ਼ਬਦ ਹੈ, ਉਥੇ ਜੋੜੀ (ਤਬਲੇ) ਦੀ ਜਤਿ ਸਮਝਣੀ ਚਾਹੀਦੀ ਹੈ, ਜਿਵੇਂ ‘ਬਿਲਾਵਲ ਮਹਲਾ ੧ ਘਰੁ ੧੦ ਜਤਿ’ ਵਿਚਲਾ ‘ਜਤਿ’ ਸ਼ਬਦ ਹੈ।
Bani Footnote ਡਾ. ਚਰਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਬੇਉਰਾ ਅਤੇ ਗੁਰਮਤਿ ਸੰਗੀਤ ਨਿਰਣਯ, ਡਾ. ਬਲਬੀਰ ਸਿੰਘ (ਸੰਪਾ.), ਪੰਨਾ ੨੯-੩੦
ਸੋ, ਡਾ. ਚਰਨ ਸਿੰਘ ਅਨੁਸਾਰ ਵੀ ਵਿਚਾਰ ਅਧੀਨ ਸ਼ਬਦਾਂ ਦੇ ਸਿਰਲੇਖ ਵਿਚ ਆਇਆ ‘ਜਤਿ’ ਸ਼ਬਦ ‘ਛੰਤਾਂ ਦੀ ਧਾਰਨਾ ਅਨੁਸਾਰ ਗਾਉਣ’ ਦਾ ਸੂਚਕ ਹੀ ਹੈ।

ਸ਼ਬਦਾਂ ਦਾ ਸੰਖੇਪ ਭਾਵ
ਇਨ੍ਹਾਂ ਸ਼ਬਦਾਂ ਵਿਚ ਜੀਵ ਦੇ ਪ੍ਰਭੂ ਤੋਂ ਵਿਛੋੜੇ ਦੀ ਪੀੜ ਅਤੇ ਪ੍ਰਭੂ-ਮਿਲਾਪ ਲਈ ਉਸ ਦੀ ਖਿੱਚ ਨੂੰ ਬਹੁਤ ਹੀ ਭਾਵਮਈ ਸ਼ੈਲੀ ਵਿਚ ਪ੍ਰਗਟਾਇਆ ਗਿਆ ਹੈ। ਇਸ ਵਿਚ ‘ਪਿਆਰੇ’ ਸ਼ਬਦ ਦੇ ਵਾਰ-ਵਾਰ ਆਉਣ ਨਾਲ ਸਿੱਕਾਂ ਸਧਰਾਂ ਦਾ ਮਹੌਲ ਸਿਰਜਿਆ ਗਿਆ ਹੈ। ਅਧਿਆਤਮਕ ਬਿਰਹਾ ਨੂੰ ਮਿਲਾਪ ਵਿਚ ਬਦਲਣ ਲਈ ਮਾਇਆ ਦੇ ਸੁਖ ਤਿਅਗਣ ਉਪਰ ਬਲ ਦਿੱਤਾ ਗਿਆ ਹੈ ਕਿਉਂਕਿ ਸੱਚੀ ਪ੍ਰੀਤ ਪੈਣ ਨਾਲ ਕਦੇ ਬਿਰਹਾ ਦੀ ਅਵਸਥਾ ਪੈਦਾ ਨਹੀਂ ਹੁੰਦੀ।
Bani Footnote ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਸਾਹਿਬ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੨੯੪


ਇਸ ਵਿਚਾਰ-ਚਰਚਾ ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਬਿਰਹੜੇ ਇਕ ਬਿਰਹਾ ਪ੍ਰਧਾਨ ਕਾਵਿ-ਰੂਪ ਹੈ, ਜਿਸ ਨੂੰ ਬਿਰਹਾ ਅਧਾਰਤ ਲੋਕ-ਕਾਵਿ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਪੰਜਾਬੀ ਵਿਚ ਇਸ ਕਾਵਿ-ਰੂਪ ਦਾ ਪੁਰਾਤਨ ਹਵਾਲਾ ਕੇਵਲ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਪ੍ਰਾਪਤ ਹੁੰਦਾ ਹੈ। ਪਰ ਇਸ ਦੀ ਲੋਕ ਪਰੰਪਰਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੇ ਛੰਦ ਪ੍ਰਗਟਾਵੇ ਲਈ ਇਕ-ਤੁਕੇ ਬੰਦਾਂ ਵਾਲੇ ‘ਅਸਟਪਦੀ’ ਛੰਦ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਨੂੰ ਗਾਏ ਜਾਣ ਲਈ ਛੰਤਾਂ ਦੀ ਧਾਰਨਾ ’ਤੇ ਗਾਏ ਜਾਣ ਦਾ ਆਦੇਸ਼ ਕੀਤਾ ਗਿਆ ਹੈ।