Guru Granth Sahib Logo
  
ਇਸ ਪਦੇ ਵਿਚ ਗੁਰ-ਸ਼ਬਦ ਅਤੇ ਗੁਰ-ਸ਼ਬਦ ਦੇ ਅਨੁਸਾਰੀ ਮਨੁਖਾਂ ਦੀ ਵਡਿਆਈ ਹੈ। ਪ੍ਰਭੂ ਦੇ ਨਾਮ ਨੂੰ ਹਰ ਵੇਲੇ ਜਪਣ ਦੀ ਤਾਕੀਦ ਹੈ। ਇਹ ਵੀ ਸਪਸ਼ਟ ਕੀਤਾ ਹੈ ਕਿ ਗੁਰ-ਸ਼ਬਦ ਦੀ ਪ੍ਰਾਪਤੀ ਕੇਵਲ ਉਨ੍ਹਾਂ ਮਨੁਖਾਂ ਨੂੰ ਹੀ ਹੁੰਦੀ ਹੈ, ਜਿਨ੍ਹਾਂ ਦੇ ਭਾਗਾਂ ਵਿਚ ਇਹ ਧੁਰੋਂ ਲਿਖਿਆ ਹੁੰਦਾ ਹੈ। ਜਿਨ੍ਹਾਂ ’ਤੇ ਪ੍ਰਭੂ ਆਪ ਪ੍ਰਸੰਨ ਹੁੰਦਾ ਹੈ।
ਜਿਨ ਕਉ ਪੂਰਬਿ ਲਿਖਿਆ   ਸੇ ਆਏ ਮਿਲੇ ਗੁਰ ਪਾਸਿ
ਸੇਵਕ ਭਾਇ ਵਣਜਾਰਿਆ ਮਿਤ੍ਰਾ   ਗੁਰੁ ਹਰਿ ਹਰਿ ਨਾਮੁ ਪ੍ਰਗਾਸਿ
ਧਨੁ ਧਨੁ ਵਣਜੁ ਵਾਪਾਰੀਆ   ਜਿਨ ਵਖਰੁ ਲਦਿਅੜਾ ਹਰਿ ਰਾਸਿ
ਗੁਰਮੁਖਾ ਦਰਿ ਮੁਖ ਉਜਲੇ   ਸੇ ਆਇ ਮਿਲੇ ਹਰਿ ਪਾਸਿ
ਜਨ ਨਾਨਕ  ਗੁਰੁ ਤਿਨ ਪਾਇਆ   ਜਿਨਾ ਆਪਿ ਤੁਠਾ ਗੁਣਤਾਸਿ ॥੬॥

ਹਰਿ ਧਿਆਵਹੁ ਸਾਸਿ ਗਿਰਾਸਿ
ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ   ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥
-ਗੁਰੂ ਗ੍ਰੰਥ ਸਾਹਿਬ ੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲਈ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ, ਉਹ ਹੀ ਆ ਕੇ ਗੁਰੂ ਨੂੰ ਮਿਲੇ ਹਨ। ਭਾਵ, ਕਾਇਨਾਤ ਵਿਚ ਜੋ ਕੁਝ ਵੀ ਹੁੰਦਾ ਹੈ, ਉਹ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ।

ਫਿਰ ਸੰਸਾਰ ਵਿਚ ਵਣਜਾਰੇ ਦੀ ਤਰ੍ਹਾਂ ਫੇਰੀ ਪਾਉਣ ਵਾਲੇ ਮਨੁਖ ਨੂੰ ਦੱਸਿਆ ਗਿਆ ਹੈ ਕਿ ਉਸ ਦੇ ਸੇਵਾ-ਭਾਵ ਕਾਰਣ ਗੁਰੂ ਉਸ ਦੇ ਮਸਤਕ ਵਿਚ ਪ੍ਰਭੂ ਦੇ ਨਾਮ-ਸਿਮਰਨ ਦਾ ਚਾਨਣ ਕਰ ਦਿੰਦਾ ਹੈ। 

ਫਿਰ ਮਨੁਖ ਦੀ ਜੀਵਨ ਯਾਤਰਾ ਨੂੰ ਵਣਜਾਰੇ ਦੀ ਵਪਾਰਕ ਫੇਰੀ ਦੀ ਤਸ਼ਬੀਹ ਵਿਚ ਪੇਸ਼ ਕਰਦਿਆਂ ਦੱਸਿਆ ਗਿਆ ਹੈ ਕਿ ਉਸ ਮਨੁਖ ਦਾ ਜੀਵਨ ਮਹਾਨ ਹੈ, ਜਿਸ ਨੇ ਆਪਣੀ ਜੀਵਨ ਯਾਤਰਾ ਦੌਰਾਨ ਪ੍ਰਭੂ ਦੇ ਸੱਚੇ ਨਾਮ ਨੂੰ ਜਮਾਂ ਪੂੰਜੀ ਵਜੋਂ ਆਪਣੇ ਜੀਣ-ਥੀਣ ਦਾ ਮੁੱਖ ਅਧਾਰ ਬਣਾਇਆ।

ਗੁਰੂ ਦੇ ਲੜ ਲੱਗੇ ਜਿਨ੍ਹਾਂ ਸੱਜਣਾਂ ਦੇ ਹਿਰਦੇ ਪਵਿੱਤਰ ਹੁੰਦੇ ਹਨ, ਉਹ ਸੱਜਣ ਪ੍ਰਭੂ ਦੇ ਦਰ ’ਤੇ ਆ ਕੇ ਉਸ ਦੇ ਨਾਲ ਮਿਲਾਪ ਪ੍ਰਾਪਤ ਕਰ ਲੈਂਦੇ ਹਨ। ਭਾਵ, ਪ੍ਰਭੂ ਨਾਲ ਇਕਮਿਕ ਹੋ ਜਾਂਦੇ ਹਨ।

ਫਿਰ ਦੱਸਿਆ ਗਿਆ ਹੈ ਕਿ ਗੁਰੂ ਵੀ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ, ਜਿਨ੍ਹਾਂ ਉੱਤੇ ਗੁਣਾਂ ਦਾ ਖਜਾਨਾ ਪ੍ਰਭੂ ਆਪ ਖੁਸ਼ ਹੋ ਕੇ ਮਿਹਰ ਕਰ ਦੇਵੇ।

ਫਿਰ ਅਜਿਹੇ ਪ੍ਰਭੂ ਨੂੰ ਹਰ ਸਾਹ ਦੇ ਨਾਲ, ਚਾਹੇ ਖਾਣਾ ਵੀ ਖਾ ਰਹੇ ਹੋਈਏ, ਭਾਵ ਕੁਝ ਵੀ ਕਰਦੇ ਹੋਏ, ਇਸ ਤਰ੍ਹਾ ਆਪਣੇ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਪਲ ਭਰ ਲਈ ਵੀ ਉਸ ਤੋਂ ਅਵੇਸਲੇ ਨਾ ਰਿਹਾ ਜਾਵੇ।

ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਵੀ ਪ੍ਰਭੂ ਨੂੰ ਹਮੇਸ਼ਾ ਹਿਰਦੇ ਵਿਚ ਵਸਾ ਕੇ ਰਖਿਆ ਹੈ, ਉਨ੍ਹਾਂ ਗੁਰਮੁਖਾਂ ਦੇ ਮਨ ਵਿਚ ਅਜਿਹਾ ਪ੍ਰੇਮ ਭਾਵ ਪੈਦਾ ਹੋ ਗਿਆ ਹੈ ਕਿ ਉਨ੍ਹਾਂ ਲਈ ਪ੍ਰਭੂ ਦਾ ਨਾਮ-ਸਿਮਰਨ ਹੀ ਅਰਦਾਸ ਹੋ ਗਿਆ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
Tags