Guru Granth Sahib Logo
  
ਇਸ ਪਦੇ ਵਿਚ ਪ੍ਰਭੂ ਨੂੰ ਧਿਆਉਣ ਦੀ ਪ੍ਰੇਰਣਾ ਦਿੰਦਿਆਂ ਦੱਸਿਆ ਹੈ ਕਿ ਪ੍ਰਭੂ ਦੀ ਪ੍ਰਾਪਤੀ ਗੁਰ-ਸ਼ਬਦ ਦੁਆਰਾ ਹੀ ਹੁੰਦੀ ਹੈ। ਜਿਨ੍ਹਾਂ ਨੂੰ ਇਹ ਪ੍ਰਾਪਤੀ ਹੋ ਜਾਂਦੀ ਹੈ, ਉਨ੍ਹਾਂ ਨੂੰ ਸੋਝੀ ਹੋ ਜਾਂਦੀ ਹੈ ਕਿ ਸਾਰੀ ਸ੍ਰਿਸ਼ਟੀ ਹੀ ਪ੍ਰਭੂ ਤੋਂ ਹੋਂਦ ਵਿਚ ਆਈ ਹੈ। ਪ੍ਰਭੂ-ਨਾਮ ਦੁਆਰਾ ਹੀ ਉੱਤਮ ਮਤਿ ਤੇ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਇਸ ਨਾਮ ਨਾਲ ਜੁੜ ਕੇ ਹੀ ਮਨੁਖਾ ਜੀਵਨ ਉੱਤਮ ਤੇ ਇੱਜਤ ਵਾਲਾ ਬਣਦਾ ਹੈ।
ਘਟਿ ਘਟਿ ਰਮਈਆ  ਮਨਿ ਵਸੈ   ਕਿਉ ਪਾਈਐ ਕਿਤੁ ਭਤਿ
ਗੁਰੁ ਪੂਰਾ ਸਤਿਗੁਰੁ ਭੇਟੀਐ   ਹਰਿ ਆਇ ਵਸੈ ਮਨਿ ਚਿਤਿ
ਮੈ ਧਰ ਨਾਮੁ ਅਧਾਰੁ ਹੈ   ਹਰਿ ਨਾਮੈ ਤੇ ਗਤਿ ਮਤਿ
ਮੈ ਹਰਿ ਹਰਿ ਨਾਮੁ ਵਿਸਾਹੁ ਹੈ   ਹਰਿ ਨਾਮੇ ਹੀ ਜਤਿ ਪਤਿ
ਜਨ ਨਾਨਕ  ਨਾਮੁ ਧਿਆਇਆ   ਰੰਗਿ ਰਤੜਾ ਹਰਿ ਰੰਗਿ ਰਤਿ ॥੫॥

ਹਰਿ ਧਿਆਵਹੁ ਹਰਿ ਪ੍ਰਭੁ ਸਤਿ
ਗੁਰ ਬਚਨੀ ਹਰਿ ਪ੍ਰਭੁ ਜਾਣਿਆ   ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ
-ਗੁਰੂ ਗ੍ਰੰਥ ਸਾਹਿਬ ੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਬੇਸ਼ੱਕ ਪ੍ਰਭੂ ਹਰ ਕਿਸੇ ਦੇ ਮਨ ਅੰਦਰ ਵਸਦਾ ਹੈ। ਪਰ ਉਸ ਨੂੰ ਕਿਵੇਂ ਅਤੇ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ? ਇਸ ਸਵਾਲ ਅੰਦਰ ਰਮਜ਼ ਇਹ ਹੈ ਕਿ ਜਿਵੇਂ ਸਾਨੂੰ ਪਤਾ ਹੁੰਦਾ ਹੈ ਕਿ ਦੁੱਧ ਦੇ ਅੰਦਰ ਹੀ ਘਿਉ ਹੁੰਦਾ ਹੈ। ਫਿਰ ਵੀ ਘਿਉ ਪ੍ਰਾਪਤ ਕਰਨ ਲਈ ਤਰੀਕੇ ਦਾ ਪਤਾ ਹੋਣਾ ਜਰੂਰੀ ਹੈ। ਇਸੇ ਤਰ੍ਹਾਂ ਆਪਣੇ ਮਨ ਅੰਦਰ ਵਸਦੇ ਪ੍ਰਭੂ ਨੂੰ ਪਾਉਣ ਦੀ ਵੀ ਕੋਈ ਵਿਧੀ ਹੁੰਦੀ ਹੈ।

ਜੇ ਅਸੀਂ ਚਾਹੁੰਦੇ ਹਾਂ ਕਿ ਪ੍ਰਭੂ ਸਾਡੇ ਮਨ-ਚਿਤ ਅੰਦਰ ਆ ਵਸੇ। ਭਾਵ, ਅਸੀਂ ਉਸ ਨੂੰ ਪਾ ਲਈਏ ਤਾਂ ਸਾਨੂੰ ਬਿਲਕੁਲ ਸੰਪੂਰਨ, ਸੱਚੇ ਅਤੇ ਗਿਆਨ ਸਰੂਪ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਭਾਵ, ਗੁਰ-ਸ਼ਬਦ ਦੁਆਰਾ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ ਹੈ।

ਉਸ ਨੂੰ ਪਾਉਣ ਲਈ ਕਿਸੇ ਦੇ ਹੋਰ ਤਰੀਕੇ ਹੋ ਸਕਦੇ ਹਨ। ਪਰ ਪਾਤਸ਼ਾਹ ਆਪਣੇ ’ਤੇ ਢੁਕਾ ਕੇ ਦੱਸਦੇ ਹਨ ਕਿ ਮਨੁਖ ਦਾ ਅਸਲ ਅਧਾਰ ਪ੍ਰਭੂ ਦਾ ਨਾਮ-ਸਿਮਰਨ ਹੈ ਤੇ ਨਾਮ-ਸਿਮਰਨ ਵਿਚੋਂ ਹੀ ਪ੍ਰਭੂ-ਮਿਲਾਪ ਦਾ ਰਾਹ ਪਤਾ ਲੱਗਦਾ ਹੈ ਤੇ ਉਸ ਰਾਹ ’ਤੇ ਚੱਲਣ ਦੀ ਸੂਝ ਪ੍ਰਾਪਤ ਹੁੰਦੀ ਹੈ।

ਫਿਰ ਪਾਤਸ਼ਾਹ ਦੁਹਰਾ ਕੇ ਦੱਸਦੇ ਹਨ ਕਿ ਪ੍ਰਭੂ ਨੂੰ ਪ੍ਰਾਪਤ ਕਰਨ ਲਈ ਨਾਮ-ਸਿਮਰਨ ਵਾਲੇ ਤਰੀਕੇ ਵਿਚ ਹੀ ਮੇਰਾ ਅਟੱਲ ਵਿਸ਼ਵਾਸ਼ ਹੈ। ਇਥੋਂ ਤਕ ਕਿ ਹੁਣ ਪ੍ਰਭੂ ਦਾ ਨਾਮ-ਸਿਮਰਨ ਹੀ ਮੇਰੀ ਪਛਾਣ ਬਣ ਗਿਆ ਹੈ ਤੇ ਇਸ ਕਾਰਣ ਹੀ ਮੈਨੂੰ ਇੱਜਤ ਪ੍ਰਾਪਤ ਹੋ ਰਹੀ ਹੈ।

ਜਿਸ ਨੇ ਵੀ ਨਾਮ-ਸਿਮਰਨ ਵਿਚ ਲਗਾਤਾਰ ਧਿਆਨ ਲਗਾਈ ਰਖਿਆ ਹੈ, ਉਸ ਨੇ ਆਪਣੇ-ਆਪ ਨੂੰ ਪ੍ਰਭੂ ਦੇ ਰੰਗ ਵਿਚ ਰੰਗ ਲਿਆ ਹੈ। ਭਾਵ, ਆਪਣੇ ਆਪ ਨੂੰ ਪ੍ਰਭੂ ਨਾਲ ਇਕਮਿਕ ਕਰ ਲਿਆ ਹੈ।

ਫਿਰ ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਪ੍ਰਭੂ ਸੱਚ ਦੀ ਮੂਰਤ ਹੈ, ਜਿਸ ਕਰਕੇ ਉਸ ਪ੍ਰਭੂ ਨੂੰ ਹਮੇਸ਼ਾ ਧਿਆਨ ਵਿਚ ਰਖਣਾ ਚਾਹੀਦਾ ਹੈ। ਭਾਵ, ਉਸ ਦਾ ਹਮੇਸ਼ਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।

ਅਖੀਰ ਵਿਚ ਇਸ ਸ਼ਬਦ ਦੇ ਸਥਾਈ ਭਾਵ ਵਜੋਂ ਦੱਸਿਆ ਗਿਆ ਹੈ ਕਿ ਅਸਲ ਵਿਚ ਗੁਰੂ ਦੇ ਬਚਨਾਂ ਤੋਂ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਇਹ ਸਾਰੀ ਉਤਪਤੀ ਪ੍ਰਭੂ ਤੋਂ ਹੀ ਹੋਈ ਹੈ। ਭਾਵ, ਉਹੀ ਸਭ ਕਾਸੇ ਦਾ ਜਨਮਦਾਤਾ ਹੈ।
Tags